Description

ਪਿੰਡ ਦਾ ਇਤਿਹਾਸ: ਰਿਆਸਤ ਮਲੇਰਕੋਟਲਾ ਵਿੱਚ ਕਿਸੇ ਸਮੇਂ ਬਹੁ-ਗਿਣਤੀ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਲੋਕ ਰਹਿੰਦੇ ਸਨ, ਪਰ ਬ੍ਰਿਟਿਸ਼ ਹਕੂਮਤ ਦੇ ਭਾਰਤ 'ਤੇ ਕੀਤੇ ਰਾਜ ਮਗਰੋਂ, ਜਦੋਂ ਮੁਲਕ ਆਜ਼ਾਦ ਹੋਇਆ ਤਾਂ, ਰਿਆਸਤ ਮਲੇਰਕੋਟਲਾ ਵਿੱਚ ਹੋਰ ਜਾਤਾਂ ਅਤੇ ਧਰਮਾਂ ਦੇ ਲੋਕ ਵੀ ਆ ਕੇ ਵੱਸ ਗਏ। ਪਰ, ਇਹ ਇਤਿਹਾਸਿਕ ਰਿਆਸਤ ਮਲੇਰਕੋਟਲਾ ਜਿੰਨੀਂ ਪੁਰਾਣੀ ਰਿਆਸਤ ਹੈ, ਉਹਨੀਆਂ ਹੀ ਇਹਦੇ ਨਾਲ ਸਮੱਸਿਆਵਾਂ ਪੁਰਾਣੀਆਂ ਜੁੜੀਆਂ ਹੋਈਆਂ ਹਨ। ਮੁਲਕ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਮਲੇਰਕੋਟਲਾ ਅਤੇ ਆਸ ਪਾਸ ਦੇ ਇਲਾਕੇ ਜਿਵੇਂ ਅਮਰਗੜ੍ਹ, ਮਹਿਲ ਕਲਾਂ ਤੇ ਧੂਰੀ ਕਈ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੇ ਹਨ। ਪਰ ਅਸੀਂ ਅੱਜ ਮਲੇਰਕੋਟਲਾ ਦੇ ਕੁੱਝ ਕੁ ਪਿੰਡ ਦੇ ਨਾਲ ਨਾਲ, ਇੱਕ ਖ਼ਾਸ ਪਿੰਡ ਕੁਠਾਲਾ, ਜਿਸ ਨੂੰ ਫ਼ਿਰੋਜ਼ਪੁਰ ਵੀ ਕਿਹਾ ਜਾਂਦਾ ਹੈ, ਉਹਦੇ ਬਾਰੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਮਲੇਰਕੋਟਲਾ ਅਧੀਨ ਪੈਂਦੇ ਪਿੰਡ ਕੁਠਾਲਾ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਇਸ ਵੇਲੇ ਜਿੱਥੇ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇੱਥੋਂ ਦੇ ਲੋਕਾਂ ਨੂੰ ਨੌਕਰੀ ਅਤੇ ਹੋਰ ਆਪਣੇ ਕੰਮਕਾਜ ਕਰਵਾਉਣ ਵਿੱਚ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਸ ਦੀ ਵਜ੍ਹਾ ਇਹ ਹੈ ਕਿ, ਮਲੇਕੋਟਲਾ ਤੋਂ ਇਲਾਵਾ ਅਮਰਗੜ੍ਹ, ਮਹਿਲ ਕਲਾਂ ਅਤੇ ਧੂਰੀ ਇਲਾਕਿਆਂ ਦੇ ਵਿੱਚ ਦਰਜਨਾਂ ਹੀ ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਦੋ ਨਾਮ ਹਨ।

ਕਿਹੜੇ-ਕਿਹੜੇ ਵਿਧਾਨ ਸਭਾ ਹਲਕੇ 'ਚ ਕਿੰਨੇ-ਕਿੰਨੇ ਪਿੰਡ ਹਨ ਦੋ ਨਾਵਾਂ ਵਾਲੇ: ਵਿਧਾਨ ਸਭਾ ਹਲਕਾ ਮਲੇਰਕੋਟਲਾ, ਅਮਰਗੜ੍ਹ, ਮਹਿਲ ਕਲਾਂ ਅਤੇ ਧੂਰੀ ਹਲਕਿਆਂ ਅਧੀਨ ਪੈਂਦੇ 50 ਦੇ ਕਰੀਬ ਪਿੰਡ ਐਹੋ ਜਿਹੇ ਹਨ, ਜਿਨ੍ਹਾਂ ਦੇ 'ਦੋ-ਦੋ ਨਾਮ ਹਨ। ਹੁਣ ਤੱਕ ਕਿਸੇ ਵੀ ਸਿਆਸੀ ਧਿਰ ਨੇ 'ਦੋ' ਨਾਵਾਂ ਵਾਲੇ ਪਿੰਡਾਂ ਦੀ ਸਮੱਸਿਆ ਨੂੰ ਹੱਲ ਕਰਵਾਉਣਾ ਦਾ ਬੀੜਾ ਨਹੀਂ ਚੁੱਕਿਆ। ਦੱਸਦੇ ਚੱਲੀਏ ਕਿ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਅਧੀਨ ਕਰੀਬ 20 ਪਿੰਡ, ਅਮਰਗੜ੍ਹ ਅਤੇ ਮਹਿਲ ਕਲਾਂ ਦੇ 3 ਅਤੇ ਧੂਰੀ ਦਾ ਇੱਕ ਪਿੰਡ 'ਦੋ' ਨਾਵਾਂ ਵਾਲੀ ਲਿਸਟ ਵਿੱਚ ਸ਼ਾਮਲ ਹੈ। ਇਨ੍ਹਾਂ ਪਿੰਡਾਂ ਨੂੰ ਜਾਣਿਆਂ ਜਾਂਦਾ ਹੈ ਦੋ ਨਾਵਾਂ ਨਾਲ... ਪਿੰਡ ਕੁਠਾਲਾ ਨੂੰ ਫ਼ਿਰੋਜ਼ਪੁਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਜਦੋਂਕਿ ਤੱਖਰ ਖ਼ੁਰਦ ਨੂੰ ਮਹਿਬੂਬਪੁਰਾ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸੇ ਤਰਾਂ ਬਰਕਤਪੁਰਾ ਨੂੰ ਜਾਫਰਾਬਾਦ, ਚੱਕ ਕਲਾਂ ਨੂੰ ਸੇਖੂਪੁਰ ਕਲਾਂ, ਚੱਕ ਖ਼ੁਰਦ ਨੂੰ ਸ਼ੇਖੁਪੁਰ ਖ਼ੁਰਦ, ਢੱਡੇਵਾੜਾ ਨੂੰ ਇਲਤਫਾਤਪੁਰਾ, ਅਲੀਪੁਰ ਨੂੰ ਅਖ਼ਤਿਆਰਪੁਰਾ, ਬਧਰਾਵਾਂ ਨੂੰ ਸੁਲਤਾਨਪੁਰ, ਚੁੰਘਾਂ ਨੂੰ ਮੁਬਾਰਕਪੁਰ, ਫ਼ਰੀਦਪੁਰ ਖ਼ੁਰਦ ਨੂੰ ਬਹਾਦਰਗੜ੍ਹ, ਖਟੜੇ ਨੂੰ ਹਕੀਮਪੁਰ, ਨੌਸ਼ਹਿਰਾ ਨੂੰ ਸਦਰਾਬਾਦ, ਸੰਘੈਣ ਨੂੰ ਅਜ਼ੀਮਾਬਾਦ, ਦੁਲਮਾਂ ਨੂੰ ਅਮੀਰਨਗਰ, ਹਥੋਈ ਨੂੰ ਹੈਦਰਨਗਰ, ਮੰਡਿਆਲਾ ਨੂੰ ਬਾਦਸ਼ਾਹਪੁਰ, ਰੋਡੀਵਾਲ ਨੂੰ ਅਲਬੇਲਪੁਰਾ, ਰੋਹਣੇ ਨੂੰ ਵਜੀਦਗੜ੍ਹ, ਸੱਦੋਪੁਰ ਨੂੰ ਸੁਆਦਤਪੁਰ, ਭੈਣੀ ਖ਼ੁਰਦ ਨੂੰ ਮੁਹੰਮਦ ਨਗਰ, ਖੜਕੇਵਾਲ ਨੂੰ ਰੁਸਤਮਗੜ੍ਹ, ਜੰਡਾਲੀ ਖ਼ੁਰਦ ਨੂੰ ਮਲਕਪੁਰ, ਫੱਲੇਵਾਲ ਨੂੰ ਵਲਾਇਤਪੁਰਾ, ਕੁੱਪ ਖ਼ੁਰਦ ਨੂੰ ਦਿਲਾਵਰਗੜ੍ਹ, ਬੇਗੋਵਾਲ ਨੂੰ ਭੀਖਮਪੁਰ, ਬੌੜਹਾਈ ਖ਼ੁਰਦ ਨੂੰ ਅਬਦੁੱਲਾਪੁਰ, ਬਈਏਵਾਲ ਨੂੰ ਬਿਸ਼ਨਗੜ੍ਹ, ਧਲੇਰ ਖ਼ੁਰਦ ਨੂੰ ਦਰਿਆਪੁਰ ਅਤੇ ਧਲੇਰਕਲਾਂ ਨੂੰ ਅਹਿਮਦਪੁਰ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

ਇੱਕ ਪਿੰਡ ਦੇ ਦੋ ਨਾਂਵਾਂ ਲਈ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਨੇ ਕੀ ਪਾਇਆ ਯੋਗਦਾਨ?

ਪਿੰਡਾਂ ਦੇ 'ਦੋ' ਨਾਂਵਾਂ ਦੇ ਜੇਕਰ ਪਿਛੋਕੜ ਦੀ ਗੱਲ ਕਰ ਲਈਏ ਤਾਂ ਪਿੰਡਾਂ ਦੀ ਸੰਖਿਆ ਜ਼ਿਆਦਾ ਵਿਖਾਉਣ ਵਾਸਤੇ ਸੰਨ 1874 ਈਸਵੀ ਵਿੱਚ ਜਦੋਂ ਭਾਰਤ 'ਤੇ ਅੰਗਰੇਜ਼ਾਂ ਨੇ ਰਾਜ ਕਰ ਲਿਆ ਸੀ, ਉਸ ਵੇਲੇ ਮਲੇਰਕੋਟਲੇ ਦੇ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਨੇ ਆਪਣੀ ਰਿਆਸਤ ਬਚਾਉਣ ਵਾਸਤੇ ਇੱਕ ਢੌਂਗ ਰਚਿਆ ਸੀ। ਦਰਅਸਲ, ਅੰਗਰੇਜ਼ੀ ਹਕੂਮਤ ਨੇ ਲੁਧਿਆਣਾ ਜ਼ਿਲ੍ਹੇ ਦੀ ਇੱਕ ਤਹਿਸੀਲ ਦੇ ਬਰਾਬਰ ਮਾਨਤਾ ਦਿੰਦਿਆਂ ਹੋਇਆ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਦੀ ਰਿਆਸਤ ਵਿੱਚ ਭਾਰੀ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਦੋਂ ਇਹ ਖ਼ਬਰ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਦੇ ਕੰਨੀਂ ਪਈ ਤਾਂ, ਉਹਨੇ ਤੁਰੰਤ ਕੋਈ ਤਰੀਕਾ ਲੱਭ ਕੇ ਅਤੇ ਆਪਣੀ ਰਿਆਸਤ ਦੀਆਂ ਸਹੂਲਤਾਂ ਦੇ ਨਾਲ ਨਾਲ ਰਿਆਸਤ ਨੂੰ ਬਚਾਉਣ ਵਾਸਤੇ ਇੱਕ ਇੱਕ ਪਿੰਡ ਦੇ ਦੋ ਦੋ ਨਾਂਅ ਰੱਖ ਦਿੱਤੇ ਅਤੇ ਰਿਆਸਤ ਦਾ ਰਕਬਾ ਵੱਡਾ ਵਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਵਿੱਚ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਕਾਮਯਾਬ ਰਿਹਾ, ਪਰ ਇਸ ਦਾ ਨੁਕਸਾਨ ਅਵਾਮ ਨੂੰ ਬਹੁਤ ਜ਼ਿਆਦਾ ਭੁਗਤਣਾ ਪਿਆ। ਕਿਉਂਕਿ ਜਿਹੜਾ ਮਾਲੀਆ ਉਦੋਂ ਕਿਸਾਨ ਆਪਣੇ ਇੱਕੋ ਹਿੱਸੇ ਦਾ ਜਮਾ ਕਰਵਾਉਂਦੇ ਹੁੰਦੇ ਸਨ, ਉਹ ਉਨ੍ਹਾਂ ਨੂੰ ਮਾਲੀਆ ਦੁੱਗਣਾ ਭਰਨ ਦੀ ਨੌਬਤ ਆ ਗਈ, ਜੋ ਇਸ ਵੇਲੇ ਵੀ ਜਾਰੀ ਹੈ। ਇਸ ਵੇਲੇ ਵੀ ਜਿਨ੍ਹਾਂ ਪਿੰਡਾਂ ਦੇ ਨਾਮ ਦੋ-ਦੋ ਹਨ, ਉੱਥੋਂ ਦੇ ਲੋਕਾਂ ਨੂੰ ਜ਼ਮੀਨਾਂ ਦਾ ਮਾਲੀਆ ਦੁੱਗਣਾ ਭਰਨਾ ਪੈਂਦਾ ਹੈ। ਜਿਸ ਵੇਲੇ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਨੇ ਬ੍ਰਿਟਿਸ਼ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਚਾਲ ਚੱਲੀ ਸੀ, ਉਦੋਂ ਤੋਂ ਲੈ ਕੇ ਹੀ ਕਿਸਾਨੀ ਦਾ ਉਜਾੜਾ, ਇਸ ਇਲਾਕੇ ਵਿੱਚ ਹੋਇਆ ਹੈ। ਕਈ ਛੋਟੇ ਕਿਸਾਨਾਂ ਦੀ ਤਾਂ ਉਹਨੀਂ ਆਮਦਨ ਵੀ ਨਹੀਂ ਹੁੰਦੀ ਹੋਣੀ, ਜਿਨ੍ਹਾਂ ਉਹ ਮਾਲੀਆ ਤਾਰਦੇ ਹਨ।

ਇੱਕ ਪਿੰਡ ਦੇ ਦੋ ਨਾਵਾਂ ਕਾਰਨ ਲੋਕਾਂ ਦੀ ਸਮੱਸਿਆ:

ਇੱਕ ਜਾਣਕਾਰੀ ਦੇ ਅਨੁਸਾਰ ਹਲਕਾ ਮਲੇਰਕੋਟਲਾ ਦੇ ਪਿੰਡ ਕੁਠਾਲਾ ਦਾ ਸਰਕਾਰੀ ਸਕੂਲ, ਰਾਸ਼ਨ ਕਾਰਡ, ਪਸ਼ੂ ਹਸਪਤਾਲ, ਸਿਵਲ ਹਸਪਤਾਲ, ਡਾਕਖ਼ਾਨਾ ਅਤੇ ਹੋਰ ਸਾਰੇ ਵਿਭਾਗੀ ਦਸਤਾਵੇਜ਼ਾਂ ਤੋਂ ਇਲਾਵਾ ਆਮ ਬੋਲ ਚਾਲ ਵਿੱਚ ਨਾਂਅ ਕੁਠਾਲਾ ਹੀ ਹੈ। ਪਰ, ਤਰਾਸਦੀ ਇਹ ਹੈ ਕਿ, ਮਾਲ ਵਿਭਾਗ ਅਤੇ ਚੋਣ ਕਮਿਸ਼ਨ ਦੇ ਵੋਟਰ ਸ਼ਨਾਖ਼ਤੀ ਕਾਰਡਾਂ ਵਿੱਚ ਇਸ ਪਿੰਡ ਦਾ ਨਾਂਅ ਫ਼ਿਰੋਜ਼ਪੁਰ ਦਰਜ ਹੈ। ਇਸੇ ਤਰਾਂ ਹਲਕਾ ਅਮਰਗੜ੍ਹ ਦੇ ਪਿੰਡ ਕੰਗਣਵਾਲ ਦਾ ਸਾਰੇ ਵਿਭਾਗਾਂ ਤੇ ਬੋਲ ਚਾਲ ਵਿਚ ਨਾਂਅ ਕੰਗਣਵਾਲ ਹੈ, ਪਰ ਮਾਲ ਵਿਭਾਗ ਤੇ ਚੋਣ ਕਮਿਸ਼ਨ ਦੇ ਵੋਟਰ ਸ਼ਨਾਖ਼ਤੀ ਕਾਰਡਾਂ ਵਿਚ ਕੰਗਣਪੁਰ ਦਰਜ ਹੈ। ਹਲਕਾ ਅਮਰਗੜ੍ਹ ਦੇ ਪਿੰਡ ਸੰਗਾਲਾ ਦੇ ਵੋਟਰ ਸ਼ਨਾਖ਼ਤੀ ਕਾਰਡ ਤੇ ਮਾਲ ਵਿਭਾਗ ਦੇ ਦਸਤਾਵੇਜ਼ ਸਕੋਹਪੁਰ ਸੰਗਰਾਮ ਦੇ ਨਾਂਅ ਹੇਠ ਬਣਦੇ ਹਨ, ਜਦੋਂਕਿ ਆਮ ਬੋਲ ਚਾਲ ਅਤੇ ਪਿੰਡ ਵਿੱਚ ਸਥਾਪਿਤ ਸਕੂਲ ਤੋਂ ਇਲਾਵਾ ਹਸਪਤਾਲ ਆਦਿ ਨਾਲ ਸੰਗਾਲਾ ਲਿਖਿਆ ਜਾਂਦਾ ਹੈ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਂਅ ਹੋਰ ਤੋਂ ਸਰਕਾਰੀ ਅਦਾਰਿਆਂ ਸਕੂਲਾਂ ਤੇ ਡਿਸਪੈਂਸਰੀਆਂ ਆਦਿ ਦੇ ਨਾਂਅ ਹੋਰ ਦਰਜ ਹਨ। ਪਿੰਡਾਂ ਦੇ ਨਾਂਅ ਦੋ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਲੀਡਰ ਹਰ 5 ਸਾਲ ਮਗਰੋਂ ਵੋਟਾਂ ਮੰਗਣ ਆਉਂਦੇ ਹਨ, ਉਨ੍ਹਾਂ ਨੇ ਕਦੇ ਵੀ ਇਨ੍ਹਾਂ ਦੋ ਨਾਵਾਂ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਿਆ। ਇਨ੍ਹਾਂ ਦੋ ਨਾਵਾਂ ਵਾਲੇ ਪਿੰਡਾਂ ਦੇ ਲੋਕ ਜਦੋਂ ਕਦੇ ਪਾਸਪੋਰਟ ਜਾਂ ਫਿਰ ਹੋਰ ਕੋਈ ਜ਼ਰੂਰੀ ਦਸਤਾਵੇਜ਼ ਬਣਵਾਉਣ ਲਈ ਜਾਂਦੇ ਹਨ ਤਾਂ, ਉਨ੍ਹਾਂ ਦੇ ਪਾਸਪੋਰਟ ਹੀ ਬੜੀ ਮੁਸ਼ਕਲ ਦੇ ਨਾਲ ਬਣਦੇ ਹਨ ਅਤੇ ਕਈ ਲੋਕਾਂ ਦੇ ਤਾਂ ਹੁਣ ਤੱਕ ਪਾਸਪੋਰਟ ਹੀ ਇਨ੍ਹਾਂ ਦੋ-ਦੋ ਨਾਵਾਂ ਕਾਰਨ ਨਹੀਂ ਬਣ ਸਕੇ।

ਦੋ-ਦੋ ਨਾਵਾਂ ਦੇ ਰੱਫੜ ਤੋਂ ਕਈ ਪੰਚਾਇਤਾਂ ਨੇ ਪਾਈ ਮੁਕਤੀ

ਨਵਾਬ ਗ਼ੁਲਾਮ ਮੁਹੰਮਦ ਖ਼ਾਨ ਨੇ ਜਿਹੜਾ ਸਿਆਪਾ ਆਪਣੀ ਰਿਆਸਤ ਨੂੰ ਬਚਾਉਣ ਵਾਸਤੇ ਇੱਕ ਪਿੰਡ ਦੇ ਦੋ ਨਾਵਾਂ ਦਾ ਲੋਕਾਂ ਸਿਰ ਪਾਇਆ ਸੀ, ਉਸ ਮਸਲੇ ਦਾ ਹੱਲ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਕੱਢ ਲਿਆ ਹੈ। ਦਰਅਸਲ, ਅਗਾਂਹਵਧੂ ਸੋਚ ਰੱਖਣ ਵਾਲੀਆਂ ਪੰਚਾਇਤਾਂ ਨੇ ਆਪਣੇ ਸਾਰੇ ਸਰਕਾਰੀ ਕਾਗ਼ਜ਼ਾਂ ਵਿੱਚ ਪਿੰਡਾਂ ਦੇ ਦੋ ਨਾਵਾਂ ਨੂੰ ਮਿਲ ਕੇ, ਇੱਕ ਹੀ ਨਾਂਅ ਰੱਖ ਲਿਆ ਹੈ। ਇਸ ਨਾਲ ਲੋਕਾਂ ਨੂੰ ਕਾਫ਼ੀ ਜ਼ਿਆਦਾ ਰਾਹਤ ਮਿਲੀ ਹੈ ਅਤੇ ਉਨ੍ਹਾਂ ਨੂੰ ਮਾਲੀਆ ਵੀ ਹੁਣ ਦੋਹਰਾ ਨਹੀਂ ਭਰਨਾ ਪੈਂਦਾ।

75 ਵਰ੍ਹਿਆਂ ਪਿੱਛੋਂ ਵੀ ਹੱਲ ਕੋਈ ਨਾ ਨਿਕਲਿਆ

ਮੁਲਕ ਦੀ ਆਜ਼ਾਦੀ ਨੂੰ ਕਰੀਬ 75 ਸਾਲ ਹੋ ਗਏ ਹਨ, ਪਰ ਇਨ੍ਹਾਂ 75 ਸਾਲਾਂ ਦੇ ਬਾਅਦ ਵੀ ਹੁਕਮਰਾਨ ਮਲੇਰਕੋਟਲਾ ਰਿਆਸਤ ਅਧੀਨ ਪੈਂਦੇ ਪਿੰਡਾਂ ਦੇ ਦੋ ਨਾਵਾਂ ਵਾਲੀ ਸਮੱਸਿਆ ਦਾ ਸਮੱਸਿਆਵਾਂ ਹੱਲ ਨਹੀਂ ਕਰਵਾ ਸਕੇ। ਸੱਤਾ ਵਿੱਚ ਭਾਵੇਂ ਕੋਈ ਵੀ ਸਰਕਾਰ ਹੋਵੇ, ਹਰ ਸਰਕਾਰ ਨੇ ਇੱਥੋਂ ਦੇ ਲੋਕਾਂ ਕੋਲੋਂ ਵੋਟਾਂ ਤਾਂ ਬਟੋਰੀਆਂ ਹਨ, ਪਰ ਜਿਹੜੀ ਮੰਗ ਇੱਥੋਂ ਦੇ ਲੋਕਾਂ ਦੀ ਹੈ, ਉਹਨੂੰ ਹਮੇਸ਼ਾ ਦਰਕਿਨਾਰ ਕਰਿਆ ਜਾਂਦਾ ਰਿਹਾ ਹੈ। ਨਵਾਬ ਗ਼ੁਲਾਮ ਮੁਹੰਮਦ ਖ਼ਾਨ ਦੇ ਆਪਣੇ ਸਮੇਂ ਵਿੱਚ ਕੀਤੇ ਗਏ ਇਸ ਕਾਲੇ ਕਾਰਨਾਮਿਆਂ ਦਾ ਖ਼ਮਿਆਜ਼ਾ ਇਸ ਵੇਲੇ ਭਾਵੇਂ ਹੀ ਅਣਗਿਣਤ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਪਰ ਇਸ ਦੇ ਸਮੱਸਿਆ ਦੇ ਵੱਲ ਹੁਣ ਤੱਕ ਦੀਆਂ ਸੂਬਾ ਸਰਕਾਰਾਂ ਦੇ ਵੱਲੋਂ ਵੀ ਧਿਆਨ ਨਹੀਂ ਮਾਰਿਆ ਗਿਆ। ਦਰਅਸਲ, ਕਈ ਵਾਰ ਇਨ੍ਹਾਂ ਦੋ ਦੋ ਨਾਵਾਂ ਵਾਲੇ ਪਿੰਡਾਂ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਜ਼ੀਰ ਸੰਗਤ ਦਰਸ਼ਨ ਕਰ ਚੁੱਕੇ ਹਨ, ਪਰ ਹੁਣ ਤੱਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਲੋਕਾਂ ਨੇ ਆਪਣੀ ਇਹ ਮੁਸ਼ਕਲ ਲੀਡਰਾਂ ਸਾਹਮਣੇ ਕਈ ਵਾਰ ਰੱਖੀ ਹੈ, ਪਰ ਮਸਲੇ ਦਾ ਹੱਲ ਨਹੀਂ ਨਿਕਲਿਆ।

ਲੋਕਾਂ ਦੀਆਂ ਮੰਗਾਂ: ਵਿਧਾਨ ਸਭਾ ਹਲਕਾ ਮਲੇਰਕੋਟਲਾ, ਅਮਰਗੜ੍ਹ, ਮਹਿਲ ਕਲਾਂ ਅਤੇ ਧੂਰੀ ਹਲਕਿਆਂ ਅਧੀਨ ਪੈਂਦੇ 50 ਦੇ ਕਰੀਬ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ, ਉਹ ਲੰਘੇ 75 ਵਰ੍ਹਿਆਂ ਤੋਂ ਸਮੇਂ ਦੀਆਂ ਸਰਕਾਰਾਂ ਨੂੰ ਵੋਟਾਂ ਪਾਉਂਦੇ ਆ ਰਹੇ ਹਨ। ਕਈ ਲੀਡਰ ਉਨ੍ਹਾਂ ਦੇ ਹਲਕਿਆਂ ਅਤੇ ਪਿੰਡਾਂ ਵਿੱਚ ਦੌਰੇ ਵੀ ਕਰ ਚੁੱਕੇ ਹਨ, ਪਰ ਹੁਣ ਤੱਕ ਕੋਈ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ, ਜਿਨ੍ਹਾਂ ਪਿੰਡਾਂ ਦੇ ਨਾਂਅ ''ਦੋ-ਦੋ'' ਹਨ, ਉਨ੍ਹਾਂ ਪਿੰਡਾਂ ਦਾ ਇੱਕੋ ਨਾਂਅ ਰਿਕਾਰਡ ਵਿੱਚ ਦਰਜ ਕਰਿਆ ਜਾਵੇ। ਇਹਦੇ ਤੋਂ ਇਲਾਵਾ ਜਿਹੜੇ ਜਿਹੜੇ ਪਿੰਡ ਅਧੀਨ, ਜਿਸ ਕਿਸਾਨ ਦੀ ਪੈਂਦੀ ਹੈ, ਉਹਨੂੰ ਉਸੇ ਪਿੰਡ ਦੇ ਰਿਕਾਰਡ ਨਾਲ ਜੋੜਿਆ ਜਾਵੇ। ਮੁੱਖ ਮੰਗ ਇਹੋ ਹੈ ਕਿ ਨਵਾਬ ਗ਼ੁਲਾਮ ਮੁਹੰਮਦ ਖ਼ਾਨ ਦੁਆਰਾ ਪਾਏ ਗਏ ਅੰਗਰੇਜ਼ਾਂ ਵੇਲੇ ਦੇ ਰੱਫੜ ਨੂੰ ਹੱਲ ਕਰਿਆ ਜਾਵੇ, ਤਾਂ ਜੋ ਨਵੀਂ ਪਨੀਰੀ ਨੂੰ ਕੋਈ ਸਮੱਸਿਆ ਅਗਲੇ ਸਮੇਂ ਵਿੱਚ ਨਾ ਆਵੇ।

ਉਦਯੋਗਿਕ, ਖੇਤੀ, ਫੈਕਟਰੀ: ਇਹ ਪਿੰਡ ਦਾ ਜਿਆਦਾਤਰ ਹਿੱਸਾ ਖੇਤੀ ਅਤੇ ਦੁੱਧ ਉਤਪਾਦ ਧੰਦੇ ਨਾਲ ਜੁੜਿਆ ਹੋਇਆ ਹੈ। ਇੱਥੋਂ ਦੇ ਲੋਕ ਕਿਸਾਨ ਅੰਦੋਲਨ ਵਿੱਚ ਵੀ ਆਪਣਾ ਯੋਗਦਾਨ ਪਾ ਚੁੱਕੇ ਹਨ ਅਤੇ ਹੁਣ ਵੀ ਪਾ ਰਹੇ ਹਨ।

This village is in the Malwa region of Punjab. It belongs to Malerkotla district. Demographics - Population includes 2313 males and 2056 female residents. Out of the total population of 4369 residents 1313 are registered as scheduled caste. For land use out of the total 1594 hectares 1482 hectares are cultivated by 1482 tubewells.

Additional Details