ਬਚਿੱਤਰ ਦੀ ਨੌਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੋ ਮਹੀਨੇ ਬਾਅਦ ਹੋਣ ਜਾ ਰਹੀ ਸੀ। ਉਸ ਨੂੰ ਅਤੇ ਉਸ ਦੇ ਕੁਝ ਦੋਸਤਾਂ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਦੀ ਜਮਾਤ ਦੇ ਕਿਸੇ ਵੀ ਬੱਚੇ ਨੂੰ ਫੇਲ੍ਹ ਨਹੀਂ ਕੀਤਾ ਜਾਵੇਗਾ ਕਿਉਂਕਿ ਕਰੋਨਾ ਕਰਕੇ ਸਾਰੇ ਸਕੂਲ ਬੰਦ ਰਹੇ ਸਨ। ਬੱਚਿਆਂ ਦੀ ਪੜ੍ਹਾਈ ਆਨਲਾਈਨ ਹੀ ਹੋਈ ਸੀ, ਪਰ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਨੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਕਹਿ ਦਿੱਤਾ ਸੀ ਕਿ ਸਾਰੇ ਬੱਚੇ ਇਹ ਧਿਆਨ ਨਾਲ ਸੁਣ ਲੈਣ ਕਿ ਹੁਣ ਸਕੂਲ ਬੰਦ ਨਹੀਂ ਹੋਣੇ। ਕਰੋਨਾ ਕਾਲ ਵਿੱਚ ਬਹੁਤ ਸਾਰੇ ਬੱਚਿਆਂ ਨੇ ਨਾ ਤਾਂ ਆਨਲਾਈਨ ਜਮਾਤਾਂ ਹੀ ਲਗਾਈਆਂ, ਨਾ ਟੈਸਟ ਦਿੱਤੇ, ਨਾ ਦਿਲ ਨਾਲ ਪੜ੍ਹਾਈ ਕੀਤੀ ਤੇ ਨਾ ਹੀ ਅਧਿਆਪਕਾਂ ਦੀ ਨਸੀਹਤ ਸੁਣੀ। ਅਜੇ ਵੀ ਪ੍ਰੀਖਿਆਵਾਂ ਹੋਣ ਲਈ ਦੋ ਮਹੀਨੇ ਪਏ ਨੇ। ਸਾਰੇ ਬੱਚੇ ਦਿਲ ਨਾਲ ਪੜ੍ਹਾਈ ਕਰੋ, ਹੁਣ ਆਨਲਾਈਨ ਪ੍ਰੀਖਿਆਵਾਂ ਨਹੀਂ ਹੋਣਗੀਆਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ।
ਪੜ੍ਹਾਈ ਵਿੱਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੇ ਤਾਂ ਪ੍ਰਿੰਸੀਪਲ ਸਾਹਿਬ ਦੀ ਨਸੀਹਤ ਨੂੰ ਗੱਠ ਬੰਨ੍ਹ ਲਿਆ। ਉਨ੍ਹਾਂ ਨੇ ਦਿਲ ਲਗਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਕੂਲ ਤੋਂ ਛੁੱਟੀ ਲੈਣੀ ਵੀ ਬੰਦ ਕਰ ਦਿੱਤੀ। ਪਰ ਬਚਿੱਤਰ ਵਰਗੇ ਲਾਪ੍ਰਵਾਹ ਅਤੇ ਮਨ ਲਗਾ ਕੇ ਪੜ੍ਹਾਈ ਨਾ ਕਰਨੇ ਵਾਲੇ ਬੱਚਿਆਂ ’ਤੇ ਪ੍ਰਿੰਸੀਪਲ ਸਾਹਿਬ ਦੀ ਨਸੀਹਤ ਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੇ ਇੱਕ ਦੂਜੇ ਬੱਚਿਆਂ ਨੂੰ ਕਿਹਾ, ‘‘ਸਰ ਤਾਂ ਪਿਛਲੇ ਸਾਲ ਵੀ ਇਵੇਂ ਹੀ ਕਹਿੰਦੇ ਸਨ। ਸਕੂਲ ਛੇਤੀ ਹੀ ਬੰਦ ਹੋ ਜਾਣਗੇ, ਆਨਲਾਈਨ ਪ੍ਰੀਖਿਆਵਾਂ ਹੀ ਹੋਣਗੀਆਂ।
ਅਸੀਂ ਘਰ ਤੋਂ ਨਕਲ ਮਾਰ ਕੇ ਪਰਚੇ ਕਰਕੇ ਦੇ ਦਿਆਂਗੇ। ਸਾਨੂੰ ਪੜ੍ਹਾਈ ਕਰਨ ਦੀ ਲੋੜ ਹੀ ਨਹੀਂ। ਜੇਕਰ ਸਕੂਲ ਖੁੱਲ੍ਹੇ ਵੀ ਰਹੇ ਤਾਂ ਵੀ ਸਕੂਲ ਵਾਲੇ ਸਾਨੂੰ ਫੇਲ੍ਹ ਨਹੀਂ ਕਰਨਗੇ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਸਕੂਲ ਬੰਦ ਹੋਣ ਕਾਰਨ ਸਾਡੀ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਹੋ ਸਕੀ।’’ ਬਚਿੱਤਰ ਵੀ ਉਨ੍ਹਾਂ ਬੱਚਿਆਂ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ ਨਾ ਦਿਲ ਲਗਾ ਕੇ ਪੜ੍ਹਾਈ ਕੀਤੀ ਤੇ ਨਾ ਚੰਗੀ ਤਰ੍ਹਾਂ ਟੈਸਟ ਦਿੱਤੇ। ਉਹ ਸਕੂਲ ਤੋਂ ਛੁੱਟੀਆਂ ਵੀ ਕਰਦਾ ਰਿਹਾ। ਨਾ ਉਸ ਨੇ ਅਧਿਆਪਕਾਂ ਦੇ ਕਹਿਣ ਵੱਲ ਧਿਆਨ ਦਿੱਤਾ ਤੇ ਨਾ ਹੀ ਆਪਣੇ ਮੰਮੀ-ਪਾਪਾ ਦਾ ਡਰ ਮੰਨਿਆ। ਸਕੂਲ ਬੰਦ ਹੋਣ ਦੇ ਦਿਨਾਂ ਵਿੱਚ ਉਸ ਨੇ ਆਨਲਾਈਨ ਕਲਾਸਾਂ ਘੱਟ ਵੱਧ ਹੀ ਲਗਾਈਆਂ ਸਨ ਤੇ ਟੈਸਟ ਵੀ ਨਕਲ ਮਾਰ ਕੇ ਹੀ ਦਿੱਤੇ ਸਨ। ਉਹ ਪੜ੍ਹਾਈ ਵਿੱਚ ਚੰਗਾ ਹੋਣ ਦੇ ਬਾਵਜੂਦ ਕਮਜ਼ੋਰ ਹੋ ਗਿਆ ਸੀ।
ਸਕੂਲ ਬੰਦ ਨਹੀਂ ਹੋਏ ਤੇ ਨਾ ਹੀ ਪ੍ਰੀਖਿਆਵਾਂ ਆਨਲਾਈਨ ਹੋਈਆਂ। ਨੌਵੀਂ ਜਮਾਤ ਦੀ ਪ੍ਰੀਖਿਆ ਹੋ ਗਈ। ਬਚਿੱਤਰ ਨੂੰ ਪਤਾ ਸੀ ਕਿ ਉਸ ਦੇ ਪਰਚੇ ਚੰਗੇ ਨਹੀਂ ਹੋਏ, ਪਰ ਆਪਣੇ ਮੰਮੀ-ਪਾਪਾ ਨੂੰ ਝੂਠ ਹੀ ਕਹਿੰਦਾ ਰਿਹਾ ਕਿ ਉਸ ਦੇ ਪਰਚੇ ਠੀਕ ਹੋ ਰਹੇ ਹਨ।
ਸਕੂਲ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਨਿਕਲਿਆ। ਨਤੀਜਾ ਬੋਲਣ ਵਾਲੇ ਅਧਿਆਪਕ ਨੇ ਅੱਵਲ ਰਹਿਣ ਵਾਲੇ ਅਤੇ ਪਾਸ ਹੋਣ ਵਾਲੇ ਬੱਚਿਆਂ ਦੇ ਨਾਂ ਬੋਲਣ ਤੋਂ ਬਾਅਦ ਕਿਹਾ, ਹੁਣ ਜਿਹੜੇ ਬੱਚਿਆਂ ਦੇ ਨਾਂ ਬੋਲੇ ਜਾ ਰਹੇ ਹਨ, ਉਹ ਬੱਚੇ ਹੈ ਤਾਂ ਫੇਲ੍ਹ, ਪਰ ਸਕੂਲ ਬੰਦ ਰਹਿਣ ਕਾਰਨ ਉਨ੍ਹਾਂ ਬੱਚਿਆਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਇੱਕ ਮਹੀਨੇ ਬਾਅਦ ਉਨ੍ਹਾਂ ਬੱਚਿਆਂ ਦੀ ਫੇਰ ਪ੍ਰੀਖਿਆ ਹੋਵੇਗੀ। ਜੇਕਰ ਉਹ ਬੱਚੇ ਪ੍ਰੀਖਿਆ ਪਾਸ ਕਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਚੜ੍ਹਾ ਦਿੱਤਾ ਜਾਵੇਗਾ, ਪਰ ਜੇਕਰ ਉਹ ਬੱਚੇ ਫੇਲ੍ਹ ਹੋ ਜਾਂਦੇ ਹਨ ਤਾਂ ਉਹ ਪਹਿਲੀ ਜਮਾਤ ਵਿੱਚ ਹੀ ਰਹਿਣਗੇ। ਬਚਿੱਤਰ ਵੀ ਫੇਲ੍ਹ ਬੱਚਿਆਂ ਵਿੱਚੋਂ ਇੱਕ ਸੀ। ਨਤੀਜਾ ਸੁਣ ਕੇ ਉਸ ਦਾ ਰੰਗ ਪੀਲਾ ਪੈ ਗਿਆ। ਉਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ। ਉਸ ਨੇ ਆਪਣੇ ਜਮਾਤ ਇੰਚਾਰਜ ਅਧਿਆਪਕ ਤੋਂ ਆਪਣਾ ਨਤੀਜਾ ਮੁੜ ਪਤਾ ਕੀਤਾ। ਉਹ ਫੇਲ੍ਹ ਹੀ ਸੀ।
ਉਸ ਨੇ ਘਰ ਜਾ ਕੇ ਰੋਂਦੇ ਹੋਏ ਆਪਣੇ ਮੰਮੀ-ਪਾਪਾ ਨੂੰ ਆਪਣੇ ਨਤੀਜੇ ਬਾਰੇ ਦੱਸਿਆ। ਉਸ ਦੇ ਪਾਪਾ ਨੇ ਕਿਹਾ, ‘‘ਬੇਟਾ, ਜਿਹੜੇ ਬੱਚੇ ਸਮੇਂ ਦੀ ਕਦਰ ਨਹੀਂ ਕਰਦੇ। ਜੋ ਆਪਣੇ ਆਪ ਨੂੰ ਮਿਹਨਤ ਤੋਂ ਦੂਰ ਕਰ ਲੈਂਦੇ ਹਨ, ਉਨ੍ਹਾਂ ਨੂੰ ਤੇਰੇ ਵਾਂਗ ਇੱਕ ਦਿਨ ਪਛਤਾਉਣਾ ਹੀ ਪੈਂਦਾ ਹੈ। ਤੇਰੇ ਕੋਲ ਇੱਕ ਮਹੀਨੇ ਦਾ ਸਮਾਂ ਹੈ, ਮਿਹਨਤ ਕਰਕੇ ਤੂੰ ਵੀ ਅਗਲੀ ਜਮਾਤ ਵਿੱਚ ਹੋ ਸਕਦਾ ਹੈ।’’ ਉਹ ਆਪਣੇ ਪਾਪਾ ਦੀ ਗੱਲ ਸੁਣ ਕੇ ਆਪਣੇ ਪੜ੍ਹਨ ਵਾਲੇ ਕਮਰੇ ਵਿੱਚ ਚਲਾ ਗਿਆ। ਉਸ ਨੂੰ ਕਮਰੇ ਵਿੱਚ ਵੜਦਿਆਂ ਹੀ ਇੰਜ ਲੱਗਾ ਕਿ ਮੇਜ਼ ’ਤੇ ਪਈਆਂ ਪੁਸਤਕਾਂ ਬੋਲ ਰਹੀਆਂ ਹੋਣ ਤੇ ਉਸ ਨੂੰ ਕਹਿ ਰਹੀਆਂ ਹੋਣ ਕਿ ਹੁਣ ਵੀ ਕੁਝ ਨਹੀਂ ਬਿਗੜਿਆ, ‘ਤੂੰ ਮਿਹਨਤ ਕਰ, ਤੇਰੀ ਮਿਹਨਤ ਜ਼ਰੂਰ ਰੰਗ ਲਿਆਏਗੀ।’ ਉਸ ਨੂੰ ਪੁਸਤਕਾਂ ਦੇ ਬੋਲ ਸਮਝ ਆ ਗਏ। ਉਸ ਨੇ ਮਿਹਨਤ ਕੀਤੀ ਤੇ ਉਹ ਮਹੀਨੇ ਬਾਅਦ ਹੋਣ ਵਾਲੀ ਪ੍ਰੀਖਿਆ ਵਿੱਚੋਂ ਪਾਸ ਹੋ ਗਿਆ।
Add a review