ਦੋ ਤਿੰਨ ਘਰਾਂ ਦਾ ਕੰਮ ਸਮੇਟ ਸੁਵਖਤੇ ਹੀ ਕਾਹਲੇ ਕਾਹਲੇ ਕਦਮੀਂ ਤਾਰੋ ਸਰਦਾਰਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਜਾ ਪਹੁੰਚੀ।
ਸਾਹਮਣੇ ਆਉਂਦੇ ਲੰਬੜਾਂ ਦੇ ਭੋਲੇ ਨੂੰ ਵੇਖ ਕੇ ਤਾਰੋ ਨੇ ਚੁੰਨੀ ਦਾ ਇੱਕ ਪਾਸਾ ਸਿਰ ’ਤੇ ਲੈ, ਮੂੰਹ ਵਿੱਚ ਘੁੱਟ ਲਿਆ।
ਪਿੱਛੋਂ ਜਾਂਦੇ ਨੂੰ ਚੋਰ ਅੱਖਾਂ ਜਿਹੀਆਂ ਨਾਲ ਦੇਖਿਆ... ‘ਇਹਦਾ ਤਾਂ ਹੁਣ ਰੋਜ਼ ਹੀ ਆਉਣਾ ਜਾਣਾ ਸਰਦਾਰਾਂ ਦੇ। ਭਲਾ ਇਹੋ ਜਿਹਾ ਕੀ ਕੰਮ ਆਣ ਪਿਆ ਇਹਨੂੰ।
ਹਾਂ ਸੱਚ ਭਾਈ, ਯਾਦ ਆਇਆ, ਆਹ ਤਾਂ ਲੋਕਾਂ ਦੇ ਜੁਆਕਾਂ ਨੂੰ ਜਹਾਜ਼ੇ ਬਿਠਾਉਂਦਾ, ਵੱਡੇ ਵੱਡੇ ਮੁਲਕਾਂ ਨੂੰ ਭੇਜਦਾ। ਪਤਾ ਨ੍ਹੀਂ ਕਿਹੜੀ ਗਿੱਦੜਸਿੰਙੀ ਆ ਇਹਦੇ ਕੋਲ, ਜੀਹਨੂੰ ਇੱਕ ਵਾਰ ਹਾਮੀ ਭਰਦੈ ਜਹਾਜ਼ੇ ਬਿਠਾ ਕੇ ਛੱਡਦਾ। ਆਹ ਵੱਡੇ ਸ਼ਹਿਰ ਇਹਦੀ ਵਾਹਵਾ ਬਣਦੀ ਆ ਏਜੰਟਾਂ ਨਾਲ। ਰੱਬ ਵੀ ਨਾ ਤਕੜਿਆਂ ਵੱਲ ਹੀ ਹੋ ਬੈਠਦੈ। ਆਹ ਪਿਛਲੇ ਹਫ਼ਤੇ ਸਰਪੰਚਾਂ ਦੇ ਮੁੰਡੇ ਨੂੰ ਏਸੇ ਨੇ ਭੇਜਿਆ ਬਾਹਰਲੇ ਮੁਲਕ, ਉਹ ਤਾਂ ਵਾਹਵਾ ਪੜ੍ਹਿਆ ਲਿਖਿਆ ਸੀ, ਕਹਿੰਦੇ ਵਾਹਵਾ ਨੰਬਰ ਲਏ ਸੀ ਉਹਨੇ ਬਾਹਰ ਜਾਣ ਲਈ। ਪਰ ਆਹ ਸਰਦਾਰਾਂ ਦੇ ਤਾਂ ਕੋਈ ਬਾਹਲਾ ਪੜ੍ਹਿਆ ਲਿਖਿਆ ਹੈਨੀ, ਭਲਾ ਫਿਰ ਰੋਜ਼ ਗੇੜਾ ਕਿਉਂ ਮਾਰਦੈ। ਲੈ ਦੱਸ ਕਮਲੀ, ਭਲਾ ਮੈਂ ਕੀ ਲੈਣਾ। ਕੋਈ ਆਵੇ ਕੋਈ ਜਾਵੇ।’
ਖ਼ੁਦ ਨੂੰ ਝਿੜਕਾਂ ਦਿੰਦੀ ਤਾਰੋ ਹਵੇਲੀ ਦੇ ਅੰਦਰ ਜਾ ਪਹੁੰਚੀ।
‘‘ਆ ਜਾ ਨੀ ਤਾਰੋ, ਲੈ ਤੈਨੂੰ ਹੀ ਉਡੀਕਦੀ ਪਈ ਸੀ,’’ ਅੰਦਰੋਂ ਜਾਲੀ ਵਾਲਾ ਬਾਰ ਖੋਲ੍ਹ ਸਰਦਾਰਨੀ ਨੇ ਤਾਰੋ ਨੂੰ ਵੇਖ ਆਖਿਆ।
‘‘ਭਾਈ ਤਾਰੋ, ਹੁਣ ਜਲਦੀ ਆ ਜਿਆ ਕਰ। ਸਾਫ਼ ਸਫ਼ਾਈਆਂ ਬਹੁਤ ਪਈਆਂ ਨੇ ਕਰਨ ਵਾਲੀਆਂ।’’
‘‘ਕੀ ਦੱਸਾਂ ਸਰਦਾਰਨੀਏ, ਤੈਨੂੰ ਤਾਂ ਪਤਾ ਈ ਐ, ਕਬੀਲਦਾਰੀ ਵੱਡੀ ਐ। ਕੋਠੇ ਜਿੱਡੀਆਂ ਹੋ ਗਈਆਂ ਦੋਵੇਂ ਧੀਆਂ। ਉੱਤੋਂ ਹਲੇ ਪੜ੍ਹਦੀਆਂ ਨੇ। ਕਹਿੰਦੀਆਂ ਪੜ੍ਹ ਲਿਖ ਜਹਾਜ਼ੇ ਬੈਠਣਾ। ਵੱਡੇ ਮੁਲਕ ਵਿੱਚ ਪੜ੍ਹਨਾ ਜਾ ਕੇ।
ਕਹਿੰਦੇ ਪੰਡ ਪੈਸਿਆਂ ਦੀ ਲੱਗਦੀ ਐ ਵੱਡੇ ਮੁਲਖ ਪੜ੍ਹਨ ਲਈ, ਭਲਾ ਸਾਡੇ ਗ਼ਰੀਬਾਂ ਕੋਲ ਕੀ ਆ ਸਰਦਾਰਨੀਏਂ! ਆ ਪੰਜ ਚਾਰ ਘਰਾਂ ’ਚ ਗੋਹਾ ਕੂੜਾ ਕਰਦੀ ਆਂ ਤਾਂ ਪੰਡ ਕੱਖਾਂ ਦੀ ਮਿਲ ਜਾਂਦੀ ਐ। ਚੌਥੇ ਸੂਏ ਮੱਝ ਨੇ ਕੱਟੀ ਦਿੱਤੀ ਐ, ਹੁਣ ਸੁੱਖ ਨਾਲ ਦੁੱਧ ਵੀ ਹੋ ਗਿਆ ਘਰੇ। ਦੋ ਡੰਗ ਡੇਅਰੀ ਪਾ ਦੇਈ ਦਾ, ਕੁੜੀਆਂ ਦੀ ਫ਼ੀਸ ਨਿਕਲ ਆਉਂਦੀ ਐ। ਆਹ ਜਹਾਜ਼ਾਂ ’ਚ ਬੈਠਣ ਵਾਲੀਆਂ ਗੱਲਾਂ ਤਾਂ ਸਾਡੇ ਗ਼ਰੀਬਾਂ ਲਈ ਸੁਪਨੇ ਹੀ ਨੇ।’’
ਉਦਾਸ ਜਿਹੀ ਹੋ ਤਾਰੋ ਨੇ ਝਾੜੂ ਜਾ ਚੁੱਕਿਆ।
ਤਾਰੋ ਦੀ ਗੱਲ ਸੁਣ ਜਿਵੇਂ ਸਰਦਾਰਨੀ ਦੇ ਅੰਦਰਲੇ ਵਲਵਲੇ ਬਾਹਰ ਆ ਗਏ, ‘‘ਉਰੇ ਆ ਕੁੜੇ ਤਾਰੋ, ਤੈਨੂੰ ਇੱਕ ਅੰਦਰਲੀ ਦੱਸਾਂ।’’
‘‘ਦੱਸ ਸਰਦਾਰਨੀਏਂ।’’
‘‘ਆਹ ਲੰਬੜਾਂ ਦਾ ਭੋਲਾ ਰਿਸ਼ਤਾ ਲੈ ਕੇ ਆਇਆ ਆਪਣੀ ਰੱਜੀ ਲਈ। ਮੁੰਡਾ ਵੱਡੇ ਮੁਲਕ ਰਹਿੰਦੈ। ਸਾਰਾ ਟੱਬਰ ਪੱਕਾ ਉੱਥੇ। ਹੁਣ ਇਧਰ ਆਏ ਹੋਏ ਐ ਮੁੰਡੇ ਦਾ ਵਿਆਹ ਕਰਨ ਲਈ। ਭੋਲੇ ਨੇ ਆਪਣੀ ਰੱਜੀ ਦੀ ਗੱਲ ਚਲਾਈ ਸੀ ਤੇ ਉਹ ਮੰਨ ਵੀ ਗਏ। ਆਹ ਪੰਦਰਾਂ ਦਿਨਾਂ ਦੇ ਅੰਦਰ ਵਿਆਹ ਧਰਤਾ। ਵਿਆਹ ਤੋਂ ਬਾਅਦ ਆਪਣੀ ਰੱਜੀ ਵੀ ਵੱਡੇ ਮੁਲਖ ਚਲੀ ਜਾਊਗੀ।’’
ਸਰਦਾਰਨੀ ਨੇ ਦੋਵੇਂ ਹੱਥ ਜੋੜ ਅੱਖਾਂ ਮੀਚ ਜਿਵੇਂ ਰੱਬ ਦਾ ਸ਼ੁਕਰਾਨਾ ਜਿਹਾ ਕੀਤਾ।
ਤਾਰੋ ਗਹਿਰ ਗੰਭੀਰ ਜਿਹੀ ਹੋ ਗਈ।
ਸਰਦਾਰਨੀ ਦੀ ਕਹੀ ਗੱਲ ਜਿਵੇਂ ਉਸ ਦੀ ਸੋਚ ਤੋਂ ਪਾਰ ਹੋ ਗਈ ਹੋਵੇ। ਚੁੱਪੀ ਜਿਹੀ ਤੋੜ ਤਾਰੋ ਝੱਟ ਬੋਲੀ, ‘‘ਸਰਦਾਰਨੀਏ, ਮੇਰੀ ਵੱਡੀ ਧੀ ਤਾਂ ਕਹਿੰਦੀ, ਪੜ੍ਹਨਾ ਬਹੁਤ ਪੈਂਦਾ, ਫਿਰ ਕਿਤੇ ਜਾ ਕੇ ਬਾਹਰਲੇ ਮੁਲਕ ਜਾਇਆ ਜਾਂਦਾ। ਤੇ ਆਹ ਥੋਡੀ ਰੱਜੀ ਤਾਂ ਮੈਨੂੰ ਪਤਾ ਦਸਵੀਂ ਤੋਂ ਬਾਅਦ ਸਕੂਲੇ ਹੀ ਨਹੀਂ ਗਈ।’’
ਤਾਰੋ ਨੇ ਜਿਵੇਂ ਸੱਪ ਦੀ ਪੂਛ ’ਤੇ ਪੈਰ ਧਰ ਦਿੱਤਾ ਹੋਵੇ। ਸਰਦਾਰਨੀ ਅੰਦਰੋ ਅੰਦਰੀ ਤੜਪ ਜਿਹੀ ਉੱਠੀ, ਪਰ ਜ਼ਬਾਨੋਂ ਕੁਝ ਨਾ ਬੋਲੀ।
‘‘ਲੈ ਆ ਪੜ੍ਹਾਈਆਂ ਵੀ ਕਈ ਵਾਰ ਕੰਮ ਨ੍ਹੀਂ ਆਉਂਦੀਆਂ। ਸਭ ਪੈਸੇ ਦੀ ਖੇਡ ਆ ਤਾਰੋ, ਨਾਲੇ ਸਾਨੂੰ ਕਾਹਦਾ ਘਾਟਾ। ਪੈਸਿਆਂ ਦੀ ਪੰਡ ਦੇਣੀ ਐ ਅਗਲਿਆਂ ਨੂੰ ਤੇ ਉਹ ਵੀ ਝੱਟ ਮੰਨ ਗਏ।’’ ਸਰਦਾਰਨੀ ਦੇ ਅੰਦਰਲਾ ਹੰਕਾਰੀ ਸੱਪ ਹੁਣ ਫੁੰਕਾਰੇ ਮਾਰਦਾ ਨਜ਼ਰ ਆਇਆ।
‘‘ਚੱਲ ਸਰਦਾਰਨੀਏ ਰੱਬ ਭਲੀ ਕਰੇ, ਧੀਆਂ ਦੀ ਕਿਸਮਤ, ਕੀ ਪਤਾ ਕਿੱਧਰ ਲੈ ਜਾਣਾ।’’
ਤੇ ਮੂੰਹ ਵਿੱਚ ਕੋਈ ਗਾਣਾ ਗੁਣਗੁਣਾਉਂਦੀ ਤਾਰੋ ਵਿਹੜਾ ਹੂੰਝਣ ਲੱਗੀ।
‘‘ਕੁੜੇ ਤਾਰੋ, ਆਹ ਭਲਾ ਤੂੰ ਕੀ ਗਾਉਂਦੀ ਰਹਿਨੀ ਏਂ, ਕੀ ਮਤਲਬ ਆ ਇਹਦਾ?’’
‘‘ਸਰਦਾਰਨੀਏ, ਥੋਡੀ ਸਮਝ ਤੋਂ ਪਰ੍ਹੇ ਆ, ਜੀਹਦੇ ਸਿਰ ’ਤੇ ਪੈਂਦੀਆਂ ਉਹੀ ਜਾਣਦੈ ਇਸ ਦਾ ਮਤਲਬ। ਕੁਝ ਸੁਪਨੇ ਬੜੇ ਵੱਡੇ ਹੁੰਦੇ ਆ ਸਰਦਾਰਨੀਏ; ਉਹ ਸੁੱਤੇ ਰਹਿ ਕੇ ਨਹੀਂ, ਜਾਗਦੀਆਂ ਅੱਖਾਂ ਨਾਲ ਪੂਰੇ ਕੀਤੇ ਜਾਂਦੇ ਆ।
ਸੂਰਜ ਨਾਲ ਅੱਖ ਨਾਲ ਅੱਖ ਮਿਲਾ ਕੇ, ਨਾਲੇ ਸਾਡੇ ਵਿਹੜਿਆਂ ਵਿੱਚ ਤਾਂ ਇਹ ਸੂਰਜ ਚੜ੍ਹਦੇ ਨਹੀਂ, ਚੜ੍ਹਾਉਣੇ ਪੈਂਦੇ ਆ।’’
‘‘ਚੱਲ ਛੱਡ ਤਾਰੋ, ਮੈਨੂੰ ਨੀ ਸਮਝ ਆਉਂਦੀਆਂ ਤੇਰੀਆਂ ਉਰਲੀਆਂ ਪਰਲੀਆਂ! ਇਉਂ ਕਰੀਂ ਆਹ ਪੰਦਰਾਂ ਦਿਨ ਹੋਰਾਂ ਘਰਾਂ ਦਾ ਕੰਮ ਕਰਨਾ ਛੱਡ ਦੇ ਜਾਂ ਆਵਦੀਆਂ ਧੀਆਂ ਨੂੰ ਭੇਜ ਦਿਆ ਕਰੀਂ। ਪੈਸੇ ਚਾਰ ਵੱਧ ਲੈ ਲਈਂ। ਨਾਲੇ ਪਸ਼ੂਆਂ ਨੂੰ ਕੱਖ ਦੀ ਪੰਡ ਵੀ ਏਧਰੋਂ ਹੀ ਲੈ ਜਾਇਆ ਕਰੀਂ। ਕੱਲ੍ਹ ਤੋਂ ਹਵੇਲੀ ਸਮੇਂ ਨਾਲ ਆ ਜਾਵੀਂ।’’
ਸ਼ਾਮ ਢਲੀ ਤਾਂ ਤਾਰੋ ਨੇ ਸਾਰੇ ਕੰਮ ਨਿਪਟਾ, ਪੱਠਿਆਂ ਦੀ ਪੰਡ ਵੱਢ ਲਈ ਤੇ ਇੱਕੋ ਝਟਕੇ ਪੰਡ ਸਿਰ ’ਤੇ ਰੱਖ ਲਈ।
‘‘ਚੰਗਾ ਸਰਦਾਰਨੀਏ ਚਲਦੀ ਆਂ, ਘਰ ਦੇ ਕੰਮ ਵੀ ਕਰਨੇ ਆ, ਜਾ ਕੇ। ਕੱਲ੍ਹ ਨੂੰ ਸੁਵਖਤੇ ਆਜੂੰ ਮੈਂ।’’
ਬੂਹੇ ਅੰਦਰ ਵੜਦੀ ਦੀ ਹੀ ਵੱਡੀ ਧੀ ਨੇ ਭੱਜ ਕੇ ਤਾਰੋ ਦੇ ਸਿਰੋਂ ਪੱਠਿਆਂ ਦੀ ਪੰਡ ਲੁਹਾ ਦਿੱਤੀ।
‘‘ਕੀ ਗੱਲ ਮਾਂ, ਅੱਜ ਆਥਣ ਹੀ ਕਰ ਦਿੱਤਾ। ਏਡਾ ਕਿਹੜਾ ਕੰਮ ਆਣ ਪਿਆ?’’
‘‘ਧੀਏ, ਸਰਦਾਰਨੀ ਦੀ ਕੁੜੀ ਦਾ ਵਿਆਹ ਧਰਤਾ।’’
‘‘ਅੱਛਾ, ਰੱਜੀ ਦਾ, ਹਾਂ ਉਹ ਤਾਂ ਮੇਰੇ ਨਾਲ ਹੀ ਪੜ੍ਹਦੀ ਹੁੰਦੀ ਸੀ, ਪਰ ਸਕੂਲੋਂ ਹਟ ਗਈ ਸੀ।’’
‘‘ਮੁੰਡਾ ਵੱਡੇ ਮੁਲਕੋਂ ਆਇਆ ਹੋਇਆ ਤੇ ਵਿਆਹ ਕਰਵਾ ਕੇ ਰੱਜੀ ਨਾਲ ਹੀ ਜਾਊ ਬਾਹਰਲੇ ਮੁਲਕ। ਆਏ ਭਲਾ ਕਿਵੇਂ ਹੋਜੂ, ਨਾਲੇ ਕਹਿੰਦੇ ਵੱਡੇ ਮੁਲਕਾਂ ਵਿੱਚ ਜਾਣ ਲਈ ਪੜ੍ਹਨਾ ਪੈਂਦਾ। ਆਹ ਨੰਬਰ ਨੂੰਬਰ ਜੇ ਲੈਣੇ ਪੈਂਦੇ ਐ।’’
‘‘ਓ ਹੋ ਮਾਂ, ਤੂੰ ਵੀ ਜਮ੍ਹਾਂ ਭੋਲੀ ਆਂ। ਇਹ ਵੀ ਇੱਕ ਅਮੀਰਾਂ ਦੀ ਸਕੀਮ ਈ ਆ। ਇਹਨੂੰ ਵਿਆਹ ਘੱਟ ਤੇ ਸੌਦੇਬਾਜ਼ੀ ਜ਼ਿਆਦਾ ਕਹਿੰਦੇ ਆ।’’
ਸੌਦੇਬਾਜ਼ੀ ਸ਼ਬਦ ਸੁਣ ਤਾਰੋ ਫਿਰ ਗੰਭੀਰ ਸੋਚਾਂ ਵਿੱਚ ਪੈ ਗਈ।
‘‘ਵਾਗਰੂ ਵਾਗਰੂ ਭਲਾ ਇੰਜ ਵੀ ਆਪਣੇ ਧੀਆਂ ਪੁੱਤਾਂ ਦੇ ਸੌਦੇ ਹੁੰਦੇ ਆ!’’
‘‘ਚੱਲ ਛੱਡ ਮਾਂ, ਤੂੰ ਕਿਹੜੀਆਂ ਸੋਚਾਂ ਵਿੱਚ ਪੈ ਗਈ। ਨਹਾ ਲੈ, ਰੋਟੀ ਬਣੀ ਪਈ ਐ। ਭੁੱਖ ਬਹੁਤ ਲੱਗੀ ਐ। ਚੱਲ ਖਾਈਏ।’’
ਤਾਰੋ ਦੀ ਜ਼ਿੰਦਗੀ ਤਾਂ ਜਿਵੇਂ ਆਪਣੀਆਂ ਧੀਆਂ ਦੁਆਲੇ ਹੀ ਘੁੰਮਦੀ ਰਹੀ। ਕਦੇ ਕੰਮ ਤੋਂ ਮੂੰਹ ਨਾ ਮੁੜਿਆ, ਬਸ ਧੀਆਂ ਨੂੰ ਪੜ੍ਹਾਉਂਦੀ ਰਹੀ। ਸਾਲ ਬੀਤ ਗਿਆ ਤੇ ਵੱਡੀ ਧੀ ਨੂੰ ਪੜ੍ਹ ਲਿਖ ਨੌਕਰੀ ਮਿਲ ਗਈ। ਅਖੀਰ ਚੰਗਾ ਘਰ-ਬਾਰ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ।
ਧੀ ਆਪਣੀ ਮਾਂ ਦੀ ਪੂਰੀ ਮੱਦਦ ਕਰਦੀ। ਹੁਣ ਉਸ ਨੂੰ ਘਰਾਂ ਵਿੱਚ ਗੋਹਾ ਕੂੜਾ ਨਾ ਕਰਨ ਦਿੰਦੀ।
ਪਰ ਜਿਨ੍ਹਾਂ ਨੇ ਜੰਮਦਿਆਂ ਹੀ ਵੱਡੀਆਂ ਕਬੀਲਦਾਰੀਆਂ ਢੋਈਆਂ ਹੋਣ ਉਹ ਵਿਹਲੇ ਕਿਸ ਤਰ੍ਹਾਂ ਬੈਠ ਸਕਦੇ ਨੇ।
ਇੱਕ ਮੱਝ ਤਾਂ ਤਾਰੋ ਦੀ ਪੱਕੀ ਹੀ ਰੱਖੀ ਹੋਈ ਸੀ।
ਅੱਜ ਕਈ ਦਿਨਾਂ ਬਾਅਦ ਤਾਰੋ ਹਵੇਲੀ ਵੱਲ ਹੋ ਗਈ। ਅੰਦਰ ਵੜਦਿਆਂ ਹੀ ਸਾਹਮਣੇ ਬੈਠੀ ਸਰਦਾਰਨੀ ਨੇ ਤਾਰੋ ਨੂੰ ਵੇਖ ਕੇ ਅੱਜ ਕੋਈ ਹੁੰਗਾਰਾ ਜਿਹਾ ਨਾ ਭਰਿਆ।
‘‘ਕੀ ਗੱਲ ਸਰਦਾਰਨੀਏ ਉਦਾਸ ਕਿਉਂ ਏਂ?’’
ਲੰਮਾ ਜਿਹਾ ਹਉਕਾ ਲੈ ਸਰਦਾਰਨੀ ਨੇ ਮਸਾਂ ਗੱਲ ਸ਼ੁਰੂ ਕੀਤੀ, ‘‘ਭਾਈ ਤਾਰੋ, ਤੇਰੀਆਂ ਉਰਲੀਆਂ ਪਰਲੀਆਂ ਉਸ ਸਮੇਂ ਸਮਝੋਂ ਬਾਹਰ ਸੀ, ਪਰ ਹੁਣ ਉਹ ਸਭ ਅੱਖਾਂ ਮੂਹਰੇ ਬੀਤ ਗਈਆਂ। ਸੱਚਮੁੱਚ ਸੁਪਨੇ ਸੁੱਤੇ ਰਹਿ ਕੇ ਨਹੀਂ। ਖੁੱਲ੍ਹੀਆਂ ਅੱਖਾਂ ਨਾਲ ਪੂਰੇ ਹੁੰਦੇ ਆ, ਸੂਰਜ ਨਾਲ ਅੱਖ ਨਾਲ ਅੱਖ ਮਿਲਾ ਕੇ। ਪਰ ਅਸੀਂ ਤਾਂ ਖੁੱਲ੍ਹੀਆਂ ਅੱਖਾਂ ’ਤੇ ਪੱਟੀ ਹੀ ਬੰਨ੍ਹ ਲਈ। ਸਭ ਦਿਸਦੇ ਹੋਏ ਵੀ ਕੁਝ ਵੇਖ ਨਾ ਸਕੇ।’’
‘‘ਕੀ ਬੁਝਾਰਤਾਂ ਜਿਹੀਆਂ ਪਾਈ ਜਾਨੀਂ ਏਂ ਸਰਦਾਰਨੀਏ, ਸਭ ਠੀਕ ਤਾਂ ਹੈ?’’ ਤਾਰੋ ਨੇ ਹੁਣ ਫ਼ਿਕਰ ਜਿਹੇ ਨਾਲ ਪੁੱਛਿਆ।
‘‘ਤਾਰੋ ਤੈਨੂੰ ਤਾਂ ਪਤਾ ਈ ਐ ਰੱਜੀ ਦੇ ਵਿਆਹ ’ਤੇ ਕਿੰਨਾ ਪੈਸਾ ਦਿੱਤਾ ਤੇ ਕਿੰਨਾ ਲੱਗਿਆ। ਧੀ ਦੇ ਚੰਗੇ ਭਵਿੱਖ ਲਈ ਉਹਨੂੰ ਬਾਹਰਲੇ ਮੁਲਕ ਤੋਰਿਆ, ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹ ਮੁੰਡਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਏ ਤੇ ਦੋ ਜੁਆਕ ਵੀ ਨੇ ਉੱਥੇ, ਪਰ ਹੁਣ ਕਰ ਵੀ ਕੀ ਸਕਦੇ ਆਂ। ਰੱਜੀ ਔਖੀ ਸੌਖੀ ਛੇ ਮਹੀਨੇ ਰਹੀ ਤੇ ਵਾਪਸ ਆ ਗਈ। ਹੁਣ ਉਹ ਆਪਣੀ ਨਾਨੀ ਕੋਲ ਰਹਿੰਦੀ ਐ। ਬਸ ਇੱਕੋ ਗੱਲ ਆਖਦੀ ਆ ਕਿ ਅਸੀਂ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਰੋਜ਼ ਥਾਣੇ ਕਚਹਿਰੀਆਂ ਵਿਚ ਜਾ ਖੱਜਲ ਖੁਆਰ ਹੋਏ ਪਏ ਆਂ। ਅੱਗੇ ਕੁਝ ਵੀ ਨਹੀਂ ਦਿਸਦਾ। ਬਸ ਹੁਣ ਤਾਂ ਇਕੋ ਫਿਕਰ ਆ ਕਿ ਕਰਜ਼ੇ ਦੀ ਭਾਰੀ ਪੰਡ ਸਿਰੋਂ ਕਿਵੇਂ ਲੱਥੂਗੀ। ਅਸੀਂ ਤਾਂ ਆਪਣਾ ਸਭ ਕੁਝ ਗਵਾ ਲਿਆ।’’
ਅੱਜ ਤਾਰੋ ਨੂੰ ਸੱਚਮੁੱਚ ਹਵੇਲੀਆਂ ਅੰਦਰਲਾ ਦਰਦ ਮਹਿਸੂਸ ਹੋਇਆ। ‘‘ਸਰਦਾਰਨੀਏ ਗੁੱਸਾ ਨਾ ਕਰੀਂ, ਪਰ ਇੱਕ ਗੱਲ ਏ। ਉਹ ਤੁਸੀਂ ਵਿਆਹ ਨਹੀਂ ਸੀ ਕੀਤਾ, ਸੌਦੇਬਾਜ਼ੀ ਕੀਤੀ ਸੀ। ਆਪਣੀ ਧੀ ਵੇਚੀ ਸੀ। ਤੇ ਅਜਿਹੀ ਖ਼ਰੀਦ ਵੇਚ ’ਚ ਵਾਧੇ ਘਾਟੇ ਤਾਂ ਪੈਂਦੇ ਹੀ ਰਹਿੰਦੇ ਨੇ।’’
ਇੰਨਾ ਆਖਦੀ ਆਖਦੀ ਤਾਰੋ ਨੇ ਪੱਠਿਆਂ ਦੀ ਪੰਡ ਵੱਢ ਇੱਕੋ ਝਟਕੇ ਨਾਲ ਸਿਰ ’ਤੇ ਧਰ ਲਈ।
ਤੁਰੀ ਜਾਂਦੀ ਤਾਰੋ ਨੂੰ ਪਿੱਛੋਂ ਇੱਕ ਵਾਰ ਫੇਰ ਸਰਦਾਰਨੀ ਨੇ ਆਵਾਜ਼ ਮਾਰੀ,
‘‘ਤਾਰੋ, ਏਨੀ ਭਾਰੀ ਪੱਠਿਆਂ ਦੀ ਪੰਡ ਤੂੰ ਹੁਣ ਵੀ ਕਿਵੇਂ ਚੁੱਕ ਲੈਨੀ ਏਂ?’’
‘‘ਸਰਦਾਰਨੀਏ, ਇਹ ਭਾਰ ਤਾਂ ਸਾਨੂੰ ਢਿੱਡੋਂ ਜੰਮਦੀਆਂ ਨੂੰ ਹੀ ਮਹਿਸੂਸ ਹੋਣ ਲੱਗ ਪਿਆ ਸੀ। ਪਰ ਇੱਕ ਗੱਲ ਆਖਾਂ! ਥੋਡੇ ਸਿਰ ’ਤੇ ਪਏ ਭਾਰ ਨਾਲੋਂ, ਕਈ ਗੁਣਾ ਹੌਲੀਆਂ ਨੇ ਇਹ ਪੰਡਾਂ। ਇਹ ਪੰਡਾਂ ਰੋਟੀ ਵੀ ਦਿੰਦੀਆਂ ਤੇ ਸੁਖ ਦੀ ਨੀਂਦ ਵੀ। ਸਬਰ ਸੰਤੋਖ ਨਾਲ ਜਿਉਣਾ ਵੀ ਸਿਖਾਉਂਦੀਆਂ ਨੇ।’’
ਏਨਾ ਆਖ ਤਾਰੋ ਹਵੇਲੀਓਂ ਬਾਹਰ ਹੋ ਗਈ। ਅੱਜ ਤਾਰੋ ਨੂੰ ਸੱਚਮੁੱਚ ਇਨ੍ਹਾਂ ਭਾਰੀਆਂ ਪੰਡਾਂ ’ਤੇ ਮਾਣ ਜਿਹਾ ਮਹਿਸੂਸ ਹੋਣ ਲੱਗਾ। ਉਹ ਉੱਚੀ ਆਵਾਜ਼ ਵਿੱਚ ਗਾਉਂਦੀ ਘਰ ਨੂੰ ਪਰਤ ਗਈ ‘‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।’’
Add a review