Description

ਪੁਰਾਣੇ ਸਮੇਂ ਵਿੱਚ ਸੁਰੱਖਿਆ ਅਤੇ ਭਾਈਚਾਰਕ ਸਹਿਚਾਰ ਲਈ ਪਿੰਡਾਂ ਵਿੱਚ ਸ਼ਾਨਦਾਰ ਦਰਵਾਜ਼ੇ ਬਣਾਏ ਜਾਂਦੇ ਸਨ। ਇਹ ਦਰਵਾਜ਼ੇ ਜਿੱਥੇ ਪਿੰਡ ਨੂੰ ਬਾਹਰੀ ਲੋਕਾਂ ਦੇ ਪਿੰਡ ਵਿੱਚ ਆਉਣ ਤੋਂ ਸੁਰੱਖਿਆ ਦਿੰਦੇ ਸਨ, ਉਥੇ ਹੀ ਇਹ ਪਿੰਡ ਦੀ ਸ਼ਾਨ-ਸ਼ੌਕਤ ਦੇ ਚਿੰਨ ਵੀ ਹੁੰਦੇ ਸਨ। ਪਿੰਡ ਦੇ ਸਾਰੇ ਵਸਨੀਕਾਂ ਦਾ ਵਸੇਬਾ ਦਰਵਾਜ਼ੇ ਦੇ ਅੰਦਰ-ਅੰਦਰ ਹੀ ਹੁੰਦਾ ਸੀ, ਜਿਸ ਨਾਲ ਪਿੰਡ ਦੇ ਸਾਰੇ ਬਾਸ਼ਿੰਦੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ। ਉਨ੍ਹਾਂ ਦਿਨਾਂ ਵਿੱਚ ਚੋਰੀਆਂ-ਡਕੈਤੀਆਂ ਆਮ ਹੁੰਦੀਆਂ ਸਨ ਅਤੇ ਲੋਕ ਆਪਣੇ ਘਰਾਂ ਦੀ ਰਾਖੀ ਚਾਹੁੰਦੇ ਸਨ। ਰਾਤ ਸਮੇਂ ਪਿੰਡ ਦੇ ਲੋਕ ਇਨ੍ਹਾਂ ਦਰਵਾਜ਼ਿਆਂ ’ਤੇ ਠੀਕਰੀ ਪਹਿਰਾ ਲਗਾ ਕੇ ਪਿੰਡ ਦੀ ਰਾਖੀ ਲਈ ਲੋਕਾਂ ਨੂੰ ਬੇਫਿਕਰ ਕਰ ਦਿੰਦੇ ਸਨ।

ਇਹ ਦਰਵਾਜ਼ੇ ਪਿੰਡ ਦੀ ਸੁਰੱਖਿਆ ਅਤੇ ਸ਼ਾਨ ਦੇ ਪ੍ਰਤੀਕ ਤਾਂ ਹੁੰਦੇ ਹੀ ਸਨ, ਦੂਜਾ ਇਨ੍ਹਾਂ ਦਾ ਸੱਭਿਆਚਾਰਕ ਕਦਰਾਂ ਕੀਮਤਾਂ ਲਈ ਵੀ ਬੜਾ ਮਹੱਤਵ ਹੁੰਦਾ ਸੀ। ਜਦੋਂ ਪਿੰਡ ਵਿੱਚ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਬਰਾਤ ਇਸ ਦਰਵਾਜ਼ੇ ਢੁੱਕਦੀ ਸੀ ਅਤੇ ਸਾਰਾ ਪਿੰਡ ਬਰਾਤ ਦੇ ਸਵਾਗਤ ਲਈ ਦਰਵਾਜ਼ੇ ਪਹੁੰਚ ਜਾਂਦਾ ਸੀ। ਵੈਸੇ ਵੀ ਪਿੰਡ ਵਿੱਚ ਕੋਈ ਸਾਂਝੀਵਾਲਤਾ ਦਾ ਕੰਮ ਹੁੰਦਾ ਤਾਂ ਇਸ ਦਰਵਾਜ਼ੇ ਹੀ ਪਿੰਡ ਵਾਲਿਆਂ ਦੀ ਸੱਥ ਲੱਗਦੀ ਸੀ। ਕਈ ਲੋਕਾਂ ਦੇ ਘਰ ਛੋਟੇ ਹੋਣ ਕਾਰਨ ਉਨ੍ਹਾਂ ਦੇ ਮਹਿਮਾਨਾਂ ਨੂੰ ਠਹਿਰਣ ਲਈ ਵੀ ਇਹ ਦਰਵਾਜ਼ਾ ਕੰਮ ਆਉਂਦਾ। ਪਿੰਡਾਂ ਵਿੱਚ ਫੇਰੀ ਲਗਾਉਣ ਵਾਲੇ ਅਕਸਰ ਕਿਸੇ ਪਿੰਡ ਵਿੱਚ ਚੰਗਾ ਦਰਵਾਜ਼ਾ ਦੇਖ ਕੇ ਆਪਣਾ ਰੈਣ-ਬਸੇਰਾ, ਉੱਥੇ ਹੀ ਕਰ ਲੈਂਦੇ। ਇਸ ਤਰ੍ਹਾਂ ਕਿਸੇ ਵੀ ਪਿੰਡ ਵਿੱਚ ਬਣੇ ਇਹ ਦਰਵਾਜ਼ੇ ਪੇਂਡੂ ਲੋਕਾਂ ਦੀਆਂ ਕਈ-ਕਈ ਲੋੜਾਂ ਪੂਰੀਆਂ ਕਰਦੇ। ਅੱਜ-ਕੱਲ੍ਹ ਭਾਵੇਂ ਪਿੰਡਾਂ ਵਿੱਚ ਨਵੇਂ ਦਰਵਾਜ਼ੇ ਬਣਾਉਣ ਦਾ ਬਹੁਤਾ ਰਿਵਾਜ਼ ਨਹੀਂ ਰਿਹਾ ਪਰ ਇਨ੍ਹਾਂ ਦਰਵਾਜ਼ਿਆਂ ਨੂੰ ਵਿਰਸੇ ਦੀ ਨਿਸ਼ਾਨੀ ਦੇ ਤੌਰ ’ਤੇ ਸੰਭਾਲਿਆ ਜ਼ਰੂਰ ਜਾ ਸਕਦਾ ਹੈ।

ਲੁਧਿਆਣੇ ਜ਼ਿਲ੍ਹੇ ਵਿਚ ਸਮਰਾਲਾ ਤੋਂ ਖੰਨੇ ਜਾਣ ਵਾਲੀ ਸੜਕ ’ਤੇ ਸਮਰਾਲੇ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਉਟਾਲਾਂ ਵਿਚ 12 ਦਰਵਾਜ਼ੇ ਹੁੰਦੇ ਸਨ, ਜਿਸ ਕਰਕੇ ਇਸ ਨੂੰ ਬਾਰਾਂ ਦਰਵਾਜ਼ਿਆਂ ਵਾਲਾ ਪਿੰਡ ਕਰਕੇ ਜਾਣਿਆ ਜਾਂਦਾ ਸੀ। ਅੱਜ-ਕੱਲ੍ਹ ਕਈ ਦਰਵਾਜ਼ੇ ਢਹਿ-ਢੇਰੀ ਹੋ ਕੇ ਆਪਣੀ ਹੋਂਦ ਮਿਟਾ ਚੁੱਕੇ ਹਨ। ਉਨ੍ਹਾਂ ਥਾਵਾਂ ’ਤੇ ਕਈ ਲੋਕਾਂ ਨੇ ਕਬਜ਼ੇ ਵੀ ਕਰ ਲਏ ਹਨ ਪਰ ਫਿਰ ਵੀ ਪਿੰਡ ਵਿਚ ਇਸ ਸਮੇਂ ਛੇ ਦਰਵਾਜ਼ੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੀ ਆਪਣੀ ਹੀ ਸ਼ਾਨ ਹੈ। ਜਿਹੜੇ ਯਾਤਰੀ ਸਮਰਾਲਾ-ਖੰਨਾ ਸੜਕ ’ਤੇ ਸਫ਼ਰ ਕਰਦੇ ਹਨ, ਉਨ੍ਹਾਂ ਦੀ ਨਿਗ੍ਹਾ ਆਪਣੇ ਆਪ ਹੀ ਸੜਕ ’ਤੇ ਬਣੇ ਦੋ ਦਰਵਾਜ਼ਿਆਂ ਵੱਲ ਚਲੀ ਜਾਂਦੀ ਹੈ। ਜਿਹੜੇ ਦੋ ਦਰਵਾਜ਼ੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਬਣੇ ਹੋਏ ਹਨ, ਉਨ੍ਹਾਂ ਵਿੱਚ ਇੱਕ ਦਰਵਾਜ਼ਾ ‘ਨੱਥੂ ਪੱਤੀ’ ਦਰਵਾਜ਼ਾ ਅਤੇ ਦੂਜਾ ‘ਧੀ ਧਿਆਣੀ’ ਦਰਵਾਜ਼ਾ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਵਿੱਚ ਚਾਰ ਹੋਰ ਦਰਵਾਜ਼ੇ ਹਨ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਇਸ ਪਿੰਡ ਦੀ ਮੌੜੀ ਘੁੜਾਮ ਤੋਂ ਆਏ ਜ਼ਿਮੀਂਦਾਰ ਵੱਲੋਂ ਬੰਨ੍ਹੀ ਗਈ ਸੀ ਪਰ ਇਹ ਦਰਵਾਜ਼ੇ ਸਦੀਆਂ ਪਹਿਲਾਂ ਜ਼ੈਲਦਾਰ ਨਿਰੰਜਣ ਸਿੰਘ ਵੱਲੋਂ ਬਣਾਏ ਗਏ ਸਨ, ਜਿਸ ਦੇ ਨਾਂ ’ਤੇ ਅੱਜ ਵੀ ਪਿੰਡ ਵਿੱਚ ਜ਼ੈਲਦਾਰ ਨਿਰੰਜਣ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ।

ਪਿੰਡ ਦੀ ਸੜਕ ’ਤੇ ਬਣਿਆ ਨੱਥੂ ਪੱਤੀ ਵਾਲਾ ਦਰਵਾਜ਼ਾ ਇੱਕ ਦਰਸ਼ਨੀ ਦਰਵਾਜ਼ਾ ਹੈ, ਜਿਸ ਨੂੰ ਵਿਰਾਸਤ ਪ੍ਰੇਮੀ ਰੁਕ-ਰੁਕ ਕੇ ਦੇਖ ਕੇ ਜਾਂਦੇ ਹਨ। ਪਿੰਡ ਦੇ ਇੱਕ ਬਜ਼ੁਰਗ ਪ੍ਰੇਮ ਸਿੰਘ, ਜੋ ਬਿਜਲੀ ਬੋਰਡ ਤੋਂ ਸੇਵਾਮੁਕਤ ਜੇਈ ਹਨ, ਨੇ ਦੱਸਿਆ ਕਿ ਇਸ ਦਰਵਾਜ਼ੇ ਦੀ ਮੁਰੰਮਤ ਅਤੇ ਦੁਬਾਰਾ ਤਿਆਰੀ ਸੰਨ 1984ਈ: ਵਿੱਚ ਕੀਤੀ ਗਈ ਸੀ। ਇਸ ਨੂੰ ਅਜੋਕਾ ਰੂਪ ਦੇਣ ਵਿੱਚ ਬਾਬਾ ਨਾਹਰ ਸਿੰਘ ਸੱਦਾ, ਮੇਹਰ ਸਿੰਘ ਅਤੇ ਦਲੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਦਰਵਾਜ਼ਾ ਪੁਰਾਣੀਆਂ ਸਤੀਰੀਆਂ ਉਪਰ ਸਰਕੰਡਾ ਪਾ ਕੇ ਬਣਾਇਆ ਹੋਇਆ ਸੀ, ਜਿਸ ਨੂੰ ਬਦਲ ਕੇ ਅਜੋਕਾ ਰੂਪ ਦਿੱਤਾ ਗਿਆ ਹੈ। ਇਹ ਦਰਵਾਜ਼ਾ ਹੁਣ ਬਹੁਤ ਖੁੱਲ੍ਹਾ ਹੈ, ਜਿਸ ਵਿੱਚ ਅੱਠ ਪਿੱਲਰ ਬਣਾਏ ਗਏ ਹਨ। ਇਸ ਦਰਵਾਜ਼ੇ ਵਿੱਚ ਪੁਰਾਣੀ ਕਿਸਮ ਦੇ 12 ਆਲੇ ਬਣੇ ਹੋਏ ਹਨ। ਇੱਥੇ ਸ਼ੇਰਾਂ ਦੀਆਂ ਮੂਰਤੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਦਰਵਾਜ਼ੇ ਦੇ ਅੱਗੇ-ਪਿੱਛੇ ਕਾਫੀ ਖੁੱਲ੍ਹੀ ਜਗ੍ਹਾ ਛੱਡੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਦੇ ਪੁਰਾਣੇ ਸਮੇਂ ਵਿੱਚ ਇੱਥੇ ਜੰਝਾਂ ਦੀ ਖੂਬ ਰੌਣਕ ਲੱਗਦੀ ਹੋਵੇਗੀ।

ਬਜ਼ੁਰਗ ਪ੍ਰੇਮ ਸਿੰਘ ਨੇ ਦੱਸਿਆ ਕਿ ਜਦੋਂ 1984 ਵਿੱਚ ਇਸ ਦਰਵਾਜ਼ੇ ਨੂੰ ਅਜੋਕਾ ਰੂਪ ਦੇਣ ਦਾ ਯਤਨ ਕੀਤਾ ਗਿਆ ਤਾਂ ਉਸ ਸਮੇਂ ਪਿੰਡ ਵਾਲਿਆਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ 200 ਰੁਪਏ ਪ੍ਰਤੀ ਘਰ ਉਗਰਾਹੀ ਕੀਤੀ ਗਈ। ਜੋ ਲੋਕ 200 ਰੁਪਏ ਨਾ ਦੇ ਸਕੇ, ਉਨ੍ਹਾਂ ਨੇ ਮਜ਼ਦੂਰ ਦੇ ਤੌਰ ’ਤੇ ਕੰਮ ਕਰ ਕੇ ਆਪਣਾ ਯੋਗਦਾਨ ਪਾਇਆ। ਹੁਣ ਇਸ ਦਰਵਾਜ਼ੇ ਦੀ ਫਿਰ ਤਾਜ਼ੀ ਮੁਰੰਮਤ ਅਤੇ ਰੰਗ-ਰੋਗਨ ਕੀਤਾ ਗਿਆ ਹੈ, ਜਿਸ ’ਤੇ 20,000 ਰੁਪਏ ਖਰਚਾ ਆਇਆ ਹੈ। ਇਸ ਸਬੰਧੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਮਿਲੀ। ਪੁਰਾਣਾ ਮੁਸਲਮਾਨੀ ਪਿੰਡ ਹੋਣ ਕਰਕੇ ਪਿੰਡ ਵਾਸੀਆਂ ਦਾ ਵਿਰਸਾ ਅਤੇ ਭਵਨ ਨਿਰਮਾਣ ਵੱਲ ਚੰਗਾ ਝੁਕਾਅ ਰਿਹਾ ਹੈ। ਅੱਜ-ਕੱਲ੍ਹ ਪਿੰਡ ਦੇ ਬਹੁਤੇ ਵਸਨੀਕ ਵਿਦੇਸ਼ਾਂ ਵਿੱਚ ਰਹਿਣ ਲੱਗ ਪਏ ਹਨ ਪਰ ਉਨ੍ਹਾਂ ਦਾ ਪਿੰਡ ਪ੍ਰਤੀ ਪ੍ਰੇਮ ਉਸੇ ਤਰ੍ਹਾਂ ਬਰਕਰਾਰ ਹੈ। ਪਿੰਡ ਦੇ ਸਾਂਝੇ ਕੰਮਾਂ ਲਈ ਐੱਨਆਰਆਈ ਵਿੱਤੀ ਸਹਾਇਤਾ ਭੇਜਦੇ ਰਹਿੰਦੇ ਹਨ। ਇਸ ਦਰਵਾਜ਼ੇ ਵਿੱਚ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ’ਤੇ ਸਾਂਝੇ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ ਅਤੇ ਲਗਾਤਾਰ ਤਿੰਨ ਦਿਨ ਲੰਗਰ ਚੱਲਦੇ ਹਨ। ਸਿੱਖਿਆ, ਸਿਹਤ ਅਤੇ ਸਫ਼ਾਈ ਵਜੋਂ ਵੀ ਇਹ ਪਿੰਡ ਤਰੱਕੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ।

ਪਿੰਡ ਦਾ ਇਤਿਹਾਸ: ਪਿੰਡ ਉਟਾਲਾਂ, ਵਿਧਾਨ ਸਭਾ ਹਲਕਾ ਸਮਰਾਲਾ ਦੀ ਬੁੱਕਲ ਵਿੱਚ ਵਸਿਆ ਹੋਇਆ ਹੈ। ਪਿੰਡ ਦੇ ਬਜ਼ੁਰਗਾਂ ਮੁਤਾਬਿਕ, ਇਹ ਪਿੰਡ ਪੁਰਾਤਨ ਵੇਲੇ ਵਿੱਚ ਬਣਿਆ ਸੀ, ਪਰ ਪਿੰਡ ਵਾਲਿਆਂ ਦੇ ਕੋਲ ਕੋਈ ਬਹੁਤਾ ਲੰਮਾ ਇਸ ਪਿੰਡ ਦਾ ਇਤਿਹਾਸ ਨਹੀਂ ਹੈ। ਪਿੰਡ ਉਟਾਲਾਂ ਵਿਚਲੇ ਪੁਰਾਤਨ 12 ਦਰਵਾਜਿਆਂ ਦੀ ਹੋਂਦ ਅੱਜ ਵੀ ਇੱਥੋਂ ਲੰਘਣ ਵਾਲੇ ਰਾਹਗੀਰਾਂ ਦਾ ਧਿਆਨ ਆਪ ਮੁਹਾਰੇ ਆਪਣੇ ਵੱਲ ਖਿੱਚਦੀ ਹੈ। ਇਸ ਪਿੰਡ ਦੇ ਬੱਸ ਅੱਡੇ ਨੇੜਲਾ ਮੁੱਖ ਦਰਵਾਜ਼ਾ 'ਖੇੜਾ ਧੀ ਧਿਆਨੀ' ਆਪਣੀ ਵਿਲੱਖਣ ਦਿੱਖ ਕਰ ਕੇ ਵੇਖਣਯੋਗ ਹੈ। ਇਸ ਪਿੰਡ ਨੂੰ ਜੇਕਰ ਕਬੱਡੀ ਦੇ ਵਿਸ਼ਵ ਪੱਧਰੀ ਖਿਡਾਰੀਆਂ ਦੀ ਜਨਮ ਭੂਮੀ ਆਖ ਲਿਆ ਜਾਵੇ ਤਾਂ ਕੋਈ ਅੰਤਕਬਨੀ ਨਹੀਂ ਹੋਵੇਗੀ। ਪਿੰਡ ਦੀ ਪਛਾਣ ਨੂੰ ਅਮਰੀਕਾ, ਕੈਨੇਡਾ ਅਤੇ ਹੋਰਨਾਂ ਮੁਲਕਾਂ ਤੱਕ ਪੁੱਜਦਾ ਕਰਨ ਵਾਲੇ ਕਬੱਡੀ ਦੇ ਸਿਰਕੱਢ ਰੇਡਰਾਂ ਅਤੇ ਜਾਫ਼ੀਆਂ ਵਿੱਚ ਰਾਜਵੀਰ ਸਿੰਘ ਭੋਲੂ ਉਟਾਲ, ਰਾਜੂ ਸੱਦੀ ਅਤੇ ਰਣਧੀਰ ਸਿੰਘ ਬਿੱਲੂ ਵੱਲੋਂ ਵੱਖ ਵੱਖ ਮੁਕਾਬਲਿਆਂ ਵਿੱਚ ਕਬੱਡੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ। ਇਸ ਵੇਲੇ ਵੀ ਇਹ ਕਬੱਡੀ ਖਿਡਾਰੀ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਮੋਬਾਈਲ ਦੀ ਲਤ ਤੋਂ ਹਟਾ ਕੇ ਕਬੱਡੀ ਵੱਲ ਜੋੜਨ ਲਈ ਅਹਿਮ ਉਪਰਾਲੇ ਕਰ ਰਹੇ ਹਨ। ਮੌਜੂਦਾ ਵੇਲੇ ਵਿੱਚ ਸਰਪੰਚੀ ਦੀ ਕਮਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰੇਮਵੀਰ ਸੱਦੀ ਦੇ ਹੱਥ ਹੈ।

ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ: ਪਿੰਡ ਦੀਆਂ ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰੇਮਵੀਰ ਸੱਦੀ, ਰਾਜਵੀਰ ਸਿੰਘ ਭੋਲੂ ਉਟਾਲ, ਰਾਜੂ ਸੱਦੀ, ਰਣਧੀਰ ਸਿੰਘ ਬਿੱਲੂ, ਗੁਰਪ੍ਰੀਤ ਕੌਰ, ਰਾਮ ਸਿੰਘ, ਜਸਵਿੰਦਰ ਸਿੰਘ, ਚੰਨਵੀਰ ਸਿੰਘ, ਜਗਮੋਹਨ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ, ਸਰਬਜੀਤ ਕੌਰ, ਰਣਜੀਤ ਕੌਰ ਆਦਿ ਹਨ।

ਪਿੰਡ ਵਿੱਚ ਮਿਲਦੀਆਂ ਸਹੂਲਤਾਂ: ਇਸ ਪਿੰਡ ਦੇ ਵਿੱਚ ਸਹੂਲਤਾਂ ਦੇ ਤੌਰ 'ਤੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਾਖਾ, ਸਹਿਕਾਰੀ ਖੇਤੀਬਾੜੀ ਸੁਸਾਇਟੀ, ਡਾਕਘਰ, ਡਿਸਪੈਂਸਰੀ, ਵੇਰਕਾ ਡੇਅਰੀ, ਸਰਕਾਰੀ ਸਕੂਲ, ਨਿੱਜੀ ਸਕੂਲ ਤੋਂ ਇਲਾਵਾ ਇੱਕ ਸਰਕਾਰੀ ਆਈਟੀਆਈ ਵੀ ਮੌਜੂਦ ਹੈ।

ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ

ਪਿੰਡ ਵਾਸੀਆਂ ਦੀਆਂ ਮੰਗਾਂ ਹਨ ਕਿ, ਪਿੰਡ ਦੇ ਹਸਪਤਾਲ ਵਿੱਚ 24 ਘੰਟੇ ਡਾਕਟਰ ਮੁਹੱਈਆ ਕਰਵਾਏ ਜਾਣ, ਪਸ਼ੂ ਹਸਪਤਾਲ ਤੇ ਸ਼ਮਸ਼ਾਨਘਾਟ ਲਈ ਸ਼ੈੱਡ ਬਣਵਾਏ ਜਾਣ, ਜਿੰਮ, ਆਂਗਣਵਾੜੀ ਸੈਂਟਰ ਦੀ ਵਿਵਸਥਾ ਵਿੱਚ ਸੁਧਾਰ ਕਰਿਆ ਜਾਵੇ, ਧਰਮਸ਼ਾਲਾ ਦੀ ਨਵੀਂ ਉਸਾਰੀ ਤੋਂ ਇਲਾਵਾ ਪੂਰੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਪਾਇਆ ਜਾਵੇ, ਗਲੀਆਂ ਵਿੱਚ ਲਾਈਟਾਂ, ਕੈਮਰੇ ਲਗਵਾਏ ਜਾਣ ਅਤੇ ਨਵੀਆਂ ਬਣੀਆਂ ਕਲੌਨੀਆਂ ਨੂੰ ਜਾਂਦੇ ਰਸਤੇ ਪੱਕੇ ਕੀਤੇ ਜਾਣ।

This village is in the Puadh region of Punjab. It belongs to Samrala development block of the Ludhiana district. Demographics - Population includes 1737 males and 1611 female residents. Out of the total population of 3348 residents 1204 are registered as scheduled caste. For land use out of the total 502 hectares 451 hectares are cultivated by 451 tubewells.

Social Media Pages