Description

ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੇ ਲਗਪਗ 13 ਸਾਲ ਖਡੂਰ ਸਾਹਿਬ ਵਿਚ ਬਿਤਾਏ। 18 ਅਪਰੈਲ 2004 ਨੂੰ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਦਾ 500 ਸਾਲਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ। ਇਨ੍ਹਾਂ ਸ਼ਤਾਬਦੀ ਸਮਾਗਮਾਂ ਦੌਰਾਨ ਅਧਿਆਤਮਕ ਵਿੱਦਿਅਕ, ਖੇਡਾਂ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ।

ਇਹ ਯੋਜਨਾਵਾਂ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਗਈ। ਮਗਰੋਂ ਇਸ ਟਰੱਸਟ ਦੀ ਸਰਪ੍ਰਸਤੀ ਹੇਠ ਵਿੱਦਿਅਕ ਸੰਸਥਾ ‘ਨਿਸ਼ਾਨ-ਏ-ਸਿੱਖੀ’ ਦੀ ਸਥਾਪਨਾ ਹੋਈ।

ਅੱਠ ਮੰਜ਼ਿਲਾ ਪੰਜ-ਭੁਜ ਆਕਾਰ ਵਾਲੀ ਇਮਾਰਤ ’ਚ ਚਲ ਰਹੀ ਇਸ ਵਿੱਦਿਅਕ ਸੰਸਥਾ ਵਿਚ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਗੁਰਮਤਿ ਅਧਿਐਨ, ਸਿੱਖੀ ਦੇ ਪ੍ਰਚਾਰ, ਪਾਸਾਰ ਅਤੇ ਅਕਾਦਮਿਕ ਖੋਜ ਖੇਤਰ ਵਿਚ ਆਪਣੀ ਮਾਣਮੱਤੀ ਪਛਾਣ ਬਣਾ ਚੁੱਕੀ ਹੈ।

ਖਡੂਰ ਸਾਹਿਬ ਵਿਚ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਦੀ ਸੁਧਾਈ ਕਰ ਕੇ ਮੌਜੂਦਾ ਪੈਂਤੀ ਅੱਖਰੀ ਰੂਪ ਦਿੱਤਾ ਸੀ। ਇਥੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦਾ ਪਹਿਲਾ ਬਾਲ ਬੋਧ ਤਿਆਰ ਕਰਵਾਇਆ। ਗੁਰਮੁਖੀ ਲਿੱਪੀ ਦੇ ਪ੍ਰਚਾਰ ਅਤੇ ਪਾਸਾਰ ਲਈ ਗੁਰਮੁਖੀ ਦੀ ਪਹਿਲੀ ਪਾਠਸ਼ਾਲਾ ਸਥਾਪਤ ਕੀਤੀ।

ਇਸ ਲਈ ਗੁਰੂ ਅੰਗਦ ਦੇਵ ਜੀ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਕਾਰ ਸੇਵਾ, ਖਡੂਰ ਸਾਹਿਬ ਵੱਲੋਂ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੀ ਸਥਾਪਨਾ ਕੀਤੀ ਗਈ ਹੈ। ਇਸ ਸੰਸਥਾ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਝਵਾਨ ਵਿਦਵਾਨ ਅਤੇ ਪੰਥ ਪ੍ਰਸਿੱਧ ਸ਼ਖਸੀਅਤਾਂ ਦੀ ਕਮੇਟੀ ਬਣਾਈ ਗਈ ਹੈ।

ਬਾਬਾ ਸੇਵਾ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਸਾਬਕਾ ਜਥੇਦਾਰ, ਅਕਾਲ ਤਖ਼ਤ ਸਾਹਿਬ), ਪ੍ਰੋ. ਬਲਵੰਤ ਸਿੰਘ ਢਿੱਲੋਂ, ਪ੍ਰਿੰਸੀਪਲ ਬ੍ਰਿਜਪਾਲ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ, ਭਾਈ ਵਰਿਆਮ ਸਿੰਘ ਸਿੱਖ ਸਟੱਡੀ ਬੋਰਡ ਦੇ ਮੈਂਬਰ ਹਨ।

ਇੱਥੇ ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮੇ ਨਾਲ ਬੀਏ ਤੇ ਐੱਮਏ ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਿਨਾਂ ਕਿਸੇ ਖਰਚੇ ਦੇ ਕਰਵਾਈ ਜਾਂਦੀ ਹੈ। ਇੱਥੇ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਦੀਆਂ ਚੋਣਵੀਆਂ ਬਾਣੀਆਂ ਦੇ ਨਾਲ-ਨਾਲ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਚੋਣਵੀਆਂ ਰਚਨਾਵਾਂ ਦਾ ਅਧਿਐਨ ਵੀ ਕਰਵਾਇਆ ਜਾਂਦਾ ਹੈ।

-ਡਾ. ਜਸਵਿੰਦਰ ਸਿੰਘ

Additional Details