ਘਰਵਾਲੀ ਚੰਡੀ ’ਤੇ ਸਵਾਰ ਹੋਈ ਗੁੱਸੇ ’ਚ ਬੋਲੀ, “ਹੁਣ ਛੱਡ ਵੀ ਦਿਓ ਅਖ਼ਬਾਰਾਂ ਦਾ ਖਹਿੜਾ, ਮਗਰੋਂ ਪੜ੍ਹ ਲਿਓ ਇਨ੍ਹਾਂ ਨੂੰ, ਕਿਤੋਂ ਮੰਗ ਕੇ ਤਾਂ ਨਹੀਂ ਲਿਆਂਦੀਆਂ। ਵਿਹਲੜ ਨਾ ਹੋਣ ਕਿਤੇ ਦੇ। ਐਵੇਂ ਸੱਜੇ-ਖੱਬੇ ਮੋਬਾਈਲ ਤੇ ਗੱਪਾਂ ਮਾਰੀ ਜਾਨੇ ਓ, ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਆਪਣੀ ਰਜ਼ਾਈ ਹੀ ਠੱਪ ਲਓ। ਮੈਂ ਉਹਨੂੰ ਸ਼ਾਂਤ ਕਰਦਿਆਂ ਕਿਹਾ, “ਭਾਗਵਾਨੇ! ਦੱਸ ਕਾਹਤੋਂ ਗੁੱਸਾ ਕਰੀ ਜਾਨੀ ਏਂ, ਅੱਜ ਤਾਂ ਐਤਵਾਰ ਐ, ਨਾ ਮੈਂ ਦਫ਼ਤਰ ਜਾਣੈ, ਨਾ ਤੂੰ! ਫਿਰ ਰੌਲਾ ਕਾਹਨੂੰ ਪਾਇਐ।” ਸੱਤਵੇਂ ਅਸਮਾਨ ’ਤੇ ਚੜ੍ਹੀ ਉਹ ਮੂਹਰਿਓਂ ਬੋਲੀ, “ਥੋਡੀਆਂ ਤਾਂ ਰੋਜ਼ ਹੀ ਛੁੱਟੀਆਂ ਨੇ! ਜੂਨ ਤਾਂ ਸਾਡੀ ਔਰਤਾਂ ਦੀ ਹੀ ਮਾੜੀ ਐ। ਪਹਿਲਾਂ ਘਰ ਦਾ ਚੌਂਕਾ ਚੁੱਲ੍ਹਾ ਕਰੋ, ਫਿਰ ਦਫ਼ਤਰ ਜਾ ਕੇ ਮਗਜ਼ਖਪਾਈ। ਜੇ ਕਿਤੇ ਰੱਬ ਸੁਣਦਾ ਹੋਵੇ ਤਾਂ ਮੈਂ ਉਹਨੂੰ ਇਹੀ ਤਾਕੀਦ ਕਰਾਂਗੀ ਕਿ ਅਗਲੇ ਜਨਮ ਤੁਹਾਨੂੰ ਤੀਵੀਂ ਹੀ ਬਣਾਵੇ; ਸਾਡੀਆਂ ਦੁਸ਼ਵਾਰੀਆਂ ਦਾ ਤੁਹਾਨੂੰ ਸਹੀ ਮਾਇਨਿਆਂ ’ਚ ਅਹਿਸਾਸ ਤਾਂ ਹੋਵੇ। ਇਸ ਜਨਮ ’ਚ ਤਾਂ ਕਾਇਨਾਤ ਦੇ ਸਿਰਜਣਹਾਰੇ ਨੇ ਸਾਡੇ ਨਾਲ ਭੋਰਾ ਵੀ ਚੰਗੀ ਨਹੀਂ ਕੀਤੀ। ਮਰਨ ਦੀ ਵੀ ਵਿਹਲ ਨਹੀਂ। ਨਾ ਘਰੇ ਚੈਨ, ਨਾ ਬਾਹਰ। ਜੇ ਅੱਜ ਔਰਤ ਸਮਾਜ ਦੇ ਹਰ ਖਿੱਤੇ ’ਚ ਮਰਦ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰ ਰਹੀ ਹੈ ਤਾਂ ਤੁਹਾਡੇ ਵਰਗਿਆਂ ਦਾ ਵੀ ਫਰਜ਼ ਬਣਦਾ ਕਿ ਉਹ ਪਤਨੀ ਨਾਲ ਘਰ ਦੇ ਕੰਮ ’ਚ ਹੱਥ ਵਟਾਉਣ।”
ਮੈਡਮ ਨੂੰ ਸ਼ਾਂਤ ਰਹਿਣ ਦਾ ਫਿਰ ਵਾਸਤਾ ਪਾਇਆ, “ਦਸ ਕੀ ਗਲ ਐ, ਜੇ ਕਹੇ ਤਾਂ ਬਾਹਰੋਂ ਭੱਜ ਕੇ ਅੰਬਰਸਰੀ ਗਰਮਾ-ਗਰਮ ਕੁਲਚੇ ਛੋਲੇ ਲੈ ਆਵਾਂ।” ਉਹ ਅੱਗਿਓਂ ਮੇਰੀ ਗੱਲ ਵਿਚਾਲੇ ਕੱਟਦਿਆਂ ਆਖਣ ਲੱਗੀ, “ਗੱਲ ਬਾਹਰੋਂ ਨਾਸ਼ਤੇ ਦੀ ਨਹੀਂ, ਸਿਆਪਾ ਤਾਂ ਆਪਣੀ ਭੋਲੀ ਦੇ ਨਾ ਆਉਣ ਦਾ ਹੈ। ਉਹ ਅੱਜ ਬਿਨਾਂ ਦੱਸੇ ਛੁੱਟੀ ਮਾਰ ਗਈ। ਬਥੇਰਾ ਕਿਹਾ ਸੀ ਉਹਨੂੰ, ਛੁੱਟੀ ਨਾ ਕਰੀਂ ਪਰ ਇਹ ਕਾਹਨੂੰ ਕਿਸੇ ਦੀ ਸੁਣਦੀਐਂ। ਭਾਵੇਂ ਜਿੰਨਾ ਮਰਜ਼ੀ ਕਰ ਲਓ ਇਨ੍ਹਾਂ ਦਾ ਪਰ ਇਹ ਕਿਸੇ ਦੀਆਂ ਨਹੀਂ ਸਗੀਆਂ। ਮੰਨੋ ਨਾ ਮੰਨੋ, ਇਨ੍ਹਾਂ ਨੇ ਤਾਂ ਤੁਹਾਨੂੰ ਲੋੜ ਪੈਣ ’ਤੇ ਠਿੱਬੀ ਲਾ ਹੀ ਜਾਣੀ ਐ।” ਘਰਵਾਲੀ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, “ਹੋ ਸਕਦੈ, ਮਜਬੂਰੀ ਵੱਸ ਨਾ ਆ ਸਕੀ ਹੋਵੇ, ਕੋਈ ਬਿਮਾਰ ਠਿਮਾਰ ਹੋ ਗਿਆ ਹੋਣੈ ਉਹਦੇ ਘਰੇ। ਕੀ ਪਤਾ ਲੱਗਦੈ ਅੱਜ ਕੱਲ੍ਹ ਕਰੋਨੇ ’ਚ” ਪਰ ਉਹਨੂੰ ਇੰਝ ਲੱਗਾ ਜਿਵੇਂ ਮੈਂ ਭੋਲੀ ਦੀ ਵਕਾਲਤ ਕਰ ਰਿਹਾ ਹਾਂ; ਬੋਲੀ, “ਸਾਹਮਣੇ ਪਿਆ ਜੇ ਝਾੜੂ ਤੇ ਪੋਚਾ। ਚੱਕੋ ਬਾਲਟੀ ਤੇ ਕਰੋ ਘਰ ਦੀ ਸਾਫ-ਸਫਾਈ।” ਮੈਂ ਵਿਚਾਲੇ ਟੋਕਿਅ, “ਭਲੀਏ ਲੋਕੇ! ਜਾਣ ਦੇ ਗੁੱਸੇ ਨੂੰ, ਸਾਨੂੰ ਵੀ ਤਾਂ ਸਰਕਾਰ ਸਾਰੇ ਸ਼ਨਿੱਚਰਵਾਰ ਤੇ ਐਤਵਾਰ ਤੋਂ ਇਲਾਵਾ ਸਾਲ ’ਚ 10-12 ਛੁੱਟੀਆਂ ਦਿੰਦੀ ਈ ਐ ਦੁੱਖ ਸੁੱਖ ਲਈ। ਇਨ੍ਹਾਂ ਗ਼ਰੀਬਾਂ ਨੂੰ ਕੋਈ ਹੱਕ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਮਹੀਨੇ ’ਚ ਘੱਟੋ-ਘੱਟ ਇਕ-ਅੱਧ ਛੁੱਟੀ ਵੀ ਕਰ ਸਕਣ। ਵੈਸੇ ਤਾਂ ਅਸੀਂ ਸਮਾਜ ’ਚ ਔਰਤ ਦੀ ਬਰਾਬਰੀ, ਸ਼ਕਤੀਕਰਨ ਅਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਲਈ ਅਕਸਰ ਹਾਅ ਦਾ ਨਾਅਰਾ ਮਾਰਦੇ ਹਾਂ ਪਰ ਜਦੋਂ ਕਦੇ-ਕਦਾਈਂ ਸਾਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਸੀਂ ਇਨ੍ਹਾਂ ਗ਼ਰੀਬ-ਗੁਰਬਿਆਂ ਦੇ ਹਕੂਕ ਬਾਰੇ ਭੋਰਾ ਵੀ ਸੰਵੇਦਨਸ਼ੀਲਤਾ ਨਹੀਂ ਦਿਖਾਉਂਦੇ।”
ਇਹ ਸਭ ਸੁਣਨ ਮਗਰੋਂ ਉਹਦੇ ਸਬਰ ਦਾ ਪਿਆਲਾ ਭਰ ਗਿਆ, “ਜਾਣ ਦਿਓ ਏਸ ਲੱਛੇਦਾਰ ਭਾਸ਼ਨ ਨੂੰ, ਅਜਿਹੀਆਂ ਗੱਲਾਂ ਤਾਂ ਸੈਮੀਨਾਰਾਂ, ਗੋਸ਼ਟੀਆਂ ਤੇ ਸਮਾਗਮਾਂ ’ਚ ਹੀ ਸ਼ੋਭਦੀਆਂ ਨੇ।” ਅਜੇ ਉਹਨੇ ਆਪਣੀ ਗੱਲ ਨੂੰ ਵਿਰਾਮ ਨਹੀਂ ਸੀ ਦਿੱਤਾ ਕਿ ਅਚਾਨਕ ਘੰਟੀ ਵੱਜੀ, ਮੈਂ ਬੂਹਾ ਖੋਲ੍ਹਿਆ ਤਾਂ ਅੱਗਿਓਂ ਭੋਲੀ ਨੇ ਸਤ ਸ੍ਰੀ ਅਕਾਲ ਬੁਲਾਉਂਦਿਆਂ ਪੁੱਛਿਆ, “ਬੀਬੀ ਜੀ ਕਿੱਥੇ ਨੇ?” ਮੈਂ ਕਿਹਾ, “ਰਸੋਈ ’ਚ ਨਾਸ਼ਤਾ ਬਣਾ ਰਹੇ ਨੇ।” ਭੋਲੀ ਨੂੰ ਵਿੰਹਦਿਆਂ ਘਰਵਾਲੀ ਦੇ ਚਿਹਰੇ ’ਤੇ ਰੌਣਕ ਪਰਤ ਆਈ, ਉਹਨੇ ਉਸ ਨੂੰ ਕਿਹਾ, “ਅੱਜ ਲੇਟ ਕਿਵੇਂ ਹੋ ਗਈ ਭੋਲੀ? ਮੈਂ ਤਾਂ ਤੈਨੂੰ ਕੱਲ੍ਹ ਜਾਣ ਲੱਗਿਆਂ ਹੀ ਆਖਿਆ ਸੀ ਕਿ ਟਾਈਮ ਸਿਰ ਆਵੀਂ, ਸਫਾਈ ਮਗਰੋਂ ਗਰਮ ਕੱਪੜਿਆਂ ਨੂੰ ਧੁੱਪ ਵੀ ਲਵਾਉਣੀ ਐ।” ਭੋਲੀ ਕਹਿਣ ਲੱਗੀ, “ਨਿੱਕਾ ਢਿੱਲਾ ਹੋ ਗਿਆ ਸੀ, ਉਹਨੂੰ ਦਵਾਈ ਦਿਵਾ ਕੇ ਘਰਵਾਲੇ ਦੀ ਦਿਹਾੜੀ ਛੁਡਾ ਕੇ ਉਸ ਕੋਲ ਛੱਡ ਕੇ ਆਈ ਹਾਂ। ਮੈਂ ਸੋਚਿਆ ਤੁਹਾਨੂੰ ਮਸਾਂ ਹਫਤੇ ’ਚ ਇਕ ਛੁੱਟੀ ਹੁੰਦੀ ਐ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।” ਬਰਾਂਡੇ ’ਚ ਬੈਠਾ ਅਖ਼ਬਾਰ ਪੜ੍ਹਦਾ ਮੈਂ ਇਹੀ ਸੋਚ ਰਿਹਾ ਸਾਂ ਕਿ ਅਸੀਂ ਬਿਨਾਂ ਸੋਚੇ-ਸਮਝੇ ਕਿਸੇ ਬਾਰੇ ਕਿਵੇਂ ਆਪਣੀ ਰਾਏ ਬਣਾ ਲੈਂਦੇ ਹਾਂ।
ਦੁਆ ਦੀ ਗੁਫਤਗੂ ਮਗਰੋਂ ਘਰਵਾਲੀ ਨੇ ਭੋਲੀ ਨੂੰ ਬੜੇ ਪਿਆਰ ਭਰੇ ਲਹਿਜੇ ’ਚ ਕਿਹਾ, “ਕੰਮ ਮਗਰੋਂ ਕਰੀਂ, ਠੰਢ ’ਚ ਸਾਈਕਲ ਚਲਾ ਕੇ ਆਈ ਐਂ, ਬੈਠ, ਪਹਿਲਾਂ ਗਰਮਾ-ਗਰਮ ਨਾਸ਼ਤਾ ਕਰ ਲੈ”, ਪਰ ਭੋਲੀ ਪਹਿਲੋਂ ਹੀ ਕੰਮ ਤੋਂ ਲੇਟ ਹੋਣ ਕਾਰਨ ਸਿੱਧਾ ਬਹੁਕਰ ਚੁੱਕ ਕੇ ਸਫ਼ਾਈ ਕਰਨ ਲੱਗੀ। ਘਰਵਾਲੀ ਨੇ ਧਿੰਗੋਜ਼ੋਰੀ ਉਹਦੇ ਹੱਥੋਂ ਝਾੜੂ ਖੋਹ ਕੇ ਪਹਿਲਾਂ ਨਾਸ਼ਤਾ ਕਰਨ ਲਈ ਆਖਿਆ। ਰਸੋਈ ’ਚ ਸੱਦ ਕੇ ਮੱਖਣੀ ਨਾਲ ਪਰੌਂਠੇ ਤੇ ਗਰਮਾ-ਗਰਮ ਚਾਹ ਦਾ ਕੱਪ ਫੜਾਉਂਦਿਆਂ ਉਸ ਨੇ ਭੋਲੀ ਨੂੰ ਕਿਹਾ, “ਚੌਂਕੀ ’ਤੇ ਬਹਿ ਕੇ ਪਹਿਲਾਂ ਅਰਾਮ ਨਾਲ ਨਾਸ਼ਤਾ ਕਰ। ਤੂੰ ਤਾਂ ਘਰੋਂ ਵੀ ਭੁੱਖਚ-ਭਾਣੀ ਆਈ ਹੋਵੇਂਗੀ।” ਉੱਧਰ, ਮੈਂ ਬਰਾਂਡੇ ’ਚ ਅਖ਼ਬਾਰ ਪੜ੍ਹਦਿਆਂ ਮੁਸਕਣੀਆਂ ਹੱਸ ਰਿਹਾ ਸੀ- ਬੰਦਾ ਕਿੰਨਾ ਖ਼ੁਦਗਰਜ਼ ਹੈ, ਅੱਧਾ ਘੰਟਾ ਪਹਿਲਾਂ ਪਤਨੀ ਦਾ ਭੋਲੀ ਲਈ ਕੀ ਵਤੀਰਾ ਸੀ ਤੇ ਹੁਣ ਕੀ ਹੈ! ਇਨਸਾਨ ਨੂੰ ਇਕ-ਦੂਜੇ ’ਤੇ ਵਿਸ਼ਵਾਸ ਰੱਖਣ ਤੋਂ ਇਲਾਵਾ ਹਮਦਰਦੀ, ਨਿੱਘ ਤੇ ਖਲੂਸ ਰੱਖਦਿਆਂ ਰਿਸ਼ਤੇ ਨਿਭਾਉਣ ਦੀ ਜਾਚ ਆਉਣੀ ਚਾਹੀਦੀ ਹੈ। ਇਹ ਤਾਂ ਹੀ ਮੁਮਕਿਨ ਹੈ ਜੇ ਅਸੀਂ ਇਸ ਦੁਨੀਆ ਦੇ ਹਰ ਮਨੁੱਖ ਨੂੰ ਬਿਨਾਂ ਕਿਸੇ ਜਾਤ ਪਾਤ, ਨਸਲ ਜਾਂ ਧਰਮ ਦੇ ਵਖਰੇਵੇਂ ਤੋਂ ਉਪਰ ਉੱਠ ਕੇ ਖੁਦਗਰਜ਼ੀ ਰਹਿਤ ਪਿਆਰ, ਮੋਹ ਤੇ ਸਤਿਕਾਰ ਦੀਆਂ ਤੰਦਾਂ ਨੂੰ ਪੂਰੀ ਸਿਦਕਦਿਲੀ ਨਾਲ ਪਕੇਰਿਆਂ ਕਰਨ ਦਾ ਦਿਲੋਂ ਯਤਨ ਕਰੀਏ। ਸਮਾਜ ਵਿਚ ਵਿਚਰ ਰਹੀਆਂ ਭੋਲੀ ਵਰਗੀਆਂ ਗ਼ੁਰਬਤ ਨਾਲ ਜੂਝ ਰਹੀਆਂ ਰੂਹਾਂ ਨੂੰ ਆਪਣੇ ਪਰਿਵਾਰ ਦਾ ਅਨਿੱਖੜਵਾਂ ਹਿੱਸਾ ਮੰਨਦਿਆਂ ਉਨ੍ਹਾਂ ਦੇ ਦੁੱਖ-ਸੁਖ ’ਚ ਸ਼ਰੀਕ ਹੋਈਏ।
Add a review