Description

ਪਿੰਡ ਭਨੋਹੜ, ਤਹਿਸੀਲ ਲੁਧਿਆਣਾ (ਪੱਛਮੀ ), ਜ਼ਿਲ੍ਹਾ ਲੁਧਿਆਣਾ ਵਿੱਚ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇਅ ( ਐੱਨ.ਐੱਚ-95 ) ਉੱਤੇ ਸਥਿਤ ਹੈ। ਇਸਦੇ ਪੂਰਬੀ ਪਾਸੇ ਤਕਰੀਬਨ 12-13 ਕਿੱਲੋਮੀਟਰ ਦੀ ਦੂਰੀ ‘ਤੇ ਲੁਧਿਆਣਾ ਸ਼ਹਿਰ ਪੈਂਦਾ ਹੈ ਅਤੇ ਪੱਛਮ ਵੱਲ 15 ਕੁ ਕਿੱਲੋਮੀਟਰ ਦੀ ਦੂਰੀ ‘ਤੇ ਜਗਰਾਓਂ ਸ਼ਹਿਰ ਪੈਂਦਾ ਹੈ, ਜੋ ਕਿ ਜ਼ਿਲ੍ਹਾ ਲੁਧਿਆਣਾ ਦੀ ਪ੍ਰਮੁੱਖ ਤਹਿਸੀਲ ਹੈ । ਇਹ ਪਿੰਡ ਲੁਧਿਆਣਾ-ਫ਼ਿਰੋਜ਼ਪੁਰ ਰੇਲ ਮਾਰਗ ਉੱਤੇ ਵੀ ਪੈਂਦਾ ਹੈ ਅਤੇ ਪਿੰਡ ਦਾ ‘ ਭਨੋਹੜ ਪੰਜਾਬ ‘ ਨਾਂ ‘ਤੇ ਪੈਂਦਾ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਫ਼ਿਰੋਜ਼ਪੁਰ ਵੱਲ ਚੌਥੇ ਨੰਬਰ ‘ਤੇ ਪੈਂਦਾ ਰੇਲਵੇ ਸਟੇਸ਼ਨ ਹੈ । ਪਿੰਡ ਭਨੋਹੜ ਨਾਲ ਇਸਦੇ ਆਲੇ ਦੇਆਲੇ ਕਈ ਪਿੰਡਾਂ ਦੀਆਂ ਹੱਦਾਂ ਲੱਗਦੀਆਂ ਹਨ ਇਸਦੀ ਪੂਰਬੀ ਦਿਸ਼ਾ ਵਿੱਚ ਪਿੰਡ ਹਸਨਪੁਰ ਤੇ ਪਿੰਡ ਪਮਾਲ ਦੀਆਂ ਹੱਦਾਂ ਲੱਗਦੀਆਂ ਹਨ ਅਤੇ ਪੱਛਮੀ ਦਿਸ਼ਾ ਵਿੱਚ ਪਿੰਡ ਦਾਖਾ, ਪਿੰਡ ਰੁੜਕਾ ਅਤੇ ਪਿੰਡ ਜਾਂਗਪੁਰ ਦੀਆਂ ਹੱਦਾਂ ਜੁੜਦੀਆਂ ਹਨ ।

ਇਸੇ ਤਰਾਂ ਇਸਦੇ ਉੱਤਰ ਵਾਲੇ ਪਾਸੇ ਪਿੰਡ ਗਹੌਰ ਅਤੇ ਪਿੰਡ ਦਾਖਾ ਪੈਂਦਾ ਹੈ ਜਦ ਕਿ ਇਸਦੇ ਦੱਖਣ ਵਾਲੇ ਪਾਸੇ ਰੁੜਕਾ ਅਤੇ ਜਾਂਗਪੁਰ ਪਿੰਡ ਪੈਂਦੇ ਹਨ । ਜਨਗਣਨਾ-2011 ਅਨੁਸਾਰ ਪਿੰਡ ਵਿੱਚ ਕੁੱਲ 479 ਘਰ ਹਨ ਅਤੇ ਪਿੰਡ ਦੀ ਕੁੱਲ ਆਬਾਦੀ 2404 ਹੈ, ਜਿਸ ਵਿੱਚੋਂ ਔਰਤਾਂ ਦੀ ਗਿਣਤੀ 1123 ਹੈ, ਜੋ ਕਿ ਪਿੰਡ ਦੀ ਕੁੱਲ ਆਬਾਦੀ ਦਾ 46.7 ਫੀਸਦ ਹੈ ।ਪਿੰਡ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਕੁੱਲ ਆਬਾਦੀ 1123 ਹੈ, ਜੋ ਕਿ ਕੁੱਲ ਆਬਾਦੀ ਦਾ 46.7 ਫੀਸਦ ਹੈ । ਪਿੰਡ ਭਨੋਹੜ ਵਿੱਚ 0-6 ਸਾਲ ਦੀ ਉਮਰ ਦੇ ਬੱਚਿਆਂ ਦੀ ਕੁੱਲ ਗਿਣਤੀ 254 ਹੈ ਜਿੰਨ੍ਹਾਂ ਵਿੱਚੋਂ 116 ਲੜਕੀਆਂ ਹਨ, ਜੋ ਕਿ 45.7 ਫ਼ੀਸਦ ਹਨ। ਜਨਗਣਨਾ-2011 ਅਨੁਸਾਰ ਪਿੰਡ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਕੁੱਲ ਗਿਣਤੀ 1848 ਹੈ ਜੋ ਕਿ 76.9 ਫੀਸਦ ਹੈ ਅਤੇ ਇਹਨਾਂ ਵਿੱਚੋਂ 832 ਇਸਤਰੀਆਂ ਪੜ੍ਹੀਆਂ- ਲਿਖੀਆਂ ਹਨ ਜੋ ਕਿ 34.6 ਫੀਸਦ ਹਨ ।

ਪਿੰਡ ਦੀ ਵਸੋਂ ਦੀ ਬਹੁਗਿਣਤੀ ਜੱਟ ਸਿੱਖਾਂ ਦੀ ਹੈ ਜੋ ਭੱਠਲ ਗੋਤ ਨਾਲ ਸੰਬੰਧ ਰੱਖਦੇ ਹਨ । ਪਰ ਭੱਠਲਾਂ ਤੋਂ ਬਿਨਾ ਪਿੰਡ ਵਿੱਚ ਕੁਝ ਘਰ ਖੰਡਲਾਂ ਦੇ ਵੀ ਹਨ । ਆਬਾਦੀ ਪੱਖੋਂ ਰਾਮਦਾਸੀਆ ਸਿੱਖਾਂ ਦੀ ਗਿਣਤੀ ਦੂਸਰੇ ਨੰਬਰ ‘ਤੇ ਆਉਂਦੀ ਹੈ । ਇਹ ਪਰਿਵਾਰ ਸਿਰਫ ਇੱਕੋ ਹੀ ਜੰਬ ਗੋਤ ਦੇ ਹਨ ਜੋ ਬਹੁਤ ਹੀ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ । ਇਨ੍ਹਾਂ ਵਿੱਚੋਂ ਕਈ ਤਾਂ ਵੱਖ-ਵੱਖ ਉੱਚ ਅਹੁਦਿਆਂ ਉੱਤੇ ਰਹਿ ਚੁੱਕੇ ਹਨ । ਉਪਰੋਕਤ ਬਹੁਗਿਣਤੀ ਵੱਸੋਂ ਤੋਂ ਇਲਾਵਾ ਦੂਸਰੇ ਕਈ ਵਰਗਾਂ ਜਿਵੇਂ ਕਿ ਤਰਖਾਣ, ਲੁਹਾਰ, ਸੁਨਿਆਰ, ਪਰਜਾਪਤ, ਛੀਂਬੇ, ਨਾਈ, ਮੈਹਰੇ ਆਦਿ ਦੇ ਲੋਕ ਵੀ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ । ਪਿੰਡ ਵਿੱਚ ਹਿੰਦੂਆਂ ਦੇ ਕਾਫ਼ੀ ਘਰ ਬ੍ਰਾਹਮਣ ਅਤੇ ਭੰਡਾਰੀ ਬਰਾਦਰੀ ਨਾਲ ਵੀ ਸਬੰਧਿਤ ਵੀ ਹਨ ।

ਪਿੰਡ ਵਾਰੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਖ਼ਾਸ ਮਹੱਤਵ ਰੱਖਦਾ ਹੈ ਕਿ ਭਨੋਹੜ ਲਧਿਆਣਾ ਜਿਲ੍ਹਾ ਜਾਂ ਇਲਾਕਾ ਹੀ ਕੀ ਸਗੋਂ  ਪੂਰੇ ਪੰਜਾਬ ਵਿੱਚ ‘ਫੌਜੀਆਂ ਦਾ ਪਿੰਡ’ ਦੇ ਨਾਮ ਨਾਲ ਵੀ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ । ਪਿੰਡ ਦੇ ਹਰੇਕ ਘਰ ਜਾਂ ਖ਼ਾਨਦਾਨ ਵਿੱਚੋਂ ਤੁਹਾਨੂੰ ਦੇਸ਼ ਦੀ ਸੇਵਾ ਕਰ ਰਿਹਾ ਜਾਂ ਕਰ ਚੁੱਕਾ ਫ਼ੌਜੀ ਜਵਾਨ ਜ਼ਰੂਰ ਮਿਲੇਗਾ । ਪਿੰਡ ਲਈ ਇਹ ਬੜੇ ਹੀ ਫਖਰ ਵਾਲੀ ਗੱਲ ਹੈ ਕਿ ਪਿੰਡ ਦੀਆ ਮਾਵਾਂ ਨੇ ਇੱਕ ਸਿਪਾਹੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਦੇ ਹਰ ਰੈਂਕ ਦੇ ਜਵਾਨ ਭਾਰਤੀ ਫੌਜ ਦੀ ਝੋਲੀ ਵਿੱਚ ਦੇਸ਼ ਸੇਵਾ ਲਈ ਪਾਏ ਹੋਏ ਹਨ । ਇਸਤੋਂ ਇਲਾਵਾ ਹੋਰ ਵੱਖ-ਵੱਖ ਸਰਕਾਰੀ ਅਹੁਦਿਆਂ ਅਤੇ ਹੋਰ ਖੇਤਰਾਂ ਵਿੱਚ ਵੀ ਪਿੰਡ ਦੇ ਕਾਫ਼ੀ ਲੋਕ ਨਾਮਣਾ ਖੱਟ ਚੁੱਕੇ ਹਨ । ਵਿਦੇਸ਼ਾਂ ਵਿੱਚ ਵੀ ਪਿੰਡ ਦੇ ਬਹੁਤ ਪਰਿਵਾਰ ਆਪਣੀ ਖੁਸ਼ਹਾਲ ਜ਼ਿੰਦਗੀ ਬਸ਼ਰ ਕਰ ਰਹੇ ਹਨ ਅਤੇ ਨਾਲ-ਨਾਲ ਸਮੇ-ਸਮੇ ਸਿਰ ਪਿੰਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹੀ ਰਹਿੰਦੇ ਹਨ । ਪੰਜਾਬ ਦਾ ਇਹ ਘੁੱਗ ਵਸਦਾ ਭਨੋਹੜ ਪਿੰਡ ਅਤੇ ਇਸਦੇ ਵਸਨੀਕ ਆਪਣੀ ਵਧੀਆ ਜ਼ਿੰਦਗੀ ਜਿਉਂ ਰਹੇ ਹਨ ।

ਪਿੰਡ ਦਾ ਇਤਿਹਾਸ

ਪਿੰਡ ਦੇ ਇਤਿਹਾਸ ਨੂੰ ਵਾਚਣ ਤੋਂ ਪਤਾ ਚੱਲਦਾ ਹੈ ਕਿ ਤੈਮੂਰ ਲੰਗ ਨੇ ਭਟਨੇਰ ਉੱਤੇ ਹਮਲਾ ਕਰਕੇ ਸੰਨ 1398 ਈਸਵੀ ਵਿੱਚ ਜਿੱਤ ਲਿਆ । ਤੈਮੂਰ ਨੇ ਭਟਨੇਰ ਨੂੰ ਹਮਲੇ ਦੌਰਾਨ ਪੂਰੀ ਤਰਾਂ ਬਰਬਾਦ ਕਰ ਦਿੱਤਾ ਸੀ । ਇਸ ਤੋਂ ਤੰਗ ਆ ਕੇ ਜੱਟ ਕਬੀਲੇ ਦੇ ਕੁਝ ਲੋਕ ਰਾਜਸਥਾਨ ਤੋਂ ਹਿਜਰਤ ਕਰਕੇ ਪੰਜਾਬ ਆ ਵਸੇ । ਇਨ੍ਹਾਂ ਵਿੱਚੋਂ ਭੱਟੀ ਰਾਜਪੂਤਾਂ ਦੇ ਖ਼ਾਨਦਾਨ ਦੇ ਰਾਓ ਜਿੰਦਰਾ ਦਾ ਭੱਠਲ ਨਾਂ ਦਾ ਮੋਢੀ ਸੀ , ਉਸ ਵਕਤ ਮਾਲਵਾ ਖੇਤਰ ਵਿੱਚ ਲੁਧਿਆਣਾ ਨੇੜੇ ਸਤਲੁਜ ਦਰਿਆ ਦੇ ਕੰਢੇ ਪੈਂਦੇ ਛੋਟੇ ਜਿਹੇ ਭੱਠਾ ਧੂਹਾ ਨਾਂਅ ਦੇ ਪਿੰਡ ਆ ਵੱਸਿਆ । ਸਤਲੁਜ ਦਰਿਆ ਦੀ ਮਾਰ ਹੇਠ ਆਉਂਦੇ ਹੜ੍ਹਾਂ ਦੇ ਭੰਨੇ ਹੋਏ ਭੱਠਲਾਂ ਨੇ 16ਵੀਂ ਸਦੀ ਵਿੱਚ ਭਨੋਹੜ ਪਿੰਡ ਦੀ ਮੋੜ੍ਹੀ ਗੱਡੀ ਅਤੇ ਇਸ ਤਰਾਂ ਭਨੋਹੜ ਪਿੰਡ ਵਸਿਆ ਸੀ । ਸੰਨ 1958 ਈਸਵੀ ਵਿੱਚ ਪਿੰਡ ਵਿੱਚ ਰੇਲਵੇ ਸਟੇਸ਼ਨ ਬਣਨ ਵੇਲੇ ਭਾਰਤੀ ਰੇਲਵੇ ਵੱਲੋਂ ਪਿੰਡ ਦੇ ਰੇਲਵੇ ਸਟੇਸ਼ਨ ਦਾ ਨਾਂ ‘ਭਨੋਹੜ ਪੰਜਾਬ’ ਰੱਖਣ ਕਰਕੇ ਭਨੋਹੜ ਪਿੰਡ ਇੱਕ ਹੋਰ ਦੂਸਰੇ ਨਾਂ ‘ਭਨੋਹੜ ਪੰਜਾਬ’ ਦੇ ਨਾਮ ਨਾਲ ਵੀ ਮਸ਼ਹੂਰ ਹੋ ਗਿਆ।

-ਬਲਜਿੰਦਰ ਭਨੋਹੜ

This village is in the Malwa region of Punjab. It belongs to Ludhiana-I development block of the Ludhiana district. Demographics - Population includes 1281 males and 1123 female residents. Out of the total population of 2404 residents 1123 are registered as scheduled caste. For land use out of the total 520 hectares 370 hectares are cultivated by 370 tubewells.

Additional Details