ਨਾਭਾ ਰਿਆਸਤ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂ ਇਤਿਹਾਸ ਦੇ ਪੰਨਿਆਂ ਤੇ ਕਈ ਵੱਡੀਆਂ ਰਿਆਸਤਾਂ ‘ਚ ਆਉਂਦਾ ਹੈ। ਤਿੰਨ ਫੂਲਕੀਆਂ ਰਿਆਸਤਾਂ ਵਿੱਚੋਂ ਨਾਭਾ ਰਿਆਸਤ ਪਟਿਆਲਾ ਤੋਂ ਛੋਟੀ ਅਤੇ ਜੀਂਦ ਤੋਂ ਵੱਡੀ ਸੀ । ਨਾਭੇ ਅੰਦਰ ਇਤਿਹਾਸਕ ਇਮਾਰਤਾਂ ਹੋਣ ਕਰਕੇ ਇਥੇ ਜਿਲ੍ਹਾ ਪੱਧਰ ਦੇ ਦਫਤਰ ਅਤੇ ਸੰਸਥਾਵਾਂ ਮੌਜੂਦ ਰਹੀਆ ਹਨ,ਜਿਨ੍ਹਾਂ ‘ਚ ਜਿਲ੍ਹਾ ਮੰਡਲ ਸਿੱਖਿਆ ਅਫਸਰ ਦਾ ਦਫਤਰ, ਜੇ.ਬੀ.ਟੀ. ਟ੍ਰੇਨਿੰਗ ਸੰਸਥਾ ਹੁਣ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਸ਼ਾਮਲ ਹਨ।ਇਥੇ ਸਰਕਾਰੀ ਸ਼ੰਸ਼ਕ੍ਰਿਤ ਮਹਾਵਿਦਿਆਲਾ ਵੀ ਰਿਹਾ ਜੋ ਕਿ ਪਿਛਲੇ ਸਾਲਾਂ ਤੋਂ ਪਟਿਆਲਾ ਵਿਖੇ ਸਿਫਟ ਕਰ ਦਿੱਤਾ ਗਿਆ।
ਮਹਾਨ ਦੇਸ਼ ਭਗਤ ਮਹਾਰਾਜਾ ਰਿਪੁਦਮਨ ਸਿੰਘ ਨੇ ਨਾਭਾ ਰਿਆਸਤ ਦੀ ਵਾਂਗ ਡੋਰ ਆਪਣੇ ਪਿਤਾ ਮਹਾਰਾਜਾ ਹੀਰਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ੧੯੧੧ ਵਿੱਚ ਸੰਭਾਲ ਲਈ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੀ ਸਥਾਪਨਾ ੧੯੪੬ ‘ਚ ਕੀਤੀ ਗਈ ਇਸ ਰਿਹਾਇਸੀ ਮਹਿਲ ਵਿੱਚ ਗਰਮੀਆਂ ‘ਚ ਮਹਾਰਾਜਾ ਰਿਪੁਦਮਨ ਸਿੰਘ ਦੇ ਪਿਤਾ ਮਹਾਰਾਜਾ ਹੀਰਾ ਸਿੰਘ ਰਿਹਾ ਕਰਦੇ ਸੀ ਜਿਸ ਨੂੰ ‘ਪੱਕਾ ਬਾਗ’ ਨਾਲ ਵੀ ਜਾਣਿਆ ਜਾਂਦਾ ਹੈ। ਇਸ ਅੰਦਰ ਫਲਦਾਰ ਅਤੇ ਛਾਂਦਾਰ ਦਰਖਤ ਅੰਦਰਲੇ ਵਾਤਾਵਰਣ ਨੂੰ ਕੁਦਰਤੀ ਰੰਗਤ ਦਿੰਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਸਾਂਭਣ ਦੀ ਲੋੜ ਹੈ। ਇਸੇ ਤਰ੍ਹਾਂ ਅੰਦਰਲੇ ਅਹਾਤੇ ਅੰਦਰ ਸੰਗਮਰਮਰ ਦੀਆਂ ਬਾਰਾਂਦਰੀਆਂ ਬਣੀਆਂ ਹੋਈਆਂ ਹਨ ਜੋ ਅਜੇ ਵੀ ਮਜਬੂਤੀ ਹਾਲਤ ‘ਚ ਹਨ, ਸਿਰਫ ਇਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਲੋੜ ਹੈ।
ਕਾਲਜ ਅੰਦਰ ਦਾਖਲ ਹੁੰਦੇ ਹੀ ਖੱਬੇ ਹੱਥ ਲਾਲ ਕੋਠੀ ਅਜੇ ਵੀ ਖੜ੍ਹੀ ਉਸ ਸਮੇਂ ਦੀ ਕਲਾ ਦਾ ਨਮੂਨਾ ਪੇਸ਼ ਕਰ ਰਹੀ ਹੈ ।ਰਿਪੁਦਮਨ ਕਾਲਜ ਵਿੱਚ ਹੁਣ ਤੱਕ ਲੱਖਾਂ ਹੀ ਵਿਦਿਆਰਥੀ ਇਥੋਂ ਉਚੇਰੀ ਵਿਦਿਆ ਪ੍ਰਾਪਤ ਕਰਕੇ ਵੱਡੇ ਵੱਡੇ ਅੱਹੁਦਿਆਂ ਤੇ ਰਹਿ ਚੁੱਕੇ ਹਨ।ਨਾਭੇ ਦੇ ਇਲਾਕੇ ਲਈ ਇਹ ਸੰਸਥਾਵਾਂ ਵਰਦਾਨ ਸਾਬਤ ਹੋਈਆਂ ਹੈ। ਕਾਫੀ ਸਾਲ ਇਸੇ ਕੰਪਲੈਕਸ ‘ਚ ਵਾਧੂ ਬਿਲਡਿੰਗ ਹੋਣ ਕਰਕੇ ਸਰਕਾਰੀ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਸੰਸਥਾ ਚਲ ਰਹੀ ਸੀ ਅਤੇ ਨਾਭੇ ਦੀ ਮਾਣ ਵਾਲੀ ਗੱਲ ਹੈ ਕਿ ਜਿਲ੍ਹਾ ਪੱਧਰ ਦੀ ਜੂਨੀਅਰ ਬੇਸਿਕ ਟ੍ਰੇਨਿੰਗ ਸੰਸਥਾ , ਜੋ ਹੁਣ ਡਾਈਟ ਦੇ ਤੌਰ ਤੇ ਚਲ ਰਹੀ ਹੈ ਭਾਵੇਂ ਹੁਣ ਇਸ ਦੀ ਨਵੀਂ ਬਿਲਡਿੰਗ ਵੀ ਬਣ ਗਈ ਹੈ ਪਰ ਪੁਰਾਣੀ ਵੀ ਵਰਤੀ ਜਾ ਰਹੀ ਹੈ।ਨਾਭੇ ਹੀ ਪਟਿਆਲਾ ਮੰਡਲ ਦੇ ਮੰਡਲ ਸਿੱਖਿਆ ਅਫਸਰ ਦਾ ਦਫਤਰ ਵੀ ਮਹਾਰਾਜੇ ਵੇਲੇ ਦੀ ਬਿਲਡਿੰਗ ‘ਚ ਚਲਦਾ ਰਿਹਾ ਹੈ ਜੋ ਕਿ ਹੁਣ ਮਹਿਕਮੇ ਨੇ ਭਾਵੇਂ ਇਨ੍ਹਾਂ ਦਫਤਰਾਂ ਨੂੰ ਖਤਮ ਕਰ ਦਿੱਤਾ ਹੈ।ਇਥੇ ਹੁਣ ਬੀ.ਪੀ.ਪੀ.ੳ. ਦਫਤਰ ਕੰਮ ਕਰ ਰਿਹਾ ਹੈ।ਜਿਲ੍ਹਾ ਪੱਧਰ ਦੇ ਦਫਤਰ ਨਾਭਾ ਵਿਖੇ ਹੋਣੇ ਇਨ੍ਹਾਂ ਵਾਧੂ ਇਮਾਰਤਾਂ ਕਰਕੇ ਹੋ ਸਦਕਾ ਹੈ।ਨਾਭੇ ਦੀ ਸਿਵਲ ਅਤੇ ਜੁਡੀਸ਼ਲ ਕੰਪਲੈਕਸ ਨਵਾਂ ਬਣਨ ਕਰਕੇ ਮਹਾਰਾਜਿਆਂ ਦੇ ਕਿਲ੍ਹਿਆਂ ਵਿੱਚ ਸਬੁਡਵੀਜਨ ਦੇ ਸਾਰੇ ਦਫਤਰ ਤਕਰੀਬਨ ਇਸ ਕੰਪਲੈਕਸ ਵਿੱਚ ਕੰਮ ਕਰਦੇ ਰਹੇ ਹਨ।ਕਿਲ੍ਹੇ ਦੇ ਅੰਦਰ ਸਰਕਾਰੀ ਆਈ.ਟੀ.ਆਈ. ਵੀ ਚਲਦੀ ਰਹੀ ਹੈ।
ਉੱਤਰੀ ਭਾਰਤ ਦੇ ਸਕੂਲਾਂ ਵਿੱਚ ਨਾਭੇ ਦੇ ਪਬਲਿਕ ਸਕੂਲ ਨਾਭਾ ਦਾ ਨਾਂ ਉੱਤਰੀ ਭਾਰਤ ‘ਚ ਬਹੁਪੱਖੀ ਸਿੱਖਿਆ ਲਈ ਮੰਨਿਆ ਹੋਇਆ ਹੈ ਜਿਹੜਾ ਮਹਾਰਾਜੇ ਦੇ ਉਸ ਸਮੇਂ ਅਦਾਲਤੀ ਕੰਪਲੈਕਸ ਵਜੋਂ ਵਰਤਿਆ ਜਾਂਦਾ ਸੀ।ਇਹ ਸਾਰੀਆਂ ਇਮਾਰਤਾਂ ਕਲਾ ਦੇ ਕੀਮਤੀ ਨਮੂਨੇ ਆਪਣੇ ਅੰਦਰ ਸਾਂਭੀ ਬੈਠੀਆਂ ਹਨ, ਜਿੰਨਾਂ ‘ਚ ਲਕੜੀ ਦੇ ਕੰਮ ‘ਤੇ ਕਲਾਤਮਕ ਕੰਮ,ਛੋਟੀ ਇੱਟਾਂ ਦੀ ਵਰਤੋਂ , ਰੰਗਦਾਰ ਸ਼ੀਸ਼ੇ ਦਾ ਕੰਮ,ਮਜਬੂਤ ਲੋਹੇ ਦੀਆਂ ਕਲਾਕ੍ਰਿਤਾਂ ਨਾਲ ਵਰਤੋਂ,ਕੀਤੀ ਗਈ ਹੈ। ਜਿਹੜੀਆਂ ਇਮਾਰਤਾਂ ਖਾਲੀ ਹੋਕੇ ਖੋਲੇ ਬਣ ਰਹੀਆਂ ਹਨ ਜਾਂ ਬਣ ਚੁੱਕੀਆਂ ਹਨ, ਉਨ੍ਹਾਂ ਦੀ ਸਾਂਭ ਸੰਭਾਲ ਲਈ ‘ ਦੀ ਨਾਭਾ ਫਾਊਂਡੇਸ਼ਨ ‘੨੦੦੩ ਵਿੱਚ ਬਣਾਈ ਗਈ।ਇਸ ਦਾ ਉਦੇਸ਼ ਨਾਭੇ ਦੇ ਲੋਕਾਂ ਨੂੰ ਖੁਸ਼ਹਾਲ ਬਣਾ ਕੇ ਮਾਡਲ ਵਜੋਂ ਪੇਸ਼ ਕਰਨਾ ਸੀ।ਵੱਖੁਵੱਖ ਟੀਮਾਂ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਹੋਰ ਕਈ ਕਿਸਮ ਦੀ ਮਦਦ ਵੀ ਕਰਦੀਆਂ।ਪਰ ਇਹ ਸੰਸਥਾ ਵੀ ਇਨ੍ਹਾਂ ਇਮਾਰਤਾਂ ਦੀ ਸੰਭਾਲ ਲਈ ਕੋਈ ਬਹੁਤਾ ਕੰਮ ਨਹੀਂ ਕਰ ਸਕੀ।
ਸਰਕਾਰ ਨੂੰ ਇਤਿਹਾਸਕ ਇਮਾਰਤਾਂ ਦੀ ਸੰਭਾਲ ਖੁੱਲਦਿਲੀ ਨਾਲ ਫੰਡਜ਼ ਜਾਰੀ ਕਰਕੇ ਕਰਨੀ ਚਾਹੀਦੀ ਹੈ।ਇਨ੍ਹਾਂ ਇਮਾਰਤਾਂ ਦੀ ਕੰਡੀਸ਼ਨ ਦੇ ਆਧਾਰ ‘ਤੇ ਨਿਸ਼ਾਨਦੇਹੀ ਕਰਵਾ ਕੇ ਇਨ੍ਹਾਂ ਦੀ ਸੰਭਾਲ ਕਰਕੇ ਵਰਤੋਂ ਕਰ ਲੈਣੀ ਚਾਹੀਦੀ ਹੈ ਜੋ ਅੱਜ ਦੀਆਂ ਠੇਕੇਦਾਰਾਂ ਵਲੋਂ ਬਣਾਈਆਂ ਬਿਲਡਿੰਗਾਂ ਤੋਂ ਕਿਤੇ ਮਜਬੂਤ ਹਨ, ਸਿਰਫ ਇਮਾਨਦਾਰੀ ਨਾਲ ਕੰਮ ਕਰਵਾਉਣ ਦੀ ਲੋੜ ਹੈ।ਇਸ ਤਰ੍ਹਾਂ ਸਾਡੀ ਵਿਰਾਸਤ ਦੀ ਸੰਭਾਲ ਦੇ ਨਾਲ ਇਨ੍ਹਾਂ ਤੋਂ ਹੋਰ ਬਣਦਾ ਲਾਹਾ ਵੀ ਲਇਆ ਜਾ ਸਕਦਾ ਹੈ।ਲੋਕਾਂ ਲਈ ਦੇਖਣ ਯੋਗ ਥਾਵਾਂ ਬਣਾ ਕੇ ਆਮਦਨ ਦਾ ਸਾਧਨ ਵੀ ਬਣ ਸਕਦੀਆਂ ਹਨ।