ਰਾਜਧਾਨੀ ਵਿਚ ਵਿਆਹ ਦੀਆਂ ਖੁਸ਼ੀਆਂ ਭਰੇ ਪਲਾਂ ਦੇ ਰੰਗ ਵਿਚ ਸਾਂ। ਪ੍ਰਾਹੁਣਿਆਂ ਦੀ ਆਓ-ਭਗਤ ਤੋਂ ਝਲਕਦੀ ਖ਼ੁਸ਼ੀ ਮਹਿਕ ਬਣ ਬਿਖ਼ਰ ਰਹੀ ਸੀ। ਸੰਗੀ ਸਨੇਹੀਆਂ ਦੇ ਚਿਹਰਿਆਂ ਤੇ ਸਾਉਣ ਦੇ ਮੀਂਹ ਮਗਰੋਂ ਦਿਸਦੀ ਸਤਰੰਗੀ ਪੀਂਘ ਜਿਹਾ ਜਲੌਅ ਸੀ। ਫੁੱਲਾਂ ਵਾਂਗ ਖਿੜੇ ਨਜ਼ਰ ਆਉਂਦੇ ਪਰਿਵਾਰ ਰੰਗਾਂ ਦੀ ਇਬਾਰਤ ਜਿਹੇ ਜਾਪਦੇ ਸਨ। ਬਾਲਾਂ ਦੀ ਖ਼ੁਸ਼ੀ ਕਿਰਨਾਂ ਵਾਂਗ ਲਿਸ਼ਕਦੀ ਸੀ। ਖੇਡਦੇ, ਖਾਂਦੇ ਤੇ ਹਾਸੇ ਦੀ ਮਿੱਠੀ ਮਹਿਕ ਬਿਖੇਰਦੇ ਨਜ਼ਰ ਆਏ। ਆਪਸ ਵਿਚ ਮਿਲ ਬੈਠੇ ਖੁਸ਼ੀ, ਚਾਅ ਵਿਚ ਰੰਗੇ ਰਿਸ਼ਤੇਦਾਰ, ਮਿੱਤਰ ਖੁਸ਼ੀ ਦਾ ਲੁਤਫ਼ ਲੈਣ ਵਿਚ ਮਸਰੂਫ ਸਨ।
ਖਾਣ ਪੀਣ ਤੇ ਸ਼ਗਨਾਂ ਦੌਰਾਨ ਇੱਕ ਹੋਰ ਸੁਖਦ ਰੰਗ ਮਨ ਨੂੰ ਭਾਅ ਗਿਆ। ਉਹ ਖੁਸ਼ੀ ਦੇ ਰੰਗ ਨੂੰ ਸਾਰਥਕ ਕਰਦਾ ਜਾਪਿਆ। ਆਉਂਦੇ ਜਾਂਦੇ ਸਨੇਹੀਆਂ ਦੀਆਂ ਨਜ਼ਰਾਂ ਦੀ ਲਿਸ਼ਕ ਬਣਦਾ ਨਜ਼ਰ ਆਇਆ। ਸਬਕ ਤੇ ਪ੍ਰੇਰਨਾ ਦਾ ਚਿੰਨ੍ਹ ਬਣਿਆ ਰਿਹਾ। ਵਿਆਹ ਰੂਪੀ ਹਾਰ ਵਿਚ ਹੀਰੇ ਮੋਤੀ ਵਾਂਗ ਦਿਸਣ ਵਾਲੇ ਜੋੜੇ ਦੀ ਫੁੱਲਾਂ ਵਾਂਗ ਮੁਸਕਰਾਉਂਦੀ ਤਸਵੀਰ ਦਾ ਵੱਡਾ ਫਲੈਕਸ ਨਜ਼ਰਾਂ ਦਾ ਕੇਂਦਰ ਬਣਿਆ ਜਿਸ ਉੱਪਰ ਲਿਖੇ ਵਿਆਹ ਦੀ ਖ਼ੁਸ਼ੀ ਸੰਗ ਪੁਸਤਕ ਸਨਮਾਨ ਦੇ ਸ਼ਬਦ ਰਾਹ ਰੁਸ਼ਨਾਉਂਦੇ ਦਿਸੇ। ਮੇਜ਼ਾਂ ਤੇ ਸਜ ਬੈਠੀਆਂ ਪੁਸਤਕਾਂ ਚਾਨਣ ਵਾਂਗ ਨਜ਼ਰ ਆ ਰਹੀਆਂ ਸਨ ਜਿਹੜੀਆਂ ਪਰਿਵਾਰ ਨੇ ਵਿਆਹ ਵਿਚ ਪਹੁੰਚੇ ਸਾਰੇ ਸਨੇਹੀਆਂ ਦੇ ਸਨਮਾਨ ਲਈ ਰੱਖੀਆਂ ਸਨ। ਇੱਕ ਪਰਿਵਾਰ ਦਾ ਦੋ ਪੁਸਤਕਾਂ ਨਾਲ ਸਨਮਾਨ। ਚਾਨਣ ਰੰਗੀ ਪਿਰਤ ਵਾਲੇ ਉਹ ਪਲ ਵਿਆਹ ਦਾ ਹਾਸਲ ਜਾਪੇ।
ਵਿਆਹ ਵਿਚ ਸ਼ਾਮਲ ਪੁਸਤਕਾਂ ਨੇ ਸੋਚਾਂ, ਸੁਪਨਿਆਂ ਤੇ ਦਸਤਕ ਦਿੱਤੀ। ਯਾਦਾਂ ਦੇ ਪੰਨੇ ਪਲਟਣ ਲੱਗੇ। ਪੁਸਤਕਾਂ ਨੂੰ ਲੋਕਾਈ ਦੇ ਸੱਚੇ ਸੁੱਚੇ ਹੱਥਾਂ ਤੱਕ ਪੁੱਜਦਾ ਕਰਨ ਵਾਲੇ ਰੰਗ-ਮੰਚ ਦੇ ਨਾਇਕ ਦੀ ਜੀਵਨ ਘਾਲਣਾ ਨਜ਼ਰ ਆਈ। ਨਾਟਕਾਂ ਦਾ ਮੰਚਨ ਕਰਨ ਜਾਂਦਿਆਂ ਮੋਢੇ ਤੇ ਪੁਸਤਕਾਂ ਨਾਲ ਭਰਿਆ ਬੈਗ ਹੁੰਦਾ। ਸਮਾਰੋਹ ਦੀ ਸਮਾਪਤੀ ਤੇ ਉਹ ਕਰਮਯੋਗੀ ਲੋਕਾਂ ਨੂੰ ਬੁਲੰਦ ਆਵਾਜ਼ ਵਿਚ ਆਖਦਾ- “ਇਹ ਪੁਸਤਕਾਂ ਮੈਂ ਤੁਹਾਡੇ ਲਈ ਲੈ ਕੇ ਆਇਆਂ। ਸਮਝ, ਸਿਦਕ ਤੇ ਸੁਪਨਿਆਂ ਨਾਲ ਭਰੀਆਂ ਹੋਈਆਂ। ਇਨ੍ਹਾਂ ਵਿਚ ਸਿਰ ਉਠਾ ਕੇ ਜਿਊਣ ਦੀ ਜਾਚ ਏ। ਸੰਘਰਸ਼ਾਂ ਨਾਲ ਬਣਨ ਵਾਲੀ ਚੰਗੀ ਜਿ਼ੰਦਗੀ ਤੇ ਬਰਾਬਰੀ ਦੇ ਸਮਾਜ ਦਾ ਸੁਨੇਹਾ ਏ।” ਪਲਾਂ ਛਿਣਾਂ ਵਿਚ ਪੁਸਤਕਾਂ ਵਾਲਾ ਬੈਗ ਖਾਲੀ ਹੁੰਦਾ ਤੇ ਪੁਸਤਕਾਂ ਦਰਸ਼ਕਾਂ ਦੇ ਅੱਟਣਾਂ ਭਰੇ ਹੱਥਾਂ ਦਾ ਮਾਣ ਬਣਦੀਆਂ। ਸਾਲਾਂ ਬੱਧੀ ਰੰਗ-ਮੰਚ ਤੇ ਪੁਸਤਕਾਂ ਦਾ ਸੰਵਾਦ ਪਿੰਡ ਪਿੰਡ ਚਲਦਾ ਰਿਹਾ। ਗਿਆਨ ਤੇ ਚੇਤਨਾ ਦਾ ਇਹ ਕਾਰਵਾਂ ਤੁਰਦਾ ਰਿਹਾ।
ਰਾਹਾਂ ਤੇ ਚਾਨਣ ਪਸਰਿਆ ਤਾਂ ਸ਼ਬਦ ਲੋਕ ਮਨਾਂ ਅੰਦਰ ਘਰ ਕਰਨ ਲੱਗੇ। ਪੁਸਤਕ ਸਾਥ ਨਾਲ ਸੁਹਜ, ਸਿਆਣਪ ਵੰਡਣ ਵਾਲੀ ਪ੍ਰੀਤਲੜੀ ਦੀ ਪਿਰਤ ਅੱਗੇ ਤੁਰਨ ਲੱਗੀ। ਪੁਸਤਕਾਂ ਦਾ ਸਫ਼ਰ ਮੇਲਿਆਂ ਤੇ ਸੈਮੀਨਾਰਾਂ ਤੋਂ ਘਰਾਂ ਤੱਕ ਪਹੁੰਚਿਆ। ਪਾਠਕ ਪੁਸਤਕ ਸੰਵਾਦ ਨੇ ਸੁਖਦ ਅਹਿਸਾਸਾਂ ਦੀ ਮਹਿਕ ਬਿਖੇਰੀ ਜਿਸ ਸਦਕਾ ਪੰਜਾਬ ਦੇ ਕਾਲੇ ਦੌਰ ਵਿਚ ਵੀ ‘ਦੇਵ ਪੁਰਸ਼ ਹਾਰ ਗਏ’ ਪੁਸਤਕ ਦੇ ਪਾਠਕ ਕਾਰਵਾਂ ਵਿਚੋਂ ਵਿਗਿਆਨਕ ਚੇਤਨਾ ਦੀ ਲਹਿਰ ਦਾ ਸੂਰਜ ਚੜ੍ਹਿਆ। ਸੰਤ ਰਾਮ ਉਦਾਸੀ, ਪਾਸ਼ ਤੇ ਲਾਲ ਸਿੰਘ ਦਿਲ ਜਿਹੇ ਸਿਤਾਰੇ ਚੇਤਨਾ ਦੇ ਅੰਬਰ ਤੇ ਜਗਮਗ ਕਰਨ ਲੱਗੇ। ਜਿ਼ੰਦਗੀ ਦਾ ਸਿਰਨਾਵਾਂ ਬਦਲਣ ਲੱਗਾ। ਪੁਸਤਕ ਸੱਭਿਆਚਾਰ ਦੀ ਲਹਿਰ ਨੂੰ ਬੁਲੰਦੀ ਤੇ ਪਹੁੰਚਾਉਣ ਲਈ ਅਤਰਜੀਤ ਜਿਹੇ ਕਰਮਯੋਗੀ ਅੱਗੇ ਲੱਗ ਤੁਰੇ। ਪਿੰਡ ਪਿੰਡ, ਸਕੂਲ, ਸੱਥਾਂ ਤੇ ਪਾਰਕਾਂ ਵਿਚ ਪੁਸਤਕਾਂ ਮਨਾਂ ਵਿਚ ਸੁਪਨਿਆਂ ਦੇ ਬੀਜ ਬੀਜਣ ਲੱਗੀਆਂ।
ਮਨ ਦੇ ਅੰਬਰ ਤੇ ਆਏ ਇਹ ਸੁਖਦ ਦ੍ਰਿਸ਼ ਰੁਸ਼ਨਾਈ ਬਿਖੇਰਦੇ ਦਿਸੇ। ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਅੱਖਰਾਂ ਵਿਚ ਦਰਜ ਹੋਏ ਕਿਸਾਨੀ ਘੋਲ ਵਿਚ ਪੁਸਤਕਾਂ ਦਾ ਰੋਲ ਚਾਨਣ ਬਣ ਬਿਖਰਿਆ। ਟਰਾਲੀ ਘਰਾਂ ਵਿਚ ਅਖ਼ਬਾਰ ਤੇ ਪੁਸਤਕਾਂ ਖੇਤਾਂ ਦੇ ਪੁੱਤਰਾਂ ਦੇ ਅੰਗ ਸੰਗ ਦਿਸੇ। ਕਿਸਾਨ ਘਰਾਂ ਵਿਚਕਾਰ ਬਣੀਆਂ ਲਾਇਬ੍ਰੇਰੀਆਂ ਨੇ ਗਿਆਨ, ਚੇਤਨਾ ਨਾਲ ਜਜ਼ਬਾਤ ਨੂੰ ਬੁਲੰਦ ਰੱਖਿਆ। ਆਜ਼ਾਦੀ ਸੰਗਰਾਮ ਦੇ ਮਹਾਂ ਨਾਇਕ ਭਗਤ, ਸਰਾਭੇ, ਗ਼ਦਰੀ ਬਾਬੇ ਇਨ੍ਹਾਂ ਪੁਸਤਕਾਂ ਰਾਹੀਂ ਹੱਕਾਂ ਲਈ ਡਟੇ ਆਪਣੇ ਧੀਆਂ ਪੁੱਤਰਾਂ ਦਾ ਮਾਰਗ ਦਰਸ਼ਨ ਕਰਦੇ ਰਹੇ। ਪੁਸਤਕਾਂ ਦੇ ਬੋਲ ਗੀਤਾਂ, ਨਾਟਕਾਂ ਦੇ ਰੂਪ ਵਿਚ ਹੱਕ ਸੱਚ ਦੀ ਆਵਾਜ਼ ਬਣ ਗੂੰਜੇ। ਕਲਮ ਦੀ ਕਿਰਤ ਨਾਲ ਸਾਂਝ ਦਾ ਰਿਸ਼ਤਾ ਗੂੜ੍ਹ ਹੁੰਦਾ ਨਜ਼ਰ ਆਇਆ।
ਵਕਤ ਨੇ ਸੁਖਾਵਾਂ ਰੁਖ਼ ਦੇਖਿਆ। ਦੇਸ਼ਭਗਤਾਂ ਦੀ ਯਾਦ ’ਚ ਲਗਦੇ ਮੇਲਿਆਂ ’ਚ ਪੁਸਤਕਾਂ ਦਰਸ਼ਕਾਂ ’ਚ ਸ਼ਾਮਲ ਹੋਣ ਲੱਗੀਆਂ। ਪਿੰਡਾਂ ਦੀਆਂ ਸੱਥਾਂ, ਲਾਇਬ੍ਰੇਰੀਆਂ ’ਚੋਂ ਇਨ੍ਹਾਂ ਚਾਨਣ ਜਾਈਆਂ ਨੂੰ ਮਿਲਦਾ ਹੁੰਗਾਰਾ ਪਿਰਤਾਂ ਪਾਉਣ ਲੱਗਾ ਜਿਸ ਦੀ ਰੌਸ਼ਨੀ ਵਿਚ ਤਰਕਸ਼ੀਲ ਸਾਹਿਤ ਵੈਨ ਪੰਜਾਬ ਦੇ ਪਿੰਡਾਂ, ਸਕੂਲਾਂ ਤੇ ਜਨਤਕ ਥਾਵਾਂ ਤੇ ਪੁਸਤਕ ਸਭਿਆਚਾਰ ਦੀ ਅਲਖ ਜਗਾਉਣ ਲੱਗੀ। ਚੰਗੇਰੇ ਭਵਿੱਖ ਵੱਲ ਜਾਂਦੀਆਂ ਇਹ ਸੁਨਿਹਰੀ ਪੈੜਾਂ ਰਾਹ ਰੁਸ਼ਨਾਉਂਦੀਆਂ ਨਜ਼ਰ ਆਈਆਂ ਜਿਨ੍ਹਾਂ ਵਿਚ ਗਿਆਨ, ਚੇਤਨਾ ਤੇ ਸੰਘਰਸ਼ਾਂ ਦੀ ਜਾਗ ਸਮੋਈ ਹੈ।
ਵਿਆਹ ਤੋਂ ਪੁਸਤਕਾਂ ਲੈ ਘਰਾਂ ਨੂੰ ਪਰਤਦੇ ਕਦਮਾਂ ਨੂੰ ਵਾਚਦਿਆਂ ਪੁਸਤਕਾਂ ਰੂਪੀ ਪੈੜਾਂ ਦੀ ਆਸ ਦੇ ਨਕਸ਼ ਉਘੜਨ ਲੱਗੇ। ਜਦੋਂ ਤੱਕ ‘ਪਹਿਲਾ ਅਧਿਆਪਕ’ ਦੀ ਪ੍ਰੇਰਨਾ ਜਿਊਂਦੀ ਹੈ, ‘ਮੇਰਾ ਦਾਗਿਸਤਾਨ’ ਦੀਆਂ ਸੁਨਿਹਰੀ ਕਿਰਨਾਂ ਚਾਨਣ ਬਿਖੇਰਦੀਆਂ ਨੇ, ‘ਅਸਲੀ ਇਨਸਾਨ ਦੀ ਕਹਾਣੀ’ ਲੋਕਾਂ ਨਾਲ ਸੰਵਾਦ ਰਚਾਉਂਦੀ ਹੈ, ‘ਉੱਡਦੇ ਬਾਜ਼ਾਂ ਮਗਰ’ ਪਰਵਾਜ਼ ਭਰਨ ਦਾ ਦਮ ਹੈ, ‘ਮੜ੍ਹੀ ਦਾ ਦੀਵਾ’ ਲੋਅ ਵੰਡਦਾ ਹੈ, ‘ਕਿੰਗਰੇ ਢਾਹੁਣ’ ਵਾਲੀ ਵਿਰਾਸਤ ਸੀਨਿਆਂ ਵਿਚ ਧੜਕਦੀ ਹੈ, ਠਾਠਾਂ ਮਾਰਦਾ ‘ਸਤਲੁਜ ਵਹਿੰਦਾ’ ਹੈ, ‘ਲਹੂ ਦੀ ਲੋਅ’ ਦਾ ਕਤਰਾ ਬਚਿਆ ਹੈ। ਸੁਪਨਿਆਂ ਦਾ ‘ਨਾਗਵਲ’ ਬੁਲੰਦੀ ਤੇ ਹੈ, ‘ਸੈਨਤਾਂ’ ਸਾਵੀਂ ਤੇ ਸੁਖਾਵੀਂ ਜਿ਼ੰਦਗੀ ਨੂੰ ਬੁਲਾਉਂਦੀਆਂ ਨੇ, ‘ਲੋਹੇ ਦੇ ਹੱਥ’ ਵਿਚ ਕਿਰਤ ਨੂੰ ਬਚਾਉਣ ਦਾ ਦਮ ਹੈ, ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਮੰਜਿ਼ਲ ਵੱਲ ਵਧਦੀ ਹੈ, ‘ਹਵਾ ਵਿਚ ਲਿਖੇ ਹਰਫ਼’ ਜਗਦੇ ਨੇ, ‘ਨਾਇਕ ਦੀ ਜੇਲ੍ਹ ਡਾਇਰੀ’ ‘ਮਸ਼ਾਲਾਂ ਬਾਲਣ’ ਦਾ ਸਬਕ ਦਿੰਦੀ ਹੈ, ‘ਛਾਂਗਿਆ ਰੁੱਖ’ ਆਪਣੀਆਂ ਫੁੱਟਦੀਆਂ ਸ਼ਾਖਾਵਾਂ ਨੂੰ ਬਲ ਦਿੰਦਾ ਹੈ, ‘ਜੂਠ’ ਮਨ ਮਸਤਕ ਦੀ ਕਾਇਆ ਕਲਪ ਕਰਦੀ ਹੈ, ‘ਨਮੋਲੀਆਂ’ ਦੀ ਕੁੜੱਤਣ ‘ਸੁਵੱਲੜੇ ਰਾਹ’ ਵੱਲ ਤੋਰਦੀ ਹੈ, ‘ਨਵਾਂ ਜਨਮ’ ‘ਸੰਮਾਂ ਵਾਲੀ ਡਾਂਗ’ ਨਾਲ ਚੁਣੌਤੀਆਂ ਦੇ ਸਨਮੁੱਖ ਹੁੰਦਾ ਹੈ, ਤਦ ਤੱਕ ਇਹ ਪੈੜਾਂ ਨਵੀਂ ਸਵੇਰ ਤੇ ਰੌਸ਼ਨ ਭਵਿੱਖ ਲਈ ਰਾਹ ਦਸੇਰਾ ਬਣੀਆਂ ਰਹਿਣਗੀਆਂ।
Add a review