ਲਾਅਨ ਵਿੱਚ ਖਿੜੇ
ਬਸੰਤੀ ਫੁੱਲਾਂ ਨੂੰ ਵੇਖਿਆ
ਬਾਗ਼ ਦੀ ਜਵਾਨੀ
ਧਰਤ ਨੂੰ ਗਲਵਕੜੀ ਪਾ
ਮੁਸਕਰਾ ਰਹੀ ਹੈ
ਡੋਡੀ ਤੋਂ ਫੁੱਲ ਬਣਨਾ
ਆਸਾਨ ਨਹੀਂ
ਬਸੰਤੀ ਰੰਗ ਦੀ ਦਸਤਕ
ਐਵੇਂ ਨਹੀਂ ਜਾਗਦੀ
ਡਾਲੀਆਂ ਹੀ ਜਾਣਦੀਆਂ ਨੇ
ਝੱਖੜਾਂ ਦੇ ਸੁਭਾਅ ਨੂੰ
ਤੂਫ਼ਾਨਾਂ ਨੂੰ ਟੱਕਰਨ ਦਾ ਵਲ ਵੀ
ਉਨ੍ਹਾਂ ਨੂੰ ਆਉਂਦੈ
ਮੇਰਾ ਬਸੰਤੀ ਰੰਗ
ਹਵਾ ਵਿੱਚ ਨਹੀਂ ਲਹਿਰਾਉਂਦਾ
ਰੂਹ ਵਿੱਚ ਜਿਊਂਦੈ
ਅਸਾਵੀਂਆਂ ਹੱਦਾਂ ਤੋੜਨ ਲਈ
ਖ਼ੂਨ ਖੋਲਦੈ ਰਗ ਰਗ ਅੰਦਰ
ਆਸਮਾਨ ਦੀ ਛੱਤ ਥੱਲੇ
ਤਾਰਿਆਂ ਨਾਲ ਦੋਸਤੀ ਹੁੰਦੀ
ਉਥਲ ਪੁਥਲ ਜਾਂਦਾ ਬੜਾ ਕੁਝ
ਬਸੰਤੀ ਰੰਗ ਦੀ ਲਾਜ ਪਾਲਦੇ ਕਾਫ਼ਲੇ
ਸਫ਼ਰ ’ਤੇ ਹੁੰਦੇ
ਵਿਰਲੀਆਂ ਥਾਵਾਂ ਭਰਦੇ
ਨੈਣਾਂ ਵਿੱਚ ਸੁਪਨੇ ਜਗਾ ਦਿੰਦੇ
ਧਰਤ ਸੁਹਾਗਣ ਹੋ ਜਾਂਦੀ।
ਤਿਆਗ ਦੀ ਊਰਜਾ
ਨਵਾਂ ਕਸੀਦਾ ਕੱਢਦੀ
ਫਾਂਸੀ ਦੇ ਫੰਦੇ ’ਤੇ ਰਾਗ ਛਿੜਦਾ
ਬਸੰਤੀ ਰੰਗ ਖਿੜ ਖਿੜ ਹੱਸਦਾ।
ਬੜਾ ਫ਼ਰਕ ਹੈ
ਪਹਿਨਣ ਤੇ ਹੰਢਾਉਣ ਵਿੱਚ
ਫੁੱਲ ਤੇ ਚੋਲਾ ਹੀ
ਜਾਣਦੇ ਬਸੰਤੀ ਰਮਜ਼ ਨੂੰ
ਉਂਝ ਹਰ ਕੋਈ ਗਾ ਸਕਦੈ
ਮੇਰਾ ਰੰਗ ਦੇ ਬਸੰਤੀ ਚੋਲਾ...
Add a review