ਪਿੰਡ ਦਾ ਇਤਿਹਾਸ: ਪਿੰਡ ਧੂਤ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਤਿਹਾਸਿਕ ਪਿੰਡ ਹੈ। ਇਸ ਪਿੰਡ ਦੀ ਪਛਾਣ ਆਪਣੇ ਅਤੇ ਬਾਹਰਲੇ ਮੁਲਕਾਂ ਦੀ ਆਜ਼ਾਦੀ ਵਿੱਚ ਪਾਏ ਗਏ ਯੋਗਦਾਨ ਦੇ ਕਾਰਨ ਬਣੀ ਹੈ। ਪਿੰਡ ਦੇ ਬਜ਼ੁਰਗਾਂ ਦੇ ਮੁਤਾਬਿਕ, ਕਪੂਰਥਲੇ ਵਿੱਚ ਇਹ ਪਿੰਡ ਹੋਣ ਕਰਕੇ ਦੋਹਰੀ ਗ਼ੁਲਾਮੀ ਅਧੀਨ ਸੀ, ਜਿਸ ਨੂੰ ਤੋੜਨ ਵਾਸਤੇ ਗ਼ਦਰੀ ਬਾਬਾ ਕਰਮ ਸਿੰਘ ਧੂਤ ਨੇ ਦੇਸ਼ ਦੁਨੀਆ ਵਿੱਚ ਪਿੰਡ ਦਾ ਨਾਂਅ ਲਿਆ ਕੇ ਇੱਕ ਮਿੰਨੀ ਮਾਸਕੋ ਦੇ ਨਾਂਅ ਨਾਲ ਪਛਾਣ ਬਣਾਈ ਸੀ। ਜਾਣਕਾਰਾਂ ਦੀ ਮੰਨੀਏ ਤਾਂ ਬਾਬਾ ਕਰਮ ਸਿੰਘ ਧੂਤ ਨੇ ਦੇਸ਼ ਦੀ ਆਜ਼ਾਦੀ ਵੇਲੇ ਰੂਸ ਦੀ ਯੂਨੀਵਰਸਿਟੀ ਨਾਲ ਸਮਝੌਤੇ ਕੀਤੇ, ਜਿੱਥੇ ਪਿੰਡ ਦੇ ਕਈ ਵਿਦਿਆਰਥੀ ਪੜ੍ਹੇ। ਕਾਮਰੇਡ ਨੈਣਾਂ ਸਿੰਘ ਧੂਤ ਉਨ੍ਹਾਂ ਵਿੱਚੋਂ ਇੱਕ ਸਨ, ਉੱਥੇ ਹੀ ਦੂਜੇ ਪਾਸੇ ਅਨੇਕਾਂ ਕਾਨਫ਼ਰੰਸਾਂ ਭਾਰਤ ਦੇ ਅੰਦਰ ਸੁਭਾਸ਼ ਚੰਦਰ ਬੋਸ ਅਤੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਸਾਂਝੀਆਂ ਕੀਤੀਆਂ ਗਈਆਂ। ਬਜ਼ੁਰਗ ਦੱਸਦੇ ਹਨ ਕਿ, ਇਹ ਪਿੰਡ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ, ਤੇਜਾ ਸਿੰਘ ਸੁਤੰਤਰ, ਰੂੜ੍ਹ ਸਿੰਘ ਧਾਲੀਵਾਲ, ਅੱਛਰ ਸਿੰਘ ਛੀਨਾ, ਬਾਬਾ ਗੁਰਮੁਖ ਸਿੰਘ, ਕਾ: ਬੂਝਾ ਸਿੰਘ, ਵਰਿਆਮ ਸਿੰਘ ਖੱਖ, ਠਾਕੁਰ ਵਰਿਆਮ ਸਿੰਘ, ਬਾਬਾ ਸੋਹਣ ਸਿੰਘ ਨਰਿਆਲ ਰਣਜੀਤ ਸਿੰਘ ਬੁੱਢੀ ਪਿੰਡ, ਗ਼ਦਰੀ ਬਾਬਾ ਹਰਨਾਮ ਸਿੰਘ ਟੂੰਡੀਲਾਟ ਅਤੇ ਹੋਰਨਾਂ ਦੇਸ਼ ਭਗਤਾਂ ਵਾਸਤੇ ਪਨਾਹਗਾਰ ਵੀ ਬਣਿਆ ਰਿਹਾ। ਆਪਣੇ ਸਮਿਆਂ ਵਿੱਚ ਬਾਬਾ ਕਰਮ ਸਿੰਘ ਦੀ ਬਦੌਲਤ ਪਿੰਡ ਦੇ ਹੀ ਮਾਸਟਰ ਹਰੀ ਸਿੰਘ ਧੂਤ ਨੂੰ ਸਿਆਸਤ ਵਿੱਚ ਲਿਆ ਕੇ ਵਿਧਾਇਕ ਬਣਾਇਆ। ਪੇਂਡੂ ਖੇਤਰੀ ਅਰਥ-ਸ਼ਾਸਤਰ ਦੇ ਬਹੁਤ ਵੱਡੇ ਵਿਦਵਾਨ ਮਾਸਟਰ ਹਰੀ ਸਿੰਘ ਧੂਤ ਰਹੇ। ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਇਲਾਕੇ ਦੇ ਪ੍ਰਸਿੱਧ ਰਾਜ ਨੇਤਾ ਦੇ ਤੌਰ 'ਤੇ ਵਿਧਾਇਕ ਰਹੇ ਹਨ। ਇਸ ਤੋਂ ਇਲਾਵਾ ਪਿੰਡ ਧੂਤ ਕਲਾਂ ਦੇ 50 ਤੋਂ ਵੱਧ ਦੇਸ਼ ਭਗਤਾਂ ਨੇ ਮੁਲਕ ਲਈ ਸੰਘਰਸ਼ ਕੀਤਾ ਹੈ।
ਕਿਸਾਨ ਮੋਰਚੇ ਵਿੱਚ ਯੋਗਦਾਨ: ਖੇਤੀ ਕਾਨੂੰਨਾਂ ਦੇ ਵਿਰੁੱਧ ਬੇਸ਼ੱਕ ਸਾਲ 2020-21 ਦੇ ਦਰਮਿਆਨ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਜਿਸ ਵਿੱਚ ਪਿੰਡ ਧੂਤ ਕਲਾਂ ਅਹਿਮ ਯੋਗਦਾਨ ਪਾ ਰਿਹਾ ਹੈ। ਪਰ ਜੇਕਰ ਕਿਸਾਨੀ ਅੰਦੋਲਨਾਂ ਪਿਛੋਕੜ 'ਤੇ ਨਿਗਾਹ ਮਾਰੀਏ ਤਾਂ ਪਿੰਡ ਧੂਤ ਕਲਾਂ ਦਾ ਕਿਸਾਨੀ ਅੰਦੋਲਨ ਦੇ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਦਰਅਸਲ, ਕਪੂਰਥਲਾ ਰਾਜ ਵਿੱਚ ਪ੍ਰਜਾ ਮੰਡਲ ਦੀ ਇਕਾਈ ਸਥਾਪਿਤ ਕੀਤੀ ਗਈ ਸੀ ਅਤੇ ਹੁਸ਼ਿਆਰਪੁਰ ਦੇ ਚਾਰੇ ਪਾਸਿਉਂ ਘਿਰੇ ਰਾਜ ਦੇ ਭੂੰਗਾ ਤਹਿਸੀਲ ਵਿਚਲਾ ਪਿੰਡ ਧੂਤ ਕਲਾਂ ਪ੍ਰਜਾ ਮੰਡਲ ਦਾ ਜ਼ਿਮੀਂਦਾਰਾਂ ਅੰਦੋਲਨ ਸਰਕਾਰ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਬਣਿਆ। ਜਾਣਕਾਰ ਦੱਸਦੇ ਹਨ ਕਿ, ਜਦੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ, ਉਸ ਵਕਤ ਬਾਬਾ ਕਰਮ ਸਿੰਘ ਉਸ ਸਵਾਗਤ ਕਮੇਟੀ ਦੇ ਚੇਅਰਮੈਨ ਸਨ। ਇਹ ਸਵਾਗਤੀ ਕਮੇਟੀ ਪੰਡਤ ਨਹਿਰੂ ਦੀ ਅਗਵਾਈ ਹੇਠ 1939 ਈ. ਦੌਰਾਨ ਆਲ ਸਟੇਟ ਪੀਪਲਜ਼ ਕਾਨਫ਼ਰੰਸ ਲੁਧਿਆਣਾ ਵਿਖੇ ਕਿਸਾਨੀ ਅੰਦੋਲਨ ਲਈ ਹੋਈ ਸੀ ਅਤੇ ਬਾਬਾ ਕਰਮ ਸਿੰਘ ਨੇ ਇਸ ਮੋਰਚੇ ਨੂੰ ਸਫਲ ਬਣਾਉਂਦਿਆਂ ਹੋਇਆ ਜ਼ਿਮੀਂਦਾਰਾਂ ਦੀ ਆਵਾਜ਼ ਨੂੰ ਬੁਲੰਦ ਕਰਿਆ ਸੀ।
ਆਜ਼ਾਦੀ ਘੁਲਾਟੀਏ: ਜਾਣਕਾਰਾਂ ਦੇ ਮੁਤਾਬਿਕ, ਪਿੰਡ ਧੂਤ ਕਲਾਂ ਦੇ ਸ਼ਹੀਦ ਲਸ਼ਮਣ ਸਿੰਘ ਨਨਕਾਣਾ ਸਾਹਿਬ ਸਾਕਾ, ਮਾਸਟਰ ਜਸਵੰਤ ਸਿੰਘ, ਕਾਮਰੇਡ ਨੈਣਾਂ ਸਿੰਘ ਧੂਤ, ਰਾਵਲ ਸਿੰਘ, ਸਵਰਨ ਸਿੰਘ ਕਿਰਤੀ, ਭਾਈ ਸਵਰਨ ਸਿੰਘ, ਖਜਾਨ ਸਿੰਘ, ਗੁਰਮੇਲ ਸਿੰਘ, ਗੁਰਚਰਨ ਸਿੰਘ, ਕਰਮ ਸਿੰਘ ਆਦਿ ਮੁਲਕ ਦੀ ਆਜ਼ਾਦੀ ਵੇਲੇ ਜੇਲ੍ਹਾਂ ਦੇ ਅੰਦਰ ਬੰਦ ਕੀਤੇ ਗਏ ਸਨ। ਇਸ ਤੋਂ ਇਲਾਵਾ ਪਿੰਡ ਧੂਤ ਕਲਾਂ ਦੇ ਵਸਨੀਕ ਅਜੀਤ ਸਿੰਘ, ਹਜ਼ਾਰਾ ਸਿੰਘ, ਜਗਤ ਰਾਮ ਰਾਣਾ ਅਤੇ ਸੁਰਜੀਤ ਸਿੰਘ ਰਾਮਦਾਸੀਆ ਨੇ ਆਜ਼ਾਦ ਹਿੰਦ ਫ਼ੌਜ ਵਿੱਚ ਆਪਣੀ ਸੇਵਾ ਨਿਭਾਈ। ਊਧਮ ਸਿੰਘ, ਦਲੀਪ ਸਿੰਘ, ਪ੍ਰਤਾਪ ਸਿੰਘ ਜੈਤੋ ਦਾ ਮੋਰਚਾ, ਬਾਗ਼ੀ ਦੌਲਤ ਸਿੰਘ, ਤੇਜਾ ਸਿੰਘ 76 ਨੰਬਰ ਪਲਟਣ, ਕਾਬਲ ਸਿੰਘ ਜੰਗੀ ਕੈਦੀ, ਮਲੂਕ ਸਿੰਘ ਧੂਤ, ਸਾਧੂ ਸਿੰਘ ਧੂਤ ਪੰਜਾਬੀ ਸੂਬੇ ਦਾ ਮੋਰਚਾ ਅਤੇ ਇਸ ਤੋਂ ਇਲਾਵਾ ਸ਼ਿਵ. ਸਤਪਾਲ ਕਾਲਜ ਪ੍ਰਕਾਸ਼ (ਆਈ.ਏ.ਐਸ), ਸਵ. ਮਾਸਟਰ ਠਾਕੁਰ ਸਿੰਘ, ਪ੍ਰੋ. ਮਹਿੰਦਰ ਸਿੰਘ ਧੂਤ, ਪ੍ਰਿੰਸੀਪਲ ਸੇਵਾ ਸਿੰਘ, ਡਾ. ਭੁਪਿੰਦਰ ਸਿੰਘ, ਕਾਮਰੇਡ ਪ੍ਰਤਾਪ ਚੰਦ ਧੂਤ ਆਦਿ।
ਸਹੂਲਤਾਂ: ਪਿੰਡ ਦੇ ਅੰਦਰ ਇਸ ਵੇਲੇ ਦੇਸ਼ ਭਗਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਂਗਣਵਾੜੀ ਕੇਂਦਰ, ਕੋਆਪਰੇਟਿਵ ਸੋਸਾਇਟੀ, ਬੈਂਕ, ਡਾਕਘਰ, ਡਿਸਪੈਂਸਰੀ, ਵਾਟਰ ਸਪਲਾਈ, ਜਿੰਮ, ਪਾਰਕ ਤੋਂ ਇਲਾਵਾ ਸੁਵਿਧਾ ਕੇਂਦਰ ਆਦਿ ਸੇਵਾਵਾਂ ਪਿੰਡ ਵਾਸੀਆਂ ਦੇ ਰਹੇ ਹਨ।
ਪਿੰਡ ਦੀਆਂ ਮੁੱਖ ਮੰਗਾਂ: ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਅੰਦਰ ਖੇਡ ਸਟੇਡੀਅਮ ਬਣਾਇਆ ਜਾਵੇ, ਪਿੰਡ ਨੂੰ ਜੋੜਦੀਆਂ ਵੱਖ-ਵੱਖ ਸੜਕਾਂ ਪੱਕੀਆਂ ਕੀਤੀਆਂ ਜਾਣ, ਕਿੱਤਾ ਮੁਖੀ ਕੋਰਸ ਕੁੜੀਆਂ ਵਾਸਤੇ ਪਿੰਡ ਦੇ ਅੰਦਰ ਹੀ ਮੌਜੂਦ ਹੋਵੇ, ਜੰਗਲੀ ਜਾਨਵਰਾਂ ਦੁਆਰਾ ਕੀਤੇ ਜਾਂਦੇ ਨੁਕਸਾਨ ਨੂੰ ਰੋਕਣ ਵਾਸਤੇ ਜੰਗਲੀ ਜਾਨਵਰਾਂ 'ਤੇ ਨਕੇਲ ਕੱਸੀ ਜਾਵੇ ਅਤੇ ਸਰਕਾਰ ਇਹਦੇ ਵੱਲ ਧਿਆਨ ਦੇਵੇ। ਇਸ ਤੋਂ ਇਲਾਵਾ ਪਸ਼ੂ ਹਸਪਤਾਲ ਪਿੰਡ ਦੇ ਵਿੱਚ ਬਣਾਇਆ ਜਾਵੇ ਅਤੇ ਇੰਟਰਨੈੱਟ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ।
This village is in the Doaba region of Punjab. It belongs to Bhunga development block of the Hoshiarpur district. Demographics - Population includes 1300 males and 1267 female residents. Out of the total population of 2567 residents 1337 are registered as scheduled caste. For land use out of the total 492 hectares 369 hectares are cultivated by 369 tubewells.