ਕੀ ਕਰਨ ਡਹੇ ਓ ਵੱਡਿਓ ਸਿਆਣਿਓ
ਦਾਨਿਓ ਬੀਨਿਓ
ਮੋਹਤਬਰੋ ਚੌਧਰੀਓ!
ਰਾਹ ਡੱਕਣ ਡਹੇ ਓ
ਧਰਤ ਮੱਲਣ ਡਹੇ ਓ
ਪਰਿੰਦੇ ਫੁੰਡਣ ਡਹੇ ਓ
ਕਿੱਲ ਗੱਡਣ ਡਹੇ ਓ
ਕੰਡੇ ਖਿਲਾਰਨ ਡਹੇ ਓ
ਟੋਏ ਪੁੱਟਣ ਡਹੇ ਓ?
ਤੁਹਾਨੂੰ ਨਹੀਂ ਪਤਾ ਇਨ੍ਹਾਂ ਰਾਹਾਂ ਤੋਂ
ਤੁਹਾਡੇ ਨਿੱਕੇ ਨਿੱਕੇ ਬੱਚਿਆਂ ਲੰਘਣਾ
ਸਕੂਲੀ ਬੱਚਿਆਂ ਲੰਘਕੇ ਸਕੂਲੀਂ ਪੜ੍ਹਨ ਜਾਣਾ
ਅੱਖਰ ਉਠਾਲਣ ਜਾਣਾ
ਗਿਆਨ ਲੈਣ ਜਾਣਾ
ਵਿਗਿਆਨੀ ਹੋਣ ਜਾਣਾ
ਖੇਡ-ਮੈਦਾਨੀਂ ਖੇਡਣ ਜਾਣਾ
ਕਸਰਤਾਂ ਕਰਨ ਜਾਣਾ
ਸਰੀਰ ਗੰਢਣ ਜਾਣਾ!
ਤੁਸੀਂ ਜੇ ਏਨੇ ਵੱਡੇ ਹੋ ਕੇ ਵੀ
ਬੱਚਿਆਂ ਦੀਆਂ ਇਨ੍ਹਾਂ ਨਿੱਕੀਆਂ ਨਿੱਕੀਆਂ ਨੂੰ ਨਹੀਂ ਜਾਣਦੇ
ਫਿਰ ਬੱਚੇ ਵੀ ਤੁਹਾਡੀਆਂ ਵੱਡੀਆਂ ਵੱਡੀਆਂ ਨੂੰ ਕੀ ਜਾਣਨ ਭਲਾ?
ਕੁਝ ਤਾਂ ਅਕਲ ਨੂੰ ਹੱਥ ਨੂੰ ਮਾਰੇ ਬੀਬਿਓ ਰਾਣਿਓ
ਮੁਲਖਾਂ ਵਾਲਿਓ
ਮਿਲਖਾਂ ਵਾਲਿਓ
ਮੁਲਖਈਓ!
ਮੁਲਖੀਂ ਲੋਕ ਨੇ, ਬੱਚੇ ਨੇ; ਮਾਪੇ ਨੇ
ਰਾਹ ਨੇ ,ਖੇਤ ਨੇ; ਕਾਮੇ ਨੇ
ਹੱਥ ਨੇ, ਕਾਇਦੇ ਨੇ; ਮਨੁੱਖ ਨੇ!
ਮਨੁੱਖਾਂ ਨੂੰ ਮਨੁੱਖ
ਪਰਿੰਦਿਆਂ ਨੂੰ ਪਰਿੰਦੇ
ਬੱਚਿਆਂ ਨੂੰ ਬੱਚੇ ਬਣ ਲੈਣ ਦਿਓ!
ਸਾਹਾਂ ਨੂੰ ਸਾਹ ਹੋ ਲੈਣ ਦਿਓ!
ਧਰਤ ਨੂੰ ਸਭ ਦੀ ਹੋਣ ਦਿਓ!
Add a review