ਰਛਪਾਲ ਮੇਰਾ ਪ੍ਰਾਇਮਰੀ ਸਕੂਲ ਵੇਲੇ ਆੜੀ ਸੀ। ਹੁਣ ਵੀ ਹੈ। ਪੜ੍ਹਨ ਵਿਚ ਉਹ ਭਾਵੇਂ ਕਾਫ਼ੀ ਹੁਸ਼ਿਆਰ ਸੀ ਪਰ ਕਿਸੇ ਕਾਰਨ ਉਹ ਪੰਜਵੀਂ ਤੋਂ ਬਾਅਦ ਸਕੂਲੀ ਪੜ੍ਹਾਈ ਜਾਰੀ ਨਾ ਰੱਖ ਸਕਿਆ। ਮਜ਼ਦੂਰ ਮਾਪਿਆਂ ਨੇ ਉਸ ਨੂੰ ਸਕੂਲੋਂ ਹਟਾ ਕੇ ਨੰਬਰਦਾਰਾਂ ਨਾਲ ਮੱਝਾਂ ਦਾ ਪਾਲ਼ੀ ਰਲਾ ਦਿੱਤਾ ਸੀ।
ਹੁਣ ਉਹ ਪੁਰਾਣੇ ਮਕਾਨ ਢਾਹੁਣ ਦੇ ਠੇਕੇ ਲੈਂਦਾ ਠੇਕੇਦਾਰ ਕਹਾਉਂਦਾ। ਮਜ਼ਦੂਰਾਂ ਨਾਲ ਖੁਦ ਕੰਮ ਕਰਦਾ। ਬੀਮ ਜਾਂ ਲੈਂਟਰ ਤੋੜਨ ਲਈ ਘਣ ਦੀ ਲੋੜ ਹੁੰਦੀ ਹੈ। ਲਗਾਤਾਰ ਘਣ ਚਲਦਾ ਰਹਿੰਦਾ। ਤੇ ਉਹਦੀ ਦੇਹ ਵੀ ਹੁਣ ਘਣ ਵਰਗੀ ਬਣ ਗਈ ਹੈ। ਨਾ ਸੂਤ ਭਰ ਮਾਸ ਘੱਟ, ਨਾ ਸੂਤ ਭਰ ਚਰਬੀ ਵੱਧ। ਜਮਾਂ ਲੋਹੇ ਵਰਗਾ। ਘਣ ਚਲਾਉਂਦਾ ਚਲਾਉਂਦਾ ਖੁਦ ਘਣ ਵਰਗਾ ਬਣ ਗਿਆ।
ਦੂਜੇ ਪਾਸੇ, ਤਾਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਇਕ ਹਿਸਾਬ ਨਾਲ ਕਿਸਾਨ ਨੂੰ ‘ਵਿਹਲਿਆਂ ਵਰਗਾ’ ਕਰ ਦਿੱਤਾ। ਅੱਧ ਨਵੰਬਰ ਤੋਂ ਅੱਧ ਅਪਰੈਲ ਤੱਕ ਦੇ ਛੇ ਮਹੀਨਿਆਂ ਵਿਚ ਦਸ-ਬਾਰਾਂ ਏਕੜ ਤੱਕ ਦੀ ਵਾਹੀ ਕਰਨ ਵਾਲੇ ਕਿਸਾਨ ਲਈ ਮਸੀਂ ਵੀਹ ਕੁ ਦਿਨ ਕੰਮ ਵਾਲੇ ਨਿਕਲਦੇ ਹਨ। ਉਹ ਸਿਆਲਾਂ ਦੇ ਦਿਨ ਸਰੋਂ ਦੇ ਸਾਗ ਨਾਲ ਮੱਕੀ ਜਾਂ ਬਾਜਰੇ ਦੀਆਂ ਚਾਰ-ਪੰਜ ਰੋਟੀਆਂ ਲਪੇਟ ਕੇ ਧੂੰਈਆਂ ਸੇਕਦੇ ਟਪਾ ਦਿੰਦੇ। ਰਹਿੰਦੀ ਕਸਰ ਘਰ ਦਾ ਬਣਿਆ ਖੋਆ ਤੇ ਗਾਜਰ-ਪਾਕ ਪੂਰੀ ਕਰ ਦਿੰਦੇ ਨੇ।
ਪਿਛਲੇ ਦਿਨੀਂ ਅਜਿਹਾ ਸਬਬ ਬਣਿਆ ਕਿ ਰਸ਼ਪਾਲ ਦੀ ਸੁਭਾਵਿਕ ਕਹੀ ਗੱਲ ਨੇ ਸਿਹਤ ਪੱਖੋਂ ਸੋਚਣ ਲਈ ਮਜਬੂਰ ਕਰ ਦਿੱਤਾ।
ਖੇਤ ਸਬਜ਼ੀ ਵਾਲੀ ਬਾੜੀ ਤਿਆਰ ਕਰਨ ਲਈ ਅਸੀਂ ਪਿੰਡ ਦੀ ਫਿਰਨੀ ਤੇ ਲੱਗੀ ਰੂੜੀ ਤੋਂ ਰੇਹ ਦੀ ਟਰਾਲੀ ਭਰ ਰਹੇ ਸੀ। ਦੁਪਹਿਰ ਵੇਲੇ ਆਪਣੇ ਕੰਮ ਤੋਂ ਵਾਪਸ ਜਾਂਦਾ ਰਸ਼ਪਾਲ ਸਾਡੇ ਕੋਲ ਖੜ੍ਹ ਗਿਆ, “ਕਿਮੇਂ ਪੰਜ ਸੱਤ ਟੱਕ ਸਿਟ ਕੇ ਸਾਹ ਭਰਨ ਲੱਗ ਜਾਨੇ ਓਂ... ਭਰੀ ਖੜ੍ਹੀ ਆ ਏਸ ਲੋਟ ਤਾਂ ਟਰਾਲੀ!” ਗੱਲਾਂ ਕਰਦਿਆਂ ਉਹਨੇ ਸਾਨੂੰ ਛੇੜਿਆ।
“ਕੰਮ ਕਰਨੋਂ ਤਾਂ ਹਟੇ ਪਏ ਆਂ। ਕਦੇ ਖਾਲ, ਵੱਟ ਨ੍ਹੀਂ ਸਮਾਰੇ, ਸਪਰੇਅ ਮਾਰ ਦੇਈਦੀ ਆ। ਨਾ ਕਦੇ ਪੈਰਾਂ ਭਾਰ ਬਹਿ ਕੇ ਕੱਖ-ਪੱਠੇ ਵੱਢੇ ਨੇ। ਕੁਤਰਾ ਕਰਨ ਲਈ ਮੋਟਰਾਂ ਚਲਦੀਆਂ। ਤੁਰ ਕੇ ਖੇਤ ਜਾਣਾ ਤਾਂ ਦੂਰ, ਸਾਈਕਲ ਵੀ ਤੂੜੀ ਆਲੀ ਸਵਾਤ ਵਿਚ ਸਿਟ’ਤੇ। ਗੱਲ ਮੁਕਾ, ਟੋਭੇ ਕੰਨੀ ਜਾਣ ਵਾਸਤੇ ਵੀ ਤੁਰਨਾ ਛੱਡ’ਤਾ... ਹੁਣ ਕਹੀ ਚਲਾਉਣ ਵੇਲੇ ਸਾਹ ਈ ਚੜ੍ਹਨਾ, ਹੋਰ ਕੀ ...।” ਮੇਰਾ ਵੀੜ੍ਹੀਆ (ਆਵਤੀ) ਬੋਲਿਆ।
ਰਸ਼ਪਾਲ ਹੱਸ ਪਿਆ, “ਜਦੋਂ ਕੰਮ ਕਰਕੇ ਰਾਜ਼ੀ ਈ ਨਈਂ, ਫੇਰ ਕੋਈ ਲੋਡਰ ਪੁੱਛ ਲੈਣਾ ਸੀ। ਛੇ ਸੱਤ ਬਾਸਕਟਾਂ ਚ ਟਰਾਲੀ ਭਰ ਜਾਂਦਾ।”
“ਪੁੱਛਿਆ ਸੀ। ਭੂਤਾਂ ਦਾ ਲੋਡਰ ਵਾਲਾ ਮੁੰਡਾ ਸਹੁਰੀਂ ਗਿਆ ਹੋਇਆ। ਕੋਈ ਚਲਾਉਣ ਵਾਲਾ ਹੈ ਨਹੀਂ ਸੀ। ਫੇਰ ਸੋਚਿਆ, ਲੱਗਿਆ ਤਾਂ ਚੂਹਾ ਮਾਣ ਨ੍ਹੀਂ ਹੁੰਦਾ... ਖੱਡ ਪੁੱਟਦਾ ਪਤਾਲ ਤੱਕ ਵਗ ਜਾਂਦਾ। ਅਸੀਂ ਤਾਂ ਫੇਰ ਵੀ ਦੋ ਬੰਦੇ ਆਂ। ਆਪ ਈ ਭਰ ਲਾਂਗੇ, ਔਖੇ ਸੌਖੇ।” ਮੈਂ ਆਪਣੇ ਥਾਂ ਸਹੀ ਸੀ।
“ਉਰਾਂ ਫੜਾ...”, ਸਾਈਕਲ ਸਟੈਂਡ ਤੇ ਲਾਉਂਦਿਆਂ ਉਹ ਬੋਲਿਆ ਤੇ ਮੇਰੇ ਹੱਥੋਂ ਕਹੀ ਫੜ ਲਈ, “ਦੇਖਿਆ! ਚਮਚੇ ਜਿੱਡੀ ਕਹੀ ਲਈ ਫਿਰਦੇ ਓ... ਕਰੋਂਗੇ ਕਮਾਈਆਂ!” ਛੋਟੇ ਆਕਾਰ ਦੀ ਕਹੀ ਦੇਖ ਕੇ ਉਹਨੇ ਮੈਨੂੰ ਫੇਰ ਛੇੜਿਆ, “ਲੈ ਟੱਕ ਗਿਣੀ ਚੱਲੀਂ, ਕਿੰਨੇ ਡਿਗਦੇ ਆ!”
“ਇੱਕ... ਦੋ... ਛੇ... ਸੱਤ... ਪੰਦਰਾਂ... ਸੋਲ਼ਾਂ... ਛੱਬੀ... ਸਤਾਈ... ’ਕੱਤੀ... ਬੱਤੀ... ਪੈਂਤੀ!” ਮੈਂ ਨਾਲੇ ਗਿਣੀ ਜਾਵਾਂ, ਨਾਲੇ ਵੀੜ੍ਹੀਏ ਵੱਲ ਦੇਖ ਕੇ ਮੁਸਕਰਾਈ ਜਾਵਾਂ।
ਲਗਾਤਾਰ ਪੈਂਤੀ ਟੱਕ ਸੁੱਟ ਕੇ ਉਹ ਸਾਹ ਲੈਣ ਲਈ ਰੁਕਿਆ। ਥੋੜ੍ਹਾ ਸਾਹ ਭਰ ਕੇ ਬੋਲਿਆ, “ਜਿੱਦ ਜਿੱਦ ਕੇ ਅਸੀਂ ਵੀਹ ਵੀਹ ਘਣ ਲਗਾਤਾਰ ਚਲਾ ਦਿੰਨੇ ਆਂ।” ਲਗਾਤਾਰ ਚੱਲੀ ਕਹੀ ਨੇ ਟਰਾਲੀ ਦਾ ਖੂੰਜਾ ਉਗਾਸ ਦਿੱਤਾ ਸੀ।
“ਲੈ ਫੜ”, ਕਹੀ ਮੈਨੂੰ ਫੜਾਉਂਦਾ ਉਹ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ, ’ਚਾਰ ਨ੍ਹੀਂ ਪਾਉਣਾ ਹੁੰਦਾ ਇਹਦਾ, ਬਈ ਦੋ ਚਾਰ ਕਿਲੋ ਵੱਧ ਪੈਜੂ। ਮੁੜ੍ਹਕਾ ਨਿਕਲਦਾ ਰਹੇ ਤਾਂ ਬੰਦਾ ਤੰਦਰੁਸਤ ਰਹਿੰਦਾ।” ਮਜ਼ਾਕ ਮਜ਼ਾਕ ਵਿਚ ਗੰਭੀਰ ਨਸੀਹਤ ਦਿੰਦਿਆਂ ਉਹਨੇ ਸਾਈਕਲ ਸਟੈਂਡ ਤੋਂ ਲਾਹਿਆ ਤੇ ਤੁਰ ਗਿਆ।
ਉਹਦੀ ਗੱਲ ਸੁਣ ਕੇ ਵੀੜ੍ਹੀਆ ਪਹਿਲਾਂ ਆਪਣੇ ਤੇ ਫਿਰ ਮੇਰੇ ਸਰੀਰ ਵੱਲ ਝਾਕਿਆ, “ਗੱਲ ਤਾਂ ਸਹੀ ਕਹਿ ਕੇ ਗਿਆ ਯਰ... ਕੱਦ ਤੇ ਉਮਰ ਦੇ ਅੰਦਾਜ਼ੇ ਮੁਤਾਬਕ ਜੇ ’ਸਾਬ ਲਾਈਏ, ਵਜ਼ਨ ਹੈ ਤਾਂ ਦਸ ਦਸ ਕਿੱਲੋ ਵੱਧ ਈ ਆ। ਛਾਂਟੀਏ ਸਰੀਰ ਕਿ ਨਹੀਂ?” ਉਹ ਬੋਲਿਆ।
“ਸ਼ੁਭ ਕੰਮ ਚ ਦੇਰੀ ਕਿਉਂ! ਅੱਜ ਤੋਂ ਈ ਛਾਂਟਣ ਲੱਗ ਪੀਏ!” ਮੈਂ ਹੁੰਗਾਰਾ ਭਰਿਆ।
“ਅੱਜ ਤੋਂ ਕਿਉਂ, ਹੁਣੇ ਕਿਉਂ ਨ੍ਹੀਂ!” ਆਪਣੀ ਕਹੀ ਸੰਭਾਲਦਾ ਉਹ ਹੱਸਿਆ।
“ਕੱਲੀ ਟਰਾਲੀ ਭਰ ਕੇ ਈ ਨ੍ਹੀਂ ਗੱਲ ਬਣਨੀ, ਕੋਈ ਲੰਮੇ ਸਮੇਂ ਦੀ ਪਲੈਨਿੰਗ ਕਰਾਂਗੇ...।” ਬਿਨਾਂ ਹੱਸੇ ਮੇਰਾ ਜਵਾਬ ਸੀ।
... ਤੇ ਅਸੀਂ ਦਬਾ-ਦਬ ਟਰਾਲੀ ਭਰਨ ਲੱਗ ਪਏ।
Add a review