ਲੱਖਾਂ ਇਨਕਲਾਬੀ ਲੋਕਾਂ ਵਿੱਚ
ਮੁੱਠੀ ਭਰ ਔਰਤਾਂ ਹੁੰਦੀਆਂ ਨੇ
ਜੋ ਝਾਂਸੀ ਦੀ ਰਾਣੀ ਵਾਲਾ ਜਜ਼ਬਾ
ਹੌਸਲਾ ਲੈ ਮਾਈ ਭਾਗੋ ਵਾਲਾ
ਘਰੋਂ ਨਿਕਲ ਪੈਂਦੀਆਂ ਨੇ
ਜ਼ੁਲਮ ਦਾ ਸਾਹਮਣਾ ਕਰਨ ਲਈ
ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੋਂ
ਆਪਣੀ ਕੌਮ ਦੀ ਰੱਖਿਆ ਲਈ
ਡੱਟ ਜਾਂਦੀਆਂ ਨੇ ਸਰਕਾਰਾਂ ਅੱਗੇ
ਆਪਣੇ ਪੱਲੇ ਨਾਲ
ਬੰਨ੍ਹ ਲੈਂਦੀਆਂ ਨੇ ਸਿਰੜ ਨੂੰ
ਪੁਲੀਸ ਦੀਆਂ ਗੋਲੀਆਂ
ਦਾ ਜਵਾਬ ਦੇਣ ਲਈ
ਇਹ ਮੁੱਠੀ ਭਰ ਔਰਤਾਂ ਹੀ
ਪੈਦਾ ਕਰਦੀਆਂ ਨੇ
ਇੱਕ ਨਵੇਂ ਇਨਕਲਾਬ ਨੂੰ
ਜੋ ਅੱਗੇ ਜਾ ਕੇ
ਇਤਿਹਾਸ ਬਣਦਾ ਹੈ
ਇਹ ਇਤਿਹਾਸ
ਫਿਰ ਕਰਦਾ ਹੈ ਪੈਦਾ
ਅਜਿਹੀਆਂ ਹੀ ਮੁੱਠੀ ਭਰ ਔਰਤਾਂ ਨੂੰ
ਜੋ ਜਨਮ ਦਿੰਦੀਆਂ ਨੇ
ਇੱਕ ਨਵੀਂ ਕ੍ਰਾਂਤੀ ਨੂੰ
ਤੇ ਕਰਦੀਆਂ ਨੇ
ਨਵੇਂ ਇਤਿਹਾਸ ਦੀ ਸਿਰਜਣਾ।
Add a review