ਅੱਜਕੱਲ੍ਹ ਕਈ-ਕਈ ਕਮਰਿਆਂ ਵਾਲੇ ਵੱਡੇ-ਵੱਡੇ ਘਰ ਹਨ, ਸੰਗਮਰਮਰ, ਆਧੁਨਿਕ ਸਾਜ਼ੋ-ਸਾਮਾਨ ਤੇ ਹੋਰ ਸੁਖ-ਸਹੂਲਤਾਂ ਨਾਲ ਲੈਸ, ਪਰ ਦਸ-ਦਸ ਕਮਰਿਆਂ ਵਾਲੇ ਘਰਾਂ ’ਚ ਦੋ ਜਾਂ ਤਿੰਨ ਜੀਅ ਹੀ ਰਹਿੰਦੇ ਹਨ। ਬਹੁਤਾ ਸਮਾਂ ਉਨ੍ਹਾਂ ਦਰਮਿਆਨ ਗੱਲਬਾਤ ਵੀ ਨਹੀਂ ਹੁੰਦੀ। ਜਾਂ ਤਾਂ ਇੱਕ ਦੂਜੇ ਨਾਲ ਬਣਦੀ ਨਹੀਂ, ਤੇ ਜਾਂ ਇੰਨੇ ਰੁਝੇਵੇਂ ਹਨ ਕਿ ਇਕੱਠੇ ਬਹਿਣ ਜਾਂ ਗੱਲ ਕਰਨ ਦਾ ਵਕਤ ਹੀ ਨਹੀਂ। ਆਧੁਨਿਕ ਸਮੇਂ ਦੌਰਾਨ ਬਹੁਤ ਹੀ ਘੱਟ ਘਰ ਹੋਣਗੇ ਜਿੱਥੇ ਸਾਰੇ ਜੀਅ ਮਿਲ ਬੈਠ ਕੇ ਹਾਸੇ-ਠੱਠੇ, ਗੱਲਬਾਤ, ਦੁੱਖ ਸੁਖ ਕਰਦੇ ਹੋਣਗੇ। ਇੱਕੋ ਘਰ ਵਿੱਚ ਰਹਿੰਦਿਆਂ ਵੀ ਇੱਕ ਦੂਜੇ ਨਾਲ ਗੱਲ ਕਰਨ ਲਈ ਮੋਬਾਈਲ ਫੋਨ ਦੀ ਵਰਤੋਂ ਆਮ ਹੋ ਗਈ ਹੈ।
ਆਪਣੇ ਇੱਕ ਕੋਠੇ (ਕਮਰੇ) ਵਾਲੇ ਕੱਚੇ ਘਰ ਦੀ ਤਸਵੀਰ ਮੇਰੇ ਦਿਲ ਦੇ ਪਰਦੇ ’ਤੇ ਘੁੰਮਦੀ ਹੀ ਰਹਿੰਦੀ ਹੈ। ਜਦ ਮੈਂ ਛੇ-ਸੱਤ ਸਾਲ ਦਾ ਹੋਇਆ ਤਾਂ ਮਿਸਤਰੀ ਬਾਪੂ ਨੇ ਬਹੁਤ ਕੰਜੂਸੀ ਨਾਲ ਥੋੜ੍ਹੀਆਂ ਜਿਹੀਆਂ ਇੱਟਾਂ ਨਾਲ ਇਸ ਕੱਚੇ ਕੋਠੇ ਦੀਆਂ ਦੋ ਕੰਧਾਂ ਪੱਕੀਆਂ ਕਰ ਲਈਆਂ। ਉਸ ਤੋਂ ਪਹਿਲਾਂ ਮੇਰਾ ਜਨਮ ਇਸੇ ਕੋਠੇ ਵਿੱਚ ਹੋਇਆ ਸੀ। ਦੋ ਸ਼ਤੀਰੀਆਂ (ਤੇ ਤਿੰਨ ਪੱਖਿਆਂ) ਵਾਲਾ ਇਹ ਕੱਚਾ ਕੋਠਾ ਸੀ। ਬੂਹਾ ਸਿਰਫ਼ ਸਿਆਲ਼ਾਂ ’ਚ ਹੀ ਢੋਈਦਾ ਸੀ। ਉਂਜ ਇਹ ਖੁੱਲ੍ਹਾ ਹੀ ਰਹਿੰਦਾ। ਉਦੋਂ ਕਿਹੜੇ ਜਾਲੀਆਂ ਵਾਲੇ ਤਖ਼ਤੇ ਹੁੰਦੇ ਸਨ? ਸ਼ਤੀਰੀਆਂ ’ਤੇ ਟਿਕੇ ਬਾਲਿਆਂ ਦੇ ਵਿਚਕਾਰ ਵਾਲੀਆਂ ਥਾਵਾਂ ’ਤੇ, ਦਿਨ ਦੇ ਵਕਤ ਚਿੜੀਆਂ ਤੇ ਰਾਤ ਨੂੰ ਚਾਮ-ਚੜਿੱਕਾਂ ਗੇੜੇ ਕੱਢਦੀਆਂ ਰਹਿੰਦੀਆਂ। ਤਕਾਲਾਂ ਨੂੰ ਬੂਹੇ ਦੇ ਕੁੰਡੇ ਨਾਲ ਟੰਗੀ ਲਾਲਟੈਣ, ਕੋਠੇ ਦੇ ਅੰਦਰ ਤੇ ਬਾਹਰ ਵਿਹੜੇ ਵਿਚ ਲੋਅ ਕਰਦੀ ਸੀ। ਜਦ ਕਦੇ ਤੇਜ਼ੀ ਨਾਲ ਉਡਦੀ ਚਾਮ-ਚੜਿੱਕ, ਲਾਲਟੈਣ ਨਾਲ ਵੱਜ ਜਾਂਦੀ ਤੇ ਇਹ ਹੇਠਾਂ ਡਿੱਗ ਜਾਂਦੀ, ਸ਼ੀਸ਼ਾ ਟੁੱਟ ਜਾਂਦਾ ਤੇ ਮਿੱਟੀ ਦਾ ਤੇਲ ਡੁੱਲ੍ਹ ਜਾਂਦਾ। ਫੇਰ ਤੇਲ ਵਾਲਾ ਦੀਵਾ ਬਾਲਣਾ ਪੈਂਦਾ। ਅਗਲੇ ਦਿਨ ਬਾਪੂ ਸ਼ਹਿਰੋਂ ਸ਼ੀਸ਼ਾ ਲਿਆਉਂਦਾ ਤੇ ਬੋਲ਼ੇ ਦੀ ਹੱਟੀ ਤੋਂ ਮਿੱਟੀ ਦਾ ਤੇਲ ਲਿਆ ਕੇ ਲਾਲਟੈਣ ਜਗਾਈ ਜਾਂਦੀ। ਇਸ ਤਰ੍ਹਾਂ ਕਈ ਵਾਰ ਹੋਇਆ ਸੀ। ਲਾਲਟੈਣ ਦੀ ਲੋਅ ਨੂੰ ਘਟਾਉਣ ਵਧਾਉਣ ਵਾਸਤੇ, ਸ਼ੀਸ਼ੇ ਤੇ ਤੇਲ ਜਮ੍ਹਾਂ ਕਰਨ ਵਾਲੇ ਹਿੱਸੇ ਦੇ ਦਰਮਿਆਨ, ਪਾਸੇ ’ਤੇ ਇੱਕ ਰੈਗੂਲੇਟਰ ਹੁੰਦਾ ਸੀ ਜਿਸ ਨੂੰ ਘੁਮਾ ਕੇ ਬੱਤੀ ਨੂੰ ਉਤਾਂਹ ਜਾਂ ਹੇਠਾਂ ਕਰ ਲਈਦਾ ਸੀ। ਇਹਦੇ ਨਾਲ ਲੋਅ ਵੱਧ-ਘੱਟ ਹੋ ਜਾਂਦੀ ਸੀ। ਲਾਲਟੈਣ ਇੱਕੋ ਹੀ ਸੀ। ਸੋ ਗਰਮੀਆਂ ਵਿੱਚ ਜਦ ਕੋਠੇ ’ਤੇ ਬਹਿ ਕੇ ਪੜ੍ਹਨਾ ਹੁੰਦਾ ਸੀ ਤਾਂ ਮੈਂ ਸਰ੍ਹੋਂ ਦੇ ਤੇਲ ਵਾਲਾ ਦੀਵਾ ਤੇ ਕਾਪੀ-ਕਿਤਾਬ ਲੈ ਕੇ ਕੋਠੇ ’ਤੇ ਚੜ੍ਹ ਜਾਂਦਾ। ਗਰਮੀ ਵਿੱਚ ਦੀਵੇ ਨਾਲ ਹੋਰ ਵੀ ਵੱਟ ਲੱਗਣ ਲੱਗਦਾ। ਭਮੱਕੜ ਆ ਜਾਂਦੇ ਜੋ ਅਗਲੇ ਦਿਨ ਕਾਪੀ ਜਾਂ ਕਿਤਾਬ ’ਚ ਪ੍ਰੈਸ ਹੋਏ ਮਿਲਦੇ।
ਮੈਨੂੰ ਕਈ ਵਾਰ ਦੱਸਿਆ ਗਿਆ ਕਿ ਜਿੱਦਣ ਤੂੰ ਜੰਮਿਆਂ ਸੈਂ, ਓਦਣ ਕੋਠੇ ਦੀ ਛੱਤ ਵਿਚ, ਸ਼ਤੀਰੀਆਂ ਤੇ ਬਾਲਿਆਂ ਦਰਮਿਆਨ, ਵਲ਼ੇਵੇਂ ਮਾਰ ਕੇ ਕੌਡੀਆਂ ਵਾਲਾ ਸੱਪ ਬੈਠਾ ਸੀ। ਇੱਕ ਜੋਗੀ ਸੱਦਿਆ ਗਿਆ ਜਿਹੜਾ ਜਿਉਂਦਾ ਸੱਪ ਹੀ ਫੜ ਲੈ ਗਿਆ। ਪਿੰਡ ਦੇ ਸਿਆਣੇ ਆਖਦੇ ਸਨ ਕਿ ਇਹ ਬੱਚਾ ਬੜਾ ਕਿਸਮਤ ਵਾਲਾ ਹੈ। ਕਈ ਸਾਲ ਇਹ ਕੋਠਾ ਕੱਚਾ ਹੀ ਰਿਹਾ। ਦੋ ਕੰਧਾਂ ਪੱਕੀਆਂ ਕਰਨ ਤੋਂ ਬਾਅਦ ਵੀ ਉਹੀ ਨਕਸ਼ਾ ਰਿਹਾ। ਸਾਹਮਣੇ ਪਾਸੇ ਚੜ੍ਹਦੇ ਵੱਲ ਨੂੰ ਵਿਚਕਾਰ ਜਿਹੇ ਬੂਹਾ ਸੀ ਤੇ ਖੱਬੇ ਪਾਸੇ ਦੋ ਤਖ਼ਤਿਆਂ ਵਾਲੀ ਇਕ ਬਾਰੀ ਸੀ। ਕਈ ਸਾਲ ਦਰਵਾਜ਼ਾ ਤੇ ਬਾਰੀ ਕੱਦੂ-ਰੰਗੇ ਹਰੇ ਰੰਗ ਦੇ ਹੀ ਰਹੇ। ਬਾਰੀ ਦੇ ਬਾਹਰ ਨਲਕਾ ਲੱਗਾ ਹੋਇਆ ਸੀ। ਖੁਰੇ ਵਿੱਚ ਇੱਟਾਂ ਦਾ ਆਰਜ਼ੀ ਫ਼ਰਸ਼ ਸੀ। ਖੁਰੇ ਦੇ ਦੂਜੇ ਪਾਸੇ ਕਮਰੇ ਦੇ ਨਾਲ ਚੁੱਲ੍ਹਾ-ਚੌਂਕਾ ਸੀ ਜਿੱਥੇ ਸਾਡੀ ਮਾਤਾ ਤੇ ਵੱਡੀਆਂ ਭੈਣਾਂ ਸਾਰੇ ਟੱਬਰ ਵਾਸਤੇ ਪੂਰੇ ਦਿਨ ਦੀਆਂ ਰੋਟੀਆਂ ਸਵੇਰੇ ਹੀ ਪਕਾ ਦਿੰਦੀਆਂ ਸਨ। ਕੋਠੇ ਦੇ ਅੰਦਰ, ਸਾਹਮਣੇ ਅੰਗੀਠੀ ਸੀ ਜਿਹਦੇ ਉੱਤੇ ਸਾਡੀ ਮਾਤਾ ਤੇ ਭੈਣਾਂ ਦਾ ਕਸੀਦਾ ਕੱਢਿਆ ਹੋਇਆ ਅੰਗੀਠੀ ਪੋਸ਼ ਵਿਛਿਆ ਰਹਿੰਦਾ ਸੀ। ਉਹਦੇ ਉੱਤੇ ਨਿੱਕੇ-ਨਿੱਕੇ ਖਿਡੌਣੇ ਰੱਖੇ ਹੁੰਦੇ ਸਨ। ਪਿਛਲੀ ਕੰਧ ਪਲੱਸਤਰ ਨਹੀਂ ਸੀ ਕੀਤੀ, ਮਲ਼ਵੀਂ ਟੀਪ ’ਤੇ ਕਲੀ ਕੀਤੀ ਹੋਈ ਸੀ। ਅੰਗੀਠੀ ਦੇ ਉਤਾਂਹ ਵਿਚਕਾਰ ਜਿਹੇ ਇੱਕ ਵੱਡੇ ਆਕਾਰ ਦੀ ਦਸਮ ਪਿਤਾ ਦੀ ਫੋਟੋ ਸੀ। ਇਸ ਵੱਡੀ ਫੋਟੋ ਦੇ ਦੋਵੇਂ ਪਾਸੇ ਸ਼ੀਸ਼ਿਆਂ ’ਚ ਮੜ੍ਹੀਆਂ ਹੋਈਆਂ ਦੋ-ਦੋ ਤਸਵੀਰਾਂ ਸਨ; ਕੁਝ ਫੁੱਲਾਂ ਦੀਆਂ ਤੇ ਦੋ ’ਤੇ ਗੁਰਬਾਣੀ ਦੇ ਸਲੋਕ ਸਨ।
ਪਿਛਲੀ ਕੰਧ ਨਾਲ ਸੱਜੇ ਪਾਸੇ ਲੱਕੜ ਦੀ ਅਲਮਾਰੀ ਸੀ ਜਿਹਦੇ ਦਰਵਾਜ਼ੇ ਉਪਰੋਂ ਅੱਧੇ ਸ਼ੀਸ਼ਿਆਂ ਦੇ ਸਨ ਤਾਂ ਕਿ ਅੰਦਰ ਰੱਖੇ ਕੱਪ-ਪਲੇਟਾਂ ਤੇ ਹੋਰ ਸਜਾਵਟ ਵਾਲੀਆਂ ਚੀਜ਼ਾਂ ਦਿਸਦੀਆਂ ਰਹਿਣ। ਹੇਠਲਾ ਅੱਧ ਠੋਸ ਲੱਕੜ ਦਾ ਸੀ ਜਿਹਦੇ ਵਿਚ ਹਿਸਾਬ-ਕਿਤਾਬ ਵਾਲੀ ਵਹੀ ਤੇ ਕੁਝ ਕੱਪੜੇ ਲੱਤੇ ਪਏ ਹੁੰਦੇ ਸਨ। ਇਹ ਅਲਮਾਰੀ ਅਜੇ ਵੀ ਪਿੰਡ ਵਾਲੇ ਘਰ ’ਚ ਮੌਜੂਦ ਹੈ। ਖੱਬੇ ਪਾਸੇ ਕੰਧ ਦੇ ਵਿੱਚ ਹੀ ਖਾਨਿਆਂ ਵਾਲੀ ਇੱਕ ਖੁੱਲ੍ਹੀ ਅਲਮਾਰੀ ਸੀ ਜਿਹਦੇ ਉਤਲੇ ਖਾਨੇ ਵਿੱਚ ਪਿੱਤਲ ਦੇ ਵੱਡੇ ਗਲਾਸ, ਡੋਹਣੀ ਤੇ ਗੜਵੀਆਂ ਸਜੀਆਂ ਰਹਿੰਦੀਆਂ ਸਨ, ਵਿਚਕਾਰਲੇ ਖਾਨੇ ਵਿੱਚ ਕਿਤਾਬਾਂ ਸਨ ਅਤੇ ਹੇਠਲੇ ਵਿੱਚ ਕੁਝ ਨਿੱਕ-ਸੁੱਕ ਪਿਆ ਰਹਿੰਦਾ ਸੀ। ਬਾਅਦ ਵਿੱਚ ਵਿਚਕਾਰਲੇ ਖਾਨੇ ਵਿੱਚ ਬੈਟਰੀ ਵਾਲਾ ਰੇਡੀਓ ਰੱਖ ਦਿੱਤਾ ਗਿਆ। ਇਸ ਅਲਮਾਰੀ ਤੇ ਕੰਧ ਨਾਲ ਲੱਗੀਆਂ ਹੋਈਆਂ ਫੋਟੋਆਂ ਦੇ ਦਰਮਿਆਨ ਬਚੀ ਜਗ੍ਹਾ ’ਤੇ ਬਾਪੂ ਜੀ ਨੇ ਖ਼ੁਦ ਬਣਾਇਆ ਹੋਇਆ ਲੱਕੜ ਦਾ ਸਾਢੇ ਤਿੰਨ ਫੁੱਟ ਲੰਮਾ ਕਾਲੇ ਰੰਗ ਦਾ ਸੱਪ, ਕਿੱਲਾਂ ਸਹਾਰੇ ਲਗਾਇਆ ਹੋਇਆ ਸੀ। ਇਹ ਬਿਲਕੁਲ ਅਸਲ ਲੱਗਦਾ ਸੀ ਤੇ ਪਹਿਲੀ ਵਾਰ ਇਸ ਨੂੰ ਵੇਖਣ ਵਾਲੇ ਡਰ ਵੀ ਜਾਂਦੇ ਸਨ। ਇਹ ਸੱਪ ਵੀ ਅਜੇ ਘਰ ’ਚ ਮਹਿਫੂਜ਼ ਹੈ। ਜਦ ਕਦੇ ਘਰ ਅੰਦਰ ਕੋਈ ਚੂਹਾ ਵੜ ਜਾਂਦਾ ਤਾਂ ਬੜਾ ਤਮਾਸ਼ਾ ਲੱਗਦਾ ਸੀ। ਬੂਹਾ ਢੋਅ ਕੇ ਸਾਰੇ ਭੈਣ ਭਰਾ ਡੰਡੇ ਤੇ ਮੱਛਰਦਾਨੀ ਵਾਲੀ ਸੋਟੀ ਲੈ ਕੇ ਉਹਨੂੰ ਲੱਭਣ ਲੱਗਦੇ। ਕਦੇ ਉਹ ਲੱਕੜ ਵਾਲੀ ਅਲਮਾਰੀ ਦੇ ਪਿੱਛੇ ਜਾ ਵੜਦਾ ਤੇ ਕਦੇ ਕੰਧ ’ਤੇ ਲੱਗੀਆਂ ਫੋਟੋਆਂ ਦੇ ਪਿੱਛੇ। ਜਦ ਸ਼ਿਕਾਰ ਮਾਰ ਲਿਆ ਜਾਂਦਾ ਤਾਂ ਇਸ ਨੂੰ ਵੱਡੀ ਜਿੱਤ ਸਮਝਿਆ ਜਾਂਦਾ, ਪਰ ਕਈ ਵਾਰ ਉਹ ਬਚ ਕੇ ਵੀ ਨਿਕਲ ਜਾਂਦਾ। ਇਸ ਤਰ੍ਹਾਂ ਦਾ ਡਰਾਮਾ ਮਹੀਨੇ ’ਚ ਇੱਕ ਦੋ ਵਾਰੀ ਹੋ ਹੀ ਜਾਂਦਾ ਸੀ।
ਉਸ ਵੇਲੇ ਛੇਵੀਂ ਵਿੱਚ ਅੰਗਰੇਜ਼ੀ ਲੱਗਦੀ ਹੁੰਦੀ ਸੀ। ਫਿਰ ਵੀ ਅੱਠਵੀਂ ਤੱਕ ਅੱਪੜਦਿਆਂ ਵਿਸ਼ੇ ਦਾ ਕਾਫ਼ੀ ਗਿਆਨ ਹੋ ਗਿਆ ਸੀ। ਲਿਖਾਈ ਵੀ ਕਾਫ਼ੀ ਸੁੰਦਰ ਹੋ ਗਈ ਸੀ ਤੇ ਜਮਾਤ ਵਿੱਚ ਮੇਰੇ ਸਭ ਤੋਂ ਵੱਧ ਨੰਬਰ ਆਉਂਦੇ ਸਨ। 1966 ਵਿੱਚ ਅੱਠਵੀਂ ਦਾ ਬੋਰਡ ਦਾ ਇਮਤਿਹਾਨ ਸੀ। ਨਕਲ ਨੂੰ ਰੋਕਣ ਲਈ ਉਸ ਸਾਲ ਪਹਿਲੀ ਵਾਰ ਗੁਲਾਬੀ ਤੇ ਆਸਮਾਨੀ, ਦੋ ਰੰਗਾਂ ਦੇ ਪ੍ਰਸ਼ਨ ਪੱਤਰ ਆਉਣੇ ਸਨ ਜਿਵੇਂ 1, 3, 5, 7 ਰੋਲ ਨੰਬਰ ਵਾਲਿਆਂ ਨੂੰ ਗੁਲਾਬੀ ਤੇ 2, 4, 8, 8 ਨੂੰ ਆਸਮਾਨੀ ਰੰਗ ਵਾਲੇ। ਦੋਵਾਂ ਵਿੱਚ ਪ੍ਰਸ਼ਨ ਵੱਖ-ਵੱਖ ਹੋਣੇ ਸਨ। ਸ਼ਹਿਰੋਂ (ਅੰਮ੍ਰਿਤਸਰੋਂ) ਆਉਂਦੇ, ਅੰਗਰੇਜ਼ੀ ਵਾਲੇ ਮਾਸਟਰ ਸ. ਆਦਰਸ਼ ਪਾਲ ਸਿੰਘ ਹੋਰਾਂ ਨੂੰ ਕਿਤਿਓਂ ਦੋ ਰੰਗਾਂ ਵਾਲੇ ਪ੍ਰਸ਼ਨ ਪੱਤਰਾਂ ਦੇ ਨਮੂਨੇ ਮਿਲੇ ਸਨ। ਉਹ ਮੈਨੂੰ ਬਾਕੀ ਵਿਦਿਆਰਥੀਆਂ ਨਾਲੋਂ ਕੁਝ ਹੁਸ਼ਿਆਰ ਸਮਝਦੇ ਸਨ। ਉਨ੍ਹਾਂ ਨੇ ਪ੍ਰਸ਼ਨ-ਪੱਤਰਾਂ ਦੇ ਨਮੂਨੇ ਮੈਨੂੰ ਫੜਾਉਂਦਿਆਂ ਕਿਹਾ, ‘‘ੳਇ ਪੱਥਰਾ..., ਧਾਨੂੰ ਆਉਂਦਾ ਜਾਂਦਾ ਤਾਂ ਕੁਝ ਹੈ ਨਹੀਂ, ਫਿਰ ਵੀ ਆਹ ਅੰਗਰੇਜ਼ੀ ਦੇ ਪੇਪਰ ਲੈ ਜਾ, ਇਨ੍ਹਾਂ ਨੂੰ ਚੰਗੀ ਤਰ੍ਹਾਂ ਹੱਲ ਕਰੀਂ ਤੇ ਇੱਕ ਦੋ ਦਿਨਾਂ ’ਚ ਮੈਨੂੰ ਮੋੜ ਦੇਈਂ।’’ ਗੁੱਸੇ ’ਚ ਵੀ ਤੇ ਪਿਆਰ ਨਾਲ ਵੀ ਮਾਸਟਰ ਆਦਰਸ਼ਪਾਲ ਜੀ ਸਭ ਨੂੰ ‘ਪੱਥਰ’ ਕਹਿ ਕੇ ਬੁਲਾਉਂਦੇ ਹੁੰਦੇ ਸਨ। ਜਦ ਇਕ ਹਫ਼ਤਾ ਮੈਂ ਉਹ ਪੇਪਰ ਨਾ ਮੋੜੇ ਤਾਂ ਮੈਨੂੰ ਬੁਲਾ ਕੇ ਪੁੱਛਿਆ ਗਿਆ। ਮੈਂ ਕੀ ਦੱਸਦਾ? ਪੇਪਰਾਂ ਨੂੰ ਤਾਂ ਚੂਹਾ ਕੁਤਰ ਗਿਆ ਸੀ। ਅਗਲੇ ਦਿਨ ਮੈਂ ਸੱਚ ਹੀ ਬੋਲ ਦਿੱਤਾ। ਭਾਵੇਂ ਠਰੇ ਹੱਥਾਂ ’ਤੇ ਕੁਝ ਡੰਡੇ ਵੀ ਪਏ, ਪਰ ਮੇਰੀ ਮਜਬੂਰੀ ਤੇ ਘਰ ਦੀ ਗੁਰਬਤ ਦੇ ਮੱਦੇਨਜ਼ਰ ਮਾਸਟਰ ਜੀ ਨੇ ਮੈਨੂੰ ਛੇਤੀ ਹੀ ਛੱਡ ਦਿੱਤਾ। ਮਜੀਠੇ ਦੇ ਗੁਰੂ ਨਾਨਕ ਸਕੂਲ ਵਿੱਚ ਬਣੇ ਸੈਂਟਰ ਵਿੱਚ ਇਮਤਿਹਾਨ ਹੋਇਆ। ਅੰਗਰੇਜ਼ੀ ਵਿੱਚ ਮੇਰੇ ਸਭ ਤੋਂ ਵੱਧ ਨੰਬਰ (78 %) ਆਏ ਸਨ।
ਸਿਰਫ਼ ਸਿਆਲ ਦੇ ਦਿਨਾਂ ’ਚ ਜਾਂ ਮੀਂਹ ਵੇਲੇ ਹੀ ਲੋਕ ਅੰਦਰੀਂ ਵੜਦੇ ਸਨ। ਗਰਮੀਆਂ ਨੂੰ ਕੋਠੇ (ਛੱਤਾਂ) ’ਤੇ, ਦਿਨ ਵੇਲੇ ਕਾਰੋਬਾਰਾਂ ’ਤੇ, ਤੇ ਦੁਪਹਿਰ ਨੂੰ ਬਾਹਰ ਬੋਹੜ, ਪਿੱਪਲ, ਧਰੇਕਾਂ, ਨਿੰਮਾਂ ਥੱਲੇ ਵਕਤ ਗੁਜ਼ਰਦਾ ਸੀ। ਚਿੜੀਆਂ, ਕਾਵਾਂ, ਕੋਹੜ ਕਿਰਲੀਆਂ, ਚਾਮਚੜਿੱਕਾਂ, ਚੂਹਿਆਂ, ਮੱਝੀਆਂ, ਗਾਵਾਂ, ਬਲਦਾਂ, ਖੋਤੇ-ਘੋੜਿਆਂ, ਜਾਨਵਰਾਂ ਪੰਛੀਆਂ ਨਾਲ ਬਹੁਤ ਵਧੀਆ ਮਾਹੌਲ ਸੀ। ਕੱਚੇ ਘਰਾਂ ’ਚੋਂ ਕਦੇ ਕਦਾਈਂ ਸੱਪ ਵੀ ਨਿਕਲ ਆਉਂਦਾ ਸੀ, ਮੱਛਰ ਬਹੁਤ ਘੱਟ ਸੀ। ਸਵੇਰੇ-ਸਵੇਰੇ ਇੱਕ ਤਕੜਾ ਜਿਹਾ ਸਾਨ੍ਹ ਘਰੋ-ਘਰੀ ਆਉਂਦਾ ਹੁੰਦਾ ਸੀ, ਕਿਸੇ ਨੂੰ ਕੁਝ ਨਹੀਂ ਸੀ ਆਂਹਦਾ, ਭਾਵੇਂ ਗਊ-ਪੂਜਾ ਵਜੋਂ ਔਰਤਾਂ ਉਹਨੂੰ ਆਟੇ ਦਾ ਪੇੜਾ ਖਵਾ ਦੇਂਦੀਆਂ ਸਨ ਤੇ ਉਹ ਅਗਲੇ ਘਰ ਵੱਲ ਚਲਾ ਜਾਂਦਾ ਸੀ। ਅਸਲ ਵਿਚ ਗਾਵਾਂ ਦੀ ਚੰਗੀ ਨਸਲ ਪੈਦਾ ਕਰਨ ਲਈ ਇਹ ਸਰਕਾਰੀ ਸਾਨ੍ਹ ਛੱਡੇ ਹੋਏ ਸਨ ਜਿਨ੍ਹਾਂ ਦੇ ਪੱਟ ’ਤੇ ਸਰਕਾਰੀ ਮੋਹਰ ਲੱਗੀ ਹੁੰਦੀ ਸੀ (ਖੁਣਿਆ ਹੁੰਦਾ ਸੀ)। ਮੂੰਹ ਹਨ੍ਹੇਰੇ ਕਦੇ ਕਦੇ ਇਕਤਾਰੇ ਵਾਲਾ ਫ਼ਕੀਰ ਵੀ ਗਲ਼ੀ ’ਚ ਆਉਂਦਾ ਤੇ ਮਿੱਠੀ ਆਵਾਜ਼ ’ਚ ਸੁਰ-ਤਾਲ ਵਿੱਚ ਗਾਉਂਦਾ, ‘‘ਨਾਮ ਜੱਪ ਲੈ ਨਿਮਾਣੀਏਂ ਜਿੰਦੇ, ਇਸੇ ਈ ਤੇਰੇ ਕੰਮ ਆਵਣਾ..., ਜਿਹੜਾ ਜਾਗਦਾ ਏ ਓਸੇ ਦੀ ਸਵੇਰ ਬੰਦਿਆ, ਵੇਲਾ ਹੱਥ ਨਹੀਓਂ ਆਉਣਾ ਤੇਰੇ ਫੇਰ ਬੰਦਿਆ।’’
ਉਨ੍ਹਾਂ ਜਮਾਤਾਂ ਵਿੱਚ ਪੰਜਾਬੀ ਦੀ ਪਾਠ-ਪੁਸਤਕ ਵਿਚਲੀ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਛੱਤੋ ਦੀ ਬੇਰੀ’ ਬੜੀ ਯਾਦ ਆਉਂਦੀ ਹੈ:
ਉਹ ਕਿਧਰ ਗਏ ਦਿਹਾੜੇ, ਜਦ ਛੱਤੋ ਦੇ ਪਿਛਵਾੜੇ।
ਸਾਂ ਬੇਰ ਛੱਤੋ ਦੇ ਢਾਂਹਦੇ, ਹੱਸ-ਹੱਸ ਕੇ ਗਾਲ੍ਹਾਂ ਖਾਂਦੇ।
ਕਰ ਲਾਗੇ-ਲਾਗੇ ਸਿਰੀਆਂ, ਉਹ ਬੇਰੀ ਥੱਲੇ ਬਹਿਣਾ।
ਥੋੜ੍ਹੀ ਜਿਹੀ ਘੁਰ-ਘੁਰ ਮਗਰੋਂ, ਫਿਰ ਜਾ ਛੱਤੋ ਨੂੰ ਕਹਿਣਾ।
‘ਛੇਤੀ ਕਰ ਬੇਬੇ ਛੱਤੋ, ਤੈਨੂੰ ਸੱਦਦੀ ਭੂਆ ਸੱਤੋ।’
ਉਸ ਜਾਣਾ ਹੌਲੀ ਹੌਲ਼ੀ, ਅਸਾਂ ਕਰਕੇ ਫੁਰਤੀ ਛੋਹਲੀ।
ਗਾਲ੍ਹੜ ਵਾਂਗੂੰ ਚੜ੍ਹ ਜਾਣਾ, ਬੇਰਾਂ ਦਾ ਮੀਂਹ ਵਰ੍ਹਾਣਾ।
ਆਪੀਂ ਤਾਂ ਚੁਣ-ਚੁਣ ਖਾਣੇ, ਛੋਹਰਾਂ ਨੂੰ ਦਬਕੇ ਲਾਣੇ।
ਬੱਚੂ ਹਰਨਾਮਿਆਂ ਖਾ ਲੈ, ਸੰਤੂ ਡੱਬਾਂ ਵਿਚ ਪਾ ਲੈ।
ਖਾ ਖੂ ਕੇ ਥੱਲੇ ਲਹਿਣਾ, ਫਿਰ ਬਣ ਵਰਤਾਵੇ ਬਹਿਣਾ।
ਕੁਝ ਵੰਡ ਕਰਾਈ ਲੈਣੀ, ਕੁਝ ਕੰਡੇ ਚੁਭਾਈ ਲੈਣੀ।
ਫਿਰ ਚੀਕ ਚਿਹਾੜਾ ਪੈਣਾ, ਉਤੋਂ ਛੱਤੋ ਦਾ ਆ ਜਾਣਾ।
ਉਸ ਝੂਠੀ ਮੂਠੀ ਕੁੱਟਣਾ, ਅਸੀਂ ਝੂਠੀ ਮੂਠੀ ਰੋਣਾ।
ਉਸ ਧੌਣ ਅਸਾਡੀ ਛੱਡਣੀ, ਅਸੀਂ ਟੱਪ ਕੇ ਪਰ੍ਹੇ ਖਲੋਣਾ।
ਉਸ ਗਾਲ਼੍ਹਾਂ ਦੇਣੀਆਂ ਖੁਲ੍ਹ ਕੇ, ਅਸੀਂ ਗਾਉਣਾ ਅੱਗੋਂ ਰਲ਼ ਕੇ।
ਛੱਤੋ ਮਾਈ ਦੀਆਂ ਗਾਲ਼੍ਹਾਂ, ਹਨ ਦੁੱਧ-ਘਿਓ ਦੀਆਂ ਨਾਲ਼ਾਂ।
ਅੱਜ ਉਇ ਜੇ ਕੋਈ ਆਖੇ, ਅਸੀਂ ਹੋਈਏ ਲੋਹੇ ਲਾਖੇ।
ਅੱਜ ਸਾਨੂੰ ਜੇ ਕੋਈ ਘੂਰੇ, ਅਸੀਂ ਚੁੱਕ-ਚੁੱਕ ਪਈਏ ਹੂਰੇ।
ਗਾਹਲਾਂ ਰਹੀਆਂ ਇਕ ਪਾਸੇ, ਅਸੀਂ ਝੱਲ ਨਾ ਸਕੀਏ ਹਾਸੇ।
ਗੱਲ ਗੱਲ ’ਤੇ ਭੱਜੀਏ ਥਾਣੇ, ਅਸੀਂ ਭੁੱਲ ਬੈਠੇ ‘ਉਹ ਜਾਣੇ’।
ਉਹ ਕਿਧਰ ਗਏ ਦਿਹਾੜੇ, ਜਦ ਛੱਤੋ ਦੇ ਪਿਛਵਾੜੇ
ਸਾਂ ਬੇਰ ਛੱਤੋ ਦੇ ਢਾਂਹਦੇ, ਹੱਸ-ਹੱਸ ਕੇ ਗਾਲ੍ਹਾਂ ਖਾਂਦੇ।
Add a review