ਪੰਜਾਬ ਦੀ ਨਵੀਂ ਸਰਕਾਰ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਵਾਤਾਵਰਨ ਸਜਾਏਗੀ, ਆਪਾਂ ਆਪਣਾ ਵਾਤਾਵਰਨ ਸਜਾਉਣ ਦੀ ਗੱਲ ਕਰੀਏ। ਸਾਡੇ ਘਰ ਦਾ ਮੁੱਖ ਗੇਟ ਖੁੱਲ੍ਹੀ ਸੜਕ ਤੇ ਹੈ। ਅੱਗੇ ਕਿੱਲਾ ਕੁ ਥਾਂ ਛੱਡ ਕੇ ਪਿੱਛੇ ਘਰ ਹੈ। ਵਲਗਣ ਦੀ ਲੰਮੀ ਕੰਧ ਦਾ ਮੂੰਹ ਦੱਖਣ ਵੱਲ ਹੈ ਜਿੱਥੇ ਸਾਰਾ ਦਿਨ ਧੁੱਪ ਰਹਿੰਦੀ ਹੈ, ਨਾਲ ਦੋ ਫੁੱਟ ਚੌੜੀ ਲੰਮੀ ਕਿਆਰੀ ਹੈ। ਪਿਛਲੇ ਸਾਲ ਜਨਵਰੀ ਵਿਚ ਕਿਆਰੀ ਵਿਚ ਚਿੱਟੀ ਡੇਜ਼ੀ ਦੇ ਫੁੱਲਾਂ ਦੇ ਬੀਅ ਜੋ ਛੇ ਮਹੀਨੇ ਕੁੰਭਕਰਨੀ ਨੀਂਦ ਸੁੱਤੇ ਪਏ ਸੀ, ਧੁੱਪ ਅਤੇ ਵਾਹਵਾ ਮੀਂਹ ਪੈਣ ਕਾਰਨ ਜਾਗ ਪਏ। ਸਾਰੀ ਕਿਆਰੀ ਡੇਜ਼ੀ ਫੁੱਲਾਂ ਦੀ ਪਨੀਰੀ ਨਾਲ ਭਰ ਗਈ; ਮਾਰਚ ਵਿਚ ਤਾਂ ਪੀਲੀ ਤੇ ਚਿੱਟੀ ਡੇਜ਼ੀ ਦੇ ਫੁੱਲਾਂ ਦੀ ਚਾਦਰ ਹੀ ਵਿਛੀ ਦਿਸਣ ਲੱਗੀ। ਹੋਰ ਕਿਆਰੀਆਂ ਵਿਚ ਬੇਸ਼ੱਕ ਡੇਲੀਆ, ਲਾਰਕਸਪਰ ਅਤੇ ਗੁਲੇਅਸ਼ਰਫ਼ੀ ਦੇ ਫੁੱਲ ਵੀ ਸਨ ਪਰ ਡੇਜ਼ੀ ਦੇ ਫੁੱਲਾਂ ਦੀ ਟੌਹਰ ਵੱਖਰੀ ਹੀ ਸੀ।
ਉਨ੍ਹੀਂ ਦਿਨੀਂ 19 ਨੰਬਰੀ ਬਿਮਾਰੀ ਜ਼ੋਰਾਂ ’ਤੇ ਸੀ। ਲੌਕਡਾਊਨ ਕਾਰਨ ਐਂਬੂਲੈਂਸਾਂ ਅਤੇ ਪੁਲੀਸ ਗੱਡੀਆਂ ਦੀ ਆਵਾਜਾਈ ਬਹੁਤ ਸੀ। ਇਕ ਦਿਨ ਮੋਟੇ ਮੋਟੇ ਫੁੱਲਾਂ ਦੇ ਦੋ ਗੁਲਦਸਤੇ ਬਣਾਏ ਤੇ ਮਠਿਆਈ ਵਾਲੇ ਡੱਬੇ ’ਚੋਂ ਸੁਨਹਿਰੀ ਕਾਗ਼ਜ਼ ਕੱਟ ਕੇ ਦੋ ਲੇਬਲ ਵੀ ਲਾ ਦਿੱਤੇ ਤੇ ਲਿਖ ਦਿੱਤਾ, ‘ਇਸ ਔਖੇ ਸਮੇਂ ’ਚ, ਔਖੀ ਡਿਊਟੀ ਵਾਸਤੇ ਧੰਨਵਾਦ’। ਗੱਡੀ ਰੋਕ ਕੇ ਇਕ ਇਕ ਗੁਲਦਸਤਾ ਪੇਸ਼ ਕਰ ਦਿੱਤਾ। ਮੈਨੂੰ ਬੜੀ ਖ਼ੁਸ਼ੀ ਹੋਈ, ਉਨ੍ਹਾਂ ਨੂੰ ਤਾਂ ਹੋਣੀ ਹੀ ਸੀ। ਹੁਣ ਲੰਘਦੇ ਕਰਦੇ ਸਤਿ ਸ੍ਰੀ ਅਕਾਲ ਵੀ ਹੋਣ ਲੱਗ ਪਈ।
ਸਾਡੇ ਨਾਲ ਹੀ ਵੱਡਾ ਪਲਾਟ ਖਾਲੀ ਪਿਆ ਸੀ, ਮੇਰੇ ਸਹਾਇਕ ਬਲਜੀਤ ਨੇ ਤਾਂ ਕਿਤੇ ਡੇਜ਼ੀ ਦੇ ਬੀਆਂ ਦਾ ਛਿੱਟਾ ਹੀ ਦਿੱਤਾ ਹੋਇਆ ਸੀ, ਹੁਣ ਉਹ ਪਲਾਟ ਵੀ ਫੁੱਲਾਂ ਨਾਲ ਭਰਿਆ ਹੋਇਆ ਸੀ। ਉਸ ਵਿਚ ਵੱਡਾ ਖੁੰਡ ਵੀ ਡਿੱਗਿਆ ਪਿਆ ਸੀ। ਨੇੜੇ ਦੇ ਸਕੂਲ ਵਿਚੋਂ ਬਚੀ ਸਫ਼ੇਦੀ ਨਾਲ ਮੁੰਡਿਆਂ ਨੇ ਉਸ ਉੱਤੇ ਧਾਰੀਆਂ ਪਾ ਦਿੱਤੀਆਂ ਸੀ। ਇਹ ਖੁੰਡ ਦੂਰੋਂ ਜ਼ੈਬਰਾ ਬੈਠਾ ਲੱਗਦਾ ਸੀ। ਇਕ ਦਿਨ ਤਾਂ ਭੀੜੀਆਂ ਜੀਨਾਂ ਵਾਲੇ ਮੁੰਡਿਆਂ ਨੇ ਡੇਜ਼ੀ ਕੋਲ ਖੜ੍ਹੋ ਕੇ ਮੋਬਾਈਲੀ ਫੋਟੋਆਂ ਵੀ ਖਿੱਚੀਆਂ। ਸੜਕ ਤੋਂ ਲੰਘਦੇ ਸਕੂਟਰਾਂ, ਟੈਂਪੂਆਂ ਅਤੇ ਗੱਡੀਆਂ ਵਿਚ ਬੈਠੀਆਂ ਸਵਾਰੀਆਂ ਤਾਂ ਮੁੜ ਮੁੜ ਦੇਖਦੀਆਂ ਸਨ ਤੇ ਮੈਨੂੰ ਪੁਰਾਣਾ ਫਿਲਮੀ ਗਾਣਾ ਚੇਤੇ ਆ ਰਿਹਾ ਸੀ: ਮੁੜ ਮੁੜ ਕੇ ਨਾ ਦੇਖ, ਮੁੜ ਮੁੜ ਕੇ। ਗੱਲ ਕੀ, ਪਿਛਲੇ ਮਾਰਚ ਵਿਚ ਡੇਜ਼ੀ ਨੇ ਵਾਤਾਵਰਨ ਪੂਰਾ ਸਜਾ ਛੱਡਿਆ ਸੀ।
ਇਸ ਵਾਰੀ ਵੀ ਲੰਮੀ ਕਿਆਰੀ ਭਰ ਗਈ। ਸੈਂਕੜੇ ਨਹੀਂ ਹਜ਼ਾਰਾਂ ਬੂਟੇ, ਝੋਨੇ ਦੀ ਪਨੀਰੀ ਵਾਂਗ। ਮੈਂ 93 ਸਾਲਾਂ ਦਾ ਹਾਂ ਪਰ ਸਿਹਤ ਪਨੀਰੀ ਖੁੱਗਣ, ਲਾਉਣ ਅਤੇ ਵੰਡਣ ਜੋਗੀ ਹੈ। ਪਹਿਲੀ ਫਰਵਰੀ ਤੋਂ ਹੀ ਮੋਬਾਈਲ-ਖ਼ਬਰ ਦੇਣ ਲੱਗ ਪਿਆ ਸਾਂ ਕਿ ਹਫ਼ਤਾ-ਦਸ ਦਿਨ ਚੰਗੇ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਕੁਝ ਸੋਚ ਕੇ ਆਪਣੇ ਸਹਾਇਕ ਨਾਲ ਸਲਾਹ ਕਰਕੇ ਪਨੀਰੀ ਵੰਡਣ ਦੀ ਯੋਜਨਾ ਬਣਾਈ। ਪਲਾਸਟਿਕ ਦੇ 50 ਲਿਫ਼ਾਫ਼ੇ ਲੈ ਆਂਦੇ। ਹਰ ਲਿਫ਼ਾਫ਼ੇ ਵਿਚ 10/12 ਛੋਟੇ ਬੂਟੇ ਜੜ੍ਹਾਂ ਨਾਲ ਵਾਹਵਾ ਮਿੱਟੀ ਸਮੇਤ ਪਾ ਦਿੱਤੇ। ਪਹਿਲੇ ਦਿਨ ਤਾਂ ਆਪਣੀ ਗੁਲਮੋਹਰ ਕਲੋਨੀ ਦੇ ਕੁਝ ਘਰਾਂ ਨੂੰ ਹੀ ਵੰਡੇ ਅਤੇ ਠੀਕ ਲਾਉਣ ਬਾਰੇ ਵੀ ਦੱਸਿਆ।
ਅਗਲੇ ਦਿਨ ਸੜਕ ਵਾਲੇ ਗੇਟ ’ਤੇ 20 ਕੁ ਲਿਫ਼ਾਫ਼ੇ ਰੱਖ ਲਏ; ਪਿੰਡਾਂ ਵੱਲ ਜਾਂਦੇ ਠੀਕ ਬੰਦੇ ਦੇਖ ਸਾਈਕਲ, ਸਕੂਟਰ, ਬਾਈਕ ਵਾਲੇ ਨੂੰ ਨਿਮਰਤਾ ਸਹਿਤ ਰੋਕ ਕੇ ਪਨੀਰੀ ਵਾਲਾ ਲਿਫ਼ਾਫ਼ਾ ਦੇ ਦਿੱਤਾ। ਬਹੁਤਿਆਂ ਨੇ ਖ਼ੁਸ਼ੀ ਖ਼ੁਸ਼ੀ ਲਿਆ ਅਤੇ ਧੰਨਵਾਦ ਵੀ ਕੀਤਾ। ਇਕ ਦੋ ਕਾਰਾਂ ਵਾਲੇ ਵੀ ਲੈ ਗਏ। ਇਕ ਮੁੰਡਾ ਕਹਿਣ ਲੱਗਾ, “ਬਾਪੂ ਸਾਡੇ ਘਰ ਤਾਂ ਕੱਚਾ ਥਾਂ ਨਹੀਂ” ਪਰ ਉਹ ਆਪਣੇ ਮਿੱਤਰ ਦੇ ਘਰ ਵਾਸਤੇ ਲੈ ਗਿਆ। ਸਾਡੇ ਨੇੜੇ ਮੰਦਰ ਹੈ, ਮੰਦਰ ਤੋਂ ਮੁੜਦੇ ਕਈ ਲੋਕ ਸ਼ਹਿਰ ਵੱਲ ਵੀ ਲੈ ਗਏ। 15 ਲਿਫ਼ਾਫ਼ੇ ਛੇਤੀ ਹੀ ਵੰਡੇ ਗਏ। ਬਲਜੀਤ ਸਿੰਘ ਆਪਣੇ ਪਿੰਡ ਦੇ ਗੁਰਦੁਆਰੇ ਅਤੇ ਸਕੂਲ ਵਾਸਤੇ ਵੀ ਪਨੀਰੀ ਲੈ ਗਿਆ।
ਗੁਲਾਬ, ਡੇਲੀਆ, ਪੈਂਜ਼ੀ ਅਤੇ ਹੋਰ ਫੁੱਲ ਭਾਵੇਂ ਡੇਜ਼ੀ ਤੋਂ ਸੋਹਣੇ ਹਨ ਤੇ ਡੇਜ਼ੀ ਓਨੀ ਸੁਨੱਖੀ ਨਾ ਲੱਗੇ ਪਰ ਸਿਆਣਿਆਂ ਦੀ ਗੱਲ ਵੀ ਚੇਤੇ ਕਰੀਏ- ‘ਨਿਰਾ ਰੰਗ ਤੇ ਸ਼ਕਲ ਹੀ ਨਾ ਦੇਖੀਏ, ਗੁਣਾਂ ਦੀ ਪਰਖ ਵੀ ਕਰੀਏ’। ਦੇਖੋ ਜੀ, ਡੇਜ਼ੀ ਬੜੀ ਤਕੜੀ ਤੇ ਸਖ਼ਤਜਾਨ ਹੈ, ਬਹੁਤੇ ਪਾਣੀ ਦੀ ਲੋੜ ਨਹੀਂ, ਪੌਦਾ ਅਪਰੈਲ ਤੱਕ ਫੁੱਲਾਂ ਨਾਲ ਭਰਿਆ ਰਹਿੰਦਾ। ਸਭ ਤੋਂ ਵੱਡੀ ਗੱਲ ਇਸ ਨੂੰ ਅਵਾਰਾ ਪਸ਼ੂ ਮੂੰਹ ਨਹੀਂ ਮਾਰਦਾ। ਰਾਖੀ ਦੀ ਵੀ ਲੋੜ ਨਹੀਂ। ਫੁੱਲਦਾਨ ’ਚ ਰੱਖੇ ਫੁੱਲ ਹਫ਼ਤਾ ਵਧੀਆ ਰਹਿੰਦੇ ਹਨ।
70 ਕੁ ਸਾਲ ਪੁਰਾਣੀ ਅਖ਼ਬਾਰ ਦੀ ਇਕ ਖ਼ਬਰ ਚੇਤੇ ਆਈ ਹੈ ਜੋ ਮਲਕਾ ਐਲਿਜ਼ਬੈਥ ਦੇ ਵਿਆਹ ਦੀ ਤਸਵੀਰ ਦੇ ਨੇੜੇ ਹੀ ਛਪੀ ਸੀ ਕਿ ਜਾਪਾਨ ਨੇ ਆਪਣੀਆਂ ਕਈ ਬੰਜਰ ਪਹਾੜੀਆਂ ਤੇ ਹੈਲੀਕਾਪਟਰ ਨਾਲ ਫੁੱਲਾਂ ਦੇ ਬੀਅ ਖਲਾਰ ਦਿੱਤੇ ਸਨ, ਹੁਣ ਉਹ ਪਹਾੜੀਆਂ ਹਰ ਸਾਲ ਫੁੱਲਾਂ ਦੇ ਮੌਸਮ ਵਿਚ ਆਪੇ ਰੰਗੀਨ ਹੋ ਜਾਂਦੀਆਂ ਹਨ ਅਤੇ ਨੇੜੇ ਦੇ ਸ਼ਹਿਰੀਆਂ ਵਾਸਤੇ ਖ਼ੁਸ਼ੀ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਇਕ ਸਿੱਖ ਫ਼ੌਜੀ ਅਫ਼ਸਰ ਦੇ ਯਤਨ ਨਾਲ ਹੇਮਕੁੰਟ ਸਾਹਿਬ ਦਾ ਉਪਰਾਲਾ ਪਹਾੜੀ ਰਸਤਾ ਵੀ ਸਮੇਂ ਸਿਰ ਗੁਲਦਾਉਂਦੀ ਅਤੇ ਡੇਲੀਏ ਦੇ ਫੁੱਲਾਂ ਨਾਲ ਭਰ ਜਾਂਦਾ ਹੈ।
ਅੰਤ ਵਿਚ ਗੱਲ ਫਿਰ ਮਾਰਚ ਦੀ ਕਰਦੇ ਹਾਂ। ਇਸ ਮਹੀਨੇ ਚੋਣ ਨਤੀਜਾ ਆ ਗਿਆ ਹੈ ਤੇ 1304 ਵਿਚੋਂ ਸਿਰਫ਼ 117 ਜੇਤੂਆਂ ਦੇ ਚਿਹਰੇ ਖਿੜੇ ਹਨ ਪਰ ਆਪਣੀ ਡੇਜ਼ੀ ਦੇ ਫੁੱਲ ਤਾਂ ਘਰ ਘਰ ਖਿੜੇ ਹੋਏ ਹਨ ਅਤੇ ਵਾਤਾਵਰਨ ਨੂੰ ਸਜਾ ਰਹੇ ਹਨ।
Add a review