Description

ਮਾਲਵਾ (ਇਲਾਕਾ): ਇਸ ਇਲਾਕੇ ਦਾ ਪਿਛੋਕੜ ‘ਮੱਲਾਵਾ’ ਨਾਂ ਦੀ ਇਕ ਪੁਰਾਤਨ ਕਬੀਲੇ ਨਾਲ ਜਾ ਜੁੜਦਾ ਹੈ ਜਿਸ ਨੇ ਸਿਕੰਦਰ ਦਾ ਡਟਵਾਂ ਮੁਕਾਬਲਾ ਕੀਤਾ ਸੀ , ਪਰ ਹਾਰ ਖਾ ਕੇ ਸਤਲੁਜ ਅਤੇ ਜਮਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਵਿਚ ਆ ਵਸਿਆ ਸੀ। ਇਸੇ ਕਬੀਲੇ ਦੇ ਨਾਂ ਕਰਕੇ ਇਸ ਇਲਾਕੇ ਨੂੰ ‘ਮਾਲਵਾ’ ਕਿਹਾ ਜਾਣ ਲਗਿਆ। ਪਰ ਯਾਦ ਰਹੇ ਕਿ ਮੱਧ ਭਾਰਤ (ਅਵੰਤਿ ਦੇ ਇਰਦ-ਗਿਰਦ ਦਾ ਇਲਾਕਾ) ਦੇ ਮਾਲਵ ਪ੍ਰਦੇਸ਼ ਤੋਂ ਇਸ ਦੀ ਹੋਂਦ ਭਿੰਨ ਹੈ। ਵਰਤਮਾਨ ਪੰਜਾਬ ਦੇ 17 ਜ਼ਿਲ੍ਹਿਆਂ ਵਿਚ 11 ਜ਼ਿਲ੍ਹੇ ਇਸ ਖੇਤਰ ਦੇ ਅੰਤਰਗਤ ਹਨ, ਜਿਵੇਂ ਫ਼ਿਰੋਜ਼ਪੁਰ, ਫ਼ਰੀਦਕੋਟ , ਮੁਕਤਸਰ , ਬਠਿੰਡਾ, ਮੋਗਾ , ਸੰਗਰੂਰ, ਮਾਨਸਾ, ਲੁਧਿਆਣਾ , ਪਟਿਆਲਾ , ਫਤਹਿਗੜ੍ਹ ਸਾਹਿਬ ਅਤੇ ਰੋਪੜ। ਪਰ ਭਾਸ਼ਾ ਦੇ ਆਧਾਰ’ਤੇ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਨੂੰ ਮਾਲਵੇ ਵਿਚ ਸ਼ਾਮਲ ਕਰਨੋ ਸੰਕੋਚ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਪਵਾਧੀ ਉਪ-ਭਾਸ਼ਾ ਬੋਲੀ ਜਾਂਦੀ ਹੈ। ਹਾਂ, ਸਥੂਲ ਤੌਰ ’ਤੇ ਇਨ੍ਹਾਂ ਨੂੰ ਮਾਲਵੇ ਵਿਚ ਹੀ ਸ਼ਾਮਲ ਕਰ ਲਿਆ ਜਾਂਦਾ ਹੈ। ਪਹਿਲਾਂ ਇਹ ਇਲਾਕਾ ਖ਼ੁਸ਼ਕ ਅਤੇ ਰੇਤੀਲਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਭਵਿਸ਼ਬਾਣੀ ਕਰਕੇ ਨਹਿਰਾਂ ਦੇ ਨਿਕਲਣ ਨਾਲ ਇਹ ਖੇਤਰ ਬਹੁਤ ਜ਼ਰਖੇਜ਼ ਹੋ ਗਿਆ ਹੈ। ਰਾਜਨੈਤਿਕ ਤੌਰ’ਤੇ ਵੀ ਇਸ ਇਲਾਕੇ ਦੀ ਪ੍ਰਭੁਤਾ ਕਾਇਮ ਹੋ ਗਈ ਹੈ, ਕਿਉਂਕਿ ਇਸ ਇਲਾਕੇ ਦੇ ਵਿਸਤਰਿਤ ਹੋਣ ਕਾਰਣ ਵਿਧਾਨ ਸਭਾ ਦੇ ਅਧਿਕਾਂਸ਼ ਮੈਂਬਰ ਇਥੋਂ ਦੇ ਹੀ ਹੁੰਦੇ ਹਨ।

ਸਿੱਖ ਇਤਿਹਾਸ ਵਿਚ ਮਾਲਵਾ ਖੇਤਰ ਦਾ ਅਹਿਮ ਸਥਾਨ ਹੈ। ਖ਼ਾਲਸੇ ਦੇ ਪੰਜ ਤਖ਼ਤਾਂ ਵਿਚੋਂ ਆਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਇਸ ਖੇਤਰ ਵਿਚ ਸਥਿਤ ਹਨ। ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖੇਤਰ ਵਿਚ ਅਨੇਕ ਯਾਤ੍ਰਾਵਾਂ ਕਰਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਇਸੇ ਇਲਾਕੇ ਵਿਚ ਸ਼ਹੀਦ ਹੋਏ। ਬਾਬਾ ਬੰਦਾ ਬਹਾਦਰ ਨੇ ਇਸੇ ਇਲਾਕੇ ਵਿਚ ਸਭ ਤੋਂ ਪਹਿਲਾਂ ਮੁਗ਼ਲ ਹਾਕਮਾਂ ਦੀ ਹੈਕੜ ਭੰਨ੍ਹੀ। ਮੁਗ਼ਲ ਪ੍ਰਸ਼ਾਸਕਾਂ ਦੇ ਜ਼ੁਲਮ ਤੋਂ ਬਚਣ ਲਈ ਸਿੱਖ ਯੁੱਧਵੀਰਾਂ ਨੇ ਇਸੇ ਇਲਾਕੇ ਵਿਚ ਪਨਾਹ ਲਈ। ਵੱਡਾ ਘੱਲੂਘਾਰਾ ਇਸੇ ਖੇਤਰ ਵਿਚ ਵਾਪਰਿਆ। ਇਸ ਖੇਤਰ ਦੇ ਭਾਈ ਭਗਤੂ , ਭਾਈ ਬਹਿਲੋ , ਬਾਬਾ ਫੂਲ ਆਦਿ ਨੇ ਸਿੱਖ ਧਰਮ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਇਆ। ਇਸ ਇਲਾਕੇ ਵਿਚ ਪਟਿਆਲਾ, ਨਾਭਾ , ਜੀਂਦ , ਫ਼ਰੀਦਕੋਟ, ਕਲਸੀਆ, ਕੈਥਲ ਅਤੇ ਲਾਡਵਾ ਨਾਂ ਦੀਆਂ ਸਿੱਖ ਰਿਆਸਤਾਂ ਕਾਇਮ ਹੋਈਆਂ, ਜਿਨ੍ਹਾਂ ਵਿਚੋਂ ਬਹੁਤੀਆਂ ਪੈਪਸੂ ਬਣਨ ਤਕ ਕਾਇਮ ਰਹੀਆਂ। ਇਨ੍ਹਾਂ ਰਿਆਸਤਾਂ ਨੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਹਾਸਲ ਕਰਕੇ ਲਾਹੌਰ ਦਰਬਾਰ ਨਾਲੋਂ ਆਪਣੀ ਵਖਰੀ ਹੋਂਦ ਕਾਇਮ ਕੀਤੀ। ਰਾਜਨੈਤਿਕ ਤੌਰ’ਤੇ ਸਿੱਖ ਜਗਤ ਵਿਚ ਇਸ ਇਲਾਕੇ ਦੀ ਸਰਦਾਰੀ ਹੈ।

Malwa is a region of India in the south-east of the state of Punjab and parts of Haryana and Rajasthan, between the Sutlej and Yamuna rivers.