ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼ ਦੀਆਂ ਇਨ੍ਹਾਂ ਤੁਕਾਂ ਨੇ ਹੱਥਲੀ ਰਚਨਾ ਦੇ ਆਗਾਜ਼ ਦਾ ਕੰਮ ਬਾਖ਼ੂਬੀ ਕੀਤਾ ਹੈ। ਸੱਚਮੁੱਚ ਬਹੁਤ ਖਤਰਨਾਕ ਜਾਪਦਾ, ਜਦ ਵਰਤਮਾਨ ਵਿੱਚ ਲਏ ਸੁਪਨੇ ਭਵਿੱਖ ਵਿੱਚ ਟੁੱਟਦੇ ਹਨ। ਇਹ ਵਰਤਾਰਾ ਉਸ ਸਮੇਂ ਹੋਰ ਵੀ ਭਿਆਨਕ ਜਾਪਦਾ ਹੈ ਜਿਸ ਸਮੇਂ ਕੋਈ ਆਪਣਾ ਹੀ ਆਪਣਿਆਂ ਦੇ ਸੰਜੋਏ ਸੁਪਨਿਆਂ ਦੀ ਮਾਲਾ ਬਿਨਾ ਸੋਚੇ ਇੱਕ ਹੀ ਪਲ ਵਿੱਚ ਮਣਕਾ-ਮਣਕਾ ਕਰ ਦਿੰਦਾ ਹੈ ਅਤੇ ਆਪਣੇ ਆਦਰਾਂ ਦੇ ਸੇਕ ਨੂੰ ਇਕੱਲਿਆਂ ਤੜਪਦਾ ਛੱਡ ਮਨੁੱਖਤਾ ਅਤੇ ਇਨਸਾਨੀਅਤ ਦਾ ਘਾਣ ਕਰ ਦਿੰਦਾ ਹੈ।
ਜ਼ਿੰਦਗੀ ਦੇ ਇਸ ਲੰਮੇਰੇ ਸਫ਼ਰ ਵਿੱਚ ਜਦ ਕੋਈ ਲੱਖ ਬਿਗਾਨਾ ਵੀ ਮਿਲ ਜਾਵੇ ਤਾਂ ਕਾਫ਼ੀ ਹੱਦ ਤਕ ਉਸ ਨਾਲ ਵੀ ਆਪਣੇਪਨ ਦੀ ਸਾਂਝ ਬਣ ਜਾਂਦੀ ਹੈ। ਅਜਿਹਾ ਮਿਲਾਪ ਭਾਵੇਂ ਸਾਡੇ ਬੱਸ ਸਫ਼ਰ ਵਿੱਚ ਹੋਵੇ ਜਾਂ ਫਿਰ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦਿਆਂ ਆਪਣੇ ਅਧਿਆਪਕਾਂ ਅਤੇ ਦੋਸਤਾਂ-ਮਿੱਤਰਾਂ ਨਾਲ। ਇੱਥੋਂ ਤਕ ਕਿ ਸਾਡੇ ਘਰਾਂ ਵਿੱਚ ਪਾਲਤੂ ਜਾਨਵਰਾਂ ਅਤੇ ਹੋਰ ਵਸਤਾਂ ਨਾਲ ਵੀ ਸਾਡਾ ਦਿਲੀ ਲਗਾਓ ਹੋ ਜਾਂਦਾ ਹੈ। ਮੱਝਾਂ, ਗਾਂਵਾਂ ਵੀ ਆਪਣੇ ਮਾਲਕ ਨੂੰ ਵੇਖ ਅੜਿੰਗ ਪੈਂਦੀਆਂ ਹਨ। ਸਫ਼ਰ ਦੀ ਰਵਾਨਗੀ ਵਿੱਚ ਭਾਵੇਂ ਅਸੀਂ ਕੁਝ ਸਮੇਂ ਲਈ ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਦੋਸਤਾਂ ਮਿੱਤਰਾਂ ਨੂੰ ਬਿਨਾ ਕਿਸੇ ਤਰੱਦਦ ਦੇ ਅਣਗੌਲਿਆ ਕਰ ਦੇਈਏ, ਸੰਭਵ ਹੈ ਪਰ ਆਪਣੇ ਮਨ ਅਤੇ ਜ਼ਿਹਨ ਦੀ ਸਦੀਵੀ ਯਾਦਦਾਸ਼ਤ ਵਿੱਚੋਂ ਮਿਟਾਉਣੇ ਬਹੁਤ ਔਖੇ ਹੁੰਦੇ ਹਨ।
ਆਪਣੇ ਪੈਦਾਇਸ਼ ਤੋਂ ਲੈ ਕੇ ਵੱਡੇ ਮੁਕਾਮ ਤਕ ਪੁੱਜ ਜਾਣ ਦੇ ਸਫ਼ਰ ਵਿੱਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਭੁੱਲ ਜਾਣਾ, ਅੱਖੋਂ ਉਹਲੇ ਕਰਨਾ ਜਾਂ ਅਣਗੌਲਿਆ ਕਰਨਾ ਅਣਮਨੁੱਖੀ ਵਿਹਾਰ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਮੇਰਾ ਇਸ਼ਾਰਾ ਜਨਮ ਦੇਣ ਵਾਲੇ ਉਨ੍ਹਾਂ ਮਾਤਾ-ਪਿਤਾ ਵੱਲ ਹੈ, ਜਿਨ੍ਹਾਂ ਆਪਣੀ ਔਲਾਦ ਲਈ ਬੜੇ ਕਲਪਨਾਮਈ ਸੁਪਨੇ ਸਿਰਜਦੇ ਹਨ ਅਤੇ ਆਸ ਰੱਖਦੇ ਹਨ ਕਿ ਸਾਡੀ ਔਲਾਦ ਕਦੀ ਤਾਂ ਸਾਡੀ ਕਲਪਨਾ ਨੂੰ ਯਥਾਰਥ ਰੂਪ ਪ੍ਰਦਾਨ ਕਰੇਗੀ। ਭਵਿੱਖ ਵਿਚ ਯਥਾਰਥ ਦਾ ਰੂਪ ਵੇਖਣ ਲਈ ਬੜੀ ਘਾਲਣਾ-ਘਾਲਦੇ, ਸੰਘਰਸ਼ ਕਰਦੇ ਅਤੇ ਤਪੱਸਿਆ ਕਰਦੇ ਮਾਂ-ਬਾਪ ਦੀ ਕਲਯੁੱਗੀ ਔਲਾਦ ਆਪਣੀਆਂ ਮੰਜ਼ਿਲਾਂ 'ਤੇ ਪਹੁੰਚ ਕੇ ਉੱਚ ਅਹੁਦਿਆਂ ਦੀ ਚਕਾਚੌਂਧ ਵਿੱਚ ਆਪਣੇ ਅਭੁੱਲ ਰਿਸ਼ਤੇ ਨੂੰ ਅਣਗੌਲਿਆ ਕਰ ਦਿੰਦੀ ਹੈ।
ਅਣਗੌਲਿਆਂ ਦੇ ਸੰਤਾਪ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ, ਬੋਹੜ ਦੀ ਛਾਂ ਵਰਗੀ ‘ਮਾਂ ਦਾ, ਜੋ ਤਿਆਗ ਅਤੇ ਕੁਰਬਾਨੀਆਂ ਕਰਦਿਆਂ ਆਪਣੀ ਔਲਾਦ ਨੂੰ ਆਪ ਦੁੱਖ ਸਹਿ ਕੇ ਪਾਲਦੀ, ਹਰ ਅੜਚਣ ਵਿੱਚ ਢਾਲ ਬਣ ਕੇ ਪੇਸ਼ ਆਉਂਦੀ ਹੈ ਪਰ ਇਹ ਤਪੱਸਿਆ, ਤਿਆਗ ਅਤੇ ਕੁਰਬਾਨੀ, ਉਸ ਸਮੇਂ ਖ਼ਤਮ ਹੋ ਜਾਂਦੀ ਹੈ, ਜਦ ਆਮ ਪੜ੍ਹਨ ਵਿੱਚ ਆਉਂਦਾ ਹੈ ਕਿ ਕਲਯੁੱਗੀ ਪੁੱਤਰ ਨੇ ਆਪਣੀ ਮਾਂ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ (ਮਾਂ) ਉਸ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀ ਸੀ। ਆਪਣੇ ਪੁੱਤਰਾਂ ਦਾ ਦਾਅਵਾ ਕਰਨ ਵਾਲੀਆਂ ਕੁਝ ਅਜਿਹੀਆਂ ਵਿਚਾਰੀਆਂ ਮਾਂਵਾਂ ਤਾਂ ਬਿਨਾਂ ਕਿਸੇ ਇਲਾਜ ਅਤੇ ਸਾਂਭ-ਸੰਭਾਲ ਦੇ ਇਕੱਲਤਾ ਦਾ ਸੰਤਾਪ ਹੰਢਾਉਂਦੀਆਂ ਜ਼ਿੰਦਗੀ ਅਤੇ ਮੌਤ ਦੀ ਲੜਾਈਆਂ ਲੜਦੀਆਂ, ਆਖ਼ਰੀ ਸਾਹ ਤੇ ਆਪਣੀ ਔਲਾਦ ਦੀ ਸਿਰਫ਼ ਉਡੀਕ ਵਿੱਚ ਹੀ ਦਮ ਤੋੜ ਦਿੰਦੀਆਂ ਹਨ।
ਅਣਗੌਲੇ ਚਿਹਰਿਆਂ ਦੇ ਧੁੰਦਲੇਪਣ ਵਿੱਚ ਅਜਿਹਾ ਹੀ ਦੂਜਾ ਚਿਹਰਾ ਪਿਤਾ ਹੈ ਜੋ ਆਪਣੀ ਔਲਾਦ ਦੇ ਸੁਪਨਿਆਂ ਦੀ ਕਾਮਨਾ ਕਰਦਾ ਹੋਇਆ ਆਪਣੀਆਂ ਅੱਖਾਂ ਵਿੱਚ ਸੰਜੋਏ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੱਡ ਤੋੜਵੀਂ ਮਿਹਨਤ ਕਰਦਾ ਹੈ ਅਤੇ ਨੱਕੋ-ਨੱਕ ਕਰਜਾਈ ਹੋ ਨਿੱਬੜਦਾ ਹੈ। ਭੂਤਕਾਲ ਦੀਆਂ ਇੱਛਾਵਾਂ ਅਤੇ ਸੁਪਨਿਆਂ ਨੂੰ, ਵਰਤਮਾਨ ਦੀ ਮਿਹਨਤ ਸਦਕਾ, ਬੇਆਰਾਮ ਰਹਿ ਕੇ, ਸੁਖਾਵੇਂ ਭਵਿੱਖ ਦੀ ਆਸ ਲਈ, ਆਪ ਦੁੱਖ ਭੁੱਲ ਕੇ ਵੀ ਆਪਣੀ ਔਲਾਦ ਨੂੰ ਖ਼ੁਸ਼ ਵੇਖਣਾ ਲੋਚਦਾ ਹੈ ਪਰ ਉਸ ਸਮੇਂ ਜਦ ਇਸ ਲੰਮੀ ਦੌੜ ਦੀ ਜਿੱਤ ਦੀ ਖ਼ੁਸ਼ੀ ਮਾਣਨ ਦਾ ਵਕਤ ਆਉਂਦਾ ਹੈ ਤਾਂ ਪਿਤਾ ਨੂੰ ਅਜਿਹੇ ਵਰਤਾਰਿਆਂ ਅਤੇ ਕੁੜੱਤਣ ਭਰੇ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਤਹਿਤ ਅੱਖਾਂ ਵਿੱਚ ਸੰਜੋਏ ਸੁਪਨਿਆਂ ਨੂੰ ਅਜਿਹਾ ਘੁਣ ਲੱਗਦਾ ਹੈ, ਜੋ ਹੌਲੀ-ਹੌਲੀ ਟੁੱਟਦੇ ਨਜ਼ਰ ਆਉਂਦੇ ਹਨ ਅਤੇ ਜਗਤ ਦੀ ਭੀੜ ਵਿੱਚ ਸਭ ਫ਼ਨਾਹ ਹੋ ਜਾਂਦਾ ਹੈ। ਅਜਿਹਾ ਵਰਤਾਰਾ ਉਸ ਸਮੇਂ ਵਾਪਰਦਾ ਹੈ ਜਦ ਕਲਯੁੱਗੀ ਪੁੱਤਰ ਆਪਣੇ ਪਿਤਾ ਨੂੰ ਇਸ ਲਈ ਮਾਰ ਦਿੰਦਾ ਹੈ ਕਿ ਉਹ ਉਸ ਦੀ ਪਸੰਦ, ਰੁਚੀਆਂ ਅਤੇ ਐਸੋ਼-ਆਰਾਮ ਵਿੱਚ ਅੜਿੱਕਾ ਬਣਦਾ ਹੈ।
ਇੱਥੇ ਹੀ ਬਸ ਨਹੀਂ ਪਿਤਾ ਨੂੰ ਅਜਿਹੇ ਕਲੇਜਾ ਚੀਰਨ ਵਾਲੇ ਸ਼ਬਦਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਜਦ ਕੋਠੀ ਵਿੱਚ ਆਏ ਪੇਂਡੂ ਅਤੇ ਪਰੰਪਰਾਗਤ ਪਹਿਰਾਵੇ ਕਾਰਨ ਪੁੱਤਰਾਂ ਦੇ ਦੋਸਤਾਂ ਸਾਹਮਣੇ ਪਿਤਾ ਦੀ ਪਛਾਣ ਸਮੇਂ ਇਹ ਕੁੜੱਤਣ ਭਰੇ ਸ਼ਬਦ ਸੁਣਨੇ ਪੈਂਦੇ ਹਨ ਕਿ ਇਹ ਬੁੱਢਾ ਤਾਂ ਆਪਣੀ ਕੋਠੀ ਦਾ ਨੌਕਰ ਏ, ਕੱਲ੍ਹ ਹੀ ਪਿੰਡੋਂ ਆਇਆ ਹੈ। ਆਪਣੀ ਔਲਾਦ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਪਿਤਾ ਦੀਆਂ ਨਾੜੀਆਂ ਦਾ ਖ਼ੂਨ ਜੰਮ ਜਾਣ ਦਾ ਅਹਿਸਾਸ ਜਿਊਂਦੀ ਲਾਸ਼ ਵਾਂਗ ਬਣਾ ਦਿੰਦਾ ਹੈ। ਅਜਿਹੇ ਵਰਤਾਰੇ ਬੇਗਾਨਿਆਂ ਵੱਲੋਂ ਕੀਤੇ ਜਾਣਾ ਸੰਭਵ ਹੈ ਪਰ ਆਪਣੀਆਂ ਆਦਰਾਂ ਵੱਲੋਂ ਆਪਣਿਆਂ ਨੂੰ ਹੀ ਅਣਗੌਲਿਆਂ ਕੀਤੇ ਜਾਣਾ ਹਜ਼ਮ ਨਹੀਂ ਹੁੰਦਾ। ਅਜਿਹੇ ਵਰਤਾਰੇ ਅਣਮਨੁੱਖੀ ਅਤੇ ਅਸਹਿ ਹੋ ਨਿੱਬੜਦੇ ਹਨ। ਸਰਕਾਰਾਂ ਵੱਲੋਂ ਪਿੰਡਾਂ ਨੂੰ, ਪ੍ਰਸ਼ਾਸਨ ਵੱਲੋਂ ਲੋੜਵੰਦਾਂ ਦੀਆਂ ਫਾਈਲਾਂ ਨੂੰ ਅਣਗੌਲਿਆਂ ਕਰਨਾ ਸੁਣਿਆ ਅਤੇ ਵੇਖਿਆ ਹੋਵੇਗਾ ਅਤੇ ਇਹ ਆਮ ਵਰਤਾਰਾ ਵੀ ਜਾਪਦਾ ਹੈ ਪਰ ਜਾਣ-ਬੁੱਝ ਕੇ ਆਪਣਿਆਂ ਦੁਆਰਾ ਆਪਣਿਆਂ ਨੂੰ ਅਣਗੌਲਿਆ ਕਰਨਾ ਜ਼ਿਹਨ ਵਿੱਚ ਛੁਪਾਏ ਸੁਪਨਿਆਂ ਦੇ ਦਰਦ ਨੂੰ ਨਸੂਰ ਬਣਾ ਦਿੰਦਾ ਹੈ। ਇਹ ਦਰਦ ਅਤੇ ਨਸੂਰ ਉਸ ਸਮੇਂ ਹੋਰ ਵੀ ਡਾਹਢਾ ਦੁੱਖ ਦਿੰਦਾ ਹੈ, ਜਦ ਕੁਰਬਾਨੀਆਂ ਅਤੇ ਬਲੀਦਾਨ ਦੀ ਮੂਰਤ ਮਾਤਾ-ਪਿਤਾ ਆਖਰੀ ਸਾਹਾਂ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ-ਲੜਦੇ ਤੁਪਕਾ-ਤੁਪਕਾ ਪਾਣੀ ਤੋਂ ਮੁਥਾਜ, ਆਪਣੀ ਔਲਾਦ ਦੀ ਗ਼ੈਰ- ਮੌਜੂਦਗੀ ਵਿੱਚ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਜਾਂਦੇ ਹਨ। ਆਖਰੀ ਸਾਹਾਂ ਸਮੇਂ ਆਪਣੀ ਔਲਾਦ ਦੀ ਉਡੀਕ ਵਿੱਚ ਤੜਪ-ਤੜਪ ਮਰਨਾ ਅਣਮਨੁੱਖੀ ਅਤੇ ਕੁਦਰਤੀ ਨਿਯਮਾਂ ਤੋਂ ਉਲਟ ਵਰਤਾਰਾ ਜਾਪਦਾ ਹੈ, ਜੋ ਮਾਨਸਿਕ ਪੀੜ ਨੂੰ ਜਨਮ ਦਿੰਦਾ ਹੈ। ਅਜਿਹਾ ਸਭ ਕੁਝ ਅਦਿੱਖ, ਤਸ਼ੱਦਦ ਅਤੇ ਤਸੀਹੇ ਦਾ ਰੂਪ ਧਾਰਨ ਕਰ ਲੈਂਦਾ ਹੈ।
ਆਓ ਪ੍ਰਣ ਕਰੀਏ ਕਿ ਮਨੁੱਖਤਾ ਅਤੇ ਇਨਸਾਨੀਅਤ ਦੀ ਭਲਾਈ ਲਈ ਆਪਣੇ ਮਾਪਿਆਂ ਦੇ ਬੁਢਾਪੇ ਵਿੱਚ, ਆਖਰੀ ਸਾਹਾਂ ਤੱਕ ਸਾਥ ਦੇਈਏ। ਵਧ ਰਹੇ ਬਿਰਧ ਆਸ਼ਰਮਾਂ ਨੂੰ ਠੱਲ੍ਹ ਪਾਈਏ ਅਤੇ ਕੁਦਰਤ ਦੀ ਹਰ ਸ਼ੈਅ ਨੂੰ ਪਿਆਰਦੇ ਹੋਏ ਆਪਣੇ ਫ਼ਰਜ਼ਾਂ ਨੂੰ ਸੰਜੀਦਗੀ ਨਾਲ ਨਿਭਾਉਣ ਦਾ ਅਹਿਦ ਕਰੀਏ।
Add a review