ਕੁਝ ਦਿਨਾਂ ਤੋਂ ਸਰਵਾਈਕਲ ਦਾ ਦਰਦ ਪ੍ਰੇਸ਼ਾਨ ਕਰ ਰਿਹਾ ਸੀ। ਮੈਨੂੰ ਵਿੰਙਾ ਹੋਇਆ ਦੇਖ ਮਾਂ ਨੇ ਆਖਿਆ, “ਆਹ ਗਲੋਂ ਕੁੜਤਾ ਲਾਹ, ਤੇਰੇ ਮੋਢੇ ਝੱਸ ਦੇਨੀ ਆਂ।” ਮੈਂ ਮੂਧੇ ਮੂੰਹ ਲੇਟ ਗਿਆ ਤੇ ਮਾਂ ਗਰਮ ਤੇਲ ਦੀ ਕੌਲੀ ਵਿਚ ਨਿੱਕ ਸੁੱਕ ਰਲਾ ਮੋਢਿਆਂ ਦੀ ਮਾਲਿਸ਼ ਕਰਨ ਲੱਗੀ। ਉਸ ਦੇ ਖੁਰਦਰੇ ਅਤੇ ਸਖਤ ਹੱਥਾਂ ਵਿਚ ਅੱਜ ਵੀ ਉਹੀ ਨਿੱਘ ਤੇ ਮੋਹ ਦਾ ਅਹਿਸਾਸ ਕਾਇਮ ਸੀ ਜੋ ਬਚਪਨ ਵਿਚ ਮਾਣਿਆ ਸੀ।
ਦਰਦ ਘਟਣ ਲੱਗਾ ਅਤੇ ਨਾਲ ਹੀ ਅੱਖਾਂ ਬੰਦ ਹੋਣ ਲੱਗੀਆਂ। ਬਚਪਨ ਦੇ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗੇ ਜਦੋਂ ਮਾਂ ਠੇਡਾ ਖਾ ਕੇ ਡਿੱਗੇ ਨੂੰ ਖੜ੍ਹਾ ਕਰਦਿਆਂ ‘ਕੀੜੀ ਦਾ ਡੁੱਲ੍ਹਿਆ ਆਟਾ’ ਦਿਖਾਉਂਦੀ ਹੁੰਦੀ ਸੀ। ਹੱਥ ਦਰਵਾਜ਼ੇ ਵਿਚ ਆ ਜਾਣਾ ਜਾਂ ਸੱਟ ਵੱਜ ਜਾਣੀ ਤਾਂ ਮਾਂ ਫੂਕ ਮਾਰ ਕੇ ਰਾਜ਼ੀ ਕਰ ਦਿੰਦੀ ਸੀ। ਉਸ ਦੀ ਜਾਦੂਈ ਫੂਕ ਅੱਗੇ ਦਰਦ ਉੱਡ ਜਾਂਦਾ ਸੀ। ਕੋਈ ਰਗੜ ਜਾਂ ਜਿ਼ਆਦਾ ਸੱਟ ਵੱਜਣ ’ਤੇ ਗਰਮ ਤੇਲ ਵਿਚ ਹਲਦੀ ਰਲਾ ਕੇ ਉਸ ਦਾ ਲੇਪ ਰੂੰ ਦੇ ਫੰਬੇ ਵਿਚ ਭਿਉਂ ਕੇ ਸੱਟ ਉੱਤੇ ਲਾਉਂਦੀ। ਬਾਪੂ ਦੀ ਪੁਰਾਣੀ ਪੱਗ ਪਾੜ ਕੇ ਪੱਟੀ ਬਣਾ ਘੁੱਟ ਕੇ ਬੰਨ੍ਹਦੀ। ਅੱਗੇ ਤੋਂ ਸ਼ਰਾਰਤਾਂ ਕਰਨ ਤੋਂ ਵਰਜਦੀ।
ਖੇਤਾਂ ਵਿਚ ਗਾਵਾਂ ਰੱਖੀਆਂ ਸਨ। ਮਾਂ ਦੇ ਨਾਲ ਜਾਣਾ, ਉੱਥੇ ਖੇਡਣ ਲੱਗ ਜਾਣਾ ਤੇ ਮਾਂ ਨੇ ਗੋਹਾ ਪੱਥਦੀ ਹੋਣਾ। ਮਾਂ ਨੂੰ ਪਿੱਛੋਂ ਜਾ ਜੱਫੀ ਪਾਉਣੀ ਤੇ ਆਖਣਾ, “ਪਾਣੀ ਪੀਣਾ।” ਉਸ ਆਖਣਾ, “ਚੱਲਦੇ ਬੋਰ ਤੋਂ ਪੀ ਲੈ।” ਪਰ ਮੈਂ ਆਖਣਾ ਕਿ ਨਹੀਂ! ਤੇਰੇ ਹੱਥਾਂ ਦਾ ਪਾਣੀ ਮਿੱਠਾ ਲੱਗਦਾ ਹੈ। ਮਾਂ ਨੇ ਹੱਥ ਧੋ ਕੇ ਬੁੱਕ ਨਾਲ ਪਾਣੀ ਪਿਲਾਉਣਾ। ਸਕੂਲ ਦਾ ਕੰਮ ਨਾ ਕਰਨ ਕਰਕੇ ਜਦੋਂ ਅਧਿਆਪਕ ਤੋਂ ਝਿੜਕਾਂ ਪੈਣੀਆਂ ਤਾਂ ਮਾਂ ਦੇ ਹੱਥ ਚੇਤੇ ਆਉਣੇ। ਘਰ ਆ ਕੇ ਮਾਂ ਦੇ ਹੱਥਾਂ ਵਿਚ ਮੂੰਹ ਲੁਕੋ ਹੰਝੂ ਕੇਰਨੇ ਤੇ ਪ੍ਰਣ ਕਰਨਾ, “ਮੈਂ ਪੜ੍ਹ ਕੇ ਦਿਖਾਵਾਂਗਾ।”
ਪਿੰਡ ’ਚੋਂ ਕਿਸੇ ਦੀ ਬਰਾਤ ਤੁਰਦੀ ਤਾਂ ਮਾਂ ਨੇ ਜਾਣ ਤੋਂ ਰੋਕਣਾ; ਆਖਣਾ, “ਬਰਾਤਾਂ ਵਿਚ ਝਗੜੇ ਹੁੰਦੇ ਨੇ, ਉੱਥੇ ਸ਼ਰਾਬਾਂ ਦੇ ਚਲਦੇ ਦੌਰ ਦੇਖ ਬੱਚੇ ਵਿਗੜ ਜਾਂਦੇ ਨੇ।” ਜੇ ਖਹਿੜੇ ਪੈ ਕੇ ਜਾਣ ਦੀ ਜਿ਼ਦ ਕਰਨੀ ਤਾਂ ਆਪਣੇ ਹੱਥਾਂ ਵਿਚੋਂ ਮੇਰੇ ਹੱਥ ਘੁੱਟ ਕੇ ਪ੍ਰਣ ਲੈਣਾ ਕਿ ਜਿੱਧਰ ਦਾਰੂ ਚੱਲਦੀ ਹੋਵੇ, ਉਸ ਪਾਸੇ ਮੂੰਹ ਨਹੀਂ ਕਰਨਾ। ਪੁੱਤਰਾ! ਤੈਨੂੰ ਪਤਾ ਨਾ ਤੇਰਾ ਬਾਪੂ ਦਾਰੂ ਪੀ ਕੇ...।” ਤੇ ਹੋਰ ਪਤਾ ਨਹੀਂ ਕਿੰਨਾ ਕੁਝ ਉਸ ਆਖਣਾ।
ਬਿਮਾਰ ਹੋ ਜਾਣਾ ਤਾਂ ਲਾਲੇ ਦੀ ਦੁਕਾਨ ਤੋਂ ਬਰਫ਼ ਦਾ ਡਲ਼ਾ ਲਿਆ, ਪਾਣੀ ’ਚ ਡੁਬੋ ਕੇ ਠੰਢੀਆਂ ਪੱਟੀਆਂ ਸਿਰ ’ਤੇ ਧਰਨੀਆਂ। ਪਲ ਕੁ ਮਗਰੋਂ ਆਪਣੇ ਪੁੱਠੇ ਹੱਥ ਨੂੰ ਮੱਥੇ ’ਤੇ ਰੱਖ ਬੁਖਾਰ ਜਾਚਣਾ। ਪਿੰਡ ਦੇ ਫੌਜੀ ਡਾਕਟਰ ਤੋਂ ਰਾਜ਼ੀ ਨਾ ਹੋਣਾ ਤਾਂ ਪਟਿਆਲੇ ਲੈ ਕੇ ਜਾਣਾ। ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਗੋਦੀ ਚੁੱਕ ਕੇ ਲਿਜਾਣਾ, ਫਿਰ ਬੱਸ ਰਾਹੀਂ ਦਵਾਈ ਲੈਣ ਜਾਣਾ। ਮਾਂ ਦੇ ਮੋਢੇ ਲੱਗ ਕੇ ਵਾਪਸ ਪਰਤਣਾ। ਮਾਂ ਨੇ ਲਾਲ ਮਿਰਚਾਂ ਵਾਰ ਕੇ ਚੁੱਲ੍ਹੇ ਵਿਚ ਪਾਉਣੀਆਂ ਤੇ ਹਰ ਪਲ ਮੇਰੇ ਰਾਜ਼ੀ ਹੋਣ ਦੀ ਅਰਦਾਸ ਕਰਨੀ।
ਮਾਤਾ ਨਿਕਲੀ ਤਾਂ ਕਦੇ ਮੁਨੱਕਿਆਂ ਦਾ ਪਾਣੀ ਦੇਣਾ ਤੇ ਕਦੇ ਕੋਈ ਨਾ ਕੋਈ ਓਹੜ ਪੋਹੜ ਕਰਦੇ ਰਹਿਣਾ। ਸਿਰ ਥੱਲੇ ਨਿੰਮ ਦੇ ਪੱਤੇ ਰੱਖਣੇ। ਕਮਰੇ ਦੀ ਕਾਨਸ ’ਤੇ ਰੱਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਬੇਨਤੀਆਂ ਕਰਨੀਆਂ ਕਿ ਸੱਚੇ ਪਾਤਸ਼ਾਹ! ਇਹਨੂੰ ਰਾਜ਼ੀ ਕਰਦੇ।...
ਖਿਆਲਾਂ ਦੀ ਸੇਜਾ ਤੋਂ ਉੱਠਿਆ। ਮਾਂ ਦੀ ਮਾਰੀ ਫੂਕ ਨਾਲ ਦਰਦ ਉੱਡ ਪੁੱਡ ਗਿਆ ਸੀ। ਮਾਂ ਦੇ ਮੁਬਾਰਕ ਹੱਥਾਂ ਨੂੰ ਚੁੰਮਿਆ ਤੇ ਆਪਣੇ ਮੱਥੇ ਨਾਲ ਲਾਇਆ। ਮੇਰੇ ਅੰਦਰ ਜੇ ਕਿਤੇ ਸਚਾਈ, ਇਮਾਨਦਾਰੀ ਤੇ ਇਖ਼ਲਾਕੀ ਗੁਣਾਂ ਦਾ ਕੋਈ ਅੰਸ਼ ਹੈ ਤਾਂ ਉਹ ਮਾਂ ਦੇ ਹੱਥਾਂ ਦੀ ਜਾਦੂਈ ਛੋਹ ਕਰਕੇ ਹੈ।
Add a review