ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹਰਿਮੰਦਰ ਸਾਹਿਬ ਦੇ ਨਜਦੀਕ ਜਲਿਆਂਵਾਲਾ ਬਾਗ ਵਿੱਚ 13 ਅਪ੍ਰੈਲ 1919 ਨੂੰ (ਵਿਸਾਖੀ ਦੇ ਦਿਨ) ਹੋਇਆ ਸੀ। ਉਥੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸਭਾ ਹੋ ਰਹੀ ਸੀ ਜਿਸ ਵਿੱਚ ਮੌਜੂਦ ਭੀੜ ਉੱਤੇ ਜਨਰਲ ਰੇਜੀਨਾਲਡ ਡਾਇਰ ਨਾਮਕ ਇੱਕ ਅੰਗਰੇਜ ਅਧਿਕਾਰੀ ਨੇ ਅਕਾਰਨ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ।
ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਹੈ। 1857 ਵਿੱਚ ਹੋਈਆਂ ਨੀਲੀ ਬਾਰ ਤੇ ਹੋਰ ਬਗ਼ਾਵਤਾਂ ਤੋਂ ਬਾਅਦ ‘ਕੂਕਾ ਲਹਿਰ’ ਤੇ ‘ਪਗੜੀ ਸੰਭਾਲ ਜੱਟਾ ਲਹਿਰ’ ਆਜ਼ਾਦੀ ਦੇ ਸੰਘਰਸ਼ ਦੇ ਸੁਨਹਿਰੀ ਪੰਨਿਆਂ ਵਜੋਂ ਦਰਜ ਹਨ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਗ਼ਦਰ ਪਾਰਟੀ ਨੇ ਪੰਜਾਬੀਆਂ ਅੰਦਰ ਆਜ਼ਾਦੀ ਦੀ ਤਾਂਘ ਨੂੰ ਹੋਰ ਤੀਬਰ ਕੀਤਾ। ਅਜਿਹੀਆਂ ਸਰਗਰਮੀਆਂ ’ਤੇ ਕਾਬੂ ਪਾਉਣ ਲਈ ਅੰਗਰੇਜ਼ ਸਰਕਾਰ ਨੇ ‘ਡਿਫੈਂਸ ਆਫ਼ ਇੰਡੀਆ ਐਕਟ, 1915’ ਤੇ 1919 ਵਿੱਚ ਇਹੋ ਜਿਹਾ ਇੱਕ ਹੋਰ ਕਾਨੂੰਨ ‘ਰੌਲਟ ਐਕਟ’ ਬਣਾਇਆ। ਹਿੰਦੋਸਤਾਨ ਵਿੱਚ ਇਸ ਵਿਰੁੱਧ ਅੰਦੋਲਨ ਹੋਇਆ ਤੇ ਆਜ਼ਾਦੀ ਸੰਗਰਾਮ ਨੇ ਨਵੀਂ ਨੁਹਾਰ ਲੈਣੀ ਸ਼ੁਰੂ ਕਰ ਦਿੱਤੀ। ਮਹਾਤਮਾ ਗਾਂਧੀ ਨੇ ਹੜਤਾਲ ਤੇ ਸੱਤਿਆਗ੍ਰਹਿ ਕਰਨ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵਿਦਰੋਹ ਭੜਕ ਉੱਠਿਆ ਅਤੇ ਇਸ ਦਾ ਸਿਖ਼ਰ 13 ਅਪਰੈਲ, 1919 ਨੂੰ ਜੱਲ੍ਹਿਆਂਵਾਲਾ ਬਾਗ ਵਿੱਚ ਹੋਇਆ ਖ਼ੂਨੀ ਸਾਕਾ ਸੀ।
13 ਅਪਰੈਲ 1919 ਨੂੰ ਜਨਰਲ ਰੇਜੀਨਲਡ ਡਾਇਰ ਨੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਵਿੱਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ’ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਸੀ। ਇਹ ਇਕੱਠ ਸਿਰਫ਼ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਡਾ. ਸੈਫ਼-ਉਦ-ਦੀਨ ਕਿਚਲੂ ਅਤੇ ਡਾ. ਸੱਤਪਾਲ ਦੀ ਰਿਹਾਈ ਲਈ ਹੀ ਨਹੀਂ ਕੀਤਾ ਗਿਆ ਸੀ ਸਗੋਂ ਸਾਂਝੇ ਤੌਰ ’ਤੇ ਲੋਕਾਂ ਦੀਆਂ ਰੌਲਟ ਐਕਟ ਅਤੇ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੋਧ ਵਿੱਚ ਉੱਠਦੀਆਂ ਅਵਾਜ਼ਾਂ ਦਾ ਸਿਖਰ ਵੀ ਸੀ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਖ਼ਾਸਕਰ ਅੰਮ੍ਰਿਤਸਰ ਵਿੱਚ ਰੌਲਟ ਐਕਟ ਦੇ ਵਿਰੋਧ ’ਚ ਹੋਈਆਂ ਮੀਟਿੰਗਾਂ ਅਤੇ ਜਲਸਿਆਂ ਵਿੱਚ ਹਰ ਵਰਗ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਹਿੱਸਾ ਲਿਆ ਅਤੇ ਨਾਲ ਹੀ ਇਨ੍ਹਾਂ ਦੀ ਧਾਰ ਸਾਮਰਾਜਵਾਦੀ ਰਾਜ ਦੇ ਵਿਰੁੱਧ ਸੇਧਤ ਸੀ। 15 ਅਪਰੈਲ ਤੋਂ ਮਾਰਸ਼ਲ ਲਾਅ ਲਗਾ ਦਿੱਤਾ ਗਿਆ।
13 ਅਪ੍ਰੈਲ 1919 ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ ੪ ਵਜੇ ਆਪਣੇ ਨੇਤਾਵਾਂ ਡਾਕਟਰ ਸੈਫੁੱਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗਿਰਫਤਾਰੀ ਦੇ ਵਿਰੋਧ ਲਈ ਜਲ੍ਹਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਜਨਰਲ ਡਾਇਰ ਨੇ ਕਿਸੇ ਵੱਡੀ ਬਗਾਵਤ ਨੂੰ ਭਾਂਪਦਿਆਂ ਨੇ ਸਭਾ ਜਲਸਿਆਂ ਉੱਤੇ ਤਿੰਨ ਦਿਨ ਪਹਿਲਾਂ ਰੋਕ ਲਗਾ ਦਿੱਤਾ ਸੀ। ਇਹ ਬਾਗ ਦੋ ਸੌ ਗਜ ਲੰਮਾ ਅਤੇ ਇੱਕ ਸੌ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ। ਸਾਰਾ ਬਾਗ ਖਚਾ ਖਚ ਭਰਿਆ ਹੋਇਆ ਸੀ।
ਇਸ ਸਮੇਂ ਜਨਰਲ ਡਾਇਰ ਨੇ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਲ੍ਹਿਆਂਵਾਲਾ ਬਾਗ਼ ਨੂੰ ਘੇਰ ਲਿਆ ਅਤੇ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ। ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ। ਉਦੋਂ ਬੰਦ ਹੋਈ ਜਦੋਂ ਬਾਰੂਦ ਮੁੱਕ ਗਿਆ। ਡਾਇਰ ਅਨੁਸਾਰ 1,650 ਗੋਲੀਆਂ ਚਲੀਆਂ ਗਈਆਂ। ਇਹ ਗਿਣਤੀ ਸੈਨਿਕਾਂ ਦੇ ਘਟਨਾ ਸਥਾਨ ਤੋਂ ਚੁਗੇ ਖੋਖਿਆਂ ਉੱਤੇ ਅਧਾਰਿਤ ਲੱਗਦੀ ਹੈ। ਸਰਕਾਰੀ ਸਰੋਤਾਂ ਅਨੁਸਾਰ 379 ਲਾਸਾਂ ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ। ਭਾਰਤੀ ਰਾਸ਼ਟਰੀ ਕਾਂਗਰਸ ਅਨੁਸਾਰ ਪੀੜਤਾਂ ਦੀ ਗਿਣਤੀ 1,500 ਤੋਂ ਵਧ ਅਤੇ ਮਰਨ ਵਾਲੇ ਲੱਗਪਗ 1,000 ਸਨ।
ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਪਾਰਕ ਵਿੱਚ ਮੌਜੂਦ ਖੂਹ ਵਿੱਚ ਛਲਾਂਗ ਲਗਾ ਦਿੱਤੀ। ਬਾਗ ਵਿੱਚ ਲੱਗੀ ਫੱਟੀ ਉੱਤੇ ਲਿਖਿਆ ਹੈ ਕਿ 120 ਲਾਸਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲਿਆਂ। ਜਦੋਂ ਕਿ ਪੰਡਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ 1300 ਲੋਕ ਮਾਰੇ ਗਏ। ਸਵਾਮੀ ਸ਼ਰਧਾਨੰਦ ਦੇ ਅਨੁਸਾਰ ਮਰਨੇ ਵਾਲਿਆਂ ਦੀ ਗਿਣਤੀ 1500 ਤੋਂ ਜਿਆਦਾ ਸੀ, ਜਦੋਂ ਕਿ ਅੰਮ੍ਰਿਤਸਰ ਦੇ ਤਤਕਾਲੀਨ ਸਿਵਲ ਸਰਜਨ ਡਾਕਟਰ ਸਮਿਥ ਦੇ ਅਨੁਸਾਰ ਮਰਨੇ ਵਾਲੀਆਂ ਦੀ ਗਿਣਤੀ 1800 ਤੋਂ ਜਿਆਦਾ ਸੀ। ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਮੋੜ ਦਿੱਤੀ ਅਤੇ ਉਧਮ ਸਿੰਘ ਨੇ ਲੰਦਨ ਜਾ ਕੇ ਪਿਸਟਲ ਦੀ ਗੋਲੀ ਵਲੋਂ ਜਨਰਲ ਡਾਇਰ ਨੂੰ ਭੁੰਨ ਦਿੱਤਾ ਅਤੇ ਇਸ ਹੱਤਿਆ ਕਾਂਡ ਦਾ ਬਦਲਾ ਲਿਆ।ਇਹ ਘਟਨਾ ਅੰਗਰੇਜ਼ੀ ਰਾਜ ਵਲੋਂ ਭਾਰਤੀ ਅਵਾਮ ਅੰਦਰ ਦਹਿਸ਼ਤ ਬਿਠਾਉਣ ਦੀ ਸੋਚੀ ਵਿਚਾਰੀ ਕਾਰਵਾਈ ਸੀ।ਇਨ੍ਹਾਂ ਦਿਨਾਂ ਦੀ ਸੱਚਾਈ ਜਾਣਨ ਵਾਸਤੇ ਪੰਡਤ ਮਦਨ ਮੋਹਨ ਮਾਲਵੀਆ, ਪੰਡਤ ਮੋਤੀ ਲਾਲ ਨਹਿਰੂ ਅਤੇ ਪਾਦਰੀ ਸੀ. ਐੱਫ. ਐਂਡਰਿਊਜ਼ ਨੇ ਅੰਮ੍ਰਿਤਸਰ ਅਤੇ ਲਾਹੌਰ ਦਾ ਦੌਰਾ ਕੀਤਾ।
ਘਟਨਾਵਾਂ ਦਾ ਮਿਤੀ ਵਾਰ ਵੇਰਵਾ
18 ਜਨਵਰੀ 1919: ਰੌਲਟ ਬਿਲ ਹਿੰਦੁਸਤਾਨ ਸਰਕਾਰ ਦੇ ਗਜ਼ਟ ਵਿੱਚ ਪ੍ਰਕਾਸ਼ਿਤ
6 ਫਰਵਰੀ 1919: ਰੌਲਟ ਬਿਲ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਿੱਚ ਪੇਸ਼
24 ਫਰਵਰੀ 1919: ਸਰਕਾਰ ਨੂੰ ਰੌਲਟ ਕਾਨੂੰਨ ਬਣਾਉਣ ਲਈ ਬਜ਼ਿਦ ਵੇਖ ਕੇ ਗਾਂਧੀ ਜੀ ਵੱਲੋਂ ਸੱਤਿਆਗ੍ਰਹਿ ਸਭਾ ਦੀ ਸਥਾਪਨਾ
1 ਮਾਰਚ 1919: ਗਾਂਧੀ ਜੀ ਵੱਲੋਂ ਸਤਿਆਗ੍ਰਹਿ ਦਾ ਐਲਾਨ
21 ਮਾਰਚ 1919: “ਅਨਾਰਕੀਕਲ ਐਂਡ ਰੈਵੋਲਿਊਸ਼ਨਰੀ ਕਰਾਈਮਜ਼ ਐਕਟ” ਭਾਵ ਰੌਲਟ ਐਕਟ ਕੌਂਸਲ ਵਿੱਚ ਪਾਸ
23 ਮਾਰਚ 1919: ਗਾਂਧੀ ਜੀ ਵੱਲੋਂ ਸਤਿਆਗ੍ਰਹੀਆਂ ਲਈ ਹਦਾਇਤਾਂ ਜਾਰੀ; 30 ਮਾਰਚ ਨੂੰ ਹੜਤਾਲ ਕਰਨ ਦਾ ਸੱਦਾ
30 ਮਾਰਚ 1919: ਗਾਂਧੀ ਜੀ ਵੱਲੋਂ ਹੜਤਾਲ ਦੀ ਮਿਤੀ 6 ਅਪ੍ਰੈਲ ਕਰ ਦੇਣ ਦੇ ਬਾਵਜੂਦ ਦਿੱਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹੜਤਾਲ ਹੋਈ; ਦਿੱਲੀ ਵਿੱਚ ਪੁਲੀਸ ਵੱਲੋਂ ਗੋਲੀ ਚਲਾਏ ਜਾਣ ਕਾਰਨ 8 ਮੌਤਾਂ ਹੋਈਆਂ
6 ਅਪ੍ਰੈਲ 1919: ਪੰਜਾਬ ਭਰ ਵਿੱਚ ਜ਼ੋਰਦਾਰ ਹੜਤਾਲ ਪਰ ਸਥਿਤੀ ਸ਼ਾਂਤੀਪੁਰਨ ਰਹੀ।ਅੰਮ੍ਰਿਤਸਰ ਸ਼ਹਿਰ ਵਿੱਚ ਮੁਕੰਮਲ ਹੜਤਾਲ ਹੋਈ। ਘੰਟਾ ਘਰ ਉੱਤੇ ਹੱਥ ਲਿਖਤ ਇਸ਼ਤਿਹਾਰ ਚਿਪਕਿਆ ਮਿਲਿਆ ਜਿਸ ਦੀ ਸੁਰਖ਼ੀ ਸੀ, ‘‘ਮਰੋ ਜਾਂ ਮਾਰੋ’’। ਇਸ ਵਿੱਚ ਲਿਖਿਆ ਹੋਇਆ ਸੀ, ‘‘ਜਿੰਨਾ ਚਿਰ ਰੌਲਟ ਐਕਟ ਦਾ ਨਾਮ ਨਿਸ਼ਾਨ ਨਹੀਂ ਮਿਟ ਜਾਂਦਾ ਹਿੰਦੂ ਅਤੇ ਮੁਸਲਮਾਨ ਚੈਨ ਨਾਲ ਨਾ ਬੈਠਣ। ਮਰਨ ਜਾਂ ਮਾਰਨ ਲਈ ਤਿਆਰ ਹੋ ਜਾਓ। ਇਹ ਤਾਂ ਕੁਝ ਵੀ ਨਹੀਂ, ਉਨ੍ਹਾਂ (ਅੰਗਰੇਜ਼ਾਂ) ਨੂੰ ਸੈਂਕੜੇ ਹੀ ਅਜਿਹੇ ਕਾਨੂੰਨ ਵਾਪਸ ਲੈਣੇ ਪੈਣਗੇ।’’ ਸ਼ਾਮ ਵੇਲੇ ਜਨਾਬ ਬਦਰ ਇਸਲਾਮ ਅਲੀ ਖਾਂ ਦੀ ਪ੍ਰਧਾਨਗੀ ਹੇਠ ਹੋਈ ਵੱਡੀ ਇਕੱਤਰਤਾ ਵਿੱਚ ਤਿੰਨ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਡਾਕਟਰ ਸੱਤਿਆਪਾਲ ਤੇ ਡਾਕਟਰ ਕਿਚਲੂ ਉੱਤੇ ਲਾਈ ਪਾਬੰਦੀ ਨੂੰ ਵਾਪਸ ਲੈਣ ਲਈ ਕਿਹਾ ਗਿਆ ਅਤੇ ਦੂਜੇ ਮਤੇ ਵਿੱਚ ਰੌਲਟ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਬਰਤਾਨਵੀ ਸ਼ਹਿਨਸ਼ਾਹ ਨੂੰ ਬੇਨਤੀ ਕੀਤੀ ਗਈ ਕਿ ਰੌਲਟ ਐਕਟ ਨੂੰ ਅੰਤਿਮ ਮਨਜ਼ੂਰੀ ਨਾ ਦਿੱਤੀ ਜਾਵੇ।
9 ਅਪ੍ਰੈਲ 1919: ਅੰਮ੍ਰਿਤਸਰ ਵਿੱਚ ਹਿੰਦੂਆਂ ਮੁਸਲਮਾਨਾਂ ਨੇ ਰਾਮ ਨੌਮੀ ਦਾ ਤਿਉਹਾਰ ਮਿਲ ਕੇ ਮਨਾਇਆ;ਇਸ ਦੁਵੱਲੀ ਸਾਂਝ ਨੇ 9 ਅਪਰੈਲ ਦੇ ਦਿਨ ਮਨਾਏ ਗਏ ਰਾਮ ਨੌਮੀ ਦੇ ਤਿਉਹਾਰ ਨੂੰ ਨਵਾਂ ਹੀ ਰੰਗ ਦੇ ਦਿੱਤਾ। ਪਰੰਪਰਾ ਅਨੁਸਾਰ ਹਿੰਦੂ ਲੋਕ ਸਦੀਆਂ ਤੋਂ ਇਹ ਤਿਉਹਾਰ ਮਨਾਉਂਦੇ ਆ ਰਹੇ ਸਨ, ਪਰ 1919 ਦੀ ਰਾਮ ਨੌਮੀ ਇਸ ਗੱਲੋਂ ਨਿਵੇਕਲੀ ਸੀ ਕਿ ਰਾਮ ਨੌਮੀ ਦੇ ਜਲੂਸ ਵਿੱਚ ਮੁਸਲਮਾਨਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ। ਬਟਾਲੇ ਵਿੱਚ ਜਲੂਸ ਵਿੱਚ ਭਾਗ ਲੈਣ ਵਾਲੇ ਲੋਕਾਂ ਦੇ ਪਹਿਨੇ ਕੱਪੜਿਆਂ ਉੱਤੇ ‘ਰਾਮ’ ਅਤੇ ‘ਓਮ’ ਦੇ ਨਾਲ ਨਾਲ ‘ਅੱਲਾਹ’ ਲਿਖਿਆ ਵੀ ਦੇਖਿਆ ਗਿਆ। ਪਾਣੀਪਤ, ਜਲੰਧਰ ਅਤੇ ਲਾਹੌਰ ਵਿੱਚ ਵੀ ਦੋਵਾਂ ਫ਼ਿਰਕਿਆਂ ਨੇ ਰਲ ਕੇ ਇਹ ਤਿਉਹਾਰ ਮਨਾਇਆ। ਪੰਜਾਬ ਸਰਕਾਰ ਵੱਲੋਂ ਡਾ. ਕਿਚਲੂ ਅਤੇ ਡਾ. ਸਤਿਆਪਾਲ ਨੂੰ ਪੰਜਾਬ ਬਦਰ ਕਰਨ ਦਾ ਫੈਸਲਾ।
10 ਅਪ੍ਰੈਲ 1919: ਉਕਤ ਫੈਸਲੇ ਨੂੰ ਲਾਗੂ ਕਰਦਿਆਂ ਡਿਪਟੀ ਕਮਸ਼ਿਨਰ ਅੰਮ੍ਰਿਤਸਰ ਨੇ ਦੋਵਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਧਰਮਸਾਲਾ ਨੂੰ ਰਵਾਨਾ ਕੀਤਾ, ਡਿਪਟੀ ਕਮਿਸ਼ਨਰ ਤੋਂ ਆਪਣੇ ਆਗੂਆਂ ਦਾ ਥਹੁ ਪਤਾ ਕਰਨ ਵਾਸਤੇ ਉਸ ਦੀ ਕੋਠੀ ਵੱਲ ਜਾਣ ਲਈ ਬਜ਼ਿੱਦ ਭੀੜ ਉੱਤੇ ਗੋਲੀ ਚਲਾਏ ਜਾਣ ਕਾਰਨ ਕਈ ਮੌਤਾਂ; ਗੁੱਸਾਈ ਭੀੜ ਨੇ ਕਈ ਅੰਗਰੇਜ਼ ਮਾਰੇ, ਬੈਂਕ ਅਤੇ ਡਾਕਖਾਨੇ ਲੁੱਟੇ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾਈ; ਸਥਿਤੀ ਨੂੰ ਕਾਬੂ ਕਰਨ ਵਾਸਤੇ ਲੈਫਟੀਨੈਂਟ ਗਵਰਨਰ ਵੱਲੋਂ ਭੇਜਿਆ ਮੇਜਰ ਮੈਕਡੋਨਲਡ ਸ਼ਾਮ ਸਮੇਂ ਅੰਮ੍ਰਿਤਸਰ ਪੁੱਜਾ
11 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਨੇ ਰਾਤ 9 ਵਜੇ ਆ ਕੇ ਚਾਰਜ ਸੰਭਾਲਿਆ
12 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਵੱਲੋਂ ਅੰਮ੍ਰਿਤਸਰ ਵਿੱਚ ਸਵੇਰ ਵੇਲੇ ਜਲਸੇ ਜਲੂਸ ਕਰਨ ਦੀ ਮਨਾਹੀ ਕਰਨ ਦਾ ਐਲਾਨ; ਅੰਦੋਲਨਕਾਰੀਆਂ ਨੇ ਅੰਮ੍ਰਿਤਸਰ ਤੋਂ ਬਾਹਰ ਪੰਜਾਬ ਵਿੱਚ ਕਈ ਥਾਵਾਂ ਉੱਤੇ ਰੇਲ ਪਟੜੀਆਂ ਨੁਕਸਾਨੀਆਂ, ਟੈਲੀਫੋਨ ਅਤੇ ਰੇਲ ਦੀਆਂ ਤਾਰਾਂ ਕੱਟੀਆਂ
13 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਵੱਲੋਂ ਸਵੇਰ ਵੇਲੇ ਅੰਮ੍ਰਿਤਸਰ ਦੇ ਵਾਸੀਆਂ ਉੱਤੇ ਸਖਤ ਪਾਬੰਦੀਆਂ ਲਾਉਣ ਦਾ ਐਲਾਨ; ਪਾਬੰਦੀਆਂ ਖ਼ਿਲਾਫ਼ ਵਿਰੋਧ ਜਤਾਉਣ ਵਾਸਤੇ ਸ਼ਹਿਰੀਆਂ ਵੱਲੋਂ ਸ਼ਾਮ ਵੇਲੇ ਜੱਲਿਆਂ ਵਾਲੇ ਬਾਗ ਵਿੱਚ ਜਲਸਾ ਕਰਨ ਦਾ ਫੈਸਲਾ
4.30: ਜਲਸਾ ਸ਼ੁਰੂ
4.45: ਜਨਰਲ ਡਾਇਰ ਬਾਗ ਵਿੱਚ ਪਹੁੰਚਿਆ ਅਤੇ ਗੋਲੀ ਚਲਾਉਣ ਦਾ ਹੁਕਮ
4.55: ਗੋਲੀਬਾਰੀ ਬੰਦ ਅਤੇ ਜਨਰਲ ਡਾਇਰ ਬਾਗ ਤੋਂ ਰਵਾਨਾ
ਪੰਜਾਬ ਸਰਕਾਰ ਨੇ ਰਾਤ ਸਮੇਂ ਹਿੰਦੁਸਤਾਨ ਸਰਕਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਲਾਹੌਰ ਵਿੱਚ ਮਾਰਸ਼ਲ ਲਾਅ ਲਾਉਣ ਬਾਰੇ ਲਿਖਿਆ
14 ਅਪ੍ਰੈਲ 1919: ਅੰਮ੍ਰਿਤਸਰ ਵਿੱਚ ਹੋਈਆਂ ਮੌਤਾਂ ਦੇ ਪ੍ਰਤੀਕਰਮ ਵਜੋਂ ਕਈ ਸ਼ਹਿਰਾਂ ਵਿੱਚ ਬਦਅਮਨੀ ਪਰ ਗੁੱਜਰਾਂਵਾਲਾ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ; ਹਵਾਈ ਜਹਾਜ਼ ਤੋਂ ਭੀੜ ਉੱਤੇ ਬੰਬ ਸੁੱਟੇ ਗਏ
15 ਅਪ੍ਰੈਲ 1919: ਪੰਜਾਬ ਵੱਲ ਆ ਰਹੇ ਗਾਂਧੀ ਜੀ ਨੂੰ ਪਲਵਲ ਦੇ ਸਟੇਸ਼ਨ ਉੱਤੇ ਰੋਕ ਕੇ ਵਾਪਸ ਬੰਬਈ ਭੇਜਿਆ ਗਿਆ; ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਾਗੂ; ਗੁੱਜਰਾਂਵਾਲਾ ਸ਼ਹਿਰ ਵਿੱਚ ਸਵੇਰ ਵੇਲੇ ਫਿਰ ਹਵਾਈ ਜਹਾਜ਼ ਤੋਂ ਭੀੜ ਉੱਤੇ ਬੰਬ ਸੁੱਟੇ ਗਏ, ਕਈ ਸ਼ਹਿਰਾਂ ਵਿੱਚ ਸਰਕਾਰੀ ਇਮਾਰਤਾਂ ਨੂੰ ਸਾੜਨ ਅਤੇ ਰੇਲ ਤਾਰਾਂ ਕੱਟਣ ਦੀਆਂ ਵਾਰਦਾਤਾਂ; ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਲਾਹੌਰ ਵਿੱਚ ਮਾਰਸ਼ਲ ਲਾਅ ਲਾਗੂ
16 ਅਪ੍ਰੈਲ 1919: ਗੁੱਜਰਾਂਵਾਲੇ ਜ਼ਿਲ੍ਹੇ ਵਿੱਚ ਮਾਰਸ਼ਲ ਲਾਅ ਲਾਗੂ
17 ਅਪਰੈਲ, 1919: ਸ਼ਾਮ ਦੇ ਪੌਣੇ ਅੱਠ ਵਜੇ ‘ਦਿ ਟ੍ਰਿਬਿਊਨ’ ਦੇ ਐਡੀਟਰ ਸ੍ਰੀ ਕਾਲੀਨਾਥ ਰੇਅ ਦੀ ਗ੍ਰਿਫ਼ਤਾਰੀ
18 ਅਪ੍ਰੈਲ 1919: ‘ਦਿ ਟਿ੍ਬਿਊਨ’ ਦਾ ਦਫ਼ਤਰ ਸੀਲ; ਇਸੇ ਦਿਨ ਸਵੇਰੇ ਸੱਤ ਵਜੇ ਪੁਲੀਸ ਨੇ ‘ਦਿ ਟ੍ਰਿਬਿਊਨ’ ਦੇ ਟਰਸਟੀ ਲਾਲਾ ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ
19 ਅਪ੍ਰੈਲ 1919: ਗੁਜਰਾਤ ਜ਼ਿਲ੍ਹੇ ਵਿੱਚ ਮਾਰਸ਼ਲ ਲਾਅ ਲਾਗੂ
24 ਅਪ੍ਰੈਲ 1919: ਲਾਇਲਪੁਰ ਜ਼ਿਲ੍ਹੇ ਵਿੱਚ ਮਾਰਸ਼ਲ ਲਾਅ ਲਾਗੂ
23 ਮਈ 1919: ਜ਼ਿਲ੍ਹਾ ਲਾਹੌਰ, ਜ਼ਿਲ੍ਹਾ ਗੁਜਰਾਤ, ਅੰਮਿਤਸਰ ਸ਼ਹਿਰ ਅਤੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪੇਂਡੂ ਇਲਾਕਿਆਂ ਵਿਚੋਂ ਮਾਰਸ਼ਲ ਲਾਅ ਹਟਾ ਲਿਆ ਗਿਆ, ਪਰ ਰੇਲ ਪਟੜੀ ਨੂੰ ਇਸ ਛੋਟ ਤੋਂ ਬਾਹਰ ਰੱਖਿਆ ਗਿਆ
28 ਮਈ 1919: ਸਮੁੱਚਾ ਜ਼ਿਲ੍ਹਾ ਲਾਇਲਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ; ਅਤੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਰਹਿੰਦੇ ਖੇਤਰਾਂ; ਅਤੇ ਕਸੂਰ ਮਿਉਂਸਪਲ ਖੇਤਰ ਨੂੰ ਵੀ ਮਾਰਸ਼ਲ ਲਾਅ ਤੋਂ ਮੁਕਤ ਕਰ ਦਿੱਤਾ ਗਿਆ ਪਰ ਇਹ ਰੇਲ ਪਟੜੀ ਉੱਤੇ ਲਾਗੂ ਰਿਹਾ
25 ਅਗਸਤ 1919: ਸਾਰੇ ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ਤੋਂ ਮਾਰਸ਼ਲ ਲਾਅ ਹਟਾਉਣ ਨਾਲ ਪ੍ਰਾਂਤ ਨੂੰ ਇਸ ਕਹਿਰੀ ਕਾਨੂੰਨ ਤੋਂ ਮੁਕਤੀ ਮਿਲੀ।
ਜਦੋਂ 1919 ਵਿੱਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ ਸੀ, ਉਸ ਸਮੇਂ ਸ. ਊਧਮ ਸਿੰਘ ਸਕੂਲ ਵਿੱਚ ਪੜ੍ਹਦਾ ਸੀ। ਉਸ ਨੇ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਉਸ ਸਮੇਂ ਹੀ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। 21 ਸਾਲ ਉਹ ਬਦਲਾ ਲੈਣ ਦਾ ਮੁਨਾਸਿਬ ਮੌਕਾ ਭਾਲਦਾ ਰਿਹਾ। ਇਸ ਅਰਸੇ ਦੌਰਾਨ ਹੀ ਜਨਰਲ ਡਾਇਰ 1927 ਵਿੱਚ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਸੀ ਪਰ ਇਸ ਘਟਨਾ ਦਾ ਖਲਨਾਇਕ ਸਰ ਮਾਇਕਲ ਓਡਵਾਇਰ ਅਜੇ ਜਿਉਂਦਾ ਸੀ। ਸ. ਊਧਮ ਸਿੰਘ ਉਸ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੰਨ ੧੯੩੩: ਵਿੱਚ ਲੰਡਨ ਪਹੁੰਚ ਗਿਆ ਸੀ। ਭਾਰਤ ਤੋਂ 600 ਮੀਲ ਦੂਰ ਥੇਮਸ ਦਰਿਆ ਦੇ ਕੰਢਿਆਂ 'ਤੇ ਦੋਹੀਂ ਪਾਸੀਂ ਵੱਸੇ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਦਨ ਵਿੱਚ 16 ਮਾਰਚ 1940: ਨੂੰ ਇੰਡੀਆ ਹਾਊਸ ਵਿੱਚ ਜਲਸਾ ਹੋ ਰਿਹਾ ਸੀ।
ਜਰਮਨੀ ਦੇ ਵਿਰੁੱਧ ਤਕਰੀਰਾਂ ਹੋ ਰਹੀਆਂ ਸਨ ਕਿਉਂਕਿ ਹਿਟਲਰ ਨੇ ਲੰਦਨ 'ਤੇ ਹਮਲਾ ਕਰਕੇ ਬੰਬ-ਬਾਰੀ ਕੀਤੀ ਸੀ। ਇਸ ਵਿੱਚ ਸਰ ਮਾਇਕਲ ਓਡਵਾਇਰ ਵੀ ਆਪਣੇ ਵਿਚਾਰ ਪੇਸ਼ ਕਰਨ ਆਇਆ। ਜਦੋਂ ਉਹ ਸਟੇਜ 'ਤੇ ਆ ਕੇ ਬੋਲਣ ਲੱਗਾ ਤਾਂ ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਠਾਹ-ਠਾਹ ਕਰਦੀਆਂ ਤਿੰਨ ਗੋਲੀਆਂ ਉਸ ਦੀ ਛਾਤੀ ਵਿੱਚ ਦਾਗ ਦਿੱਤੀਆਂ ਅਤੇ ਉਸ ਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਅਤੇ ਬੇਇੱਜਤੀ ਦਾ ਬਦਲਾ ਲੈ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ। ਮਜ਼ਦੂਰਾਂ ਦੇ ਅਖ਼ਬਾਰ 'ਡੇਲੀ ਵਰਕਰਜ਼' ਨੇ ਸ. ਊਧਮ ਸਿੰਘ ਦੀ ਤਸਵੀਰ ਆਪਣੇ ਅਖ਼ਬਾਰ ਵਿੱਚ ਛਾਪੀ 'ਤੇ ਲਿਖਿਆ ਕਿ ਨਿੱਡਰ ਇਨਕਲਾਬੀ ਹਿੰਦੋਸਤਾਨੀਆਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ 21 ਸਾਲ ਪਿੱਛੋਂ ਲਿਆ ਗਿਆ।
ਮੁਲਜ਼ਮ ਨੇ ਕਿਸੇ ਕਿਸਮ ਦਾ ਬਿਆਨ ਦੇਣੋਂ ਨਾਂਹ ਕਰ ਦਿੱਤੀ, ਉਹ ਅਦਾਲਤ ਵਿੱਚ ਪੂਰਾ ਬਿਆਨ ਦੇਵੇਗਾ, ਪੁਲਿਸ ਹੋਰ ਪੁੱਛ-ਪੜਤਾਲ ਕਰ ਰਹੀ ਹੈ। ਸੰਨ 1940: ਵਿੱਚ ਸ. ਊਧਮ ਸਿੰਘ ਉਰਫ ਰਾਮ ਰਹੀਮ ਸਿੰਘ ਨੂੰ ਸਰ ਮਾਇਕਲ ਓਡਵਾਇਰ ਦੇ ਕਤਲ ਦੇ ਦੋਸ਼ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਨਵੇਂ ਬਣਨ ਰਹੇ ਮੁਲਕ ਦੀ ਚੇਤਨਾ ਵਿੱਚ ਆਇਆ ਇੱਕ ਵੱਡਾ ਮੋੜ ਸੀ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਕਿਹਾ, ਇਹ ਦੁਖਾਂਤ, ਜੋ ਸੌ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਵਿਖੇ ਵਾਪਰਿਆ, ਬਰਤਾਨੀਆ ਦੇ ਪਿਛੋਕੜ ਉੱਤੇ ਇੱਕ ‘ਸ਼ਰਮਨਾਕ ਧੱਬਾ’ ਹੈ। ਜੋ ਉਦੋਂ ਵਾਪਰਿਆ, ਸਾਨੂੰ ਉੱਤੇ ਧੁਰ ਅੰਦਰੋਂ ਅਫ਼ਸੋਸ ਹੈ।