Description

ਪਿੰਡ ਦਾ ਪਿਛੋਕੜ:

ਪੁਰਾਣੇ ਸਮਿਆਂ ਵਿੱਚ ਪਿੰਡ ਕੁਰੜ ਵਾਲੀ ਥਾਂ 'ਤੇ ਜੰਗਲ ਬੀਆਬਾਨ ਹੁੰਦਾ ਸੀ। ਦੱਸਦੇ ਹਨ ਕਿ, ਪਿੰਡ ਕੁਰੜ ਨੂੰ ਮੁਸਲਮਾਨ ਸਮਾਜ ਦੇ ਨਾਲ ਸਬੰਧ ਰੱਖਣ ਵਾਲੇ ਰੰਗੜ ਬਰਾਦਰੀ ਦੇ ਮੁਖੀ ਵੱਲੋਂ ਵਸਾਇਆ ਗਿਆ ਸੀ। ਜੇਕਰ ਇਸ ਪਿੰਡ ਦੇ ਕੁੱਝ ਬਜ਼ੁਰਗਾਂ ਦੁਆਰਾ ਦੱਸੀ ਗਈ ਗੱਲਬਾਤ ਸਾਂਝੀ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੁਰਾਤਨ ਸਮੇਂ ਵਿੱਚ ਰਾਏਸਰ ਤੋਂ ਲੈ ਕੇ ਪਿੰਡ ਤੱਕ ਕੋਈ ਵੀ ਨਹੀਂ ਸੀ ਵਸਿਆ। ਇੱਕ ਵਾਰ ਦੀ ਗੱਲ ਹੈ ਕਿ, ਪਿੰਡ ਕੁਰੜ ਵਾਲੀ ਥਾਂ 'ਤੇ ਰੰਗੜ ਬਰਾਦਰੀ ਦੇ ਕੁੱਝ ਲੋਕ ਆਪਣੀਆਂ ਬੱਕਰੀਆਂ ਤੇ ਭੇਡਾਂ ਦੇ ਵੱਗ ਲੈ ਕੇ ਲੰਘ ਰਹੇ ਸਨ ਤਾਂ, ਇੱਥੇ ਇੱਕ ਖੂਹੀ ਹੋਣ ਕਰਕੇ ਪਾਣੀ ਦੀ ਭਾਲ ਵਿੱਚ ਰੁਕੇ ਸਨ। ਜਿਹੜੀ ਜਗ੍ਹਾ ਹੁਣ ਪਿੰਡ ਵਸਿਆ ਹੈ, ਉਹਦੇ ਆਸ ਪਾਸ ਕੋਈ ਘਰ ਨਹੀਂ ਸੀ ਅਤੇ ਚਾਰੇ ਪਾਸੇ ਜੰਗਲ ਬੀਆਬਾਨ ਹੁੰਦਾ ਸੀ। ਪਿੰਡ ਦੀ ਜ਼ਮੀਨ ਕਰੜੀ ਸੀ, ਇਸ ਲਈ ਇਸ ਪਿੰਡ ਦਾ ਨਾਂਅ ਕੁਰੜ ਪੈ ਗਿਆ। ਇਸ ਪਿੰਡ ਵਿੱਚ ਸਾਰੀਆਂ ਹੀ ਗੋਤਾਂ, ਧਰਮਾਂ ਅਤੇ ਜਾਤਾਂ ਦੇ ਲੋਕ ਆ ਕੇ ਵੱਸਦੇ ਗਏ। ਇਸ ਵੇਲੇ ਵੀ ਇਸ ਪਿੰਡ ਵਿੱਚ ਸਾਰੇ ਵਰਗਾਂ ਦੇ ਲੋਕ ਰਹਿੰਦੇ ਹਨ ਅਤੇ ਆਪਸ ਵਿੱਚ ਉਨ੍ਹਾਂ ਦੀ ਭਾਈਚਾਰਕ ਸਾਂਝ ਹੈ।

ਪਿੰਡ ਦੀ ਬਣਤਰ:

ਪਿੰਡ ਕੁਰੜ ਦੀ ਵਸੋਂ ਇਸ ਵੇਲੇ 4 ਪੱਤੀਆਂ ਵਿੱਚ ਹੈ, ਜਿਨ੍ਹਾਂ ਵਿੱਚ ਦਾਲਮ, ਆਦੋਵਾਲ, ਕਲੀਂਜਰ ਅਤੇ ਗੌਰਾ ਪੱਤੀ।

ਉੱਘੀਆਂ ਨਾਮਵਰ ਸ਼ਖ਼ਸੀਅਤਾਂ:

ਇਸ ਪਿੰਡ ਦੇ ਜੰਮਪਲ ਸ਼ਹੀਦ ਗੁਰਨਾਮ ਸਿੰਘ ਹੇਹਰ ਨੇ ਭਾਰਤ ਦੇ ਇਤਿਹਾਸ ਵਿੱਚ ਆਪਣੇ ਪਿੰਡ ਦਾ ਨਾਂਅ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ ਹੈ। ਦਰਅਸਲ, 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਨਾਲ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾਂ ਲੈਂਦਿਆਂ ਗੁਰਨਾਮ ਸਿੰਘ ਹੇਹਰ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਪਿੰਡ ਦਾ ਸੁਤੰਤਰਾ ਸੈਨਾਨੀ ਸੁਰਿੰਦਰ ਸਿੰਘ, ਡਾ. ਸਿਮਰਤ ਸਿੰਘ ਬਦੇਸ਼ਾ (ਐਮ. ਡੀ.), ਡਾ. ਹਰਭਗਵਾਨ ਕੁਰੜ (ਪੀਐਚਡੀ), ਕੌਰ ਸਿੰਘ ਧਾਲੀਵਾਲ ਅਮਰੀਕਾ, ਉੱਘੇ ਕਾਰੋਬਾਰੀ ਮੇਜਰ ਸਿੰਘ ਦਿੱਲੀ, ਪਰਮਜੀਤ ਸਿੰਘ ਢਿੱਲੋਂ, ਪ੍ਰੋਫ਼ੈਸਰ ਮੋਹਨ ਸਿੰਘ ਫਾਊਡੇਸ਼ਨ ਦੇ ਕੁਲਵੰਤ ਸਿੰਘ ਲਹਿਰੀ, ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਣਧੀਰ ਸਿੰਘ ਰੰਧਾਵਾ, ਕਬੱਡੀ ਕੋਚ ਸਵ. ਬਲੌਰ ਸਿੰਘ, ਮਹੰਤ ਜਗਦੀਸ਼ ਦਾਸ ਬਾਵਾ ਆਦਿ ਪਿੰਡ ਦਾ ਮਾਣ ਹਨ। ਇਨ੍ਹਾਂ ਤੋਂ ਇਲਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਗਜੀਤ ਸਿੰਘ ਫ਼ੌਜੀ, ਜਗਦੇਵ ਸਿੰਘ ਗਿੱਲ ਅਤੇ ਕੁਮੈਂਟੇਟਰ-ਗੀਤਕਾਰ ਸੰਦੀਪ ਗਿੱਲ ਨੇ ਦੁਨੀਆ ਪੱਧਰ ਵਿੱਚ ਕੁਰੜ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੇਲੇ ਪਿੰਡਾਂ ਦੀਆਂ ਯੂਥ ਕਲੱਬਾਂ ਪਿੰਡ ਵਿੱਚ ਸਮਾਜਸੇਵੀ ਕੰਮ ਕਰਵਾ ਰਹੀਆਂ ਹਨ। ਵੈਸੇ, ਇਹ ਪਿੰਡ ਪਹਿਲਾਂ ਕਮਿਊਨਿਸਟ ਲਹਿਰਾਂ ਦਾ ਗੜ ਰਿਹਾ ਹੈ ਅਤੇ ਹੁਣ ਇੱਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਰ ਕਿਸਮ ਦੇ ਜਬਰ ਜ਼ੁਲਮ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਮੈਦਾਨ ਵਿੱਚ ਹਨ।

ਵਿੱਦਿਅਕ ਸੰਸਥਾਵਾਂ ਅਤੇ ਪਿੰਡ ਵਾਸੀਆਂ ਲਈ ਹੋਰ ਸਹੂਲਤਾਂ:

ਇਸ ਪਿੰਡ ਵਿੱਚ ਇੱਕ ਸਰਕਾਰੀ ਸਮਾਰਟ ਹਾਈ ਸਕੂਲ, ਆਂਗਣਵਾੜੀ ਸੈਂਟਰ, ਸਰਕਾਰੀ ਸੋਸਾਇਟੀ, ਵਾਟਰ ਵਰਕਸ, ਆਯੂਵੈਦਿਕ ਡਿਸਪੈਂਸਰੀ, ਬੈਂਕ, ਪਸ਼ੂ ਡਿਸਪੈਂਸਰੀ, ਫੋਕਲ ਪੁਆਇੰਟ, ਅਨਾਜ ਮੰਡੀ, ਗਊਸ਼ਾਲਾ, ਸ਼ਹੀਦ ਭਗਤ ਸਿੰਘ ਪਾਰਕ ਆਦਿ ਪਿੰਡ ਵਿੱਚ ਮੌਜੂਦ ਹਨ, ਜੋ ਪਿੰਡ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਨ।

ਪ੍ਰਬੰਧਕੀ:

ਜ਼ਿਲ੍ਹਾ ਬਰਨਾਲਾ ਦਾ ਪਿੰਡ ਕੁਰੜ, ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦਾ ਹੈ ਅਤੇ ਇੱਥੋਂ ਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹੈ। ਪਿੰਡ ਕੁਰੜ ਜਦੋਂ ਬੱਝਿਆ ਸੀ ਤਾਂ, ਉਹਦੇ ਮਗਰੋਂ ਪਿੰਡ ਦਾ ਸਭ ਤੋਂ ਪਹਿਲਾਂ ਸਰਪੰਚ ਸੰਤਾ ਸਿੰਘ ਸਿੱਧੂ ਨੂੰ ਬਣਾਇਆ ਗਿਆ ਸੀ। ਇਸ ਵੇਲੇ ਜੇਕਰ ਮੌਜੂਦਾ ਪੰਚਾਇਤ ਦੀ ਗੱਲ ਕਰੀਏ ਤਾਂ ਸਰਪੰਚ ਬੀਬੀ ਮਨਜੀਤ ਕੌਰ, ਪੰਚ ਅਮਨਦੀਪ ਕੌਰ, ਪੰਚ ਭੋਲੀ ਕੌਰ, ਪੰਚ ਮਹਿੰਦਰ ਕੌਰ, ਪੰਚ ਹਰਜੀਤ ਕੌਰ, ਪੰਚ ਮਲਕੀਤ ਸਿੰਘ, ਪੰਚ ਹਰਪਾਲ ਸਿੰਘ, ਪੰਚ ਮੇਜਰ ਸਿੰਘ, ਪੰਚ ਬੂਟਾ ਸਿੰਘ, ਪੰਚ ਮਲਕੀਤ ਸਿੰਘ ਕੁਰੜ ਹਨ।

ਪਿੰਡ ਵਿੱਚ ਜਾਰੀ ਵਿਕਾਸ ਕਾਰਜ, ਸਮੱਸਿਆਵਾਂ ਅਤੇ ਮੰਗਾਂ:

ਇਸ ਪਿੰਡ ਵਿੱਚ ਛੱਪੜਾਂ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਈ ਸਮੱਸਿਆਵਾਂ ਹਨ। ਇਹਦੇ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲ, ਪਾਰਕ ਦੀ ਉਸਾਰੀ, ਪਿੰਡ ਦੇ ਆਲ਼ੇ ਦੁਆਲੇ ਪੌਦੇ ਲਗਾਉਣ ਤੋਂ ਇਲਾਵਾ ਗੰਦੇ ਪਾਣੀ ਦੇ ਨਿਕਾਸ ਵਾਸਤੇ ਨਾਲੀਆਂ ਅਤੇ ਪੁਲੀਆਂ ਆਦਿ ਦੇ ਵਿਕਾਸ ਕਾਰਜ ਚੱਲ ਰਿਹਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਸਕੂਲ ਬਾਹਰਵੀਂ ਕਲਾਸ ਤੱਕ ਕੀਤਾ ਜਾਵੇ, ਸੀਸੀਟੀਵੀ ਕੈਮਰੇ ਲਗਵਾਉਣ, ਨਵਾਂ ਵਾਟਰ ਵਰਕਸ ਲਗਵਾਉਣ, ਕਮਿਊਨਿਟੀ ਹਾਲ ਦੀ ਉਸਾਰੀ, ਛੱਪੜਾਂ ਦੀ ਸਫ਼ਾਈ, ਸੇਵਾ ਕੇਂਦਰ ਨੂੰ ਮੁੜ ਤੋਂ ਖੁੱਲ੍ਹਵਾਉਣ, ਖੇਡ ਸਟੇਡੀਅਮ ਦੀ ਉਸਾਰੀ, ਗੰਦੇ ਪਾਣੀ ਦੇ ਨਿਕਾਸ ਦਾ ਠੋਸ ਪ੍ਰਬੰਧ, ਬੰਦ ਪਿਆ ਆਰ. ਓ ਚਲਵਾਉਣ ਦੇ ਨਾਲ-ਨਾਲ ਆਦਿ ਮੰਗਾਂ ਨੂੰ ਪੂਰਾ ਕੀਤਾ ਜਾਵੇ।

ਰੁਜ਼ਗਾਰ ਦੇ ਮੌਕੇ:

ਪਿੰਡ ਦੇ ਜ਼ਿਆਦਾਤਰ ਵਸਨੀਕ ਖੇਤੀਬਾੜੀ ਧੰਦੇ ਦੇ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਪਿੰਡ ਵਾਸੀ ਡੇਅਰੀ ਪਾਲਨ ਦਾ ਧੰਦਾ ਵੀ ਕਰਦੇ ਹਨ।

This village is in the Malwa region of Punjab. It belongs to Mehal Kalan development block of the Barnala district. Demographics - Population includes 2308 males and 2074 female residents. Out of the total population of 4382 residents 1613 are registered as scheduled caste. For land use out of the total 1260 hectares 1146 hectares are cultivated by 858 tubewells and 8 hectares are preserved as forest cover.