ਉਹ ਮੇਰੀ ਅਧਿਆਪਨ ਸੇਵਾ ਦਾ ਪਹਿਲਾ ਸਕੂਲ ਸੀ। ਹਰਿਆ ਭਰਿਆ, ਰੁੱਖਾਂ ਤੇ ਪੰਛੀਆਂ ਵਿਚ ਵਸਦਾ। ਪਿੰਡ ਦੇ ਵਿਚਕਾਰ ਸਿਰ ਉਠਾਈ ਖੜ੍ਹਾ, ਅਨੁਸ਼ਾਸਨ ਦਾ ਪਾਬੰਦ। ਸੁਖਾਵਾਂ ਮਾਹੌਲ ਤੇ ਵਿਦਿਆਰਥੀਆਂ ਦੇ ਹਸਦੇ ਚਿਹਰੇ। ਫੁੱਲਾਂ ਦੀਆਂ ਬਗੀਚੀਆਂ ਮਨ ਮੋਹਦੀਆਂ। ਪੰਛੀਆਂ ਦੇ ਮਿੱਠੇ ਬੋਲ ਫਿਜ਼ਾ ਵਿਚ ਮਹਿਕ ਘੋਲਦੇ। ਪੜ੍ਹਾਉਣ ਵਿਚ ਮਨ ਲਗਦਾ। ਸਕੂਲ ਵਿਚ ਆ ਕੇ ਘਰ ਵਰਗੀ ਅਪਣੱਤ ਦਾ ਅਹਿਸਾਸ ਜਗਦਾ। ਫੁੱਲਾਂ ਜਿਹੇ ਬੱਚਿਆਂ ਸੰਗ ਵਿਚਰਦਿਆਂ ਵਕਤ ਪਲਾਂ ਵਿਚ ਗੁਜ਼ਰ ਜਾਂਦਾ। ਸਵੈਮਾਣ, ਖ਼ੁਸ਼ੀ ਤੇ ਸੰਤੁਸ਼ਟੀ ਅੰਗ ਸੰਗ ਰਹਿੰਦੀ। ਪ੍ਰਿੰਸੀਪਲ ਸਭ ਦੀਆਂ ਲੋੜਾਂ ਦਾ ਖਿਆਲ ਰੱਖਦੇ। ਸਮਝਾਉਂਦੇ, ਪ੍ਰੇਰਦੇ ਤੇ ਮਿਹਨਤ ਕਰਦੇ ਰਹਿਣ ਦਾ ਸਬਕ ਦਿੰਦੇ।
ਬਗੀਚੀ ਵੱਲ ਲੜਕੀਆਂ ਦੇ ਬਾਥਰੂਮ ਸਨ। ਉਧਰ ਲੜਕੀਆਂ ਦਾ ਆਉਣ ਜਾਣ ਬਣਿਆ ਰਹਿੰਦਾ। ਬਰਸਾਤ ਦੇ ਦਿਨ ਸਨ। ਇੱਕ ਦਿਨ ਬਾਥਰੂਮ ਵੱਲੋਂ ਛੇਵੀਂ ਕਲਾਸ ਦੀਆਂ ਲੜਕੀਆਂ ਚੀਕਾਂ ਮਾਰਦੀਆਂ ਮੁੜੀਆਂ। ਕਲਾਸ ਵਿਚ ਆ ਕੇ ਬੇਹੋਸ਼ ਹੋ ਗਈਆਂ। ਸਾਰੀ ਕਲਾਸ ਦਾ ਸ਼ੋਰ ਸਕੂਲ ਵਿਚ ਸੁਣਿਆ। ਤੁਰੰਤ ਡਾਕਟਰ ਬੁਲਾਇਆ। ਮੁਢਲੀ ਸਹਾਇਤਾ ਮਿਲਣ ਤੱਕ ਲੜਕੀਆਂ ਹੋਸ਼ ਵਿਚ ਆ ਗਈਆਂ। ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਦੋਹਾਂ ਨੂੰ ਘਰ ਭੇਜ ਦਿੱਤਾ। ਪਤਾ ਲੱਗਾ, ਉਹ ਵਹਿੰਦੇ ਖ਼ੂਨ ਤੋਂ ਡਰਦੀਆਂ ਮੁੜੀਆਂ ਸਨ। ਸਾਰੇ ਸਕੂਲ ਵਿਚ ਇਹ ਗੱਲ ਫੈਲ ਗਈ। ਲੜਕੀਆਂ ਦਾ ਡਰਨਾ ਸੁਭਾਵਿਕ ਸੀ।
ਸਕੂਲ਼ ਲਈ ਇਹ ਘਟਨਾ ਬੁਝਾਰਤ ਸੀ। ਚਰਚਾ ਚੱਲ ਪਈ। ਚੰਗੇ ਭਲੇ ਹਸਦੇ ਵਸਦੇ ਸਕੂਲ ਨੂੰ ਪਤਾ ਨਹੀਂ ਕਿਹੜੇ ਚੰਦਰੇ ਨੇ ਨਜ਼ਰ ਲਾ ਦਿੱਤੀ। ਹੋਮ ਸਾਇੰਸ ਵਾਲੇ ਮੈਡਮ ਕਲਪਦੇ, “ਸੁਖਾਵੇਂ ਮਾਹੌਲ ਵਿਚ ਡਰ ਵਾਲੀ ਘਟਨਾ ਸਮਝ ਤੋਂ ਬਾਹਰ ਐ।” ਆਪਣੇ ਨਾਲ ਮਤਲਬ ਰੱਖਣ ਵਾਲੇ ਅਧਿਆਪਕ ਆਖਦੇ, “ਇੰਨੇ ਪੁਰਾਣੇ ਰੁੱਖਾਂ ਵਿਚ ਕੁਸ਼ ਹੋ ਸਕਦਾ ਜਿਹੜਾ ਆਪਾਂ ਨੂੰ ਸਮਝ ਨਹੀਂ ਆਉਂਦਾ। ਅਗਲੇ ਦਿਨ ਪ੍ਰਿੰਸੀਪਲ ਨੇ ਸਟਾਫ ਨੂੰ ਦਫ਼ਤਰ ਬੁਲਾਇਆ। ਪਿੰਡ ਦਾ ਸਰਪੰਚ ਤੇ ਮੁਹਤਬਰ ਵੀ ਮੌਜੂਦ ਸਨ। ਉਹ ਆਪਣੀ ਸਮਝ ਅਨੁਸਾਰ ਕਹਿਣ ਲੱਗੇ- “ਸਕੂਲ ਦੇ ਪੁਰਾਣੇ ਰੁੱਖਾਂ ਤੇ ਓਪਰੀਆਂ ਸ਼ੈਆਂ ਦੇ ਵਾਸੇ ਬਾਰੇ ਸਾਨੂੰ ਪਤਾ ਹੈ। ਚੇਲੇ, ਸਿਆਣੇ ਦੱਸਦੇ ਰਹਿੰਦੇ ਨੇ। ਆਪਣਾ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ। ਉਪਾਅ ਅਸੀਂ ਪੰਚਾਇਤ ਵੱਲੋਂ ਕਰਵਾ ਦਿੰਦੇ ਹਾਂ।” ਪ੍ਰਿੰਸੀਪਲ ਨੇ ਅਸਹਿਮਤੀ ਜਤਾਈ; ਕਹਿੰਦੇ- “ਅਸੀਂ ਜਲਦ ਹੀ ਮਸਲਾ ਹੱਲ ਕਰ ਦਿਆਂਗੇ। ਸਾਡੇ ਕੋਲ ਦੁੱਧ ਦਾ ਦੁੱਧ ਤੇ ਪਾਣੀ ਨਿਤਾਰਨ ਦੀ ਕਲਾ ਹੈ।”
ਸਕੂਲ ਦੇ ਬਦਲੇ ਮਾਹੌਲ ਨੂੰ ਸੁਖਾਵਾਂ ਕਰਨ ਲਈ ਪ੍ਰਿੰਸੀਪਲ ਅੱਗੇ ਤੁਰੇ। ਸੀਨੀਅਰ ਅਧਿਆਪਕਾਂ ਨੂੰ ਨਾਲ ਲਿਆ। ਬੇਹੋਸ਼ ਹੋਈਆਂ ਲੜਕੀਆਂ ਦੇ ਮਾਪਿਆਂ ਨਾਲ ਰਾਬਤਾ ਬਣਾਇਆ। ਉਨ੍ਹਾਂ ਨੂੰ ਲੜਕੀਆਂ ਦੇ ਇਲਾਜ ਲਈ ਭਰਮਾਂ ਦੇ ਰਾਹ ਪੈਣ ਤੋਂ ਵਰਜਿਆ। ਘਟਨਾ ਦੀ ਪੜਤਾਲ ਆਰੰਭੀ। ਜਿਸ ਦਿਨ ਘਟਨਾ ਵਾਪਰੀ, ਹਲਕੀ ਕਿਣਮਿਣ ਹੋ ਰਹੀ ਸੀ। ਬਾਥਰੂਮ ਗਈਆਂ ਕੁੜੀਆਂ ਹੱਥ ਧੋਣ ਲੱਗੀਆਂ। ਬਾਥਰੂਮ ਦੀ ਛੱਤ ਉੱਪਰੋਂ ਆ ਰਿਹਾ ਪਾਣੀ ਖੂਨ ਜਿਹਾ ਸੀ। ਖ਼ੂਨ ਖੂਨ ਆਖਦੀਆਂ ਡਰਦੀਆਂ ਦੋਵੇਂ ਕੁੜੀਆਂ ਕਲਾਸ ਵੱਲ ਦੌੜੀਆਂ। ਸਹਿਮੀਆਂ ਕੁੜੀਆਂ ਦੇ ਕਲਾਸ ਵਿਚ ਆਉਂਦਿਆਂ ਹੀ ਹੋਸ਼ ਗੁੰਮ ਹੋ ਗਏ। ਸਾਰੀ ਕਲਾਸ ਡਰ ਨਾਲ ਚੀਕਾਂ ਮਾਰਨ ਲੱਗੀ।
ਘਟਨਾ ਤੋਂ ਬਾਅਦ ਲੜਕੀਆਂ ਉਸ ਬਾਥਰੂਮ ਵੱਲ ਜਾਣੋਂ ਹਟ ਗਈਆਂ। ਉਸ ਨੂੰ ਖ਼ੂਨ ਵਾਲਾ ਬਾਥਰੂਮ ਕਹਿਣ ਲੱਗੀਆਂ। ਅਧਿਆਪਕਾਂ ਨੇ ਪ੍ਰੇਰਿਆ, ਸਮਝਾਇਆ ਪਰ ਕੁੜੀਆਂ ਦਾ ਡਰ ਨਾ ਨਿਕਲਿਆ। ਰਾਜ਼ ਜਾਣਨ ਦੀਆਂ ਕੋਸਿ਼ਸ਼ਾਂ ਸ਼ੁਰੂ ਹੋਈਆਂ। ਕਈ ਦਿਨ ਅਜਿਹਾ ਕੁਝ ਨਜ਼ਰ ਨਾ ਆਇਆ ਜਿਸ ਤੋਂ ਸਚਾਈ ਦਾ ਪਤਾ ਲੱਗ ਸਕੇ। ਇੱਕ ਦਿਨ ਮੁੜ ਬਰਸਾਤ ਦਾ ਮੌਸਮ ਬਣਿਆ। ਅਧਿਆਪਕਾਂ ਨੇ ਦੇਖਿਆ ਕਿ ਉਸੇ ਬਾਥਰੂਮ ਦੀ ਛੱਤ ਤੋਂ ਹੇਠਾਂ ਆ ਰਿਹਾ ਪਾਣੀ ਲਾਲ ਰੰਗ ਦਾ ਸੀ। ਛੱਤ ਉੱਪਰੋਂ ਚੈੱਕ ਕੀਤੀ ਤਾਂ ਸਾਫ਼ ਸੁਥਰੀ। ਛੱਤ ਉੱਪਰ ਗਏ ਅਧਿਆਪਕ ਨੇ ਪ੍ਰਿੰਸੀਪਲ ਨੂੰ ਰਾਜ਼ ਬਿਆਨ ਕੀਤਾ। ਬਾਥਰੂਮ ਦੇ ਉੱਪਰ ਲਾਲ ਰੰਗ ਕੀਤਾ ਹੋਇਆ ਹੈ। ਥੋੜ੍ਹਾ ਵਧਿਆ ਰੰਗ ਪੇਂਟਰ ਨੇ ਛੱਤ ਉੱਪਰ ਹੀ ਡੋਲ੍ਹ ਦਿੱਤਾ ਸੀ। ਮੀਂਹ ਪੈਣ ਨਾਲ ਉਹ ਰੰਗ ਪਾਣੀ ਵਿਚ ਮਿਲ ਕੇ ਹੇਠਾਂ ਵਹਿ ਰਿਹਾ ਹੈ।
ਛੁੱਟੀ ਵੇਲੇ ਪ੍ਰਿੰਸੀਪਲ ਨੇ ਸਾਰੀਆਂ ਕਲਾਸਾਂ ਪਰੇਅਰ ਗਰਾਊਂਡ ਵਿਚ ਬੁਲਾਈਆਂ। ਸੀਨੀਅਰ ਅਧਿਆਪਕ ਨੇ ਸਕੂਲ ਵਿਚ ਵਾਪਰੀ ਘਟਨਾ ਬਾਰੇ ਖੋਲ੍ਹ ਕੇ ਦੱਸਿਆ। ਸੁਣ ਕੇ ਬੱਚਿਆਂ ਦੇ ਚਿਹਰੇ ਟਹਿਕ ਪਏ। ਪ੍ਰਿੰਸੀਪਲ ਬੋਲੇ, “ਪਿਆਰੇ ਬੱਚਿਓ, ਵਾਪਰਨ ਵਾਲੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਕਾਰਣ ਜਾਣ ਲਿਆ ਜਾਵੇ ਤਾਂ ਮਸਲਾ ਵੀ ਹੱਲ ਹੋ ਜਾਂਦਾ ਹੈ। ਇਹ ਵਿਗਿਆਨ ਦਾ ਯੁੱਗ ਹੈ। ਵਹਿਮ, ਭਰਮ ਨਿਰਮੂਲ ਹਨ। ਸਾਡੀ ਵਿਦਿਆ ਵਿਚ ਗਿਆਨ ਤੇ ਤਰਕ ਦਾ ਚਾਨਣ ਹੈ। ਇਹ ਸਾਡਾ ਰਾਹ ਰੁਸ਼ਨਾਉਂਦਾ ਹੈ, ਇਹ ਸਾਡੇ ਲਈ ਪ੍ਰੇਰਨਾ ਤੇ ਸਬਕ ਹੈ। ਇਸੇ ਚਾਨਣ ਨਾਲ ਅਸੀਂ ਆਪਣੇ ਜੀਵਨ ਤੇ ਸਮਾਜ ਦੀਆਂ ਰਾਹਾਂ ਨੂੰ ਰੌਸ਼ਨ ਕਰਨਾ ਹੈ।” ਸਾਰੀ ਛੁੱਟੀ ਦੀ ਘੰਟੀ ਵੱਜੀ। ਚਾਨਣ ਲੈ ਕੇ ਘਰਾਂ ਨੂੰ ਪਰਤ ਰਹੇ ਬੱਚਿਆਂ ਦੇ ਕਦਮਾਂ ਵਿਚੋਂ ਮੈਨੂੰ ਖੁਸ਼ੀ ਦੀ ਦਸਤਕ ਸੁਣਾਈ ਦੇ ਰਹੀ ਸੀ।
Add a review