ਅਖ਼ਤਰ ਆਪਣੀ ਮਾਂ ਕੋਲੋਂ ਅਚਾਨਕ ਇਉਂ ਵਿਛੜ ਗਿਆ ਜਿਵੇਂ ਕਿਸੇ ਭੱਜਦੇ ਹੋਏ ਦੀ ਜੇਬ ਵਿਚੋਂ ਰੁਪਏ ਡਿੱਗ ਪਏ ਹੋਣ। ਹੁਣੇ ਸੀ ਤੇ ਹੁਣੇ ਗਾਇਬ। ਛਾਣਬੀਣ ਹੋਈ ਪਰ ਬਸ ਇਸ ਹੱਦ ਤੱਕ ਕਿ ਲੁੱਟੇ ਖਸੁੱਟੇ ਕਾਫ਼ਲੇ ਦੇ ਸਿਰੇ ’ਤੇ ਹਲਚਲ ਸਾਬਣ ਦੀ ਝੱਗ ਵਾਂਗ ਉੱਠੀ ਤੇ ਬਹਿ ਗਈ।
‘‘ਕਿਤੇ ਆ ਹੀ ਰਿਹਾ ਹੋਣਾ...।’’ ਕਿਸੇ ਨੇ ਆਖ ਦਿੱਤਾ, ‘‘ਹਜ਼ਾਰਾਂ ਦਾ ਤਾਂ ਕਾਫ਼ਲਾ ਏ।’’ ਤੇ ਅਖ਼ਤਰ ਦੀ ਮਾਂ ਇਸੇ ਤਸੱਲੀ ਦੀ ਲਾਠੀ ਫੜ੍ਹੀ ਪਾਕਿਸਤਾਨ ਵੱਲ ਘਸੜਦੀ ਆ ਗਈ ਸੀ।
ਉਹ ਸੋਚਦੀ ‘‘ਕੋਈ ਤਿਤਲੀ ਫੜ੍ਹਨ ਗਿਆ ਹੋਣਾ ਤੇ ਫਿਰ ਮਾਂ ਨੂੰ ਨਾ ਵੇਖ ਕੇ ਰੋਇਆ ਹੋਣਾ ਤੇ ਫੇਰ...। ਸਮਝਦਾਰ ਐ, ਪੰਜ ਸਾਲ ਤੋਂ ਤਾਂ ਉੱਤੇ ਈ ਹੋ ਗਿਆ, ਆ ਜਾਵੇਗਾ। ਉੱਥੇ ਪਾਕਿਸਤਾਨ ਵਿਚ ਜ਼ਰਾ ਟਿਕਾਈ ਨਾਲ ਬੈਠਾਂਗੀ ਤਾਂ ਲੱਭ ਲਵਾਂਗੀ।’’
ਪਰ ਅਖ਼ਤਰ ਤਾਂ ਹੱਦ-ਬੰਨੇ ਤੋਂ ਕੋਈ ਪੰਦਰਾਂ ਮੀਲ ਦੂਰ ਵੱਡੇ ਕਾਫ਼ਲੇ ਤੋਂ ਭਟਕ ਗਿਆ। ਮਾਂ ਦੇ ਖ਼ਿਆਲ ਮੁਤਾਬਿਕ ਉਸ ਨੇ ਤਿਤਲੀ ਦਾ ਪਿੱਛਾ ਕੀਤਾ ਜਾਂ ਕਿਸੇ ਖੇਤ ਵਿਚੋਂ ਗੰਨੇ ਤੋੜਨ ਗਿਆ ਤੇ ਤੋੜਦਾ ਰਹਿ ਗਿਆ। ਹਾਂ, ਉਹ ਜਦੋਂ ਰੋਂਦਾ ਚੀਖਦਾ ਇਕ ਪਾਸੇ ਭੱਜਿਆ ਜਾ ਰਿਹਾ ਸੀ ਤਾਂ ਸਿੱਖਾਂ ਨੇ ਉਸ ਨੂੰ ਘੇਰ ਲਿਆ ਤੇ ਅਖ਼ਤਰ ਨੇ ਤਾਅ ਵਿਚ ਆ ਕੇ ਕਿਹਾ ਸੀ, ‘‘ਮੈਂ ਨਾਰ-ਏ-ਤਕਬੀਰ ਮਾਰਾਂਗਾ...।’’ ਤੇ ਉਹ ਕਹਿ ਕੇ ਡਰ ਗਿਆ ਸੀ।
ਸਾਰੇ ਸਿੱਖ ਅਚਨਚੇਤ ਹੱਸ ਪਏ, ਸਿਵਾਏ ਇਕ ਸਿੱਖ ਦੇ ਜਿਸ ਦਾ ਨਾਂ ਪਰਮੇਸ਼ਰ ਸਿੰਘ ਸੀ। ਢਿੱਲੀ ਜਿਹੀ ਪੱਗ ਵਿਚੋਂ ਉਸ ਦੇ ਉਲਝੇ ਹੋਏ ਕੇਸ ਬਾਹਰ ਝਾਕ ਰਹੇ ਸੀ ਤੇ ਜੂੜਾ ਬਿਲਕੁਲ ਨੰਗਾ ਸੀ। ਉਹ ਬੋਲਿਆ, ‘‘ਹੱਸੋ ਨਾ ਯਾਰੋ, ਇਸ ਜੁਆਕ ਨੂੰ ਵੀ ਤਾਂ ਵਾਹਿਗੁਰੂ ਨੇ ਪੈਦਾ ਕੀਤਾ ਹੈ ਜਿਸ ਨੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪੈਦਾ ਕੀਤਾ ਹੈ।’’
ਇਕ ਨੌਜਵਾਨ ਸਿੱਖ ਨੇ ਹੁਣ ਤੱਕ ਆਪਣੀ ਕਿਰਪਾਨ ਕੱਢ ਲਈ ਸੀ ਤੇ ਬੋਲਿਆ, ‘‘ਜ਼ਰਾ ਠਹਿਰ ਪਰਮੇਸ਼ਰ, ਕਿਰਪਾਨ ਆਪਣਾ ਧਰਮ ਪੂਰਾ ਕਰ ਲਵੇ ਫਿਰ ਅਸੀਂ ਆਪਣੇ ਧਰਮ ਦੀ ਗੱਲ ਕਰਾਂਗੇ।’’
‘‘ਮਾਰੋ ਨਾ ਯਾਰੋ।’’ ਪਰਮੇਸ਼ਰ ਸਿੰਘ ਦੀ ਆਵਾਜ਼ ਵਿਚ ਫਰਿਆਦ ਸੀ ਤੇ ਉਹ ਬੁਰੀ ਤਰ੍ਹਾਂ ਹਫ਼ਣ ਲੱਗਾ।
ਅਖ਼ਤਰ ਕੋਲ ਆ ਕੇ ਉਹ ਗੋਡਿਆਂ ਭਾਰ ਬਹਿ ਗਿਆ ਤੇ ਬੋਲਿਆ, ‘‘ਨਾਂ ਕੀ ਐ ਤੇਰਾ?’’
‘‘ਅਖ਼ਤਰ...।’’
‘‘ਅਖ਼ਤਰ ਬੇਟਾ, ਜ਼ਰਾ ਮੇਰੀਆਂ ਉਂਗਲਾਂ ਵਿਚ ਤਾਂ ਝਾਕ...।’’ ਪਰਮੇਸ਼ਰ ਸਿੰਘ ਨੇ ਬੜੇ ਪਿਆਰ ਨਾਲ ਅਖ਼ਤਰ ਨੂੰ ਆਖਿਆ।
ਅਖ਼ਤਰ ਭੋਰਾ ਕੁ ਝੁਕ ਗਿਆ। ਪਰਮੇਸ਼ਰ ਸਿੰਘ ਨੇ ਦੋਹਾਂ ਹੱਥਾਂ ਵਿਚੋਂ ਥੋੜ੍ਹੀ ਜਿਹੀ ਝਿਰੀ ਪੈਦਾ ਕੀਤੀ ਤੇ ਤੁਰੰਤ ਬੰਦ ਕਰ ਲਈ। ‘‘ਅਹਾ।’’ ਅਖ਼ਤਰ ਨੇ ਤਾੜੀ ਵਜਾ ਕੇ ਆਪਣੇ ਹੱਥਾਂ ਨੂੰ ਪਰਮੇਸ਼ਰ ਸਿੰਘ ਦੇ ਹੱਥਾਂ ਵਾਂਗ ਬੰਦ ਕਰ ਲਿਆ ਤੇ ਹੰਝੂਆਂ ਵਿਚ ਮੁਸਕਰਾ ਕੇ ਬੋਲਿਆ, ‘‘ਤਿਤਲੀ!’’
‘‘ਲਏਂਗਾ?’’ ਪਰਮੇਸ਼ਰ ਸਿੰਘ ਨੇ ਪੁੱਛਿਆ।
‘‘ਹਾਂ।’’ ਅਖ਼ਤਰ ਨੇ ਆਪਣੇ ਹੱਥਾਂ ਨੂੰ ਮਲਦਿਆਂ ਕਿਹਾ।
‘‘ਲੈ।’’ ਪਰਮੇਸ਼ਰ ਸਿੰਘ ਨੇ ਆਪਣੇ ਹੱਥ ਖੋਲ੍ਹੇ। ਅਖ਼ਤਰ ਨੇ ਤਿਤਲੀ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਰਸਤਾ ਮਿਲਦੇ ਹੀ ਉੱਡ ਗਈ ਤੇ ਅਖ਼ਤਰ ਦੀਆਂ ਉਂਗਲੀਆਂ ਦੇ ਪੋਰਿਆਂ ’ਤੇ ਆਪਣੇ ਖੰਭਾਂ ਦੇ ਰੰਗਾਂ ਦੇ ਕਣ ਛੱਡ ਗਈ। ਅਖ਼ਤਰ ਉਦਾਸ ਹੋ ਗਿਆ ਤੇ ਪਰਮੇਸ਼ਰ ਸਿੰਘ ਦੂਜੇ ਸਿੱਖਾਂ ਵੱਲ ਦੇਖ ਕੇ ਬੋਲਿਆ, ‘‘ਸਾਰੇ ਬੱਚੇ ਇਕੋ ਜਿਹੇ ਕਿਉਂ ਹੁੰਦੇ ਨੇ ਯਾਰੋ। ਕਰਤਾਰੇ ਦੀ ਤਿਤਲੀ ਵੀ ਉੱਡ ਜਾਂਦੀ ਸੀ ਤਾਂ ਉਹ ਮੂੰਹ ਲਟਕਾ ਲੈਂਦਾ ਸੀ।’’
‘‘ਪਰਮੇਸ਼ਰ ਸਿੰਘ ਤਾਂ ਅੱਧਾ ਪਾਗਲ ਹੋ ਗਿਆ ਲਗਦੈ।’’ ਨੌਜਵਾਨ ਸਿੱਖ ਨੇ ਨਾਰਾਜ਼ਗੀ ਨਾਲ ਕਿਹਾ ਤੇ ਫਿਰ ਸਾਰਾ ਜਥਾ ਵਾਪਸ ਜਾਣ ਲੱਗਾ।
ਪਰਮੇਸ਼ਰ ਸਿੰਘ ਨੇ ਅਖ਼ਤਰ ਨੂੰ ਮੋਢਿਆਂ ’ਤੇ ਬਿਠਾ ਲਿਆ। ਤੇ ਜਦੋਂ ਉਸੇ ਪਾਸੇ ਤੁਰਨ ਲੱਗਾ ਜਿਸ ਪਾਸੇ ਦੂਜੇ ਲੋਕ ਗਏ ਸੀ ਤਾਂ ਅਖ਼ਤਰ ਭੁੱਬੀਂ ਰੋਣ ਲੱਗਾ। ‘‘ਮੈਂ ਅੰਮੀ ਕੋਲ ਜਾਵਾਂਗਾ।’’ ਪਰਮੇਸ਼ਰ ਸਿੰਘ ਨੇ ਹੱਥ ਉਤਾਂਹ ਚੁੱਕ ਕੇ ਉਸ ਨੂੰ ਥਾਪੜਨ ਦੀ ਕੋਸ਼ਿਸ਼ ਕੀਤੀ ਪਰ ਅਖ਼ਤਰ ਨੇ ਉਸ ਦਾ ਹੱਥ ਝਟਕ ਦਿੱਤਾ। ਫੇਰ ਜਦੋਂ ਪਰਮੇਸ਼ਰ ਸਿੰਘ ਨੇ ਉਸ ਨੂੰ ਇਹ ਆਖਿਆ, ‘‘ਹਾਂ ਪੁੱਤਰ, ਤੈਨੂੰ ਤੇਰੀ ਅੰਮੀ ਕੋਲ ਲੈ ਚਲਦਾਂ।’’ ਤਾਂ ਉਹ ਚੁੱਪ ਹੋ ਗਿਆ ਤੇ ਵਿੱਚ ਵਿੱਚ ਹਉਕੇ ਲੈਂਦਾ ਸੀ। ਪਰਮੇਸ਼ਰ ਸਿੰਘ ਦੀਆਂ ਥਾਪੜੀਆਂ ਨੂੰ ਬੜੀ ਨਾਗਵਾਰੀ ਨਾਲ ਬਰਦਾਸ਼ਤ ਕਰਦਾ ਜਾ ਰਿਹਾ ਸੀ।
ਪਰਮੇਸ਼ਰ ਸਿੰਘ ਉਸ ਨੂੰ ਆਪਣੇ ਘਰ ਲੈ ਆਇਆ। ਪਹਿਲਾਂ ਇਹ ਕਿਸੇ ਮੁਸਲਮਾਨ ਦਾ ਘਰ ਸੀ। ਲੁੱਟਿਆ ਖਸੁੱਟਿਆ ਪਰਮੇਸ਼ਰ ਸਿੰਘ ਜਦੋਂ ਲਾਹੌਰ ਤੋਂ ਅੰਮ੍ਰਿਤਸਰ ਆਇਆ ਸੀ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਇਹ ਮਕਾਨ ਅਲਾਟ ਕੀਤਾ ਸੀ।
ਅਖ਼ਤਰ ਨੇ ਪਰਮੇਸ਼ਰ ਸਿੰਘ ਨੂੰ ਕਿਹਾ, ‘‘ਮੇਰੀ ਅੰਮੀ ਕਹਿੰਦੀ ਹੈ ਮੈਂ ਤੂੜੀ ਦੀ ਕੋਠੜੀ ਵਿਚ ਪਿਆ ਮਿਲਿਆ ਸੀ।’’
ਸਾਰੇ ਸਿੱਖ ਹੱਸਣ ਲੱਗੇ ਪਰ ਪਰਮੇਸ਼ਰ ਸਿੰਘ ਬੱਚਿਆਂ ਵਾਂਗ ਕੁਝ ਇਉਂ ਰੋਇਆ ਕੁਰਲਾਇਆ ਕਿ ਦੂਜੇ ਸਿੱਖ ਹੈਰਾਨ ਰਹਿ ਗਏ। ਪਰਮੇਸ਼ਰ ਸਿੰਘ ਕਹਿਣ ਲੱਗਾ, ‘‘ਸਾਰੇ ਬੱਚੇ ਇਕੋ ਜਿਹੇ ਹੁੰਦੇ ਨੇ ਯਾਰੋ। ਮੇਰਾ ਕਰਤਾਰਾ ਵੀ ਤਾਂ ਇਹੋ ਕਹਿੰਦਾ ਸੀ। ਉਹ ਵੀ ਤਾਂ ਉਸ ਦੀ ਮਾਂ ਨੂੰ ਤੂੜੀ ਦੀ ਕੋਠੜੀ ਵਿਚ ਪਿਆ ਮਿਲਿਆ ਸੀ।’’
ਕਿਰਪਾਨ ਮਿਆਨ ਵਿਚ ਚਲੀ ਗਈ। ਸਿੱਖਾਂ ਨੇ ਪਰਮੇਸ਼ਰ ਸਿੰਘ ਨਾਲ ਅੱਡ ਹੋ ਕੇ ਥੋੜ੍ਹੀ ਦੇਰ ਘੁਸਰ-ਮੁਸਰ ਕੀਤੀ। ਫਿਰ ਇਕ ਸਿੱਖ ਅੱਗੇ ਵਧਿਆ। ਰੋਂਦੇ ਹੋਏ ਅਖ਼ਤਰ ਦੀਆਂ ਬਾਹਾਂ ਨੂੰ ਫੜ੍ਹ ਚੁੱਪਚਾਪ ਪਰਮੇਸ਼ਰ ਸਿੰਘ ਕੋਲ ਆਇਆ ਤੇ ਬੋਲਿਆ, ‘‘ਲੈ ਪਰਮੇਸ਼ਰੇ...। ਸੰਭਾਲ ਏਹਨੂੰ, ਕੇਸ ਵਧਵਾ ਕੇ ਇਸ ਨੂੰ ਆਪਣਾ ਕਰਤਾਰਾ ਬਣਾ ਲੈ, ਲੈ ਫੜ੍ਹ।’’
ਪਰਮੇਸ਼ਰ ਨੇ ਅਖ਼ਤਰ ਨੂੰ ਇਉਂ ਝਪਟ ਕੇ ਚੁੱਕ ਲਿਆ ਕਿ ਉਸ ਦੀ ਪੱਗ ਖੁੱਲ੍ਹ ਗਈ ਤੇ ਕੇਸ ਲਟਕਣ ਲੱਗੇ। ਉਸ ਨੇ ਅਖ਼ਤਰ ਨੂੰ ਪਾਗਲਾਂ ਵਾਂਗ ਚੁੰਮਿਆ। ਉਸ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ ਤੇ ਫਿਰ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾ ਕੇ ਕੁਝ ਅਜਿਹੀਆਂ ਗੱਲਾਂ ਸੋਚਣ ਲੱਗਾ ਜੀਹਨੇ ਉਸ ਦੇ ਮੁਖ ਨੂੰ ਚਮਕਾ ਦਿੱਤਾ। ਫਿਰ ਉਸ ਨੇ ਮੁੜ ਕੇ ਦੂਜੇ ਸਿੱਖਾਂ ਵੱਲ ਦੇਖਿਆ। ਅਚਾਨਕ ਉਹ ਅਖ਼ਤਰ ਨੂੰ ਥੱਲੇ ਲਾਹ ਕੇ ਸਿੱਖਾਂ ਵੱਲ ਵਧਿਆ, ਪਰ ਉਨ੍ਹਾਂ ਦੇ ਕੋਲੋਂ ਲੰਘ ਕੇ ਦੂਰ ਤੱਕ ਨੱਠਦਾ ਗਿਆ। ਝਾੜੀਆਂ ਦੇ ਇਕ ਝੁੰਡ ਵਿਚ ਬਾਂਦਰਾਂ ਵਾਂਗ ਕੁੱਦਦਾ ਤੇ ਲੁਕਦਾ ਰਿਹਾ ਤੇ ਉਸ ਦੇ ਕੇਸ ਉਸ ਦੀ ਲਪਕ ਝਪਕ ਦਾ ਸਾਥ ਦਿੰਦੇ ਰਹੇ। ਸਾਰੇ ਹੈਰਾਨ ਖੜ੍ਹੇ ਦੇਖਦੇ ਰਹੇ। ਫੇਰ ਉਹ ਇਕ ਹੱਥ ਨੂੰ ਦੂਜੇ ਹੱਥ ’ਤੇ ਰੱਖ ਕੇ ਨੱਠਦਾ ਹੋਇਆ ਵਾਪਸ ਆਇਆ। ਉਸ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਸੀ ਤੇ ਸੁਰਖ਼ ਅੱਖਾਂ ਵਿਚ ਚਮਕ। ਅੱਖਾਂ ਪਥਰਾ ਗਈਆਂ ਸਨ। ਉਹ ਇਕ ਭੇਤਭਰੀ ਦੱਬੀ ਆਵਾਜ਼ ਵਿਚ ਬੋਲਿਆ, ‘‘ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਐ।’’
ਗਰੰਥੀ ਜੀ ਤੇ ਪਿੰਡ ਦੇ ਦੂਜੇ ਲੋਕ ਹੱਸ ਪਏ ਸੀ। ਪਰਮੇਸ਼ਰ ਸਿੰਘ ਦੀ ਪਤਨੀ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਰਤਾਰ ਸਿੰਘ ਦੇ ਵਿਛੜਦੇ ਹੀ ਇਸ ਨੂੰ ਕੁਝ ਹੋ ਗਿਆ ਹੈ। ਖ਼ਬਰੇ ਕੀ ਹੋ ਗਿਆ ਏਸ ਨੂੰ? ਉਸ ਨੇ ਕਿਹਾ ਸੀ, ‘‘ਵਾਹਿਗੁਰੂ ਜੀ ਝੂਠ ਨਾ ਬੁਲਾਏ। ਉਦੋਂ ਦਿਨ ਵਿਚ ਕੋਈ ਦਸ ਵਾਰ ਤਾਂ ਕਰਤਾਰ ਸਿੰਘ ਨੂੰ ਗਧਿਆਂ ਵਾਂਗ ਕੁੱਟ ਦਿੰਦਾ ਸੀ ਤੇ ਜਦੋਂ ਕਰਤਾਰ ਸਿੰਘ ਵਿਛੜਿਆ ਸੀ ਤਾਂ ਮੈਂ ਤਾਂ ਰੋ ਧੋ ਕੇ ਚੁੱਪ ਹੋ ਗਈ ਪਰ ਇਸ ਦਾ ਰੋਣ ਨਾਲ ਵੀ ਮਨ ਹੌਲਾ ਨਾ ਹੋਇਆ। ਮਜਾਲ ਐ ਜੋ ਮੈਂ ਬੇਟੀ ਅਮਰ ਕੌਰ ਨੂੰ ਜ਼ਰਾ ਵੀ ਗੁੱਸੇ ਨਾਲ ਦੇਖ ਲੈਂਦੀ, ਵਿਗੜ ਜਾਂਦਾ ਸੀ। ਕਹਿੰਦਾ ਸੀ, ਧੀ ਨੂੰ ਮੰਦਾ ਨਾ ਆਖੀਂ। ਇਹ ਤਾਂ ਇਕ ਮੁਸਾਫ਼ਰ ਐ ਵਿਚਾਰੀ, ਸਾਡੇ ਘੁਰਨੇ ਵਿਚ ਸੁਸਤਾਉਣ ਬਹਿ ਗਈ ਐ। ਸਮਾਂ ਆਊਗਾ ਤਾਂ ਚਲੀ ਜਾਵੇਗੀ ਤੇ ਹੁਣ ਅਮਰ ਕੌਰ ਤੋਂ ਜ਼ਰਾ ਵੀ ਕੋਈ ਗ਼ਲਤੀ ਹੁੰਦੀ ਹੈ ਤਾਂ ਆਪੇ ਵਿਚ ਨਹੀਂ ਰਹਿੰਦਾ। ਇੱਥੋਂ ਤੱਕ ਬਕ ਦਿੰਦਾ ਏ ਕਿ ਬੇਟੀਆਂ-ਬਹੂਆਂ ਅਗਵਾ ਹੁੰਦੇ ਸੁਣੀਆਂ ਸੀ ਯਾਰੋ। ਇਹ ਨਹੀਂ ਸੁਣਿਆ ਸੀ ਕਿ ਪੰਜ ਸਾਲ ਦੇ ਬੇਟੇ ਵੀ ਚੁੱਕੇ ਜਾਂਦੇ ਹਨ।’’
ਉਹ ਇਕ ਮਹੀਨੇ ਤੋਂ ਇਸ ਘਰ ਵਿਚ ਰਹਿ ਰਿਹਾ ਸੀ। ਪਰ ਹਰ ਰਾਤ ਉਸ ਦਾ ਨਿਯਮ ਸੀ ਕਿ ਪਹਿਲਾਂ ਨੀਂਦ ਵਿਚ ਬੇਤਹਾਸ਼ਾ ਪਾਸੇ ਮਾਰਦਾ ਫਿਰ ਬੁੜਬੁੜਾਉਣ ਲੱਗਦਾ ਤੇ ਉੱਠ ਬੈਠਦਾ। ਡਰੀ ਤੇ ਦੱਬੀ ਆਵਾਜ਼ ਵਿਚ ਪਤਨੀ ਨੂੰ ਆਖਦਾ, ‘‘ਸੁਣਦੀ ਐਂ, ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਐ।’’ ਪਤਨੀ ਉਸ ਨੂੰ ਕੇਵਲ ‘‘ਆਹੋ’’ ਕਹਿ ਕੇ ਟਾਲ ਦਿੰਦੀ ਤੇ ਸੌਂ ਜਾਂਦੀ ਸੀ। ਪਰ ਅਮਰ ਕੌਰ ਨੂੰ ਇਸ ਫੁਸਫਸਾਹਟ ਮਗਰੋਂ ਰਾਤ ਭਰ ਨੀਂਦ ਨਾ ਆਉਂਦੀ। ਉਸ ਨੂੰ ਹਨੇਰੇ ਵਿਚ ਬਹੁਤ ਸਾਰੇ ਪਰਛਾਵੇਂ ਹਰ ਪਾਸੇ ਬੈਠੇ ਕੁਰਾਨ ਪੜ੍ਹਦੇ ਨਜ਼ਰ ਆਉਂਦੇ ਤੇ ਫਿਰ ਜਦ ਥੋੜ੍ਹੀ ਕੁ ਪਹੁ ਫਟਦੀ ਤਾਂ ਉਹ ਕੰਨਾਂ ਵਿਚ ਉਂਗਲਾਂ ਦੇ ਲੈਂਦੀ। ਉੱਥੇ ਲਾਹੌਰ ਵਿਚ ਉਨ੍ਹਾਂ ਦਾ ਘਰ ਮਸਜਦ ਦੇ ਗੁਆਂਢ ਵਿਚ ਹੀ ਸੀ ਤੇ ਜਦੋਂ ਸਵੇਰੇ ਅਜ਼ਾਨ ਹੁੰਦੀ ਸੀ ਤਾਂ ਕਿੰਨਾ ਮਜ਼ਾ ਆਉਂਦਾ ਸੀ। ਇਉਂ ਲੱਗਦਾ ਸੀ ਜਿਵੇਂ ਪੂਰਬ ਤੋਂ ਫੁੱਟਦਾ ਹੋਇਆ ਚਾਨਣ ਗਾਉਣ ਲੱਗਾ ਹੈ। ਫਿਰ ਜਦੋਂ ਉਸ ਦੀ ਗੁਆਂਢਣ ਪ੍ਰੀਤਮ ਕੌਰ ਨੂੰ ਕੁਝ ਨੌਜਵਾਨਾਂ ਨੇ ਖ਼ਰਾਬ ਕਰਕੇ ਚਿੱਥੜੇ ਵਾਂਗ ਰੂੜੀ ’ਤੇ ਸੁੱਟ ਦਿੱਤਾ ਸੀ ਤਾਂ ਪਤਾ ਨਹੀਂ ਕੀ ਹੋਇਆ ਕਿ ਮੁਅਜ਼ਿਨ (ਅਜ਼ਾਨ ਦੇਣ ਵਾਲਾ) ਦੀ ਅਜ਼ਾਨ ਵਿਚ ਵੀ ਉਸ ਨੂੰ ਪ੍ਰੀਤਮ ਕੌਰ ਦੀ ਚੀਖ ਸੁਣਾਈ ਦੇ ਰਹੀ ਸੀ।
ਪਰਮੇਸ਼ਰ ਸਿੰਘ ਵਿਹੜੇ ਵਿਚ ਦਾਖ਼ਲ ਹੋਇਆ ਤਾਂ ਅੱਜ ਨਿਯਮ ਦੇ ਉਲਟ ਉਸ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਸੀ। ਉਸ ਦੇ ਖੁੱਲ੍ਹੇ ਕੇਸ ਕੰਘੀ ਸਹਿਤ ਉਸ ਦੀ ਪਿੱਠ ’’ਤੇ ਇਕ ਮੋਢੇ ’ਤੇ ਖਿੰਡੇ ਹੋਏ ਸਨ ਤੇ ਉਸ ਦਾ ਇਕ ਹੱਥ ਅਖ਼ਤਰ ਦੇ ਲੱਕ ਨੂੰ ਥਾਪੜਦਾ ਜਾ ਰਿਹਾ ਸੀ। ਉਸ ਦੀ ਪਤਨੀ ਇਕ ਪਾਸੇ ਬੈਠੀ ਕਣਕ ਛਾਣ ਰਹੀ ਸੀ। ਉਸ ਦੇ ਹੱਥ ਜਿੱਥੇ ਸਨ ਉੱਥੇ ਹੀ ਰੁਕ ਗਏ ਤੇ ਉਹ ਇਕ ਟਕ ਪਰਮੇਸ਼ਰ ਸਿੰਘ ਨੂੰ ਦੇਖਣ ਲੱਗੀ। ਫਿਰ ਉਹ ਇਕਦਮ ਉੱਠੀ ਤੇ ਕਹਿਣ ਲੱਗੀ, ‘‘ਆਹ ਕੌਣ ਐ?’’
ਪਰਮੇਸ਼ਰ ਸਿੰਘ ਮੁਸਕਰਾ ਕੇ ਬੋਲਿਆ, ‘‘ਡਰ ਨਾ ਕਮਲੀਏ, ਇਸ ਦੀਆਂ ਆਦਤਾਂ ਬਿਲਕੁਲ ਕਰਤਾਰੇ ਵਰਗੀਆਂ ਨੇ। ਇਹ ਵੀ ਆਪਣੀ ਮਾਂ ਨੂੰ ਤੂੜੀ ਦੀ ਕੋਠੜੀ ਵਿਚ ਪਿਆ ਮਿਲਿਆ ਸੀ। ਇਹ ਵੀ ਤਿਤਲੀਆਂ ਦਾ ਆਸ਼ਿਕ ਐ। ਇਸ ਦਾ ਨਾਂ ਅਖ਼ਤਰ ਐ।’’
‘‘ਅਖ਼ਤਰ?’’ ਪਤਨੀ ਦੇ ਤੇਵਰ ਬਦਲ ਗਏ।
‘‘ਤੂੰ ਇਸ ਨੂੰ ਅਖ਼ਤਰ ਕਹਿ ਲਈਂ।’’ ਪਰਮੇਸ਼ਰ ਸਿੰਘ ਨੇ ਸਪਸ਼ਟ ਕੀਤਾ, ‘‘ਤੇ ਫਿਰ ਕੇਸਾਂ ਦਾ ਕੀ ਏ, ਦਿਨਾਂ ਵਿਚ ਵਧ ਜਾਣਗੇ। ਕੜਾ ਤੇ ਕਛਹਿਰਾ ਪੁਆ ਦੇ, ਕੰਘਾ ਕੇਸਾਂ ਦੇ ਵਧਦੇ ਹੀ ਲੱਗ ਜਾਊ।’’
‘‘ਪਰ ਇਹ ਹੈ ਕੀਹਦਾ ?’’ ਪਤਨੀ ਨੇ ਹੋਰ ਸਫ਼ਾਈ ਮੰਗੀ।
‘‘ਕੀਹਦਾ ਏ?’’ ਪਰਮੇਸ਼ਰ ਸਿੰਘ ਨੇ ਅਖ਼ਤਰ ਨੂੰ ਮੋਢੇ ਤੋਂ ਲਾਹਿਆ। ਹੇਠਾਂ ਖੜ੍ਹਾ ਕਰਕੇ ਉਸ ਦੇ ਸਿਰ ਵਿਚ ਹੱਥ ਫੇਰਦਿਆਂ ਬੋਲਿਆ, ‘‘ਵਾਹਿਗੁਰੂ ਦਾ, ਸਾਡਾ ਆਪਣਾ ਹੈ ਤੇ ਫਿਰ ਯਾਰੋ, ਇਹ ਔਰਤ ਇੰਨੀ ਵੀ ਦੇਖ ਨੀਂ ਸਕਦੀ ਕਿ ਅਖ਼ਤਰ ਦੇ ਮੱਥੇ ’ਤੇ ਜੋ ਇਹ ਜ਼ਰਾ ਜਿਹਾ ਤਿਲ ਐ ਇਹ ਕਰਤਾਰੇ ਦਾ ਹੀ ਤਾਂ ਤਿਲ ਹੈ। ਕਰਤਾਰੇ ਦੇ ਵੀ ਤਾਂ ਇਕ ਤਿਲ ਸੀ ਇੱਥੇ ਹੀ। ਥੋੜ੍ਹਾ ਵੱਡਾ ਸੀ ਪਰ ਅਸੀਂ ਉਸ ਦੇ ਇਸੇ ਤਿਲ ’ਤੇ ਚੁੰਮਦੇ ਸਾਂ।’’
ਅਖ਼ਤਰ ਹੁਣ ਤੱਕ ਹੈਰਾਨੀ ਨਾਲ ਖ਼ੁਦ ਨੂੰ ਰੋਕੀਂ ਬੈਠਾ ਸੀ। ਹੁਣ ਉਹ ਬੋਲ ਹੀ ਪਿਆ, ‘‘ਮੈਂ ਨਹੀਂ ਰਹਿਣਾ ਇੱਥੇ, ਮੈਂ ਅੰਮੀ ਕੋਲ ਜਾਵਾਂਗਾ, ਅੰਮੀ ਕੋਲ...।’’ ਪਰਮੇਸ਼ਰ ਸਿੰਘ ਨੇ ਅਖ਼ਤਰ ਦਾ ਹੱਥ ਫੜ੍ਹ ਕੇ ਉਸ ਨੂੰ ਪਤਨੀ ਵੱਲ ਵਧਾਇਆ, ‘‘ਆਹ ਲੈ। ਇਹ ਅੰਮੀ ਕੋਲ ਜਾਣਾ ਚਾਹੁੰਦੈ...।’’
‘‘ਤਾਂ ਜਾਵੇ...।’’ ਪਤਨੀ ਦੀਆਂ ਅੱਖਾਂ ਵਿਚ ਰੋਹ ਸੀ। ‘‘ਡਾਕਾ ਮਾਰਨ ਗਿਆ ਸੀ ਵੱਡਾ ਸੂਰਮਾ ਤੇ ਚੁੱਕ ਲਿਆਇਆ ਆਹ ਹੱਥ ਭਰ ਦਾ ਮੁੰਡਾ। ਕੋਈ ਕੁੜੀ ਹੀ ਚੁੱਕ ਲਿਆਉਂਦਾ ਤਾਂ ਚੰਗੀ ਕੀਮਤ ਤਾਂ ਮਿਲ ਜਾਂਦੀ। ਏਸ ਉਜੜੇ ਘਰ ਦੀ ਹਾਲਤ ਈ ਸੁਧਰ ਜਾਂਦੀ। ਪਾਗਲ ਤੈਨੂੰ ਤਾਂ ਕੁਝ ਹੋ ਗਿਆ, ਵੇਖਦਾ ਨੀਂ ਇਹ ਲੜਕਾ ਮੁਸਲਮਾਨ ਐ। ਜਿੱਥੋਂ ਲੈ ਕੇ ਆਇਆ ਏਂ ਉੱਥੇ ਹੀ ਸੁੱਟ ਆ। ਖ਼ਬਰਦਾਰ ਜੋ ਇਸ ਨੇ ਮੇਰੇ ਚੌਂਕੇ ’ਚ ਪੈਰ ਧਰਿਆ।’’
ਪਰਮੇਸ਼ਰ ਸਿੰਘ ਨੇ ਤਰਲਾ ਕੀਤਾ, ‘‘ਕਰਤਾਰੇ ਤੇ ਅਖ਼ਤਰ ਨੂੰ ਇਕ ਹੀ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ, ਸਮਝੀ?’’
‘‘ਨਹੀਂ।’’ ਹੁਣ ਪਤਨੀ ਚੀਕ ਉੱਠੀ... ‘‘ਮੈਂ ਨੀਂ ਸਮਝੀ ਤੇ ਨਾ ਹੀ ਕੁਝ ਸਮਝਣਾ ਚਾਹੁੰਦੀ ਹਾਂ। ਮੈਂ ਰਾਤੋ ਰਾਤ ਵੱਢ ਕੇ ਸੁੱਟ ਦਿਆਂਗੀ। ਜਿੱਥੋਂ ਲੈ ਕੇ ਆਇਆ ਏਂ ਉੱਥੇ ਈ ਸੁੱਟ ਆ, ਬਾਹਰ ਕੱਢ ਏਹਨੂੰ...।’’
‘‘ਨਾ ਤੈਨੂੰ ਨਾ ਬਾਹਰ ਸੁੱਟ ਦਿਆਂ?’’ ਹੁਣ ਪਰਮੇਸ਼ਰ ਸਿੰਘ ਵਿਗੜ ਗਿਆ। ‘‘ਤੇਰੇ ਨਾ ਕਰ ਦੇਆਂ ਟੋਟੇ ਟੋਟੇ।’’ ਉਹ ਪਤਨੀ ਵੱਲ ਵਧਿਆ ਤੇ ਪਤਨੀ ਆਪਣੀ ਛਾਤੀ ਪਿੱਟਦੀ, ਰੌਲਾ ਪਾਉਂਦੀ ਭੱਜੀ। ਗੁਆਂਢ ਵਿਚੋਂ ਅਮਰ ਕੌਰ ਨੱਠ ਕੇ ਆਈ। ਉਸ ਦੇ ਪਿੱਛੇ ਦੂਜੀਆਂ ਔਰਤਾਂ ਵੀ ਆ ਗਈਆਂ। ਮਰਦ ਵੀ ਇਕੱਠੇ ਹੋ ਗਏ ਤੇ ਪਰਮੇਸ਼ਰ ਦੀ ਪਤਨੀ ਉਸ ਕੋਲੋਂ ਮਾਰ ਖਾਣ ਤੋਂ ਬਚ ਗਈ। ਫਿਰ ਸਾਰਿਆਂ ਨੇ ਉਸ ਨੂੰ ਸਮਝਾਇਆ ਕਿ ਇਹ ਨੇਕ ਕੰਮ ਹੈ। ਇਕ ਮੁਸਲਮਾਨ ਨੂੰ ਸਿੱਖ ਬਣਾਉਣਾ ਕੋਈ ਸਾਧਾਰਨ ਕੰਮ ਤਾਂ ਹੈ ਨਹੀਂ। ਪੁਰਾਣਾ ਜ਼ਮਾਨਾ ਹੁੰਦਾ ਤਾਂ ਹੁਣ ਤੱਕ ਪਰਮੇਸ਼ਰ ਸਿੰਘ ਗੁਰੂ ਮਸ਼ਹੂਰ ਹੋ ਚੁੱਕਿਆ ਹੁੰਦਾ। ਪਤਨੀ ਨੂੰ ਹੌਂਸਲਾ ਹੋਇਆ। ਪਰ ਅਮਰ ਕੌਰ ਇਕ ਕੋਨੇ ਵਿਚ ਬੈਠੀ ਗੋਡਿਆਂ ਵਿਚ ਸਿਰ ਦੇ ਕੇ ਰੋਂਦੀ ਰਹੀ। ਅਚਾਨਕ ਪਰਮੇਸ਼ਰ ਸਿੰਘ ਦੀ ਗਰਜ ਨੇ ਸਾਰੀ ਭੀੜ ਨੂੰ ਹਿਲਾ ਦਿੱਤਾ, ‘‘ਅਖ਼ਤਰ ਕਿੱਧਰ ਗਿਆ? ਲੱਗਦੈ ਉਹ ਚਿੜ ਗਿਆ ਯਾਰੋ...! ਅਖ਼ਤਰ...ਅਖ਼ਤਰ...।’’ ਉਹ ਚੀਖ਼ਦਾ ਹੋਇਆ ਇਧਰ ਉਧਰ ਨੱਠਦਾ ਮਕਾਨਾਂ ਦੇ ਆਲੇ-ਦੁਆਲੇ ਪਾਗਲਾਂ ਵਾਂਗ ਦੇਖਣ ਲੱਗਾ। ਬੱਚੇ ਖੇਡ ਸਮਝ ਕੇ ਉਸ ਦੇ ਪਿੱਛੇ ਸਨ। ਔਰਤਾਂ ਛੱਤਾਂ ’ਤੇ ਚੜ੍ਹ ਗਈਆਂ ਸਨ ਤੇ ਪਰਮੇਸ਼ਰ ਸਿੰਘ ਗਲੀਆਂ ਤੋਂ ਬਾਹਰ ਖੇਤਾਂ ਵਿਚ ਨਿਕਲ ਗਿਆ ਸੀ, ‘‘ਓਏ, ਮੈਂ ਤਾਂ ਉਸ ਨੂੰ ਅੰਮੀ ਕੋਲ ਲੈ ਜਾਂਦਾ ਯਾਰੋ। ਓਏ ਉਹ ਗਿਆ ਕਿੱਥੇ? ਅਖ਼ਤਰ... ਬਈ ਅਖ਼ਤਰ...।’’
‘‘ਮੈਂ ਤੇਰੇ ਕੋਲ ਨਹੀਂ ਆਉਣਾ।’’ ਵੱਟ ਦੇ ਇਕ ਮੋੜ ’ਤੇ ਗਿਆਨ ਸਿੰਘ ਦੇ ਗੰਨੇ ਦੇ ਖੇਤ ਦੇ ਓਹਲੇ ਖੜ੍ਹ ਕੇ ਰੋਂਦੇ ਅਖ਼ਤਰ ਨੇ ਪਰਮੇਸ਼ਰ ਸਿੰਘ ਨੂੰ ਡਾਂਟ ਦਿੱਤਾ, ‘‘ਤੂੰ ਤਾਂ ਸਿੱਖ ਐਂ।’’
‘‘ਹਾਂ ਬਈ ਮੈਂ ਸਿੱਖ ਆਂ...।’’ ਪਰਮੇਸ਼ਰ ਸਿੰਘ ਨੇ ਕਿਹਾ।
‘‘ਤਾਂ ਫਿਰ ਮੈਂ ਨਹੀਂ ਆਵਾਂਗਾ।’’ ਅਖ਼ਤਰ ਨੇ ਪੁਰਾਣੇ ਹੰਝੂਆਂ ਨੂੰ ਸਾਫ਼ ਕਰਕੇ ਨਵੇਂ ਹੰਝੂਆਂ ਲਈ ਰਾਹ ਸਾਫ਼ ਕੀਤਾ।
‘‘ਨਹੀਂ ਆਏਂਗਾ?’’ ਪਰੇਮਸ਼ਰ ਸਿੰਘ ਦਾ ਰੁਖ਼ ਅਚਾਨਕ ਬਦਲ ਗਿਆ।
‘‘ਨਹੀਂ।’’
‘‘ਨਹੀਂ?’’
‘‘ਨਹੀਂ... ਨਹੀਂ... ਨਹੀਂ।’’
‘‘ਕਿਵੇਂ ਨੀਂ ਆਏਂਗਾ?’’ ਪਰਮੇਸ਼ਰ ਸਿੰਘ ਨੇ ਅਖ਼ਤਰ ਨੂੰ ਕੰਨੋਂ ਫੜ੍ਹਿਆ ਤੇ ਫਿਰ ਹੇਠਲੇ ਬੁੱਲ੍ਹ ਨੂੰ ਦੰਦਾਂ ਵਿਚ ਚੱਬ ਕੇ ਉਸ ਦੇ ਮੂੰਹ ’ਤੇ ਥੱਪੜ ਜੜ ਦਿੱਤਾ, ‘‘ਚੱਲ...।’’ ਉਹ ਗੁੱਸੇ ਵਿਚ ਬੋਲਿਆ।
ਅਖ਼ਤਰ ਇਉਂ ਸਹਿਮ ਗਿਆ ਜਿਵੇਂ ਇਕਦਮ ਉਸ ਦਾ ਸਾਰਾ ਲਹੂ ਨੁੱਚੜ ਗਿਆ ਹੋਵੇ। ਫਿਰ ਅਚਾਨਕ ਉਹ ਜ਼ਮੀਨ ’ਤੇ ਡਿੱਗ ਕੇ ਪੈਰ ਮਾਰਨ, ਮਿੱਟੀ ਉਡਾਉਣ ਤੇ ਉੱਚੀ ਉੱਚੀ ਰੋਣ ਲੱਗਾ, ‘‘ਨਹੀਂ ਜਾਵਾਂਗਾ... ਨਹੀਂ ਜਾਵਾਂਗਾ। ਤੂੰ ਸਿੱਖ ਐਂ, ਮੈਂ ਸਿੱਖਾਂ ਕੋਲ ਨਹੀਂ ਜਾਵਾਂਗਾ। ਮੈਂ ਆਪਣੀ ਅੰਮੀ ਕੋਲ ਜਾਵਾਂਗਾ। ਮੈਂ ਤੈਨੂੰ ਮਾਰ ਦਿਆਂਗਾ।’’
ਹੁਣ ਜਿਵੇਂ ਪਰਮੇਸ਼ਰ ਸਿੰਘ ਦੇ ਸਹਿਣ ਦੀ ਵਾਰੀ ਸੀ। ਉਸ ਦਾ ਵੀ ਜਿਵੇਂ ਸਾਰਾ ਲਹੂ ਨੁੱਚੜ ਕੇ ਰਹਿ ਗਿਆ ਸੀ। ਉਸ ਦੀਆਂ ਨਾਸਾਂ ਫੜਕਣ ਲੱਗੀਆਂ। ਉਹ ਇੰਨੇ ਜ਼ੋਰ ਨਾਲ ਰੋਇਆ ਕਿ ਖੇਤ ਦੀ ਪਰਲੀ ਵੱਟ ’ਤੇ ਆਉਂਦੇ ਕੁਝ ਗੁਆਂਢੀ ਤੇ ਉਨ੍ਹਾਂ ਦੇ ਜੁਆਕ ਵੀ ਸਹਿਮ ਕੇੇ ਤ੍ਰਭਕ ਗਏ। ਪਰਮੇਸ਼ਰ ਸਿੰਘ ਗੋਡਿਆਂ ਭਾਰ ਅਖ਼ਤਰ ਸਾਹਮਣੇ ਬਹਿ ਗਿਆ। ਬੱਚਿਆਂ ਵਾਂਗ ਰੋਣ ਲੱਗਾ ਤੇ ਉਸ ਦਾ ਹੇਠਲਾ ਬੁੱਲ੍ਹ ਵੀ ਬੱਚਿਆਂ ਵਾਂਗ ਲਟਕਣ ਲੱਗਾ। ਉਹ ਬੱਚਿਆਂ ਵਰਗੀ ਰੋਂਦੀ ਆਵਾਜ਼ ਵਿਚ ਬੋਲਿਆ, ‘‘ਮੈਨੂੰ ਮੁਆਫ਼ ਕਰ ਦੇ ਅਖ਼ਤਰ, ਮੈਨੂੰ ਤੇਰੇ ਖ਼ੁਦਾ ਦੀ ਕਸਮ ਮੈਂ ਤੇਰਾ ਦੋਸਤ ਆਂ। ਤੂੰ ਇਕੱਲਾ ਇੱਥੋਂ ਜਾਏਂਗਾ ਤਾਂ ਤੈਨੂੰ ਕੋਈ ਮਾਰ ਦਏਗਾ। ਫੇਰ ਤੇਰੀ ਮਾਂ ਪਾਕਿਸਤਾਨ ਤੋਂ ਆ ਕੇ ਮੈਨੂੰ ਮਾਰ ਦਏਗੀ। ਮੈਂ ਜਾ ਕੇ ਤੈਨੂੰ ਪਾਕਿਸਤਾਨ ਛੱਡ ਆਵਾਂਗਾ... ਸੁਣਿਐ? ਫੇਰ ਜੇ ਤੈਨੂੰ ਇਕ ਲੜਕਾ ਮਿਲ ਜਾਏ ਨਾ ਕਰਤਾਰ ਨਾਂ ਦਾ ਤਾਂ ਤੂੰ ਉਸ ਨੂੰ ਇਧਰ ਪਿੰਡ ਛੱਡ ਜਾਈਂ... ਚੰਗਾ?’’
‘‘ਅੱਛਾ।’’ ਅਖ਼ਤਰ ਨੇ ਪੁੱਠੇ ਹੱਥਾਂ ਨਾਲ ਹੰਝੂ ਪੂੰਝਦੇ ਹੋਏ ਪਰਮੇਸ਼ਰ ਸਿੰਘ ਨਾਲ ਸੌਦਾ ਕਰ ਲਿਆ।
ਪਰਮੇਸ਼ਰ ਸਿੰਘ ਨੇ ਅਖ਼ਤਰ ਨੂੰ ਮੋਢੇ ਬਿਠਾ ਲਿਆ ਤੇ ਤੁਰਿਆ ਪਰ ਇਕ ਹੀ ਡਿੰਘ ਪੁੱਟ ਕੇ ਰੁਕ ਗਿਆ। ਸਾਹਮਣੇ ਬਹੁਤ ਸਾਰੇ ਜੁਆਕ ਤੇ ਗੁਆਂਢੀ ਖੜ੍ਹੇ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਦੇਖ ਰਹੇ ਸਨ। ਅੱਧਖੜ ਉਮਰ ਦਾ ਇਕ ਗੁਆਂਢੀ ਬੋਲਿਆ, ‘‘ਰੋਦਾਂ ਕਿਉਂ ਏਂ ਪਰਮੇਸ਼ਰਿਆ, ਬਸ ਇਕ ਮਹੀਨੇ ਦੀ ਤਾਂ ਗੱਲ ਐ। ਇਕ ਮਹੀਨੇ ਮਗਰੋਂ ਇਸ ਦੇ ਕੇਸ ਉੱਗ ਆਣਗੇ ਤਾਂ ਜਮਾ ਈ ਕਰਤਾਰਾ ਲੱਗੂ।’’
ਕੁਝ ਆਖੇ ਬਿਨਾ ਹੀ ਉਹ ਤੇਜ਼ ਡਿੰਘਾਂ ਭਰਨ ਲੱਗਾ। ਫਿਰ ਇਕ ਜਗ੍ਹਾ ਰੁਕ ਕੇ ਉਸ ਨੇ ਮੁੜ ਕੇ ਪਿੱਛੇ ਆਉਣ ਵਾਲੇ ਗੁਆਂਢੀਆਂ ਵੱਲ ਦੇਖਿਆ, ‘‘ਤੁਸੀਂ ਕਿੰਨੇ ਜ਼ਾਲਮ ਲੋਕ ਹੋ ਯਾਰੋ, ਅਖ਼ਤਰ ਨੂੰ ਕਰਤਾਰਾ ਬਣਾਉਂਦੇ ਹੋ। ਜੇ ਓਧਰ ਕੋਈ ਕਰਤਾਰੇ ਨੂੰ ਅਖ਼ਤਰ ਬਣਾ ਲਏ ਤਾਂ...? ਉਸ ਨੂੰ ਜ਼ਾਲਮ ਹੀ ਕਹੋਗੇ ਨਾ?’’ ਫਿਰ ਉਸ ਦੀ ਆਵਾਜ਼ ਵਿਚ ਗਰਜ ਸੀ, ‘‘ਇਹ ਲੜਕਾ ਮੁਸਲਮਾਨ ਹੀ ਰਹੇਗਾ। ਦਰਬਾਰ ਸਾਹਿਬ ਦੀ ਸਹੁੰ, ਮੈਂ ਕੱਲ੍ਹ ਅੰਬਰਸਰ (ਅੰਮ੍ਰਿਤਸਰ) ਜਾ ਕੇ ਇਸ ਦੇ ਅੰਗਰੇਜ਼ੀ ਵਾਲ ਬਣਵਾ ਲਵਾਂਗਾ। ਤੁਸੀਂ ਮੈਨੂੰ ਸਮਝ ਕੀ ਰੱਖਿਐ, ਖਾਲਸਾ ਹਾਂ, ਸੀਨੇ ਵਿਚ ਸ਼ੇਰ ਦਾ ਦਿਲ ਐ।’’
ਪਰਮੇਸ਼ਰ ਸਿੰਘ ਆਪਣੇ ਘਰ ਵਿਚ ਦਾਖਲ ਹੋ ਕੇ ਅਜੇ ਆਪਣੀ ਪਤਨੀ ਤੇ ਧੀ ਨੂੰ ਅਖ਼ਤਰ ਦੇ ਸੇਵਾ ਸਤਿਕਾਰ ਬਾਰੇ ਹੁਕਮ ਦੇ ਹੀ ਰਿਹਾ ਸੀ ਕਿ ਪਿੰਡ ਦਾ ਗਰੰਥੀ ਸਰਦਾਰ ਸੰਤੋਖ ਸਿੰਘ ਅੰਦਰ ਆਇਆ ਤੇ ਬੋਲਿਆ, ‘‘ਪਰਮੇਸ਼ਰ...।’’
‘‘ਜੀ...।’’ ਪਰੇਮਸ਼ਰ ਸਿੰਘ ਨੇ ਮੁੜ ਕੇ ਵੇਖਿਆ ਤਾਂ ਗਰੰਥੀ ਦੇ ਪਿੱਛੇ ਪਿੱਛੇ ਉਸ ਦੇ ਗੁਆਂਢੀ ਸਨ।
ਗ੍ਰੰਥੀ ਜੀ ਨੇ ਬੜੇ ਰੋਹਬ ਨਾਲ ਕਿਹਾ, ‘‘ਦੇਖੋ ਕੱਲ੍ਹ ਤੋਂ ਇਹ ਮੁੰਡਾ ਖਾਲਸੇ ਦੀ ਪਗੜੀ ਬਨੂੰ, ਕੜਾ ਪਾਊ, ਧਰਮਸ਼ਾਲਾ ਆਏਗਾ ਤੇ ਇਹਨੂੰ ਪ੍ਰਸ਼ਾਦ ਖੁਆਇਆ ਜਾਏਗਾ। ਇਸ ਦੇ ਕੇਸਾਂ ਨੂੰ ਕੈਂਚੀ ਨਹੀਂ ਲਗਾਉਣੀ। ਜੇ ਇੰਝ ਨਾ ਹੋਇਆ ਤਾਂ ਕੱਲ੍ਹ ਤੋਂ ਘਰ ਖਾਲੀ ਕਰ ਦਿਓ, ਸਮਝ ਗਏ?’’
‘‘ਜੀ।’’ ਪਰਮੇਸ਼ਰ ਸਿੰਘ ਨੇ ਹੌਲੀ ਜਿਹੇ ਆਖਿਆ।
‘‘ਹਾਂ।’’ ਗਰੰਥੀ ਜੀ ਨੇ ਆਖ਼ਰੀ ਸੱਟ ਮਾਰੀ।
‘‘ਏਦਾਂ ਹੀ ਹੋਏਗਾ ਗਰੰਥੀ ਜੀ...।’’ ਪਰਮੇਸ਼ਰ ਸਿੰਘ ਦੀ ਪਤਨੀ ਬੋਲੀ, ‘‘ਪਹਿਲਾਂ ਈ ਇਸ ਨੂੰ ਰਾਤਾਂ ਨੂੰ ਘਰ ਦੇ ਖੂੰਜਿਆਂ ਵਿਚੋਂ ਕੋਈ ਚੀਜ਼ ਕੁਰਾਨ ਪੜ੍ਹਦੀ ਸੁਣਾਈ ਦਿੰਦੀ ਐ। ਲਗਦੈ ਪਹਿਲੇ ਜਨਮ ਵਿਚ ਮੁਸਲਾ ਰਹਿ ਚੁੱਕਾ ਏ। ਅਮਰ ਕੌਰ ਧੀ ਨੇ ਤਾਂ ਜਦੋਂ ਇਹ ਸੁਣਿਆ ਹੈ ਕਿ ਸਾਡੇ ਘਰ ਵਿਚ ਮੁਸਲਾ ਛੋਕਰਾ ਆਇਆ ਹੈ ਤਾਂ ਇਹ ਤਾਂ ਬੈਠੀ ਰੋ ਹੀ ਰਹੀ ਐ, ਆਖਦੀ ਐ ਘਰ ਵਿਚ ਕੋਈ ਮੁਸੀਬਤ ਆਏਗੀ। ਪਰਮੇਸ਼ਰੇ ਨੇ ਤੁਹਾਡਾ ਆਖਾ ਨਾ ਮੰਨਿਆ ਤਾਂ ਮੈਂ ਵੀ ਧਰਮਸ਼ਾਲਾ ਚਲੀ ਜਾਵਾਂਗੀ ਤੇ ਅਮਰ ਕੌਰ ਵੀ। ਫਿਰ ਇਸੇ ਨੂੰ ਚੱਟੇ ਮੋਇਆ ਨਿਕੰਮਾ। ਵਾਹਿਗੁਰੂ ਜੀ ਦਾ ਲਿਹਾਜ਼ ਨੀਂ ਕਰਦਾ।’’
‘‘ਵਾਹਿਗੁਰੂ ਜੀ ਦਾ ਲਿਹਾਜ਼ ਕੌਣ ਨੀਂ ਕਰਦਾ ... ...।’’ ਪਰਮੇਸ਼ਰ ਸਿੰਘ ਨੇ ਗਰੰਥੀ ਜੀ ਦੀ ਗੱਲ ਦਾ ਗੁੱਸਾ ਪਤਨੀ ’ਤੇ ਕੱਢਿਆ। ਫਿਰ ਉਹ ਬੁੱਲ੍ਹਾਂ ਹੀ ਬੁੱਲ੍ਹਾਂ ਵਿਚ ਗਾਲਾਂ ਦਿੰਦਾ ਰਿਹਾ। ਕੁਝ ਦੇਰ ਬਾਅਦ ਉਹ ਉੱਠ ਕੇ ਗਰੰਥੀ ਜੀ ਕੋਲ ਆਇਆ, ‘‘ਅੱਛਾ ਜੀ...ਅੱਛਾ।’’ ਗਰੰਥੀ ਜੀ ਗੁਆਂਢੀਆਂ ਨਾਲ ਉਸੇ ਸਮੇਂ ਮੁੜ ਗਏ।
ਕੁਝ ਹੀ ਦਿਨਾਂ ਵਿਚ ਅਖ਼ਤਰ ਨੂੰ ਦੂਜੇ ਸਿੱਖ ਲੜਕਿਆਂ ਤੋਂ ਅਲੱਗ ਪਛਾਨਣਾ ਮੁਸ਼ਕਲ ਹੋ ਗਿਆ। ਉਹੀ ਕੰਨਾਂ ਦੇ ਹੇਠਾਂ ਤੱਕ ਕਸ ਕੇ ਬੰਨ੍ਹੀ ਹੋਈ ਪਗੜੀ, ਉਹੀ ਹੱਥ ਦਾ ਕੜਾ, ਉਹੋ ਕਛਹਿਰਾ। ਬਸ ਜਦੋਂ ਉਹ ਘਰ ਆ ਕੇ ਪਗੜੀ ਲਾਹੁੰਦਾ ਤਾਂ ਉਸ ਦੇ ਸਿੱਖ ਨਾ ਹੋਣ ਦਾ ਭੇਤ ਖੁੱਲ੍ਹਦਾ। ਪਰ ਉਸ ਦੇ ਵਾਲ ਧੜਾਧੜ ਵਧ ਰਹੇ ਸਨ। ਪਰਮੇਸ਼ਰ ਸਿੰਘ ਦੀ ਪਤਨੀ ਉਸ ਦੇ ਵਾਲਾਂ ਨੂੰ ਛੋਹ ਕੇ ਬੜਾ ਖ਼ੁਸ਼ ਹੁੰਦੀ, ‘‘ਜ਼ਰਾ ਏਧਰ ਤਾਂ ਆ ਅਮਰ ਕੌਰ, ਆਹ ਵੇਖ ਕੇਸ ਵਧ ਰਹੇ ਨੇ। ਫਿਰ ਇਕ ਦਿਨ ਜੂੜਾ ਬਣੂਗਾ, ਕੰਘਾ ਲੱਗੂ ਤੇ ਇਸ ਦਾ ਨਾਂਅ ਕਰਤਾਰ ਸਿੰਘ ਰੱਖਿਆ ਜਾਏਗਾ।’’
‘‘ਨਹੀਂ ਮਾਂ।’’ਅਮਰ ਕੌਰ ਉੱਥੋਂ ਹੀ ਜੁਆਬ ਦਿੰਦੀ, ‘‘ਜਿਵੇਂ ਵਾਹਿਗੁਰੂ ਜੀ ਇਕ ਹਨ ਤੇ ਗ੍ਰੰਥ ਸਾਹਿਬ ਇੱਕ ਹੈ ਤੇ ਚੰਨ ਇਕ ਹੈ, ਉਸੇ ਤਰ੍ਹਾਂ ਕਰਤਾਰਾ ਵੀ ਇਕ ਹੈ। ਮੇਰਾ ਲਾਡਲਾ ਭਾਈ।’’ ਉਹ ਫੁੱਟ ਫੁੱਟ ਕੇ ਰੋਣ ਲੱਗਦੀ ਤੇ ਮਚਲ ਕੇ ਕਹਿੰਦੀ, ‘‘ਮੈਂ ਇਸ ਖਿਡੌਣੇ ਨੂੰ ਆਪਣਾ ਨਹੀਂ ਮੰਨਣ ਵਾਲੀ ਮਾਂ। ਮੈਂ ਜਾਣਦੀ ਹਾਂ ਇਹ ਮੁਸਲਾ ਹੈ ਤੇ ਜੋ ਕਰਤਾਰਾ ਹੈ ਉਹ ਮੁਸਲਾ ਨਹੀਂ ਹੁੰਦਾ।’’
‘‘ਮੈਂ ਕਦੋਂ ਆਖਦੀ ਆਂ ਕਿ ਇਹ ਕਰਤਾਰਾ ਏ। ਮੇਰਾ ਚੰਨ ਜਿਹਾ ਬੱਚਾ।’’ ਪਰਮੇਸ਼ਰ ਸਿੰਘ ਦੀ ਪਤਨੀ ਵੀ ਰੋਣ ਲੱਗਦੀ। ਦੋਵੇਂ ਅਖ਼ਤਰ ਨੂੰ ਇਕੱਲਾ ਛੱਡ ਕੇ ਕੋਨੇ ਵਿਚ ਬਹਿ ਜਾਂਦੀਆਂ, ਖ਼ੂਬ ਰੋਂਦੀਆਂ। ਇਕ ਦੂਜੇ ਨੂੰ ਤਸੱਲੀ ਦਿੰਦੀਆਂ। ਉਹ ਆਪਣੇ ਕਰਤਾਰੇ ਨੂੰ ਕਿੰਨੀ ਵਾਰ ਯਾਦ ਕਰਦੀਆਂ। ਅਖ਼ਤਰ ਕੁਝ ਦਿਨ ਆਪਣੀ ਮਾਂ ਲਈ ਰੋਇਆ। ਹੁਣ ਕਿਸੇ ਹੋਰ ਗੱਲ ’ਤੇ ਰੋਂਦਾ। ਜਦੋਂ ਪਰਮੇਸ਼ਰ ਸਿੰਘ ਕੁਝ ਰਾਸ਼ਨ ਜਾਂ ਕੱਪੜਾ ਲੈ ਕੇ ਆਉਂਦਾ ਤਾਂ ਅਖ਼ਤਰ ਨੱਠ ਕੇ ਉਸ ਦੀਆਂ ਲੱਤਾਂ ਨਾਲ ਚਿੰਬੜ ਜਾਂਦਾ ਤੇ ਰੋ ਰੋ ਕੇ ਕਹਿੰਦਾ, ‘‘ਮੇਰੇ ਸਿਰ ’ਤੇ ਪਗੜੀ ਬੰਨ੍ਹ ਦੇ ਪਰਮਿਆ, ਮੇਰੇ ਕੇਸ ਵਧਾ ਦੇ, ਮੈਨੂੰ ਕੰਘਾ ਲਿਆ ਦੇ।’’
ਪਰਮੇਸ਼ਰ ਸਿੰਘ ਉਸ ਨੂੰ ਸੀਨੇ ਨਾਲ ਲਾ ਲੈਂਦਾ ਤੇ ਭਰੇ ਮਨ ਨਾਲ ਕਹਿੰਦਾ, ‘‘ਸਭ ਹੋ ਜੂ ਬੱਚੇ। ਸਭ ਹੋ ਜੂ। ਪਰ ਇਕ ਗੱਲ ਕਦੇ ਨੀਂ ਹੋਣੀ, ਕਦੇ ਨੀਂ ਹੋਣੀ। ਉਹ ਨਹੀਂ ਹੋਣਾ ਮੈਥੋਂ ਸਮਝ ਗਿਆ? ਇਹ ਕੇਸ ਵੇਸ ਸਭ ਵਧ ਆਣਗੇ।’’
ਅਖ਼ਤਰ ਆਪਣੀ ਮਾਂ ਨੂੰ ਹੁਣ ਬਹੁਤ ਘੱਟ ਯਾਦ ਕਰਦਾ ਸੀ। ਜਦ ਤੱਕ ਪਰਮੇਸ਼ਰ ਸਿੰਘ ਘਰ ਵਿਚ ਰਹਿੰਦਾ ਉਹ ਉਸ ਨਾਲ ਚਿੰਬੜਿਆ ਰਹਿੰਦਾ ਤੇ ਜਦ ਉਹ ਬਾਹਰ ਲੰਘ ਜਾਂਦਾ ਤਾਂ ਅਖ਼ਤਰ ਉਸ ਦੀ ਪਤਨੀ ਤੇ ਅਮਰ ਕੌਰ ਨੂੰ ਇਉਂ ਦੇਖਦਾ ਰਹਿੰਦਾ ਜਿਵੇਂ ਉਨ੍ਹਾਂ ਕੋਲੋਂ ਪਿਆਰ, ਭੀਖ ਮੰਗ ਰਿਹਾ ਹੋਵੇ। ਪਰਮੇਸ਼ਰ ਸਿੰਘ ਦੀ ਪਤਨੀ ਉਸ ਨੂੰ ਨਹਾਉਂਦੀ, ਉਸ ਦੇ ਕੱਪੜੇ ਧੋਂਦੀ, ਫਿਰ ਉਸ ਦੇ ਵਾਲਾਂ ਵਿਚ ਕੰਘੀ ਮਾਰਦੀ ਹੋਈ ਰੋਣ ਲੱਗਦੀ ਤੇ ਰੋਂਦੀ ਰਹਿੰਦੀ। ਹਾਂ, ਅਮਰ ਕੌਰ ਨੇ ਜਦ ਵੀ ਦੇਖਿਆ, ਮੱਥੇ ਤਿਓੜੀ ਪਾ ਲਈ। ਸ਼ੁਰੂ ਸ਼ੁਰੂ ਵਿੱਚ ਤਾਂ ਉਸ ਨੇ ਅਖ਼ਤਰ ਨੂੰ ਧੱਕਾ ਵੀ ਮਾਰ ਦਿੱਤਾ ਸੀ ਪਰ ਜਦੋਂ ਅਖ਼ਤਰ ਨੇ ਪਰਮੇਸ਼ਰ ਸਿੰੰਘ ਕੋਲ ਉਸ ਦੀ ਸ਼ਿਕਾਇਤ ਕੀਤੀ ਤਾਂ ਪਰਮੇਸ਼ਰ ਸਿੰਘ ਵਿਗੜ ਗਿਆ ਤੇ ਅਮਰ ਕੌਰ ਨੂੰ ਗਾਲ੍ਹਾਂ ਦਿੰਦਾ ਉਸ ਵੱਲ ਵਧਿਆ। ਜੇ ਉਸ ਵੇਲੇ ਉਸ ਦੀ ਪਤਨੀ ਮੂਹਰੇ ਨਾ ਆਉਂਦੀ ਤਾਂ ਸ਼ਾਇਦ ਪਰਮੇਸ਼ਰ ਸਿੰਘ ਆਪਣੀ ਧੀ ਨੂੰ ਸਾਹਮਣੇ ਵਾਲੀ ਕੰਧ ਵਿਚ ਮਾਰਦਾ। ‘‘ਉੱਲੂ ਦੀ ਪੱਠੀ...।’’ ਉਸ ਦਿਨ ਉਸ ਨੇ ਪੂਰੇ ਗੁੱਸੇ ਵਿਚ ਕਿਹਾ ਸੀ।
‘‘ਸੁਣਿਆ ਤਾਂ ਇਹੋ ਸੀ ਕਿ ਕੁੜੀਆਂ ਚੁੱਕੀਆਂ ਜਾ ਰਹੀਆਂ ਨੇ। ਪਰ ਇਹ ... ਸਾਡੇ ਨਾਲ ਹੀ ਲੱਗ ਕੇ ਤੁਰ ਆਈ ਤੇ ਚੁੱਕਿਆ ਗਿਆ ਵਿਚਾਰਾ ਪੰਜਾਂ ਸਾਲਾਂ ਦਾ ਮੁੰਡਾ ਜੀਹਨੂੰ ਅਜੇ ਨੱਕ ਪੂੰਝਣਾ ਵੀ ਨਹੀਂ ਆਉਂਦਾ। ਅਜਬ ਨ੍ਹੇਰ ਐ ਯਾਰੋ।’’ ਇਸ ਘਟਨਾ ਮਗਰੋਂ ਅਮਰ ਕੌਰ ਨੇ ਅਖ਼ਤਰ ’ਤੇ ਹੱਥ ਤਾਂ ਖ਼ੈਰ ਕਦੇ ਨਹੀਂ ਚੁੱਕਿਆ ਹਾਂ, ਉਸ ਦੀ ਨਫ਼ਰਤ ਕਾਫ਼ੀ ਵਧ ਗਈ ਸੀ।
ਇਕ ਦਿਨ ਅਖ਼ਤਰ ਨੂੰ ਤੇਜ਼ ਬੁਖ਼ਾਰ ਹੋ ਗਿਆ। ਪਰਮੇਸ਼ਰ ਸਿੰਘ ਵੈਦ ਕੋਲ ਚਲਾ ਗਿਆ ਤੇ ਉਸ ਦੇ ਮਗਰੋਂ ਉਸ ਦੀ ਪਤਨੀ ਗੁਆਂਢਣ ਕੋਲੋਂ ਪਿਸੀ ਹੋਈ ਸੌਂਫ ਲੈਣ ਚਲੀ ਗਈ। ਅਖ਼ਤਰ ਨੂੰ ਤ੍ਰੇਹ ਲੱਗੀ।
‘‘ਪਾਣੀ...।’’ ਉਸ ਨੇ ਕਿਹਾ। ਕੁਝ ਦੇਰ ਬਾਅਦ ਲਾਲ ਲਾਲ ਸੁੱਜੀਆਂ ਅੱਖਾਂ ਖੋਲ੍ਹੀਆਂ। ਏਧਰ ਉੱਧਰ ਤੱਕਿਆ ਤੇ ਪਾਣੀ ਸ਼ਬਦ ਇਕ ਦਰਦ ਬਣ ਕੇ ਉਸ ਦੇ ਗਲੋਂ ਨਿਕਲਿਆ। ਕੁਝ ਦੇਰ ਬਾਅਦ ਉਹ ਲਿਹਾਫ਼ ਨੂੰ ਇਕ ਪਾਸੇ ਝਟਕ ਕੇ ਉੱਠ ਕੇ ਬਹਿ ਗਿਆ। ਅਮਰ ਕੌਰ ਸਾਹਮਣੇ ਦਹਿਲੀਜ਼ ’ਤੇ ਬੈਠੀ ਖਜੂਰ ਦੇ ਪੱਤਿਆਂ ਤੋਂ ਚੰਗੇਰ ਬਣਾ ਰਹੀ ਸੀ। ‘‘ਪਾਣੀ ਦੇ ਦੇ, ਨਹੀਂ ਮਾਰਾਂਗਾ...।’’ ਅਮਰ ਕੌਰ ਨੇ ਇਸ ਵਾਰ ਉਸ ਵੱਲ ਵੇਖਿਆ ਹੀ ਨਹੀਂ। ਆਖਣ ਲੱਗੀ, ‘‘ਮਾਰ ਕੇ ਤਾਂ ਵਿਖਾ, ਤੂੰ ਕਰਤਾਰਾ ਨੀਂ ਕਿ ਮੈਂ ਤੇਰੀ ਮਾਰ ਸਹਾਂਗੀਂ, ਤੇਰੇ ਟੋਟੇ ਟੋਟੇ ਕਰ ਦਿਆਂਗੀ।’’ ਅਖ਼ਤਰ ਉੱਚੀ ਉੱਚੀ ਰੋਣ ਲੱਗਾ। ਤੇ ਅੱਜ ਉਸ ਨੇ ਇਕ ਮੁੱਦਤ ਮਗਰੋਂ ਆਪਣੀ ਮਾਂ ਨੂੰ ਫਿਰ ਯਾਦ ਕੀਤਾ। ਜਦੋਂ ਪਰਮੇਸ਼ਰ ਸਿੰਘ ਦਵਾਈ ਲੈ ਕੇ ਆਇਆ ਤੇ ਉਸ ਦੀ ਪਤਨੀ ਵੀ ਸੌਂਫ ਲੈ ਕੇ ਮੁੜੀ ਤਾਂ ਅਖ਼ਤਰ ਨੇ ਰੋ ਰੋ ਕੇ ਬੁਰੀ ਹਾਲਤ ਕਰ ਲਈ ਸੀ ਤੇ ਸਿਸਕਦਿਆਂ ਕਹਿ ਰਿਹਾ ਸੀ, ‘‘ਹੁਣ ਤਾਂ ਮੈਂ ਆਪਣੀ ਅੰਮੀ ਕੋਲ ਚਲਾ ਜਾਵਾਂਗਾ, ਇਹ ਅਮਰੋ ਤਾਂ ਪਾਣੀ ਵੀ ਨਹੀਂ ਪਿਆਉਂਦੀ। ਮੈਂ ਤਾਂ ਅੰਮੀ ਕੋਲ ਚਲਾ ਜਾਵਾਂਗਾ।’’ ਪਰਮੇਸ਼ਰ ਸਿੰਘ ਨੇ ਗੁੱਸੇ ਨਾਲ ਅਮਰ ਕੌਰ ਵੱਲ ਦੇਖਿਆ। ਉਹ ਰੋ ਰਹੀ ਸੀ ਤੇ ਆਪਣੀ ਮਾਂ ਨੂੰ ਆਖ ਰਹੀ ਸੀ, ‘‘ਕਿਉਂ ਪਿਆਵਾਂ ਪਾਣੀ? ਕਰਤਾਰਾ ਵੀ ਤਾਂ ਕਿਤੇ ਇਸ ਦੇ ਵਾਂਗ ਪਾਣੀ ਮੰਗ ਰਿਹਾ ਹੋਣਾ ਕਿਸੇ ਕੋਲੋਂ। ਕਿਸੇ ਨੂੰ ਉਸ ’ਤੇ ਤਰਸ ਨਾ ਆਏ ਤਾਂ ਅਸੀਂ ਕਿਉਂ ਇਸ ’ਤੇ ਤਰਸ ਕਰੀਏ, ਆਹੋ...।’’
ਪਰਮੇਸ਼ਰ ਸਿੰਘ ਅਖ਼ਤਰ ਵੱਲ ਵਧਿਆ ਤੇ ਆਪਣੀ ਪਤਨੀ ਵੱਲ ਇਸ਼ਾਰਾ ਕਰਦਿਆਂ ਬੋਲਿਆ, ‘‘ਇਹ ਵੀ ਤੇਰੀ ਮਾਂ ਐ ਪੁੱਤਰ।’’
‘‘ਨਹੀਂ।’’ ਅਖ਼ਤਰ ਗੁੱਸੇ ਵਿਚ ਬੋਲਿਆ। ‘‘ਇਹ ਤਾਂ ਸਿੱਖ ਐ। ਮੇਰੀ ਅੰਮੀ ਤਾਂ ਪੰਜ ਸਮੇਂ ਦੀ ਨਮਾਜ਼ ਪੜ੍ਹਦੀ ਐ ਤੇ ਬਿਸਮਿਲ੍ਹਾ ਕਹਿ ਕੇ ਪਾਣੀ ਪਿਲਾਂਦੀ ਐ।’’ ਪਰਮੇਸ਼ਰ ਸਿੰਘ ਦੀ ਪਤਨੀ ਜਲਦੀ ਨਾਲ ਪਾਣੀ ਦਾ ਪਿਆਲਾ ਲੈ ਆਈ ਤਾਂ ਅਖ਼ਤਰ ਨੇ ਪਿਆਲੇ ਨੂੰ ਕੰਧ ਨਾਲ ਦੇ ਮਾਰਿਆ ਤੇ ਚੀਖਦਾ ਹੋਇਆ ਬੋਲਿਆ, ‘‘ਤੇਰੇ ਹੱਥੋਂ ਨਹੀਂ ਪੀਣਾ ਪਾਣੀ...।’’
ਪਰਮੇਸ਼ਰ ਸਿੰਘ ਦੇ ਚਿਹਰੇ ’ਤੇ ਧੁੱਪ ਛਾਂ ਜਿਹੀਆਂ ਵਚਿੱਤਰ ਸਥਿਤੀਆਂ ਪੈਦਾ ਹੋ ਗਈਆਂ। ਉਸ ਨੇ ਅਖ਼ਤਰ ਨੂੰ ਪਾਣੀ ਪਿਲਾਇਆ। ਉਸ ਦੇ ਮੱਥੇ ਨੂੰ ਚੁੰਮਿਆ। ਉਸ ਦੀ ਪਿੱਠ ’ਤੇ ਹੱਥ ਫੇਰਿਆ।ਉਸ ਨੂੰ ਬਿਸਤਰ ’ਤੇ ਲਿਟਾ ਕੇ ਉਸ ਦੇ ਸਿਰ ਨੂੰ ਹੌਲੀ ਹੌਲੀ ਖੁਰਕਦਾ ਰਿਹਾ ਤੇ ਸ਼ਾਮ ਨੂੰ ਜਾ ਕੇ ਉਸ ਨੇ ਪਾਸਾ ਬਦਲਿਆ। ਉਸ ਸਮੇਂ ਅਖ਼ਤਰ ਦਾ ਬੁਖ਼ਾਰ ਲਹਿ ਗਿਆ ਸੀ ਤੇ ਉਹ ਬੜੇ ਮਜ਼ੇ ਨਾਲ ਸੌਂ ਰਿਹਾ ਸੀ।
ਅੱਜ ਬੜੇ ਚਿਰ ਬਾਅਦ ਰਾਤ ਨੂੰ ਪਰਮੇਸ਼ਰ ਸਿੰਘ ਭੜਕ ਉੱਠਿਆ ਤੇ ਹੌਲੀ ਜਿਹੇ ਬੋਲਿਆ, ‘‘ਮੈਂ ਕਿਹਾ ਸੁਣਦੀ ਐਂ। ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਐ।’’
ਪਤਨੀ ਨੇ ਪਹਿਲਾਂ ਤਾਂ ਇਸ ਨੂੰ ਪਰਮੇਸ਼ਰ ਸਿੰਘ ਦੀ ਪੁਰਾਣੀ ਆਦਤ ਕਹਿ ਕੇ ਟਾਲਣਾ ਚਾਹਿਆ ਪਰ ਫਿਰ ਇਕਦਮ ਘਾਬਰ ਕੇ ਉੱਠੀ ਤੇ ਅਮਰ ਕੌਰ ਦੀ ਮੰਜੀ ਵੱਲ ਹੱਥ ਵਧਾ ਕੇ ਉਸ ਨੂੰ ਹੌਲੀ ਜਿਹੇ ਬੋਲੀ, ‘‘ਪੁੱਤ...।’’
‘‘ਕੀ ਐ ਮਾਂ?’’ ਅਮਰ ਕੌਰ ਚੌਂਕ ਪਈ।
ਤੇ ਉਸ ਨੇ ਫੁਸਫੁਸਾ ਕੇ ਕਿਹਾ, ‘‘ਸੁਣ ਤਾਂ...ਸੱਚਮੁਚ ਹੀ ਕੋਈ ਕੁਰਾਨ ਪੜ੍ਹ ਰਿਹੈ...।’’
ਇਹ ਪਲ ਭਰ ਦਾ ਸੰਨਾਟਾ ਬੜਾ ਡਰਾਵਣਾ ਸੀ। ਅਮਰ ਕੌਰ ਦੀ ਚੀਖ਼ ਉਸ ਤੋਂ ਵੀ ਭਿਆਨਕ ਸੀ ਤੇ ਫਿਰ ਅਖ਼ਤਰ ਦੀ ਚੀਖ਼ ਸਭ ਤੋਂ ਭਿਅੰਕਰ ਸੀ।
‘‘ਕੀ ਹੋਇਆ ਬੇਟਾ?’’ ਪਰਮੇਸ਼ਰ ਸਿੰਘ ਤੜਫ਼ ਕੇ ਉੱਠਿਆ ਤੇ ਅਖ਼ਤਰ ਦੀ ਮੰਜੀ ’ਤੇ ਜਾ ਕੇ ਉਸ ਨੂੰ ਛਾਤੀ ਨਾਲ ਲਾ ਲਿਆ, ‘‘ਡਰ ਗਿਆ ਬੱਚੇ!’’
‘‘ਹਾਂ।’’ ਅਖ਼ਤਰ ਰਜਾਈ ਵਿਚੋਂ ਸਿਰ ਕੱਢ ਕੇ ਬੋਲਿਆ, ‘‘ਕੋਈ ਚੀਜ਼ ਬੋਲੀ ਐ।’’
‘‘ਉਹ ਤਾਂ ਅਮਰ ਕੌਰ ਚੀਖ ਪਈ ਸੀ, ਅਸੀਂ ਸਭ ਸਮਝੇ ਕਿ ਇੱਥੇ ਕੋਈ ਚੀਜ਼ ਕੁਰਾਨ ਪੜ੍ਹ ਰਹੀ ਐ।’’ ਪਰਮੇਸ਼ਰ ਸਿੰਘ ਨੇ ਆਖਿਆ।
‘‘ਮੈਂ ਪੜ੍ਹ ਰਿਹਾ ਸੀ।’’ ਅਖ਼ਤਰ ਬੋਲਿਆ।
ਹੁਣ ਵੀ ਅਮਰ ਕੌਰ ਦੇ ਮੂੰਹੋਂ ਹਲਕੀ ਜਿਹੀ ਚੀਖ਼ ਨਿਕਲ ਪਈ ਸੀ।
ਪਤਨੀ ਨੇ ਜਲਦੀ ਨਾਲ ਦੀਵਾ ਬਾਲ ਦਿੱਤਾ ਤੇ ਅਮਰ ਕੌਰ ਦੀ ਮੰਜੀ ’ਤੇ ਬਹਿ ਕੇ ਉਹ ਦੋਵੇਂ ਅਖ਼ਤਰ ਨੂੰ ਇਵੇਂ ਵੇਖਣ ਲੱਗੀਆਂ ਜਿਵੇਂ ਉਹ ਹੁਣੇ ਧੂੰਆਂ ਬਣ ਕੇ ਦਰਵਾਜ਼ੇ ਦੀਆਂ ਵਿਰਲਾਂ ਵਿਚੋਂ ਬਾਹਰ ਉੱਡ ਜਾਵੇਗਾ ਤੇ ਇਕ ਡਰਾਉਣੀ ਆਵਾਜ਼ ਆਏਗੀ, ‘‘ਮੈਂ ਜਿੰਨ ਹਾਂ, ਮੈਂ ਕੱਲ੍ਹ ਰਾਤ ਫੇਰ ਆ ਕੇ ਕੁਰਾਨ ਪੜੂੰ।’’
‘‘ਕੀ ਪੜ੍ਹ ਰਿਹਾ ਸੀ ਭਲਾ?’’ ਪਰਮੇਸ਼ਰ ਸਿੰਘ ਨੇ ਪੁੱਛਿਆ।
‘‘ਪੜ੍ਹਾਂ?’’ ਅਖ਼ਤਰ ਨੇ ਪੁੱਛਿਆ।
‘‘ਹਾਂ ਹਾਂ।’’ ਪਰਮੇਸ਼ਰ ਸਿੰਘ ਨੇ ਬੜੇ ਸ਼ੌਕ ਨਾਲ ਕਿਹਾ।
ਤੇ ਅਖ਼ਤਰ ਕੁਲ ਹੂ ਅੱਲ੍ਹਾ ਹੂ ਅਹਦ ਪੜ੍ਹਨ ਲੱਗਾ। ਅਹਦ ਤੱਕ ਪੁੱਜ ਕੇ ਉਸ ਨੇ ਆਪਣੇ ਗਲ ਵਿੱਚ ਛੂਹ ਕੀਤੀ ਤੇ ਫਿਰ ਪਰਮੇਸ਼ਰ ਸਿੰਘ ਵੱਲ ਮੁਸਕਰਾ ਕੇ ਬੋਲਿਆ, ‘‘ਤੁਹਾਡੇ ਸੀਨੇ ਵਿਚ ਵੀ ਛੂਹ ਕਰ ਦਿਆਂ...?’’
‘‘ਹਾਂ ਹਾਂ।’’ ਪਰਮੇਸ਼ਰ ਸਿੰਘ ਨੇ ਗਿਰੇਬਾਨ ਦਾ ਬਟਨ ਖੋਲ੍ਹ ਦਿੱਤਾ ਤੇ ਅਖ਼ਤਰ ਨੇ ਛੂਹ ਕਰ ਦਿੱਤੀ। ਇਸ ਵਾਰ ਅਮਰ ਕੌਰ ਨੇ ਬੜੀ ਮੁਸ਼ਕਲ ਨਾਲ ਚੀਖ਼ ’ਤੇ ਕਾਬੂ ਪਾਇਆ।
ਪਰਮੇਸ਼ਰ ਸਿੰਘ ਬੋਲਿਆ, ‘‘ਨੀਂਦ ਨਹੀਂ ਆ ਰਹੀ?’’
‘‘ਹਾਂ, ਅੰਮੀ ਦੀ ਯਾਦ ਆ ਗਈ। ਅੰਮੀ ਕਹਿੰਦੀ ਹੈ ਨੀਂਦ ਨਾ ਆਏ ਤਾਂ ਤਿੰਨ ਵਾਰ ਕੁਲ ਹੂ ਅੱਲ੍ਹਾ ਪੜ੍ਹੋ ਨੀਂਦ ਆ ਜਾਏਗੀ। ਹੁਣ ਆ ਰਹੀ ਸੀ ਪਰ ਅਮਰੋ ਨੇ ਡਰਾ ਦਿੱਤਾ।’’
‘‘ਫੇਰ ਪੜ੍ਹ ਕੇ ਸੌਂ ਜਾ।’’ ਪਰਮੇਸ਼ਰ ਸਿੰਘ ਨੇ ਕਿਹਾ, ‘‘ਰੋਜ਼ ਪੜ੍ਹਿਆ ਕਰ। ਉੱਚੀ ਉੱਚੀ ਪੜ੍ਹਿਆ ਕਰ। ਇਸ ਨੂੰ ਭੁੱਲੀਂ ਨਾ ਨਹੀਂ ਤਾਂ ਤੇਰੀ ਅੰਮੀ ਤੈਨੂੰ ਮਾਰੇਗੀ। ਲੈ ਹੁਣ ਸੌਂ ਜਾ।’’ ਉਸ ਨੇ ਅਖ਼ਤਰ ਨੂੰ ਲਿਟਾ ਕੇ ਉਸ ਨੂੰ ਰਜਾਈ ਨਾਲ ਢਕ ਦਿੱਤਾ। ਫਿਰ ਦੀਵਾ ਬੁਝਾਉਣ ਲਈ ਅੱਗੇ ਵਧਿਆ ਤਾਂ ਅਮਰ ਕੌਰ ਭੱਜ ਕੇ ਬੋਲੀ, ‘‘ਨਾ ਬਾਪੂ, ਬੁਝਾਈਂ ਨਾ, ਡਰ ਲਗਦੈ...।’’
ਪਰਮੇਸ਼ਰ ਸਿੰਘ ਦੀਵਾ ਬੁਝਾ ਕੇ ਹੱਸ ਪਿਆ, ‘‘ਪਾਗਲ ਕਿਤੇ ਦੀ...।’’
ਅਖ਼ਤਰ ਦੇ ਸੌਣ ਮਗਰੋਂ ਪਰਮੇਸ਼ਰ ਸਿੰਘ ਵੀ ਸੌਂ ਗਿਆ ਤੇ ਉਸ ਦੀ ਪਤਨੀ ਵੀ ਪਰ ਅਮਰ ਕੌਰ ਰਾਤ ਭਰ ਕੱਚੀ ਨੀਂਦ ਵਿਚ ਗੁਆਂਢ ਦੀ ਮਸਜਿਦ ਦੀ ਅਜ਼ਾਨ ਸੁਣਦੀ ਅਤੇ ਡਰਦੀ ਰਹੀ।
ਹੁਣ ਅਖ਼ਤਰ ਦੇ ਚੰਗੇ ਖਾਸੇ ਕੇਸ ਵਧ ਆਏ ਸਨ। ਨਿੱਕੇ ਜਿਹੇ ਜੂੜੇ ਵਿਚ ਕੰਘਾ ਵੀ ਅਟਕ ਜਾਂਦਾ ਸੀ। ਪਿੰਡ ਵਾਲਿਆਂ ਵਾਂਗ ਪਰਮੇਸ਼ਰ ਸਿੰਘ ਦੀ ਪਤਨੀ ਵੀ ਉਸ ਨੂੰ ਕਰਤਾਰਾ ਕਹਿਣ ਲੱਗੀ ਸੀ ਤੇ ਉਸ ਨੂੰ ਬੜੇ ਪਿਆਰ ਨਾਲ ਰੱਖਣ ਲੱਗੀ ਸੀ। ਅਮਰ ਕੌਰ ਹੁਣ ਵੀ ਉਸ ਨੂੰ ਇਉਂ ਦੇਖਦੀ ਜਿਵੇਂ ਉਹ ਕੋਈ ਬਹੁਰੂਪੀਆ ਹੈ ਤੇ ਹੁਣੇ ਪਗੜੀ ਤੇ ਕੇਸ ਲਾਹ ਕੇ ਸੁੱਟ ਦੇਵੇਗਾ ਤੇ ਫਿਰ ਕਿਧਰੇ ਨੱਠ ਜਾਵੇਗਾ।
ਇਕ ਦਿਨ ਪਰਮੇਸ਼ਰ ਸਿੰਘ ਬੜੀ ਤੇਜ਼ੀ ਨਾਲ ਘਰ ਆਇਆ ਤੇ ਹਫ਼ਦਿਆਂ ਆਪਣੀ ਪਤਨੀ ਨੂੰ ਪੁੱਛਣ ਲੱਗਾ, ‘‘ਉਹ ਕਿੱਥੇ ਐ?’’
‘‘ਕੌਣ? ਅਮਰ ਕੌਰ?’’
‘‘ਨਹੀਂ।’’
‘‘ਕਰਤਾਰਾ?’’
‘‘ਨਹੀਂ।’’ ਫਿਰ ਕੁਝ ਸੋਚ ਕੇ ਬੋਲਿਆ, ‘‘ਹਾਂ ਹਾਂ ਉਹੀ ਕਰਤਾਰਾ।’’
‘‘ਬਾਹਰ ਖੇਡਣ ਗਿਆ ਏ, ਗਲੀ ਵਿਚ ਹੀ ਹੋਣਾ।’’
ਪਰਮੇਸ਼ਰ ਸਿੰਘ ਵਾਪਸ ਮੁੜਿਆ। ਗਲੀ ਵਿਚ ਜਾ ਕੇ ਨੱਠਣ ਲੱਗਾ। ਬਾਹਰ ਖੇਤਾਂ ਵਿਚ ਜਾ ਕੇ ਉਸ ਦੀ ਰਫ਼ਤਾਰ ਹੋਰ ਤੇਜ਼ ਹੋ ਗਈ। ਫਿਰ ਉਸ ਨੂੰ ਦੂਰ ਗਿਆਨ ਸਿੰਘ ਦੇ ਗੰਨੇ ਦੀ ਫ਼ਸਲ ਕੋਲ ਕੁਝ ਬੱਚੇ ਕਬੱਡੀ ਖੇਡਦੇ ਨਜ਼ਰ ਪਏ। ਖੇਤ ਦੀ ਓਟ ਤੋਂ ਉਸ ਨੇ ਦੇਖਿਆ ਕਿ ਅਖ਼ਤਰ ਨੇ ਇਕ ਲੜਕੇ ਨੂੰ ਗੋਡਿਆਂ ਹੇਠ ਦੱਬ ਰੱਖਿਆ ਹੈ। ਲੜਕੇ ਦੇ ਬੁੱਲ੍ਹਾਂ ਵਿਚੋਂ ਖ਼ੂਨ ਨਿਕਲ ਰਿਹਾ ਹੈ ਪਰ ਕਬੱਡੀ ਕਬੱਡੀ ਦੀ ਰਟ ਜਾਰੀ ਹੈ। ਫਿਰ ਉਸ ਲੜਕੇ ਨੇ ਜਿਵੇਂ ਹਾਰ ਮੰਨ ਲਈ ਤੇ ਜਦੋਂ ਅਖ਼ਤਰ ਦੇ ਸ਼ਿਕੰਜੇ ਵਿਚੋਂ ਛੁਟਿਆ ਤਾਂ ਬੋਲਿਆ, ‘‘ਕਿਉਂ ਓਏ ਕਰਤਾਰੇ, ਤੂੰ ਮੇਰੇ ਮੂੰਹ ’ਤੇ ਗੋਡਾ ਕਿਉਂ ਮਾਰਿਆ?’’
‘‘ਚੰਗਾ ਕੀਤਾ ਜੋ ਮਾਰਿਆ।’’ ਅਖ਼ਤਰ ਆਕੜ ਕੇ ਬੋਲਿਆ ਤੇ ਬਿਖਰੇ ਹੋਏ ਜੂੜੇ ਨੂੰ ਸੰਭਾਲ ਕੇ ਉਸ ਵਿਚ ਕੰਘੀ ਫਸਾਉਣ ਲੱਗਾ।
‘‘ਤੇਰੇ ਰਸੂਲ ਨੇ ਤੈਨੂੰ ਇਹੋ ਸਿਖਾਇਆ ਏ?’’ ਮੁੰਡੇ ਨੇ ਵਿਅੰਗ ਨਾਲ ਆਖਿਆ।
ਅਖ਼ਤਰ ਪਲ ਭਰ ਲਈ ਚਕਰਾ ਗਿਆ। ਫਿਰ ਸੋਚ ਕੇ ਬੋਲਿਆ, ‘‘ਤੇ ਤੇਰੇ ਗੁਰੂ ਨੇ ਭਲਾ ਤੈਨੂੰ ਕੀ ਸਿਖਾਇਆ...?’’
ਸਭ ਮੁੰਡੇ ਅਖ਼ਤਰ ’ਤੇ ਟੁੱਟ ਪਏ ਪਰ ਪਰਮੇਸ਼ਰ ਸਿੰਘ ਦੀ ਇਕ ਕੜਕ ਆਵਾਜ਼ ਨਾਲ ਮੈਦਾਨ ਸਾਫ਼ ਸੀ। ਉਸ ਨੇ ਅਖ਼ਤਰ ਦੇ ਪਗੜੀ ਬੰਨ੍ਹੀ ਤੇ ਉਸ ਨੂੰ ਇਕ ਪਾਸੇ ਲਿਜਾ ਕੇ ਬੋਲਿਆ, ‘‘ਸੁਣ ਪੁੱਤਰਾ। ਮੇਰੇ ਕੋਲ ਰਹੇਂਗਾ ਕਿ ਅੰਮੀ ਕੋਲ ਜਾਏਂਗਾ?’’
ਅਖ਼ਤਰ ਕੋਈ ਫ਼ੈਸਲਾ ਨਾ ਕਰ ਸਕਿਆ। ਕੁਝ ਦੇਰ ਤੱਕ ਪਰਮੇਸ਼ਰ ਸਿੰਘ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਖੜ੍ਹਾ ਰਿਹਾ। ਫਿਰ ਮੁਸਕਰਾ ਕੇ ਕਹਿਣ ਲੱਗਾ, ‘‘ਅੰਮੀ ਕੋਲ ਜਾਵਾਂਗਾ।’’
‘‘ਤੇ ਮੇਰੇ ਕੋਲ ਨਹੀਂ ਰਹਿਣਾ...?’’ ਪਰਮੇਸ਼ਰ ਸਿੰਘ ਦਾ ਚਿਹਰਾ ਇਉਂ ਸੁਰਖ਼ ਹੋ ਗਿਆ ਜਿਵੇਂ ਹੁਣੇ ਹੀ ਰੋਣ ਲੱਗ ਪਏਗਾ।
‘‘ਤੇਰੇ ਕੋਲ ਵੀ ਰਹਾਂਗਾ।’’ ਅਖ਼ਤਰ ਨੇ ਬੁਝਾਰਤ ਦਾ ਉੱਤਰ ਦਿੱਤਾ। ਪਰਮੇਸ਼ਰ ਸਿੰਘ ਨੇ ਉਸ ਨੂੰ ਘੁੱਟ ਸੀਨੇ ਲਾ ਲਿਆ ਤੇ ਜਿਹੜੇ ਹੰਝੂ ਵੈਰਾਗ ਬਣ ਕੇ ਉਸ ਦੀਆਂ ਅੱਖਾਂ ਵਿਚ ਜਮ੍ਹਾ ਸਨ ਖ਼ੁਸ਼ੀ ਦੇ ਹੰਝੂ ਬਣ ਕੇ ਵਹਿ ਤੁਰੇ। ਉਹ ਬੋਲਿਆ, ‘‘ਦੇਖ ਪੁੱਤਰਾ, ਅੱਜ ਇੱਥੇ ਫ਼ੌਜ ਆ ਰਹੀ ਐ। ਇਹ ਫ਼ੌਜੀ ਤੈਨੂੰ ਮੈਥੋਂ ਖੋਹਣ ਆ ਰਹੇ ਨੇ। ਸਮਝ ਗਿਆ ਨਾ? ਤੂੰ ਕਿਤੇ ਲੁਕ ਜਾ। ਫੇਰ ਜਦੋਂ ਉਹ ਚਲੇ ਜਾਣਗੇ ਤਾਂ ਮੈਂ ਤੈਨੂੰ ਲੈ ਆਵਾਂਗਾ।’’
ਪਰਮੇਸ਼ਰ ਸਿੰਘ ਨੂੰ ਇਸ ਸਮੇਂ ਦੂਰ ਕਾਫ਼ੀ ਗੁਬਾਰ ਉੱਡਦਾ ਦਿਖਾਈ ਦਿੱਤਾ। ਵੱਟ ’ਤੇ ਖਲ੍ਹੋ ਕੇ ਉਸ ਨੇ ਲੰਬੇ ਜਿਹੇ ਹੋ ਕੇ ਗੁਬਾਰ ਵੱਲ ਦੇਖਿਆ ਤਾਂ ਅਚਾਨਕ ਬੋਲਿਆ, ‘‘ਫ਼ੌਜੀਆਂ ਦੀ ਲਾਰੀ ਆ ਗਈ...।’’ ਉਹ ਵੱਟ ਤੋਂ ਹੇਠਾਂ ਕੁੱਦਿਆ ਤੇ ਫਿਰ ਗੰਨੇ ਦੇ ਖੇਤ ਦਾ ਪੂਰਾ ਚੱਕਰ ਲਗਾ ਆਇਆ।
‘‘ਗਿਆਨ... ਓ ਗਿਆਨ ਸਿੰਹਾਂ।’’ ਉਹ ਚੀਖਿਆ। ਗਿਆਨ ਸਿੰਘ ਫ਼ਸਲ ਦੇ ਅੰਦਰੋਂ ਨਿਕਲਿਆ। ਉਸ ਦੇ ਇਕ ਹੱਥ ਵਿਚ ਦਾਤੀ ਤੇ ਦੂਜੇ ਵਿਚ ਹੱਥ ਵਿਚ ਥੋੜ੍ਹੇ ਜਿਹੇ ਪੱਠੇ ਸਨ। ਪਰਮੇਸ਼ਰ ਸਿੰਘ ਉਸ ਨੂੰ ਪਰ੍ਹਾਂ ਲੈ ਗਿਆ, ਉਸ ਨੂੰ ਕੋਈ ਗੱਲ ਸਮਝਾਈ। ਫਿਰ ਦੋਵੇਂ ਅਖ਼ਤਰ ਕੋਲ ਆਏ। ਗਿਆਨ ਸਿੰਘ ਨੇ ਫ਼ਸਲ ਵਿਚੋਂ ਇਕ ਗੰਨਾ ਤੋੜ ਕੇ ਦਾਤੀ ਨਾਲ ਉਸ ਦੇ ਪੱਤੇ ਕੱਟੇ ਤੇ ਉਸ ਨੂੰ ਅਖ਼ਤਰ ਦੇ ਹਵਾਲੇ ਕਰਦਿਆਂ ਬੋਲਿਆ, ‘‘ਆ ਭਾਈ ਕਰਤਾਰੇ, ਤੂੰ ਮੇਰੇ ਕੋਲ ਬਹਿ ਕੇ ਗੰਨਾ ਚੂਪ ਜਦ ਤੱਕ ਇਹ ਫ਼ੌਜੀ ਚਲੇ ਨਹੀਂ ਜਾਂਦੇ। ਚੰਗਾ ਖਾਸਾ ਬਣਿਆ ਬਣਾਇਆ ਖਾਲਸਾ ਹਥਿਆਉਣ ਆਏ ਨੇ ਹੂੰ...।’’ ਪਰਮੇਸ਼ਰ ਸਿੰਘ ਨੇ ਅਖ਼ਤਰ ਕੋਲੋਂ ਜਾਣ ਦੀ ਇਜਾਜ਼ਤ ਮੰਗੀ ਤੇ ਅਖ਼ਤਰ ਨੇ ਦੰਦਾਂ ਵਿਚ ਗੰਨੇ ਦਾ ਵੱਡਾ ਜਿਹਾ ਛਿਲੜ ਜਕੜਦਿਆਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਇਜ਼ਾਜਤ ਪਾ ਕੇ ਪਰਮੇਸ਼ਰ ਸਿੰਘ ਪਿੰਡ ਵੱਲ ਨੱਠਿਆ। ਫ਼ੌਜੀਆਂ ਦੀ ਲਾਰੀ ਪਿੰਡ ਵੱਲ ਆ ਰਹੀ ਸੀ।
ਘਰ ਜਾ ਕੇ ਉਸ ਨੇ ਆਪਣੀ ਪਤਨੀ ਤੇ ਬੇਟੀ ਨੂੰ ਸਮਝਾਇਆ। ਫਿਰ ਹਫੜਾ ਦਫੜੀ ਵਿਚ ਗਰੰਥੀ ਜੀ ਕੋਲ ਗਿਆ। ਉਨ੍ਹਾਂ ਨਾਲ ਗੱਲ ਕਰ ਕੇ ਫਿਰ ਏਧਰ ਉੱਧਰ ਦੂਜੇ ਲੋਕਾਂ ਨੂੰ ਵੀ ਸਮਝਾਉਂਦਾ ਰਿਹਾ। ਜਦੋਂ ਫ਼ੌਜੀਆਂ ਦੀ ਲਾਰੀ ਧਰਮਸ਼ਾਲਾ ਤੋਂ ਉੱਧਰ ਖੇਤ ਵਿਚ ਰੁਕੀ ਤਾਂ ਸਾਰੇ ਫ਼ੌਜੀ ਤੇ ਪੁਲੀਸ ਵਾਲੇ ਗਰੰਥੀ ਜੀ ਕੋਲ ਆਏ। ਉਨ੍ਹਾਂ ਨਾਲ ਇਲਾਕੇ ਦਾ ਨੰਬਰਦਾਰ ਵੀ ਸੀ। ਮੁਸਲਮਾਨ ਲੜਕੀਆਂ ਦੇ ਸਬੰਧ ਵਿਚ ਪੁੱਛਗਿੱਛ ਹੁੰਦੀ ਰਹੀ। ਗਰੰਥੀ ਜੀ ਨੇ ਸਹੁੰ ਖਾ ਕੇ ਕਹਿ ਦਿੱਤਾ ਕਿ ਇਸ ਪਿੰਡ ਵਿਚ ਹੁਣ ਕੋਈ ਮੁਸਲਮਾਨ ਨਹੀਂ। ਕੋਈ ਪਰਮੇਸ਼ਰ ਸਿੰਘ ਦੇ ਕੰਨ ਵਿਚ ਫੁਸਫੁਸਾਇਆ ਤੇ ਆਲੇ-ਦੁਆਲੇ ਦੇ ਸਿੱਖ ਪਰਮੇਸ਼ਰ ਸਿੰਘ ਸਹਿਤ ਮੁਸਕਰਾਉਣ ਲੱਗੇ। ਫਿਰ ਇਕ ਫ਼ੌਜੀ ਅਫਸਰ ਨੇ ਪਿੰਡ ਵਾਲਿਆਂ ਦੇ ਸਾਹਮਣੇ ਭਾਸ਼ਨ ਦਿੱਤਾ। ਉਸ ਨੇ ਮਮਤਾ ’ਤੇ ਬੜਾ ਜ਼ੋਰ ਦਿੱਤਾ ਜਿਹੜੀ ਉਨ੍ਹਾਂ ਮਾਵਾਂ ਦੇ ਦਿਲਾਂ ਵਿਚ ਟੀਸ ਬਣ ਕੇ ਰਹਿ ਗਈ ਜਿਨ੍ਹਾਂ ਦੀਆਂ ਧੀਆਂ ਖੋਹ ਲਈਆਂ ਗਈਆਂ ਸਨ।
‘‘ਹੋਰ ਧਰਮ ਕੀ ਏ ਦੋਸਤੋ?’’ ਉਸ ਨੇ ਕਿਹਾ ਸੀ, ‘‘ਸੰਸਾਰ ਦਾ ਹਰ ਧਰਮ ਇਨਸਾਨ ਨੂੰ ਇਨਸਾਨ ਬਣਨਾ ਸਿਖਾਉਂਦਾ ਹੈ ਤੇ ਤੁਸੀਂ ਧਰਮ ਦੇ ਨਾਂ ਲੈ ਕੇ ਇਨਸਾਨ ਨੂੰ ਇਨਸਾਨ ਨਾਲ ਲੜਾਉਂਦੇ ਹੋ। ਉਨ੍ਹਾਂ ਦੀ ਆਬਰੂ ਨਾਲ ਖੇਡਦੇ ਹੋ ਤੇ ਕਹਿੰਦੇ ਹੋ ਅਸੀਂ ਸਿੱਖ ਆਂ, ਅਸੀਂ ਮੁਸਲਮਾਨ ਆਂ, ਅਸੀਂ ਵਾਹਿਗੁਰੂ ਦੇ ਚੇਲੇ ਆਂ ਤੇ ਰਸੂਲ ਦੇ ਗੁਲਾਮ ਆਂ।’’
ਭਾਸ਼ਨ ਮਗਰੋਂ ਭੀੜ ਖਿੰਡਣ ਲੱਗੀ। ਫ਼ੌਜੀਆਂ ਦੇ ਅਫ਼ਸਰ ਨੇ ਗਰੰਥੀ ਜੀ ਦਾ ਧੰਨਵਾਦ ਕੀਤਾ, ਉਨ੍ਹਾਂ ਨਾਲ ਹੱਥ ਮਿਲਾਇਆ ਤੇ ਲਾਰੀ ਚਲੀ ਗਈ।
ਸਭ ਤੋਂ ਪਹਿਲਾਂ ਗਰੰਥੀ ਜੀ ਨੇ ਪਰਮੇਸ਼ਰ ਸਿੰਘ ਨੂੰ ਮੁਬਾਰਕਬਾਦ ਦਿੱਤੀ। ਫਿਰ ਦੂਜੇ ਲੋਕਾਂ ਨੇ ਪਰਮੇਸ਼ਰ ਸਿੰਘ ਨੂੰ ਘੇਰ ਲਿਆ ਤੇ ਉਸ ਨੂੰ ਮੁਬਾਰਕਬਾਦ ਦੇਣ ਲੱਗੇ। ਪਰ ਪਰਮੇਸ਼ਰ ਸਿੰਘ ਲਾਰੀ ਦੇ ਆਉਣ ਤੋਂ ਪਹਿਲਾਂ ਬਦਹਵਾਸ ਹੋ ਰਿਹਾ ਸੀ ਤਾਂ ਹੁਣ ਲਾਰੀ ਜਾਣ ਦੇ ਬਾਅਦ ਲੁੱਟਿਆ ਖਸੁੱਟਿਆ ਲੱਗ ਰਿਹਾ ਸੀ। ਫਿਰ ਉਹ ਪਿੰਡ ਤੋਂ ਨਿਕਲ ਕੇ ਗਿਆਨ ਸਿੰਘ ਦੇ ਖੇਤ ਵਿਚ ਗਿਆ। ਅਖ਼ਤਰ ਨੂੰ ਮੋਢੇ ’ਤੇ ਬਿਠਾ ਕੇ ਘਰ ਲੈ ਆਇਆ। ਰੋਟੀ ਖੁਆਉਣ ਤੋਂ ਬਾਅਦ ਉਸ ਨੂੰ ਮੰਜੀ ’ਤੇ ਲਿਟਾ ਦਿੱਤਾ ਤੇ ਥਾਪੜ ਕੇ ਸੁਆ ਦਿੱਤਾ। ਪਰਮੇਸ਼ਰ ਸਿੰਘ ਦੇਰ ਤੱਕ ਮੰਜੇ ’ਤੇ ਬੈਠਾ ਰਿਹਾ। ਕਦੇ ਦਾੜ੍ਹੀ ਖੁਜਲਾਉਂਦਾ ਤੇ ਏਧਰ ਉੱਧਰ ਦੇਖ ਕੇ ਫਿਰ ਸੋਚੀਂ ਪੈ ਜਾਂਦਾ। ਗੁਆਂਢ ਦੀ ਛੱਤ ’ਤੇ ਖੇਡਦਾ ਇਕ ਬੱਚਾ ਅਚਾਨਕ ਆਪਣੀ ਅੱਡੀ ਫੜ੍ਹ ਕੇ ਬਹਿ ਗਿਆ ਤੇ ਸਿਸਕ ਸਿਸਕ ਕੇ ਰੋਣ ਲੱਗਾ, ‘‘ਹਾਏ ਏਨਾ ਵੱਡਾ ਕੰਡਾ ਚੁਭ ਗਿਆ, ਪੂਰੇ ਦਾ ਪੂਰਾ...।’’ ਉਹ ਚੀਖ਼ਿਆ ਤਾਂ ਉਸ ਦੀ ਮਾਂ ਨੰਗੇ ਸਿਰ ਉੱਪਰ ਭੱਜੀ। ਉਸ ਨੂੰ ਗੋਦ ਵਿਚ ਲੈ ਲਿਆ। ਫਿਰ ਥੱਲੇ ਕੁੜੀ ਨੂੰ ਆਵਾਜ਼ ਮਾਰ ਕੇ ਸੂਈ ਮੰਗਵਾਈ। ਕੰਡਾ ਨਿਕਲਣ ਮਗਰੋਂ ਉਸ ਨੂੰ ਬੇਤਹਾਸ਼ਾ ਚੁੰਮਿਆ ਤੇ ਥੱਲੇ ਝੁਕ ਕੇ ਬੋਲੀ, ‘‘ਮੇਰੀ ਚੁੰਨੀ ਤਾਂ ਉੱਤੇ ਸੁੱਟੀਂ। ਕਿਵੇਂ ਬੇਹਯਾਈ ਨਾਲ ਉੱਪਰ ਆ ਗਈ।’’
ਪਰਮੇਸ਼ਰ ਸਿੰਘ ਨੇ ਕੁਝ ਦੇਰ ਬਾਅਦ ਚੌਂਕ ਕੇ ਪਤਨੀ ਕੋਲੋਂ ਪੁੱਛਿਆ, ‘‘ਕੀ ਤੈਨੂੰ ਕਰਤਾਰਾ ਹੁਣ ਵੀ ਯਾਦ ਆਉਂਦੈ...?’’
‘‘ਲੈ ਹੋਰ ਸੁਣੋ।’’ ਪਤਨੀ ਬੋਲੀ ਤੇ ਫਿਰ ਰੋਣਹਾਕੀ ਜਿਹੀ ਹੋ ਕੇ ਬੋਲੀ, ‘‘ਕਰਤਾਰਾ ਤਾਂ ਮੇਰੇ ਕਲੇਜੇੇ ਦਾ ਨਾਸੂਰ ਬਣ ਗਿਐ ਪਰਮੇਸ਼ਰਿਆ...।’’
ਕਰਤਾਰੇ ਦਾ ਨਾਂ ਸੁਣ ਕੇ ਓਧਰ ਤੋਂ ਅਮਰ ਕੌਰ ਉੱਠ ਕੇ ਆਈ ਤੇ ਮਾਂ ਦੇ ਗੋਡੇ ਕੋਲ ਬਹਿ ਕੇ ਰੋਣ ਲੱਗੀ। ਪਰਮੇਸ਼ਰ ਸਿੰਘ ਐਵੇਂ ਭੜਕ ਕੇ ਜਲਦੀ ਨਾਲ ਉੱਠ ਬੈਠਿਆ ਜਿਵੇਂ ਉਸ ਨੇ ਸ਼ੀਸ਼ੇ ਦੇ ਭਾਂਡਿਆਂ ਨਾਲ ਭਰਿਆ ਹੋਇਆ ਥਾਲ ਅਚਾਨਕ ਜ਼ਮੀਨ ’ਤੇ ਦੇ ਮਾਰਿਆ ਹੋਵੇ।
ਸ਼ਾਮ ਦੀ ਰੋਟੀ ਮਗਰੋਂ ਉਹ ਅਖ਼ਤਰ ਨੂੰ ਉਂਗਲੀ ਤੋਂ ਫੜ੍ਹ ਕੇ ਬਾਹਰ ਵਿਹੜੇ ਵਿਚ ਲੈ ਆਇਆ ਤੇ ਬੋਲਿਆ, ‘‘ਅੱਜ ਤਾਂ ਦਿਨ ਭਰ ਖ਼ੂਬ ਸੁੱਤਾ ਹੋਏਂਗਾ ਪੁੱਤਰ। ਚੱਲ ਅੱਜ ਜ਼ਰਾ ਘੁੰਮਣ ਚਲਦੇ ਆਂ। ਚਾਨਣੀ ਰਾਤ ਐ।’’
ਅਖ਼ਤਰ ਤੁਰੰਤ ਮੰਨ ਗਿਆ। ਪਰਮੇਸ਼ਰ ਸਿੰਘ ਨੇ ਉਸ ਨੂੰ ਕੰਬਲ ਵਿਚ ਲਪੇਟਿਆ ਤੇ ਮੋਢੇ ’ਤੇ ਬਿਠਾ ਲਿਆ। ਖੇਤਾਂ ਵਿਚ ਆ ਕੇ ਉਹ ਬੋਲਿਆ, ‘‘ਇਹ ਚੰਨ ਜਿਹੜਾ ਪੂਰਬ ਤੋਂ ਨਿਕਲ ਰਿਹਾ ਏ ਨਾ ਪੁੱਤਰ, ਜਦੋਂ ਇਹ ਸਾਡੇ ਸਿਰ ’ਤੇ ਪਹੁੰਚੇਗਾ ਤਾਂ ਸਵੇਰ ਹੋ ਜਾਵੇਗੀ।’’ ਅਖ਼ਤਰ ਚੰਨ ਵੱਲ ਤੱਕਣ ਲੱਗਾ।
‘‘ਇਹ ਚੰਨ ਜਿਹੜਾ ਚਮਕ ਰਿਹਾ ਹੈ ਨਾ ਉੱਥੇ ਵੀ ਚਮਕ ਰਿਹਾ ਹੋਣਾ ਤੇਰੀ ਅੰਮੀ ਦੇ ਦੇਸ਼ ਵਿਚ ਹੈ ਨਾ?’’
ਇਸ ਵਾਰ ਅਖ਼ਤਰ ਨੇ ਝੁਕ ਕੇ ਪਰਮੇਸ਼ਰ ਸਿੰਘ ਵੱਲ ਦੇਖਣ ਦੀ ਕੋਸ਼ਿਸ਼ ਕੀਤੀ।
‘‘ਇਹ ਚੰਨ ਆਪਣੇ ਸਿਰ ’ਤੇ ਆਏਗਾ ਤਾਂ ਉੱਥੇ ਤੇਰੀ ਅੰਮੀ ਦੇ ਸਿਰ ’ਤੇ ਵੀ ਆਏਗਾ।’’
‘‘ਆਪਾਂ ਇਸ ਸਮੇਂ ਜੋ ਚੰਨ ਦੇਖ ਰਹੇ ਆਂ ਕੀ ਇਸ ਵੇਲੇ ਅੰਮੀ ਵੀ ਵੇਖ ਰਹੀ ਹੋਣੀ?’’
‘‘ਹਾਂ...।’’ ਪਰਮੇਸ਼ਰ ਸਿੰਘ ਦੀ ਆਵਾਜ਼ ਵਿਚ ਗੂੰਜ ਸੀ। ਕਹਿਣ ਲੱਗਾ, ‘‘ਚੱਲੇਂਗਾ ਅੰਮੀ ਕੋਲ?’’
‘‘ਹਾਂ।’’ ਅਖਤਰ ਬੋਲਿਆ, ‘‘ਪਰ ਤੂੰ ਤਾਂ ਜਾਂਦਾ ਨੀਂ, ਤੂੰ ਬੜਾ ਖਰਾਬ ਐਂ। ਤੂੰ ਸਿੱਖ ਐਂ ਨਾ।’’
ਪਰਮੇਸ਼ਰ ਸਿੰਘ ਬੋਲਿਆ, ‘‘ਨਹੀਂ ਪੁੱਤਰ, ਅੱਜ ਤਾਂ ਤੈਨੂੰ ਜ਼ਰੂਰ ਲੈ ਕੇ ਜਾਵਾਂਗਾ। ਤੇਰੀ ਅੰਮੀ ਦੀ ਚਿੱਠੀ ਆਈ ਐ। ਉਹ ਕਹਿੰਦੀ ਐ ਮੈਂ ਅਖ਼ਤਰ ਬੇਟੇ ਲਈ ਉਦਾਸ ਆਂ।’’
‘‘ਮੈਂ ਵੀ ਤਾਂ ਉਦਾਸ ਆਂ।’’ ਅਖ਼ਤਰ ਨੂੰ ਕੋਈ ਭੁੱਲੀ ਯਾਦ ਆ ਗਈ।
‘‘ਮੈਂ ਤੈਨੂੰ ਤੇਰੀ ਅੰਮੀ ਕੋਲ ਹੀ ਲੈ ਕੇ ਜਾ ਰਿਹਾ ਹਾਂ।’’
‘‘ਸੱਚ...।’’ ਅਖ਼ਤਰ ਪਰਮੇਸ਼ਰ ਸਿੰਘ ਦੇ ਮੋਢੇ ਤੋਂ ਕੁੱਦਣ ਲੱਗਾ। ਫਿਰ ਜ਼ੋਰ ਜ਼ੋਰ ਨਾਲ ਬੋਲਣ ਲੱਗਾ, ‘‘ਮੈਂ ਅੰਮੀ ਕੋਲ ਚੱਲਾਂ। ਪਰਮਾ ਮੈਨੂੰ ਅੰਮੀ ਕੋਲ ਲੈ ਚੱਲਿਐ, ਮੈਂ ਉੱਥੋਂ ਪਰਮੇ ਨੂੰ ਚਿੱਠੀ ਲਿਖਾਂਗਾ...।’’
ਪਰਮੇਸ਼ਰ ਸਿੰਘ ਚੁੱਪਚਾਪ ਰੋਂਦਾ ਹੋਇਆ ਜਾ ਰਿਹਾ ਸੀ। ਹੰਝੂ ਪੂੰਝ ਕੇ ਤੇ ਗਲਾ ਸਾਫ਼ ਕਰਕੇ ਉਸ ਨੇ ਅਖ਼ਤਰ ਕੋਲੋਂ ਪੁੱਛਿਆ, ‘‘ਗਾਣਾ ਸੁਣੇਂਗਾ...?’’
‘‘ਹਾਂ।’’
‘‘ਪਹਿਲਾਂ ਤੂੰ ਕੁਰਾਨ ਸੁਣਾ।’’
‘‘ਅੱਛਾ’’ ਤੇ ਅਖ਼ਤਰ ਉਸ ਨੂੰ ਕੁਰਾਨ ਸੁਣਾਉਣ ਲੱਗਾ। ਫਿਰ ਵਿਚੋਂ ਹੀ ਰੁਕਦਾ ਹੋਇਆ ਬੋਲਿਆ, ‘‘ਹੁਣ ਤੂੰ ਸੁਣਾ।’’
ਪਰਮੇਸ਼ਰ ਸਿੰਘ ਨੇ ਅਖ਼ਤਰ ਨੂੰ ਦੂਜੇ ਮੋਢੇ ’ਤੇ ਬਿਠਾ ਲਿਆ। ਉਸ ਨੂੰ ਬੱਚਿਆਂ ਦਾ ਕੋਈ ਗੀਤ ਯਾਦ ਨਹੀਂ ਸੀ। ਇਸ ਲਈ ਉਸ ਨੇ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤੇ ਗਾਉਂਦੇ ਹੋਏ ਤੇਜ਼ ਤੇਜ਼ ਚੱਲਣ ਲੱਗਾ। ਅਖ਼ਤਰ ਚੁੱਪਚਾਪ ਸੁਣਦਾ ਰਿਹਾ।
ਚੰਨ ਕਾਫ਼ੀ ਉਚਾਈ ’ਤੇ ਆ ਗਿਆ ਸੀ। ਰਾਤ ਖ਼ਾਮੋਸ਼ ਸੀ। ਕਦੇ ਕਦੇ ਗੰਨੇ ਦੇ ਖੇਤਾਂ ਦੇ ਆਲੇ-ਦੁਆਲੇ ਗਿੱਦੜ ਰੋਂਦੇ ਤੇ ਫਿਰ ਚੁੱਪ ਛਾ ਜਾਂਦੀ। ਅਖ਼ਤਰ ਪਹਿਲਾਂ ਗਿੱਦੜਾਂ ਦੀ ਆਵਾਜ਼ ਸੁਣ ਕੇ ਘਬਰਾ ਜਾਂਦਾ ਪਰ ਫੇਰ ਪਰਮੇਸ਼ਰ ਸਿੰਘ ਦੇ ਸਮਝਾਉਣ ’ਤੇ ਭੁੱਲ ਜਾਂਦਾ।
ਪਰਮੇਸ਼ਰ ਸਿੰਘ ਨੇ ਟਿੱਬੇ ’ਤੇ ਚੜ੍ਹ ਕੇ ਦੂਰ ਤੱਕ ਦੇਖਿਆ ਤੇ ਬੋਲਿਆ, ‘‘ਤੇਰੀ ਅੰਮੀ ਦਾ ਦੇਸ ਪਤਾ ਨੀਂ ਕਿਧਰ ਚਲਾ ਗਿਆ।’’ ਉਹ ਕੁਝ ਦੇਰ ਟਿੱਬੇ ’ਤੇ ਖੜ੍ਹਾ ਰਿਹਾ। ਜਦੋਂ ਅਚਾਨਕ ਦੂਰੋਂ ਕਿਤੇ ਅਜ਼ਾਨ ਦੀ ਆਵਾਜ਼ ਸੁਣਨ ਲੱਗੀ ਤਾਂ ਅਖ਼ਤਰ ਮਾਰੇ ਖ਼ੁਸ਼ੀ ਦੇ ਇੰਝ ਕੁੱਦਿਆ ਕਿ ਪਰਮੇਸ਼ਰ ਸਿੰਘ ਨੇ ਬੜੀ ਮੁਸ਼ਕਲ ਉਸ ਨੂੰ ਸੰਭਾਲਿਆ। ਉਸ ਨੂੰ ਮੋਢੇ ਤੋਂ ਲਾਹ ਕੇ ਉਹ ਜ਼ਮੀਨ ’ਤੇ ਬਹਿ ਗਿਆ। ਫਿਰ ਖੜ੍ਹੇ ਹੋਏ ਅਖ਼ਤਰ ਦੇ ਮੋਢਿਆਂ ’ਤੇ ਹੱਥ ਧਰ ਕੇ ਕਹਿਣ ਲੱਗਾ, ‘‘ਜਾਹ ਬੇਟਾ, ਤੇਰੀ ਅੰਮੀ ਨੇ ਆਵਾਜ਼ ਦਿੱਤੀ ਐ। ਤੂੰ ਬਸ ਇਸ ਆਵਾਜ਼ ਦੀ ਸੇਧ ਵਿਚ...।’’
‘‘ਸ਼...ਸ਼...।’’ ਅਖ਼ਤਰ ਨੇ ਆਪਣੇ ਬੁੱਲ੍ਹਾਂ ’ਤੇ ਉਂਗਲ ਰੱਖ ਦਿੱਤੀ ਤੇ ਹੌਲੀ ਜਿਹੇ ਕਿਹਾ, ‘‘ਅਜ਼ਾਨ ਦੇ ਵਕਤ ਨਹੀਂ ਬੋਲਦੇ...।’’
‘‘ਪਰ ਮੈਂ ਤਾਂ ਸਿੱਖ ਆਂ ਪੁੱਤਰ।’’ ਪਰਮੇਸ਼ਰ ਸਿੰਘ ਨੇ ਕਿਹਾ।
ਇਸ ’ਤੇ ਅਖ਼ਤਰ ਨੇ ਵਿਗੜਦਿਆਂ ਉਸ ਨੂੰ ਘੂਰਿਆ।
ਪਰਮੇਸ਼ਰ ਸਿੰਘ ਨੇ ਉਸ ਨੂੰ ਗੋਦੀ ਵਿਚ ਬਿਠਾ ਲਿਆ। ਉਸ ਦੇ ਮੱਥੇ ਨੂੰ ਚੁੰਮਿਆ ਤੇ ਅਜ਼ਾਨ ਖ਼ਤਮ ਹੋਣ ਮਗਰੋਂ ਆਸਤੀਨਾਂ ਨਾਲ ਅੱਖਾਂ ਰਗੜਦਿਆਂ ਭਰੇ ਮਨ ਨਾਲ ਕਹਿਣ ਲੱਗਾ, ‘‘ਮੈਂ ਇੱਥੋਂ ਅੱਗੇ ਨਹੀਂ ਜਾਵਾਂਗਾ, ਬਸ ਤੂੰ...।’’
‘‘ਕਿਉਂ, ਕਿਉਂ ਨੀਂ ਜਾਏਂਗਾ...?’’ ਅਖ਼ਤਰ ਨੇ ਪੁੱਛਿਆ।
‘‘ਤੇਰੀ ਅੰਮੀ ਨੇ ਚਿੱਠੀ ਵਿਚ ਇਹੋ ਲਿਖਿਆ ਹੈ ਕਿ ਅਖ਼ਤਰ ਇਕੱਲਾ ਆਏਗਾ।’’
ਪਰਮੇਸ਼ਰ ਸਿੰਘ ਨੇ ਅਖ਼ਤਰ ਨੂੰ ਟਾਲਦਿਆਂ ਕਿਹਾ, ‘‘ਬਸ ਤੂੰ ਸਿੱਧਾ ਚਲਾ ਜਾਹ। ਸਾਹਮਣੇ ਇਕ ਪਿੰਡ ਆਊ, ਉੱਥੇ ਜਾ ਕੇ ਆਪਣਾ ਨਾਂ ਦੱਸੀਂ। ਕਰਤਾਰਾ ਨਹੀਂ ਅਖ਼ਤਰ। ਫਿਰ ਆਪਣੀ ਅੰਮੀ ਦਾ ਨਾਂ ਦੱਸੀਂ। ਆਪਣੇ ਪਿੰਡ ਦਾ ਨਾਂ ਦੱਸੀਂ। ਨਾਲੇ ਹਾਂ ਆਪਣੇ ਪਿੰਡ ਪਹੁੰਚਦਿਆਂ ਈ ਮੈਨੂੰ ਇਕ ਖ਼ਤ ਜ਼ਰੂਰ ਪਾਈਂ।’’
‘‘ਲਿਖਾਂਗਾ।’’ ਅਖ਼ਤਰ ਨੇ ਵਾਅਦਾ ਕੀਤਾ।
‘‘ਤੇ ਹਾਂ ਜੇ ਤੈਨੂੰ ਕਰਤਾਰੇ ਨਾਂ ਦਾ ਕੋਈ ਲੜਕਾ ਮਿਲੇ ਤਾਂ ਉਸ ਨੂੰ ਏਧਰ ਭੇਜ ਦੇਈਂ।’’
‘‘ਅੱਛਾ।’’
ਪਰਮੇਸ਼ਰ ਸਿੰਘ ਨੇ ਇਕ ਵਾਰ ਫਿਰ ਅਖ਼ਤਰ ਦਾ ਮੱਥਾ ਚੁੰਮਿਆ ਤੇ ਜਿਵੇਂ ਕੁਝ ਹਜ਼ਮ ਕਰਕੇ ਬੋਲਿਆ, ‘‘ਜਾਹ।’’
ਅਖ਼ਤਰ ਕੁਝ ਕਦਮ ਚੱਲਿਆ ਤੇ ਫਿਰ ਮੁੜ ਆਇਆ, ‘‘ਤੂੰ ਵੀ ਆ ਨਾ।’’
‘‘ਨਾ ਬਈ ਨਾ, ਤੇਰੀ ਅੰਮੀ ਨੇ ਚਿੱਠੀ ਵਿਚ ਇਹ ਨੀਂ ਲਿਖਿਆ।’’
‘‘ਮੈਨੂੰ ਡਰ ਲੱਗਦੈ।’’
‘‘ਕੁਰਾਨ ਕਿਉਂ ਨੀਂ ਪੜ੍ਹਦਾ?’’ ਪਰਮੇਸ਼ਰ ਸਿੰਘ ਨੇ ਸਲਾਹ ਦਿੱਤੀ।
‘‘ਅੱਛਾ।’’ ਗੱਲ ਸਮਝ ਵਿਚ ਆ ਗਈ ਤੇ ਉਹ ਕੁਰਾਨ ਪੜ੍ਹਦਾ ਹੋਇਆ ਜਾਣ ਲੱਗਾ। ਪਰਮੇਸ਼ਰ ਸਿੰਘ ਉਸ ’ਤੇ ਨਜ਼ਰਾਂ ਗਡਾਈਂ ਬੈਠਾ ਰਿਹਾ ਤੇ ਜਦੋਂ ਅਖ਼ਤਰ ਇਕ ਬਿੰਦੂ ਵਿਚ ਨਹੀਂ ਬਦਲ ਗਿਆ ਉਹ ਉੱਥੋਂ ਨਾ ਹਿਲਿਆ।
ਅਖ਼ਤਰ ਅਜੇ ਪਿੰਡ ਦੇ ਕੋਲ ਨਹੀਂ ਪਹੁੰਚਿਆ ਸੀ ਕਿ ਦੋ ਸਿਪਾਹੀ ਉਸ ਵੱਲ ਆਏ ਤੇ ਉਸ ਨੂੰ ਰੋਕ ਕੇ ਪੁੱਛਣ ਲੱਗੇ, ‘‘ਕੌਣ ਐਂ ਤੂੰ?’’
‘‘ਅਖ਼ਤਰ...।’’ ਉਹ ਇੰਝ ਬੋਲਿਆ ਜਿਵੇਂ ਸਾਰਾ ਜਹਾਨ ਉਸ ਨੂੰ ਜਾਣਦਾ ਹੋਵੇ।
‘‘ਅਖ਼ਤਰ...?’’ ਦੋਵੇਂ ਸਿਪਾਹੀ ਕਦੇ ਅਖ਼ਤਰ ਦੇ ਚਿਹਰੇ ਵੱਲ ਤੇ ਕਦੇ ਉਸ ਦੀ ਪਗੜੀ ਵੱਲ ਦੇਖਦੇ। ਫਿਰ ਇਕ ਨੇ ਅੱਗੇ ਵਧ ਕੇ ਉਸ ਦੀ ਪਗੜੀ ਝਟਕੇ ਨਾਲ ਲਾਹ ਦਿੱਤੀ ਤੇ ਅਖ਼ਤਰ ਦੇ ਕੇਸ ਬਿਖਰ ਕੇ ਇਧਰ ਉਧਰ ਖਿੰਡ ਗਏ। ਅਖ਼ਤਰ ਨੇ ਆਪਣੀ ਪਗੜੀ ਝਪਟ ਲਈ ਤੇ ਇਕ ਹੱਥ ਨਾਲ ਸਿਰ ਨੂੰ ਟਟੋਲਦਿਆਂ ਉਹ ਜ਼ਮੀਨ ’ਤੇ ਬਹਿ ਗਿਆ ਤੇ ਰੋਂਦਾ ਹੋਇਆ ਬੋਲਿਆ, ‘‘ਮੇਰੀ ਕੰਘੀ ਲਿਆਓ। ਤੁਸੀਂ ਮੇਰੀ ਕੰਘੀ ਲੈ ਲਈ, ਦੇਵੋ ਨਹੀਂ ਤਾਂ ਮਾਰਾਂਗਾ...।’’
ਇਕਦਮ ਦੋਵੇਂ ਸਿਪਾਹੀ ਜ਼ਮੀਨ ’ਤੇ ਡਿੱਗੇ ਤੇ ਬੰਦੂਕ ਨੂੰ ਮੋਢਿਆਂ ’ਤੇ ਰੱਖ ਕੇ ਜਿਵੇਂ ਨਿਸ਼ਾਨਾ ਲਗਾਉਣ ਲੱਗੇ। ਫਿਰ ਵਧਦੇ ਹੋਏ ਚਾਨਣ ਵਿਚ ਉਨ੍ਹਾਂ ਨੇ ਇਕ ਦੂਜੇ ਵੱਲ ਦੇਖਿਆ ਤੇ ਇਕ ਨੇ ਫਾਇਰ ਕਰ ਦਿੱਤਾ। ਅਖ਼ਤਰ ਫਾਇਰ ਦੀ ਆਵਾਜ਼ ਵਿਚ ਦਹਿਲ ਗਿਆ ਤੇ ਸਿਪਾਹੀਆਂ ਨੂੰ ਇਕ ਪਾਸੇ ਭੱਜਦਾ ਦੇਖ ਕੇ ਉਹ ਵੀ ਰੋਂਦਾ ਚੀਕਦਾ ਉਨ੍ਹਾਂ ਪਿੱਛੇ ਭੱਜਿਆ।
ਸਿਪਾਹੀ ਜਦ ਇਕ ਜਗ੍ਹਾ ਜਾ ਕੇ ਰੁਕੇ ਤਾਂ ਪਰਮੇਸ਼ਰ ਸਿੰਘ ਆਪਣੇ ਪੱਟ ’ਤੇ ਕਸ ਕੇ ਪੱਟੀ ਬੰਨ੍ਹ ਚੁੱਕਿਆ ਸੀ ਪਰ ਖ਼ੂਨ ਉਸ ਦੀ ਪਗੜੀ ਦੀਆਂ ਕਿੰਨੀਆਂ ਹੀ ਪਰਤਾਂ ਵਿਚੋਂ ਵੀ ਫੁੱਟ ਆਇਆ। ਉਹ ਕਹਿ ਰਿਹਾ ਸੀ, ‘‘ਮੈਨੂੰ ਕਿਉਂ ਮਾਰਿਆ ਤੁਸੀਂ, ਮੈਂ ਤਾਂ ਅਖ਼ਤਰ ਦੇ ਕੇਸ ਕੱਟਣਾ ਹੀ ਭੁੱਲ ਗਿਆ ਸੀ। ਮੈਂ ਅਖ਼ਤਰ ਨੂੰ ਉਸ ਦਾ ਧਰਮ ਵਾਪਸ ਦੇਣ ਆਇਆ ਸੀ ਯਾਰੋ...।’’ ਤੇ ਅਖ਼ਤਰ ਭੱਜਿਆ ਆ ਰਿਹਾ ਸੀ ਤੇ ਉਸ ਦੇ ਕੇਸ ਹਵਾ ਵਿਚ ਉੱਡ ਰਹੇ ਸਨ।
- ਕਹਾਣੀ ਅਨੁ: ਹਰਿੰਦਰ ਸਿੰਘ ਗੋਗਨਾ
Add a review