ਜ਼ਿੰਦਗੀ ਦੁੱਖ-ਸੁੱਖ ਦਾ ਸੁਮੇਲ ਹੈ। ਇੱਕ ਦੂਜੇ ਦੇ ਦੁੱਖ ਵਿਚ ਪ੍ਰਗਟਾਈਆਂ ਹਮਦਰਦੀਆਂ ਦੇ ਪਲ ਉਮਰ ਭਰ ਲਈ ਕਈ ਵੱਡੀਆਂ ਸਾਂਝਾਂ ਪੈਦਾ ਕਰ ਦਿੰਦੇ ਹਨ। ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਜ਼ਿੰਦਗੀ ਦੀ ਸੁਖਾਵੀਂ ਤੋਰ ਲਈ ਇੱਕ ਦੂਜੇ ਦੇ ਆਸਰਿਆਂ ਤੇ ਸਹਾਰਿਆਂ ਦੀ ਲੋੜ ਕਦੀ ਨਾ ਕਦੀ ਪੈਂਦੀ ਹੀ ਹੈ। ਹੁਣ ਦੇ ਪਦਾਰਥਵਾਦੀ ਯੁੱਗ ਵਿਚ ਭਾਵੇਂ ਮਨੁੱਖੀ ਸੁਭਾਅ ਵਿਚ ਕਈ ਬਦਲਾਓ ਆਏ ਹਨ, ਮਨਾਂ ਵਿਚ ਇੱਕ ਦੂਜੇ ਲਈ ਦੂਰੀਆਂ, ਫਾਸਲੇ ਤੇ ਡੂੰਘੇ ਹਨੇਰੇ ਹਨ ਪਰ ਸਾਂਝਾਂ ਤੇ ਹਮਦਰਦੀਆਂ ਦੇ ਚਾਨਣ ਵੀ ਹਨ।
ਪਤਾ ਹੀ ਨਹੀਂ ਲੱਗਦਾ, ਕਦੋਂ ਚਾਨਣ ਦੀਆਂ ਇਹ ਲਕੀਰਾਂ ਜ਼ਿੰਦਗੀ ਵਿਚ ਦਾਖ਼ਲ ਹੋ ਕੇ ਇਸ ਨੂੰ ਸੁਖਾਵੇਂ ਮੋੜ ਦੇ ਦਿੰਦੀਆਂ ਹਨ। ਯਾਦ ਕਰਦਾ ਹਾਂ ਉਹ ਪਲ ਜਦੋਂ ਮੇਰੀ ਪਤਨੀ ਦੀ ਤਬੀਅਤ ਵਿਚ ਕੁਝ ਵਿਗਾੜ ਆਉਣ ਲੱਗੇ ਸਨ। “ਕੀ ਗੱਲ ਆਂਟੀ ਜੀ, ਧੁੱਪੇ ਬੈਠੇ ਓਂ?” ਗਲੀ ਗੁਆਂਢ ਦੇ ਕਈ ਘਰਾਂ ਵਿਚ ਕੰਮ ਕਰਦੀ ਵੀਹ ਕੁ ਸਾਲ ਦੀ ਕੁੜੀ ਨੇ ਮੇਰੀ ਪਤਨੀ ਕੋਲੋਂ ਲੰਘਦਿਆਂ ਕਿਹਾ।
“ਸਿਹਤ ਠੀਕ ਨਹੀਂ।” ਸੰਖੇਪ ਜਿਹਾ ਉੱਤਰ ਮੇਰੀ ਪਤਨੀ ਦਾ ਸੀ। ਵੈਸੇ ਵੀ ਇਹ ਕੁੜੀ ਆਉਂਦੇ ਜਾਂਦੇ ਕੋਈ ਨਾ ਕੋਈ ਗੱਲ ਛੋਹ ਲੈਂਦੀ। ਇਸੇ ਕੁੜੀ ਨੂੰ ਘਰ ਕੰਮ ਕਰਨ ਲਈ ਮੇਰੀ ਪਤਨੀ ਨੇ ਕਈ ਵਾਰ ਕਿਹਾ ਵੀ ਸੀ ਪਰ ਉਹ ਹਮੇਸ਼ਾ ਇਹੋ ਆਖਦੀ, “ਕੋਸ਼ਿਸ਼ ਕਰਾਂਗੀ ਆਂਟੀ ਜੀ। ਕੰਮ ਦਾ ਬੋਝ ਪਹਿਲੋਂ ਹੀ ਬਹੁਤ ਹੈ।” ਪਤਾ ਨਹੀਂ ਕਿਹੜੀ ਦਿਆਲਤਾ ਤੇ ਤਰਸ ਨੇ ਉਸ ਦੀਆਂ ਸੋਚਾਂ ਨੂੰ ਮੋੜ ਦਿੱਤਾ, ਇਕ ਦਿਨ ਉਸ ਨੇ ਆ ਕੇ ਕਿਹਾ, “ਦੱਸੋ ਆਂਟੀ ਜੀ, ਕੀ ਕੰਮ ਕਰਨਾ ਹੈ?” ਉਸ ਦਿਨ ਤੋਂ ਹੀ ਉਹ ਘਰ ਅੰਦਰ ਝਾੜੂ ਪੋਚਾ ਕਰਨ ਲੱਗੀ।
ਦੋ ਕੁ ਮਹੀਨੇ ਹੀ ਉਸ ਨੇ ਕੰਮ ਕੀਤਾ ਸੀ ਕਿ ਮੇਰੀ ਪਤਨੀ ਗੁਜ਼ਰ ਗਈ। ਮੈਂ ਇਕੱਲਾ ਹੋ ਗਿਆ। ਬੱਚੇ ਦੂਰ ਦੁਰਾਡੇ ਆਪੋ ਆਪਣੀਆਂ ਨੌਕਰੀਆਂ ਤੇ ਸਨ। ਮੇਰੇ ਕੋਲ ਉਨ੍ਹਾਂ ਦਾ ਰਹਿਣਾ ਸੰਭਵ ਨਹੀਂ ਸੀ। ਜ਼ਖ਼ਮ ਹਾਲੀ ਸੱਜਰਾ ਹੋਣ ਕਰਕੇ ਰਿਸਦਾ ਵਧੇਰੇ ਸੀ। ਸੋਚਿਆ, ਉਨ੍ਹਾਂ ਕੋਲ ਚਲੇ ਜਾਵਾਂ।
ਇਕੱਲ ਦਾ ਸੰਤਾਪ ਕਦੋਂ ਤੱਕ ਹੰਢਾਵਾਂਗਾ? ਕਦੋਂ ਤੱਕ ਖਾਲੀ ਹੋਏ ਘਰ ਦੀਆਂ ਛੱਤਾਂ ਵੱਲ ਦੇਖਦਾ ਰਹਾਂਗਾ? ਮਨ ਇਕ ਪਲ ਇਹ ਫ਼ੈਸਲਾ ਕਰਦਾ ਪਰ ਦੂਜੇ ਪਲ ਹੀ ਕੋਈ ਹੋਰ ਸੋਚ ਇੱਥੋਂ ਜਾਣ ਦੇ ਮਨ ਦੇ ਫ਼ੈਸਲੇ ਨੂੰ ਮਹੀਨੇ ਦੋ ਮਹੀਨੇ ਲਈ ਟਾਲ ਦਿੰਦੀ। ਕੰਮ ਲਈ ਆਉਂਦੇ ਆਉਂਦੇ ਕੁੜੀ ਨੂੰ ਦੁਪਹਿਰ ਹੋ ਜਾਂਦੀ। ਮੈਨੂੰ ਉਦਾਸ ਬੈਠਾ ਦੇਖ ਕੇ ਆਖਦੀ, “ਰੋਟੀ ਬਣਾ ਦਿਆਂ ਅੰਕਲ?” ਮੇਰੀ ਪਤਨੀ ਦੇ ਗੁਜ਼ਰ ਜਾਣ ਪਿੱਛੋਂ ਇਹ ਹਮਦਰਦੀ ਭਰੇ ਬੋਲ ਇਸ ਕੁੜੀ ਦੇ ਮੂੰਹੋਂ ਹੀ ਮੈਂ ਸੁਣੇ ਸਨ।
ਉਸ ਦੇ ਸੁਭਾਅ ਤੋਂ ਮੈਂ ਹੁਣ ਚੰਗੀ ਤਰ੍ਹਾਂ ਵਾਕਿਫ਼ ਹੋ ਗਿਆ ਸੀ। ਕਾਫੀ ਹੱਦ ਤੱਕ ਉਹ ਵੀ ਮੈਨੂੰ ਸਮਝ ਚੁੱਕੀ ਸੀ। ਮੀਂਹ ਕਣੀ ਜਾਂ ਬੇਤਹਾਸ਼ਾ ਗਰਮੀ ਹੁੰਦੀ ਤਾਂ ਖੁੱਲ੍ਹੇ ਵਿਹੜੇ ਵਿਚ ਕੰਮ ਕਰਨ ਤੋਂ ਮੈਂ ਰੋਕ ਦਿੰਦਾ। “ਕੰਮ ਤਾਂ ਅੰਕਲ ਜੀ ਕਰਨਾ ਹੀ ਹੈ। ਮੀਂਹ ਧੁੱਪ ਦਾ ਕੀ ਐ? ਹੋਰ ਘਰਾਂ ਵਿਚ ਵੀ ਤਾਂ ਕਰਦੀ ਹਾਂ, ਇੱਥੇ ਕਿਉਂ ਨਾ ਕਰਾਂ?” ਚਿਹਰੇ ਉੱਤੇ ਮੁਸਕਾਣ ਭਰਦਿਆਂ ਉਹ ਝਾੜੂ ਪੋਚਾ ਕਰਦੀ ਰਹਿੰਦੀ। ਵਿਹੜੇ ਵਿਚ ਬੈਠਾ ਮੈਂ ਅਖ਼ਬਾਰ ਪੜ੍ਹਨ ਲੱਗਦਾ।
ਇਕ ਦਿਨ ਡੂੰਘੀ ਉਦਾਸੀ ਵਿਚ ਮੈਨੂੰ ਅੱਖਾਂ ਭਰੀ ਬੈਠੇ ਨੂੰ ਉਹਨੇ ਦੇਖਿਆ। ਝਾੜੂ ਪੋਚਾ ਵਿਚੇ ਛੱਡ ਕੇ ਉਹ ਮੇਰੇ ਕੋਲ ਖੜ੍ਹੋ ਗਈ। “ਅੰਕਲ ਜੀ, ਕਦੋਂ ਤੱਕ ਇਉਂ ਹੀ ਉਦਾਸ ਰਹੋਗੇ? ਜਾਣਦੀ ਹਾਂ ਕਿ ਤੁਰ ਗਏ ਜੀਆਂ ਬਿਨਾਂ ਕੰਧਾਂ ਖਾਣ ਨੂੰ ਆਉਂਦੀਆਂ, ਪਰ... ਜ਼ਿੰਦਗੀ ਨੂੰ ਤਾਂ ਅੱਗੇ ਤੋਰਨਾ ਹੀ ਪੈਂਦਾ।” ਸਿਰ ਚੁੱਕ ਕੇ ਮੈਂ ਉਸ ਵੱਲ ਦੇਖਿਆ। ਉਸ ਦੇ ਚਿਹਰੇ ਨੂੰ ਪਹਿਲੀ ਵਾਰ ਮੈਂ ਇੰਨਾ ਨੇੜਿਉਂ ਤੱਕਿਆ ਸੀ। “ਪੋਤਾ ਹੈ, ਪੋਤੀ ਹੈ ਤੇ ਪੁੱਤ ਨੇ...। ਆਂਟੀ ਦਾ ਰੂਪ ਇਨ੍ਹਾਂ ਵਿਚ ਹੀ ਹੁਣ ਦੇਖੋ...।” ਸਿਆਣੀਆਂ ਤੇ ਗਹਿਰੀਆਂ ਸੋਚਾਂ ਵਿਚੋਂ ਆਈ ਉਸ ਦੀ ਇਸ ਗੱਲ ਦੇ ਗਹਿਰੇ ਅਰਥ ਸਨ।
“ਕੀ ਖਾਣਾ, ਬੱਚੇ?” ਕੰਮ ਕਰਦੀ ਨੂੰ ਮੈਂ ਕਦੀ ਕਦੀ ਪੁੱਛਦਾ। ਉਹ ਹਰ ਵਾਰ ਨਾਂਹ ਕਰਦੀ ਪਰ ਮੈਂ ਫੇਰ ਵੀ ਕੋਈ ਨਾ ਕੋਈ ਫ਼ਲ ਉਸ ਨੂੰ ਦੇ ਦਿੰਦਾ। ਇੱਧਰ ਉੱਧਰ ਬੇਤਰਤੀਬੀਆਂ ਪਈਆਂ ਮੇਰੀਆਂ ਕਿਤਾਬਾਂ ਅਖਬਾਰਾਂ ਨੂੰ ਉਹ ਥਾਂ ਸਿਰ ਰੱਖਦੀ। ਸਰਦੀ ਦਾ ਮੌਸਮ ਸੀ। ਰਜ਼ਾਈ ਵਿਚ ਬੈਠੇ ਨੂੰ ਵੀ ਮੈਨੂੰ ਠੰਢ ਲੱਗ ਰਹੀ ਸੀ।
ਪਤਲਾ ਜਿਹਾ ਊਨੀ ਸਵੈਟਰ ਪਾਈ ਉਹ ਆਈ ਤੇ ਆਉਂਦਿਆਂ ਹੀ ਸਾਫ਼ ਸਫ਼ਾਈ ਵਿਚ ਰੁਝ ਗਈ। ਜਾਣ ਲੱਗੀ ਤਾਂ ਇਕ ਹਜ਼ਾਰ ਰੁਪਏ ਉਸ ਨੂੰ ਦਿੰਦੇ ਮੈਂ ਕਿਹਾ, “ਨਵੀਂ ਕੋਟੀ ਲੈ ਲਈਂ ਬੱਚੇ। ਠੰਢ ਬੜੀ ਐ।” ਝਿਜਕ ਭਰੀ ਨਾਂਹ ਉਸ ਨੇ ਕੀਤੀ ਪਰ ਅਖ਼ੀਰ ਪੈਸੇ ਫੜਦਿਆਂ ਕਿਹਾ, “ਜਾ ਰਹੀ ਹਾਂ ਅੰਕਲ।” ਉਸ ਦੀਆਂ ਅੱਖਾਂ ਅੰਦਰ ਆਈ ਚਮਕ ਤੋਂ ਹੀ ਉਸ ਨੂੰ ਮਿਲੀ ਖ਼ੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਹੋ ਗਿਆ ਸੀ।
ਇਕ ਦਿਨ ਮੈਂ ਉਸ ਨੂੰ ਕਿਹਾ, “ਸ਼ਾਇਦ ਹੁਣ ਮੈਂ ਬੱਚਿਆਂ ਕੋਲ ਚਲੇ ਜਾਵਾਂ।” ਉਦਾਸ ਅਤੇ ਖ਼ਾਮੋਸ਼ ਜਿਹੀ ਉਹ ਉੱਥੇ ਦੀ ਉੱਥੇ ਖੜ੍ਹ ਗਈ। ਕੁਝ ਨਾ ਬੋਲੀ। ਚੁੱਪਚਾਪ ਕੰਮ ਕਰਦੀ ਰਹੀ। ਪੰਦਰਾਂ ਵੀਹ ਮਿੰਟ ਇਸੇ ਚੁੱਪ ਵਿਚ ਲੰਘ ਗਏ ਸਨ। ਸੋਚਾਂ ਵਿਚੋਂ ਬਾਹਰ ਆਉਂਦੇ ਉਹ ਬੋਲੀ, “ਚਲੇ ਜਾਉ ਪਰ ਛੇਤੀ ਮੁੜ ਆਇਉ।” ਮਾਵਾਂ ਧੀਆਂ ਇਕ ਦਿਨ ਦੋਵੇਂ ਘਰ ਆਈਆਂ। ਸੂਹਾ ਲਾਲ ਸੂਟ ਮੈਨੂੰ ਦਿਖਾਉਂਦਿਆਂ ਉਸ ਦੀ ਮਾਂ ਨੇ ਕਿਹਾ, “ਸਾਂਭ ਸਾਂਭ ਰੱਖਦੀ ਸੀ ਹਜ਼ਾਰ ਰੁਪਏ ਜੋ ਤੁਸੀਂ ਦਿੱਤੇ ਸਨ। ਇਨ੍ਹਾਂ ਪੈਸਿਆਂ ਦਾ ਇਹ ਸੂਟ ਅੱਜ ਲਿਆ ਹੈ।
ਆਖਦੀ ਸੀ ਆਪਣੇ ਵਿਆਹ ਤੇ ਪਾਵਾਂਗੀ।” ਮਾਂ ਦੀ ਗੱਲ ਸੁਣਦਿਆਂ ਉਸ ਨੇ ਨੀਵੀਂ ਪਾ ਲਈ। ਰਸੋਈ, ਕਮਰੇ, ਵਿਹੜੇ ਅਤੇ ਹੋਰ ਸਾਫ਼ ਸਫ਼ਾਈ ਕਰਨ ਪਿੱਛੋਂ ਮੇਰੇ ਕੋਲ ਆਉਂਦਿਆਂ ਉਸ ਨੇ ਪੁੱਛਿਆ, “ਮੇਰੇ ਵਿਆਹ ਤੇ ਆਉਗੇ ਅੰਕਲ?” ਉਸ ਦੇ ਬੋਲਾਂ ਵਿਚ ਵੀ ਸਵਾਲ ਸੀ ਤੇ ਮੇਰੇ ਵੱਲ ਤੱਕਦੀਆਂ ਭਰੀਆਂ ਅੱਖਾਂ ਵਿਚ ਜਵਾਬ ਦੀ ਉਡੀਕ ਵੀ। ਉਸ ਦੇ ਮਨ ਅੰਦਰ ਮੇਰੇ ਪ੍ਰਤੀ ਮੈਨੂੰ ਸੁੱਚੇ ਮੋਹ ਤੇ ਮਹਿਕ ਭਰਿਆ ਚਾਨਣ ਦਿਖਾਈ ਦਿੱਤਾ ਤੇ ਇਸ ਚਾਨਣ ਵਿਚ ਕਿਸੇ ਪਵਿੱਤਰ ਰਿਸ਼ਤੇ ਦਾ ਅਕਸ...।
ਬਿਨਾਂ ਦੇਰੀ ਕਰਦਿਆਂ ਆਪਣੇ ਹੱਥ ਨੂੰ ਉਸ ਦੇ ਸਿਰ ਤੇ ਧਰਦਿਆਂ ਜਿਵੇਂ ਅਗਾਊਂ ਹੀ ਮੈਂ ਪਿਉ ਜਿਹੀ ਅਸੀਸ ਉਸ ਨੂੰ ਦੇ ਦਿੱਤੀ। ਧੀ ਨੂੰ ਵਿਦਾ ਕਰਨ ਸਮੇਂ ਜਿਹੇ ਉਦਾਸੀ ਦੇ ਪ੍ਰਛਾਵੇਂ ਮੇਰੇ ਚਿਹਰੇ ਉੱਤੇ ਵੀ ਆਏ। ਸੋਚਦਾ ਸਾਂ ਕਿ ਜ਼ਿੰਦਗੀ ਵਿਚ ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂ ਨਹੀਂ ਪਰ ਜ਼ਿੰਦਗੀ ਲਈ ਚਾਨਣ ਦੀ ਕਿਸੇ ਕਿਰਨ ਜਿਹੇ ਹੁੰਦੇ ਹਨ ਜਾਂ ਜੁਗਨੂੰਆਂ ਵਾਂਗ ਜ਼ਿੰਦਗੀ ਦੇ ਹਨੇਰਿਆਂ ਨੂੰ ਚਾਨਣ ਵੰਡਦੇ ਹਨ।
Add a review