ਸੰਨ 1920-21 ਵਿਚ ਗਾਂਧੀ ਮਹਾਤਮਾ ਨੇ ਜਦ ਸਿਵਲ ਨਾਫ਼ਰਮਾਨੀ ਦਾ ਪ੍ਰੋਗਰਾਮ ਬਣਾਇਆ ਸੀ, ਤਦ ਅਦਾਲਤਾਂ ਸਰਕਾਰੀ ਅਹੁਦਿਆਂ/ਖ਼ਿਤਾਬਾਂ ਦਸੌਰੀ ਕੱਪੜੇ ਤੇ ਤਾਲੀਮ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਸੀ। ਗਾਂਧੀ ਸਾਰੇ ਸਕੂਲਾਂ ਕਾਲਜਾਂ ਨੂੰ ਗ਼ੁਲਾਮ ਖ਼ਾਨੇ ਆਂਹਦਾ ਸੀ। ਉਸ ਵੇਲੇ ਹਰ ਜਗਹ ਮੁਤਬਾਦਿਲ ਤਾਲੀਮ ਦੇਣ ਦੀਆਂ ਸੰਸਥਾਵਾਂ ਕਲਕੱਤੇ, ਬਨਾਰਸ, ਅਹਿਮਦਾਬਾਦ, ਦਿੱਲੀ, ਬਿਹਾਰ ਵਿਚ ਬਣ ਗਈਆਂ ਸਨ। ਸਾਡੀ ਪੰਜਾਬ ਵਾਲੀ ਸੰਸਥਾ ਦਾ ਨਾਂ ਕੌਮੀ ਵਿਦਿਆ ਪੀਠ ਸੀ। ਇਸ ਵਿਦਿਆ ਪੀਠ ਦੇ ਚਾਂਸਲਰ ਲਾਲਾ ਲਾਜ ਪਤ ਰਾਏ ਸਨ। ਅੰਬਾਲੇ, ਸਿਆਲਕੋਟ, ਅੰਮ੍ਰਿਤਸਰ ਵਿਚ ਲੋਕਾਂ ਨੇ ਆਪਣੀ ਹਿੰਮਤ ਨਾਲ ਸਕੂਲ ਖੋਲ੍ਹੇ ਸਨ। ਮੈਂ ਆਪ ਇੰਸਪੈਕਟਰ ਦੇ ਤੌਰ ’ਤੇ ਇਨ੍ਹਾਂ ਸਕੂਲਾਂ ਦਾ ਦੌਰਾ ਕਰਦਾ ਹੁੰਦਾ ਸਾਂ।
ਮੈਂ ਗੌਰਮਿੰਟ ਕਾਲਜ ਲਾਹੌਰੋਂ ਅੰਗਰੇਜ਼ੀ ਦੀ ਐਮ.ਏ. ਕਰਨ ਮਗਰੋਂ ਦੇਸ਼ਭਗਤੀ ਦੇ ਜਜ਼ਬਾਤ ਨੂੰ ਅਮਲੀ ਰੂਪ ਦੇਣ ਲਈ ਲਾਲਾ ਲਾਜ ਪਤ ਰਾਏ ਕੋਲ ਬਰੈਡਲੇ ਹਾਲ ਗਿਆ। ਲਾਲਾ ਜੀ ਨੇ ਸਰਵੈਂਟਸ ਆਫ ਪੀਪਲ ਸੁਸਾਇਟੀ ਬਣਾਈ ਹੋਈ ਸੀ। ਮੈਂ ਜਾ ਕੇ ਉਨ੍ਹਾਂ ਨੂੰ ਅਰਜ਼ ਕੀਤੀ ਪਈ ਮੈਂ ਸੁਸਾਇਟੀ ਦਾ ਲਾਈਫ਼ ਮੈਂਬਰ ਬਣਨਾ ਚਾਹੁੰਦਾ। ਲਾਲਾ ਜੀ ਆਖਣ ਲੱਗੇ- ਨੌਜਵਾਨ, ਕਿਆ ਤੁਮ ਨੇ ਸਾਰੀ ਸ਼ਰਤੇਂ ਪੜ੍ਹੀ ਹੈਂ- ਉਨ ਮੇਂ ਸੇ ਏਕ ਸ਼ਰਤ ਹੈ ਕਿ ਲਾਈਫ਼ ਮੈਂਬਰ ਕੋ ਬੀਸ ਸਾਲ ਕੇ ਲੀਏ ਸੁਸਾਇਟੀ ਕੀ ਖ਼ਿਦਮਤ ਕਰਨੀ ਪੜੇਗੀ। ਮੈਂ ਕਿਹਾ- ਹਾਂ ਲਾਲਾ ਜੀ ਮੈਂ ਨੇ ਪੜ੍ਹ ਰੱਖੀ ਹੈਂ। ਸੋ ਉਨ੍ਹਾਂ ਨੇ ਮੈਨੂੰ ਨੈਸ਼ਨਲ ਕਾਲਜ ਵਿਚ ਪੜ੍ਹਾਣ ਲਈ ਆਖਿਆ। ਇਹ ਕਾਲਜ ਰਾਸ਼ਟਰੀ ਵਿਦਿਆ ਪੀਠ ਦੇ ਮਾਤਹਤ ਸੀ। ਉਸ ਵੇਲੇ ਨੈਸ਼ਨਲ ਕਾਲਜ ਵਿਚ ਵਧ ਤੋਂ ਵਧ ਦੋ ਸੌ ਨੌਜਵਾਨ ਦੂਜੇ ਕਾਲਜ ਸਕੂਲ ਛੱਡ ਕੇ ਆਏ ਸਨ। ਸਾਡਾ ਤਾਲੀਮੀ ਕੈਰੀਕੁਲਮ ਦੂਜੀ ਦਿੱਤੀ ਜਾਂਦੀ ਤਾਲੀਮ ਨਾਲੋਂ ਬਿਲਕੁਲ ਵੱਖਰਾ ਸੀ। ਸਾਡਾ ਇਹ ਮੰਤਵ ਸੀ ਕਿ ਪੜ੍ਹਾਈ ਉਰਦੂ, ਹਿੰਦੀ ਵਿਚ ਕਰਵਾਈ ਜਾਵੇ। ਪੰਜਾਬੀ ਓਦੋਂ ਏਨੀ ਡੀਵੈਲਪ ਨਹੀਂ ਹੋਈ ਸੀ। ਦੂਜਾ ਮਕਸਦ ਇਹ ਸੀ ਪਈ ਵਧ ਤੋਂ ਵਧ ਜ਼ੋਰ ਤਿੰਨ ਮਜ਼ਮੂਨਾਂ ’ਤੇ ਦਿੱਤਾ ਜਾਵੇ- ਇਤਿਹਾਸ, ਅਰਥ ਸ਼ਾਸਤਰ ਤੇ ਰਾਜਨੀਤੀ ਸਾਇੰਸ ਦੇ ਮਜ਼ਮੂਨ ਅਸੀਂ ਕੋਈ ਨਾ ਪੜ੍ਹਾਂਦੇ ਸਾਂ। ਲੈਬਾਰਟਰੀਆਂ ਦੀ ਮੁਸ਼ਕਲ ਸੀ, ਏਸ ਕਰਕੇ। ਹੋਰ ਸਾਡੇ ਕਾਲਜ ਦੀ ਪਲੇਅ ਗਰਾਊਂਡ ਕੋਈ ਨਾ ਸੀ।
ਸਾਡੇ ਕਾਲਜ ਦੀਆਂ ਜਮਾਤਾਂ ਦੇ ਸਿੱਧੇ ਨਾਂ ਸਨ- ਫ਼ਸਟ ਈਅਰ, ਸੈਕੇਂਡ ਈਅਰ ਤੇ ਥਰਡ ਈਅਰ। ਤਿੰਨ ਸਾਲਾਂ ਵਿਚ ਕੌਮੀ ਬੀ.ਏ. ਦੀ ਡਿਗਰੀ ਦਿੱਤਾ ਕਰਦੇ ਸਾਂ। ਇਮਤਿਹਾਨ ਵਿਦਿਆ ਪੀਠ ਹੀ ਲੈਂਦੀ ਸੀ। ਕਾਲਜ ਦੇ ਪਹਿਲੇ ਪ੍ਰਿੰਸੀਪਲ ‘ਅਚਾਰੀਆ ਜੁਗਲ ਕਿਸ਼ੋਰ’ ਸਨ। ਮੈਂ ਉਸ ਵੇਲੇ ਇੰਗਲਿਸ਼ ਹਿਸਟਰੀ ਪੜ੍ਹਾਂਦਾ ਸਾਂ। ਪੁਲੀਟੀਕਲ ਸਾਇੰਸ ਅਚਾਰੀਆ ਜੁਗਲ ਕਿਸ਼ੋਰ ਆਪ ਪੜ੍ਹਾਂਦੇ ਸਨ। ਇਨ੍ਹਾਂ ਮਗਰੋਂ ਮੈਨੂੰ ਪ੍ਰਿੰਸੀਪਲ ਬਣਾਇਆ ਗਿਆ। ਇਹ 1922 ਦੀ ਗੱਲ ਹੈ। ਇੰਡੀਅਨ ਹਿਸਟਰੀ ਉੱਤੇ ਖ਼ਾਸ ਜ਼ੋਰ ਸੀ। ਇਹ ‘ਲੈਚੰਦਰ ਵਿਦਿਆ ਲੰਕਾਰ’ (ਜੈ ਚੰਦ ਵਿਦਿਆਲੰਕਾਰ) ਪੜ੍ਹਾਂਦੇ ਸਨ। ਯੂਰਪੀ ਹਿਸਟਰੀ ‘ਭਾਈ ਪਰਮਾ ਨੰਦ’ ਪੜ੍ਹਾਂਦੇ ਸਨ। ਆਰੀਆ ਸਮਾਜ ਨੇ ਭਾਈ ਜੀ ਨੂੰ ਮਿਸ਼ਨਰੀ ਬਣਾ ਕੇ ਅਫਰੀਕਾ ਤੇ ਇੰਗਲੈਂਡ ਘੱਲਿਆ ਸੀ। ਉਥੇ ਇਨ੍ਹਾਂ ਕਿਤਾਬ ਲਿਖੀ: ‘ਹਿੰਦੁਸਤਾਨ ਕਾ ਇਤਿਹਾਸ’। ਇਹ ਬਾਗ਼ੀਆਨਾ ਕਿਤਾਬ ਮੰਨੀ ਗਈ। ਭਾਈ ਜੀ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਮਦਨਮੋਹਨ ਮਾਲਵੀਆ ਤੇ ਸੀ.ਐਫ. ਐਂਡਰੀਊਜ਼ ਨੇ ਦਖ਼ਲ ਦੇ ਕੇ ਫ਼ਾਂਸੀ ਦੀ ਸਜ਼ਾ ਤੁੜਵਾਈ ਸੀ ਤੇ ਫੇਰ ਇਨ੍ਹਾਂ ਕਾਲੇ ਪਾਣੀ ਦੀ ਸਜ਼ਾ ਕੱਟੀ। ‘ਪੰਡਤ ਦੌਲਤ ਰਾਮ’ ਇਕਨੌਮਿਕਸ ਪੜ੍ਹਾਂਦੇ ਸਨ। ‘ਪੰਡਤ ਚੇਤ ਰਾਮ’ (ਗੜ੍ਹਵਾਲ) ਹਿੰਦੀ ਤੇ ‘ਮੇਲਾ ਰਾਮ ਵਫ਼ਾ’ (ਉਰਦੂ ਸ਼ਾਇਰ) ਉਰਦੂ ਦੀ ਤਾਲੀਮ ਦਿੰਦੇ ਸਨ। ਬਾਕੀ ਉਸਤਾਦਾਂ ਦੇ ਨਾਂ ਐਸ ਵੇਲੇ ਮੈਨੂੰ ਯਾਦ ਨਹੀਂ।
ਭਗਤ ਸਿੰਘ ਮੇਰੇ ਕੋਲ ਪੜ੍ਹਦਾ ਸੀ- ਇੰਗਲਿਸ਼ ਤੇ ਯੂਰਪੀ ਹਿਸਟਰੀ। ਬੜਾ ਹੋਸ਼ਿਆਰ ਨੌਜਵਾਨ ਸੀ ਉਹ। ਯੂਰਪੀ ਇਨਕਲਾਬਾਂ ਤੋਂ ਇਹ ਪ੍ਰੇਰਣਾ ਮਿਲਦੀ ਸੀ ਕਿ ਕੋਈ ਵੀ ਸਿਆਸੀ/ਸਮਾਜੀ ਤਬਦੀਲੀ ਹਥਿਆਰਬੰਦ ਇਨਕਲਾਬ ਬਿਨਾਂ ਨਹੀਂ ਹੋ ਸਕਦੀ। ਉਸ ਵੇਲੇ ਗਾਂਧੀ ਨੇ ੲੈਲਾਨ ਕੀਤਾ ਸੀ ਕਿ ਉਹ ਬਾਰਾਂ ਮਹੀਨਿਆਂ ਦੇ ਅੰਦਰ ਅੰਦਰ ਅਹਿੰਸਾ ਨਾਲ ਸਵਰਾਜ ਹਾਸਲ ਕਰੇਗਾ। ਅਸੀਂ ਮਖੌਲ ਕਰਨਾ ਪਈ ਗਾਂਧੀ ਤਾਂ ਸ਼ੇਖ ਚਿੱਲੀ ਏ। ਅਹਿੰਸਾ ਨਾਲ ਨਾ ਕਦੇ ਤਬਦੀਲੀ ਆਈ ਹੈ, ਨਾ ਆਏਗੀ।
ਅਸਾਂ ਕਾਲਜ ਵਿਚ ਦੋ-ਤਿੰਨ ਸੰਗਠਨ ਬਣਾ ਲਏ। ਪਹਿਲਾ ਸੀ- ਰਾਸ਼ਟਰੀ ਡਰੈਮੈਟਿਕ ਕਲੱਬ। ਇਹਦਾ ਕੰਮ ਆਮ ਲੋਕਾਂ ਵਿਚ ਜਾ ਕੇ ਡਰਾਮੇ ਖੇਲ੍ਹਣਾ ਸੀ। ਜਿਥੇ ਕਾਂਗਰਸ ਵਾਲੇ ਪੁਲੀਟੀਕਲ ਕਾਨਫ੍ਰੰਸਾਂ ਕੀਤਾ ਕਰਦੇ ਸਨ, ਓਥੇ ਅਸੀਂ ਪੁੱਜ ਜਾਂਦੇ ਸਾਂ ਤੇ ਕਾਨਫਰੰਸ ਮਗਰੋਂ ਲੋਕਾਂ ਨੂੰ ਡਰਾਮੇ ਦਿਖਾਏ। ਦੋ-ਤਿੰਨ ਡਰਾਮੇ ਯਾਦ ਨੇ। ਪਹਿਲਾ ਮਹਾਰਾਣਾ ਪ੍ਰਤਾਪ ਸੀ। ਹੁਣ ਯਾਦ ਨਹੀਂ ਇਹ ਕਿਸ ਨੇ ਲਿਖਿਆ ਸੀ। ਭਗਤ ਸਿੰਘ ਇਸ ਡਰਾਮੇ ਵਿਚ ਰਾਣਾ ਪ੍ਰਤਾਪ ਦਾ ਰੋਲ ਕਰਦਾ ਸੀ। ਦੂਜਾ ਡਰਾਮਾ ਹਿੰਦੂ ਮੁਸਲਿਮ ਏਕਤਾ ਦੇ ਵਿਸ਼ੇ ਬਾਰੇ ਸੀ ਤੇ ਤੀਜੇ ਦਾ ਨਾਂ ‘ਵੀਰ ਅਭਿਮਨਯੂ’ ਸੀ। ਡਰਾਮਿਆਂ ਵਿਚ ਗੀਤ ਹੁੰਦੇ ਸਨ। ਛੋਟੇ ਛੋਟੇ ਤਾਲਿਬਇਲਮਾਂ ਨੇ ਹਾਰਮੋਨੀਅਮ ਤੇ ਤਬਲੇ ਨਾਲ ਗੀਤ ਗਾਉਣੇ। ਇਕ ਗੀਤ ਲਾਲਾ ਬਾਂਕੇ ਦਿਆਲ ਦਾ ਸੀ:
ਕਦੇ ਤਾਂ ਹਿੰਦੀਆ ਹੋਸ਼ ਸੰਭਾਲ ਵੇ
ਹੋਸ਼ ਸੰਭਾਲ ਵੇ ਲੁਟ ਗਿਆ ਮਾਲ ਵੇ
‘ਪਗੜੀ ਸੰਭਾਲ ਓ ਜੱਟਾ’ ਵਾਲਾ ਗੀਤ ਹੋਰ ਹੈ।
ਦੂਜਾ ਗੀਤ ਸੀ:
ਬਸ ਓ ਯਾਰ ਨਾ ਕਰ ਵਧੀਕੀ
ਅਸਾਂ ਸਮਝ ਲਿਤੇ ਤੇਰੇ ਚਾਲੇ
ਸੋਨਾ ਚਾਂਦੀ ਸਾਡੇ ਲੁੱਟ ਲੀਤੇ ਨੇ
ਤੇਰੇ ਕਾਗ਼ਜ਼ ਕੱਢੇ ਦੀਵਾਲੇ
ਹਿੰਦੁਸਤਾਨ ਸੋਨੇ ਦੀ ਧਰਤੀ
ਜਿੱਥੇ ਭੁੱਖੇ ਮਰਦੇ ਲਾਲੇ
ਗਲੀਆਂ ਦੇ ਵਿਚ ਫਿਰਨ ਨਿਮਾਣੇ
ਇੱਜ਼ਤ... ... ...
ਇਕ ਹੋਰ ਗੀਤ ਗੰਵੀਦਾ ਹੈ:
ਹਿੰਦੂ ਕਹੇ ਮੈਂ ਸਭ ਤੋਂ ਵੱਡਾ
ਮੇਰਾ ਹਿੰਦੁਸਤਾਨ ਟਿਕਾਣਾ
ਮੁਸਲਮ ਕਹੇ ਹੁਣ ਘਰ ਇਹ ਸਾਡਾ
ਸਾਨੂੰ ਮਿਲਿਆ ਹੁਕਮ ਰੱਬਾਣਾ।
ਸਿੱਖ ਕਹੇ ਸਾਡਾ ਵੀ ਸਾਂਝਾ
ਅਸਾਂ ਪਹਿਲਾਂ ਕਦਮ ਲਗਾਣਾ
‘ਬਾਂਕੇ’ ਯਾਰ ਫ਼ਰੰਗੀ ਆਖੇ
ਇਹ ਹੱਥ ਲਾਵੇ ਤਾਂ ਮੈਂ ਜਾਣਾ।
ਅਸਾਂ ਵੱਸਣਾ ਵੇ ਵਸਣਾ ਬੀਬਾ
ਹਿੰਦ ਸਾਡਾ ਘਰ ਬਾਰ
ਤੁਸਾਂ ਨੱਸਣਾ ਵੇ ਨੱਸਣਾ ਨਾਹੀਂ
ਹਿੰਦ ਛੱਡ ਕੇ ਆਖ਼ਰਕਾਰ।
ਇਹ ਨਾਟਕ ਅਸਾਂ ਗੁੱਜਰਾਂਵਾਲਾ, ਰਾਵਲਪਿੰਡੀ, ਲਾਹੌਰ ਤੇ ਹੋਰ ਥਾਵੀਂ ਕੀਤੇ।
ਸਾਡਾ ਦੂਜਾ ਸੰਗਠਨ ਸੀ- ਨੌਜਵਾਨ ਭਾਰਤ ਸਭਾ। ਇਸ ਰਾਹੀਂ ਅਸੀਂ ਲੋਕਾਂ ਵਿਚ ਸਿਆਸੀ ਜਾਗ੍ਰਤੀ ਲਿਆਣਾ ਚਾਹੁੰਦੇ ਸਾਂ, ਅਸੀਂ ਚਾਹੁੰਦੇ ਸਾਂ ਪਈ ਇਹ ਵਹਿਮ ਤੋੜ ਸੱਟੀਏ ਪਈ ਗਾਂਧੀ ਬਾਰਾਂ ਮਹੀਨਿਆਂ ਦੇ ਵਿਚ ਵਿਚ ਸੁਰਾਜ ਲੈ ਕੇ ਦੇ ਦੇਵੇਗਾ!
ਫੇਰ ਬਾਹਰੋਂ ਲਿਟਰੇਚਰ ਆਵਣਾ ਸ਼ੁਰੂ ਹੋਇਆ- ਐਰਲੈਂਡ ਤੋਂ, ਰੂਸ ਤੋਂ। ਨੌਜਵਾਨ ਭਾਰਤ ਸਭਾ ਦੇ ਦੋ ਗਰੁੱਪ ਹੋ ਗਏ। ਪਰ ਇਹ ਫੁੱਟ ਬਿਲਕੁਲ ਨਾ ਸੀ। ਪਹਿਲਾ ਗਰੁੱਪ ਭਗਤ ਸਿੰਘ ਦਾ ਸੀ। ਇਹ ਐਰਲੈਂਡ (ਆਇਰਲੈਂਡ) ਤੋਂ ਪ੍ਰੇਰਣਾ ਲੈਂਦਾ ਸੀ ਕਿ ਪੁਲਸ ਥਾਣਿਆਂ ਤੇ ਫ਼ੌਜੀ ਛਾਉਣੀਆਂ ਉੱਤੇ ਹੱਲੇ ਬੋਲ ਕੇ ਹਥਿਆਰ ਇਕੱਠੇ ਕੀਤੇ ਜਾਣ ਤੇ ਇੰਜ ਇਨਕਲਾਬ ਲਿਆਂਦਾ ਜਾਵੇ। ਦੂਜਾ ਗਰੁੱਪ ਮੇਰਾ ਤੇ ‘ਕਾਮਰੇਡ ਰਾਮ ਕਿਸ਼ਨ’ ਦਾ ਸੀ। ਰਾਮ ਕਿਸ਼ਨ ਝੰਗ ਦਾ ਸੀ ਤੇ ਇਹ ਰੂਸ ਨੂੰ ਜਾਂਦਿਆਂ ਰਾਹ ਵਿਚ ਦਰਿਆ ਪਾਰ ਕਰਦਿਆਂ ਡੁੱਬ ਮੋਇਆ ਸੀ। ਅਸੀਂ ਰੂਸ ਤੋਂ ਪ੍ਰੇਰਣਾ ਲੈਂਦੇ ਸਾਂ। ਤੁਹਾਨੂੰ ਪਤਾ ਹੋਏਗਾ, ਲੈਨਿਨ ਦਾ ਵੱਡਾ ਭਰਾ ਫਾਹੇ ਲੱਗਾ ਸੀ, ਕਿਉਂਕਿ ਉਹਨੇ ਜ਼ਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੈਨਿਨ ਨੇ ਮਾਰਕਸਵਾਦ ਦੀ ਸਟੱਡੀ ਕਰਕੇ ਕਿਹਾ ਕਿ ਇਹ ਕਤਲ ਕਰਨ ਵਾਲਾ ਰਾਹ ਗ਼ਲਤ ਹੈ। ਕਿਸਾਨਾਂ ਤੇ ਮਜ਼ਦੂਰਾਂ ਨੂੰ ਜੱਥੇਬੰਦ ਕੀਤਾ ਜਾਏ। ਇਹ ਅਮਲ ਲੰਮਾ ਹੈ, ਲੇਕਿਨ ਹੈ ਯਕੀਨੀ। ਭਗਤ ਸਿੰਘ ਨੇ ਜਦ ਆਪ ਸਟੱਡੀ ਕਰਕੇ ਸਾਰੀ ਗੱਲ ਜਾਣੀ, ਤਾਂ ਉਹ ਰੂਸੀ ਰਾਹ ਦਾ ਮੁਦੱਈ ਹੋ ਗਿਆ। ਇਸੇ ਸਦਕਾ ਉਸਨੇ ਹਿੰਦੁਸਤਾਨ ਰੀਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੁਸਤਾਨ ‘ਸੋਸ਼ਲਿਸਟ’ ਰੀਪਬਲੀਕਨ ਆਰਮੀ ਰਖਿਆ।
ਪੰਜਾਬ ਵਿਚ ਉਦੋਂ ਕੋਈ ਫੈਕਟਰੀ ਕਾਰਖਾਨਾ ਨਹੀਂ ਸੀ। ਸਿਰਫ਼ ਇਕੋ ਮਜ਼ਦੂਰ ਯੂਨੀਅਨ ਸੀ, ਉਹ ਸੀ ਨਾਰਥ-ਵੈਸਟ (ਉੱਤਰ-ਪੱਛਮ) ਰੇਲਵੇੇ ਯੂਨੀਅਨ। ਇਹਦਾ ਪ੍ਰਧਾਨ ਅੰਗਰੇਜ਼ ਮਿਸਟਰ ਮਿਲਰ ਹੁੰਦਾ ਸੀ। ਕਿਉਂਕਿ ਸਨਅਤੀ ਮਜ਼ਦੂਰ ਕੋਈ ਨਾ ਸਨ, ਸੋ ਸਾਡੇ ਦਿਮਾਗ਼ ਵਿਚ ਆਇਆ ਕਿ ਕਿਸਾਨਾਂ ਵਿਚ ਕੰਮ ਕਰਨਾ ਚਾਹੀਦਾ ਹੈ। ਅੰਗਰੇਜ਼ ਆਪਣੀ ਫ਼ੌਜ ਤੇ ਪੁਲਸ ਦੀ ਭਰਤੀ ਪੰਜਾਬ ਦੇ ਕਿਸਾਨਾਂ ਵਿਚੋਂ ਕਰਦਾ ਹੈ। ਜਗ੍ਹਾ ਜਗ੍ਹਾ ਕਿਸਾਨਾਂ ਨੂੰ ਪੜ੍ਹਾਉਣ ਵਿਚ ਮੈਂ ਵੀ ਸਰਗਰਮ ਸਾਂ। ਫ਼ਰਾਂਸੀਸੀ ਇਨਕਲਾਬ ਤੋਂ ਮੈਂ ਇਹ ਵਿਚਾਰ ਲਿਆ ਕਿ ਵੱਡੀਆਂ ਵੱਡੀਆਂ ਕਿਤਾਬਾਂ ਨਾ ਕੋਈ ਖ਼ਰੀਦ ਸਕਦਾ ਹੈ ਤੇ ਨਾ ਪੜ੍ਹ ਸਕਦਾ ਹੈ। ਸੋ ਮੈਂ ਛੋਟੇ ਛੋਟੇ ਪੰਫਲਟਾਂ ਦੀ ਲੜੀ ਛਾਪੀ, 10-12 ਪੰਫਲਟ ਛਾਪੇ। ਇਹ 1924 ਤੋਂ 1929 ਤਕ ਛਪੇ। ਕੁਝ ਨਾਂ ਯਾਦ ਨੇ: (1) ‘‘ਹਮ ਸੁਰਾਜ ਕਿਉਂ ਚਾਹਤੇ ਹੈਂ?’’ (2) ‘‘ਨੌਜਵਾਨੋਂ ਸੇ ਦੋ ਦੋ ਬਾਤੇਂ।’’ (3) ‘‘ਦੁਨੀਆ ਕਾ ਸਭ ਸੇ ਬੜਾ ਪਾਪ’’ [ਇਹ ਪਾਪ ਗ਼ਰੀਬੀ ਹੈ] (4) ‘‘ਹਿੰਦੁਸਤਾਨ ਕਾ ਸਭ ਸੇ ਬੜਾ ਇਨਸਾਨ।’’ (5) ‘‘ਨਈ ਤਾਲੀਮ’’ (ਕਿਰਤੀ ਉਰਦੂ, ਮਈ 1929)। (6) ‘‘ਹਮਾਰੀ ਸਭ ਸੇ ਬੜੀ ਜ਼ਰੂਰਤ’’ (ਕਿਰਤੀ ਉਰਦੂ, ਸਤੰਬਰ 1929)। (7) ‘‘ਹਿੰਦੁਸਤਾਨ ਮੇਂ ਕਮਿਊਨਿਜ਼ਮ ਕੇ ਪ੍ਰਚਾਰ ਕੇ ਰਸਤੇ ਮੇਂ ਰੁਕਾਵਟੇਂ’’ (ਕਿਰਤੀ ਉਰਦੂ, ਨਵੰਬਰ 1929)। ਕਿਤਾਬਾਂ ਵੀ ਸਸਤੇ ਭਾਅ ਛਾਪੀਆਂ। ਇਕ ਦਾ ਨਾਂ ਸੀ ਸੋਸ਼ਲਿਜ਼ਮ।’’
ਉਦੋਂ ਸਾਰੇ ਲੀਡਰ ਉਰਦੂ ਵਿਚ ਤਕਰੀਰਾਂ ਕੀਤਾ ਕਰਦੇ ਸਨ। ‘ਪਰ ਮੈਂ ਪੰਜਾਬੀ ਵਿਚ ਤਕਰੀਰ ਕਰਨ ਵਾਲਾ ਪਹਿਲਾ ਸ਼ਖ਼ਸ ਸਾਂ।’ 1930 ਦੇ ਸ਼ੁਰੂ ਵਿਚ ਮੈਂ ਲਾਹੌਰ ਦੇ ਮੋਰੀ ਦਰਵਾਜ਼ੇ ’ਤੇ ਤਕਰੀਰ ਕੀਤੀ। ਇਸ ਤਕਰੀਰ ਕਰਕੇ ਮੈਨੂੰ 124-ਏ ਦਫ਼ਾ ਤਹਿਤ ਡੇਢ ਸਾਲ ਦੀ ਸਜ਼ਾ ਹੋਈ। ਮੁਕੱਦਮਾ ਜੇਲ੍ਹ ’ਚ ਹੀ ਚੱਲਿਆ। ਮਿ: ਲੂਈ ਹਿੰਦੁਸਤਾਨੀ ਈਸਾਈ ਜੱਜ ਸੀ। ਸਾਨੂੰ ਹੁਕਮ ਸੀ ਕਿ ਕੇਸ ਦੀ ਡੀਫ਼ੈਂਸ ਨਹੀਂ ਦੇਣੀ। ਲਾਹੌਰ ਮਗਰੋਂ ਮੁਲਤਾਨ ਜੇਲ੍ਹ ’ਚ ਕੈਦ ਕੱਟੀ। ਨੌਂ-ਦਸ ਮਹੀਨੇ ਕੱਟੇ ਸਨ ਕਿ ਗਾਂਧੀ-ਇਰਵਨ ਪੈਕਟ ਹੋ ਗਿਆ ਤੇ ਮੈਂ ਰਿਹਾ ਹੋਇਆ।
ਭਗਤ ਸਿੰਘ ਰਾਜ ਗੁਰੂ ਤੇ ਸੁਖਦੇਵ ਨੂੰ ਜਦ ਫ਼ਾਂਸੀ ਦਾ ਹੁਕਮ ਹੋਇਆ, ਤਾਂ ਲੋਕਾਂ ਵਿਚ ਬੜੀ ਹਲਚਲ ਸੀ। ਲੋਕ ਆਂਹਦੇ ਸਨ ਪਈ ਗਾਂਧੀ ਇਸ ਹਾਲਤ ਵਿਚ ਹੈ ਕਿ ਉਹ ਗਵਰਨਰ-ਜਨਰਲ ਨਾਲ ਗੱਲ ਕਰਕੇ ਇਨਕਲਾਬੀਆਂ ਦੀ ਸਜ਼ਾ ਘਟਵਾ ਸਕਦਾ ਹੈ। ਪਰ ਉਸ ਸ਼ਖ਼ਸ ਨੇ ਇਹ ਕੰਮ ਨਹੀਂ ਕੀਤਾ। ਉਹ ਤਾਂ ਅਹਿੰਸਾ ਦਾ ਢੌਂਗੀ ਸੀ। ਲਾਹੌਰ ਕਾਂਗਰਸ ਵਿਚ ਗਾਂਧੀ ਨੇ ਉਲਟਾ ਭਗਤ ਸਿੰਘ ਹੁਰਾਂ ਦੀ ਨਿਖੇਧੀ ਦਾ ਮਤਾ ਪਾਸ ਕਰਾਇਆ। ਪਰ ਬੋਸ ਤੇ ਨਹਿਰੂ ਨੇ ਭਗਤ ਸਿੰਘ ਦੀ ਵਡਿਆਈ ਕੀਤੀ ਸੀ।
ਮੈਨੂੰ ਆਪਣੇ ਕੁਝ ਵਿਦਿਆਰਥੀਆਂ ਦੇ ਨਾਂ ਯਾਦ ਹਨ- ਭਗਤ ਸਿੰਘ, ਸੁਖਦੇਵ, ਕਾਮਰੇਡ ਰਾਮ ਕਿਸ਼ਨ, ਕਾਮਰੇਡ ਰਾਮ ਚੰਦਰ (ਕਾਂਗੜੇ ਦਾ ਸੀ, ਹੁਣ ਦਿੱਲੀ ਰਹਿੰਦਾ ਹੈ), ਯਸ਼ ਪਾਲ, ਜਸਵੰਤ (ਝੰਡਾ) ਸਿੰਘ (ਦਿੱਲੀ ਖਾਦੀ ਭੰਡਾਰ ਦਾ ਇੰਚਾਰਜ ਹੁੰਦਾ ਸੀ) ਤੇ ਭਗਵਤੀ ਚਰਣ ਵੋਹਰਾ। ਭਗਵਤੀ ਅਸਲੋਂ ਹੀ ਚੁੱਪ ਰਹਿੰਦਾ ਸੀ। ਕਿਸੇ ਨਾਲ ਬਹੁਤੀ ਗੱਲ ਨਾ ਸੀ ਕਰਦਾ। ਇਸ ਬਾਰੇ ਸਭ ਤੋਂ ਵੱਧ ਗ਼ਲਤ ਫਹਮੀ ਸੀ। ਕਈ ਤਾਂ ਕਹਿੰਦੇ ਸੀ, ਸੀ.ਆਈ.ਡੀ. ਵਾਲਾ ਹੈ।
‘ਸਾਡਾ ਕਾਲਜ 1821 ਤੋਂ 1928 ਤੱਕ ਹੀ ਚੱਲਿਆ।’ ਕਿਉਂ ਬੰਦ ਹੋਇਆ? ਕਾਂਗਰਸ ਦੀ ਮੂਵਮੈਂਟ ਢਿੱਲੀ ਪੈ ਗਈ। ਨਵੇਂ ਮੁੰਡੇ ਆਉਣੋਂ ਬੰਦ ਹੋ ਗਏ, ਭਰਤੀ ਰੁਕ ਗਈ। ਬਹੁਤੇ ਤਾਂ ਮੁੜ ‘ਗ਼ੁਲਾਮ ਖ਼ਾਨਿਆਂ’ ਵਿਚ ਚਲੇ ਗਏ। ਕੋਈ ਵਕੀਲ ਬਣ ਗਿਆ, ਕੋਈ ਕੁਝ।
ਕਾਂਗੜੇ ਜ਼ਿਲ੍ਹੇ ਤੋਂ ਅੰਗਰੇਜ਼ ਸਰਕਾਰ ਡੋਗਰਿਆਂ ਤੇ ਰਾਜਪੂਤਾਂ ਦੀ ਬਹੁਤ ਭਰਤੀ ਕਰਦੀ ਸੀ। ਮੈਂ ਉਸ ਜ਼ਿਲ੍ਹੇ ਵਿਚ ਕਈ ਸਾਲ ਗੁਜ਼ਾਰੇ। ਲੋਕਾਂ ਵਿਚ ਕੰਮ ਕੀਤਾ।
(ਲਕੀਰ ਦੇ ਅਪਰੈਲ-ਮਈ 1978 ਦੇ ਅੰਕ ਵਿਚੋਂ)
Add a review