• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਲੰਡਨ ਅੰਡਰਗਰਾਊਂਡ - ਧਰਤੀ ਹੇਠ ਦੌੜਦੀ ਜ਼ਿੰਦਗੀ

ਹਰਜੀਤ ਅਟਵਾਲ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Travel
  • Report an issue
  • prev
  • next
Article

ਲੰਡਨ ਵਿੱਚ ਚੱਲਦੀਆਂ ਜ਼ਮੀਨਦੋਜ਼ ਰੇਲਾਂ ਨੂੰ ਅੰਡਰਗਰਾਊਂਡ ਕਹਿੰਦੇ ਹਨ। ਇਹ ਅੰਡਰਗਰਾਊਂਡ ਉਦੋਂ ਬਣੀ ਜਦੋਂ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਧਰਤੀ ਦੇ ਹੇਠਾਂ ਵੀ ਰੇਲਾਂ ਚੱਲ ਸਕਦੀਆਂ ਹਨ। ਅੱਜ ਮੈਟਰੋ ਦੇ ਨਾਂ ’ਤੇ ਬਹੁਤ ਸਾਰੇ ਮਹਾਂਨਗਰਾਂ ਵਿੱਚ ਅੰਡਰਗਰਾਊਂਡ-ਓਵਰਗਰਾਊਂਡ ਚੱਲ ਰਹੀਆਂ ਹਨ, ਪਰ ਲੰਡਨ ਵਾਲੀ ਸਭ ਤੋਂ ਪਹਿਲੀ ਹੈ। ਕਈ ਥਾਵਾਂ ’ਤੇ ਮੈਟਰੋ ਧਰਤੀ ਤੋਂ ਕੁਝ ਮੀਟਰ ਉੱਪਰ-ਉੱਪਰ ਚੱਲਦੀ ਵੀ ਮਿਲ ਜਾਂਦੀ ਹੈ, ਪਰ ਲੰਡਨ ਵਿੱਚ ਟਰਮ ਅੰਡਰਗਰਾਊਂਡ ਜ਼ਮੀਨਦੋਜ਼ ਰੇਲ ਲਈ ਤੇ ਟਰਮ ਓਵਰਗਰਾਊਂਡ ਲੰਡਨ ਦੀ ਸਾਧਾਰਨ ਰੇਲ ਲਈ ਵਰਤੀ ਜਾਂਦੀ ਹੈ।

ਰਿਕਾਰਡ ਉੱਪਰ ਅੰਡਰਗਰਾਊਂਡ ਰੇਲ ਚਲਾਉਣ ਦੀ ਗੱਲ ਪਹਿਲੀ ਵਾਰ 1830 ਵਿੱਚ ਚੱਲੀ ਕਿਉਂਕਿ ਲੰਡਨ ਉਦੋਂ ਵੀ ਘੁੱਗ ਵਸਦਾ ਸੀ, ਪਰ ਆਵਾਜਾਵੀ ਦੇ ਸਾਧਨਾਂ ਦੀ ਬਹੁਤ ਘਾਟ ਸੀ। ਟਾਇਰ ਹਾਲੇ ਆਏ ਨਹੀਂ ਸਨ, ਸੋ ਪਾਵਰ-ਬੱਸਾਂ ਨਹੀਂ ਸਨ। ਸ਼ਹਿਰ ਵਿੱਚ ਘੋੜਾ-ਬੱਸਾਂ ਜਾਂ ਘੋੜਾ-ਬੱਘੀਆਂ ਹੀ ਚੱਲਦੀਆਂ ਸਨ। ਮਜ਼ੇ ਦੀ ਗੱਲ ਇਹ ਕਿ ਜਿਵੇਂ ਅੱਜ ਡੱਬਲ-ਡੈਕਰ ਬੱਸਾਂ ਹਨ, ਉਦੋਂ ਘੋੜਾ-ਬੱਸਾਂ/ਬੱਘੀਆਂ ਵੀ ਦੋ-ਮੰਜ਼ਲਾਂ ਹੁੰਦੀਆਂ ਸਨ। ਸੰਘਣੀ ਵਸੋਂ ਵਾਲੇ ਸ਼ਹਿਰ ਵਿੱਚ ਰੇਲਵੇ ਲਾਈਨ ਵਿਛਾਉਣੀ ਅਸੰਭਵ ਸੀ, ਇਸ ਲਈ ਅੰਡਰਗਰਾਊਂਡ ਵਾਲਾ ਰਾਹ ਚੁਣਿਆ ਗਿਆ।

ਇਹ ਤਜਵੀਜ਼ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਸਰਕਾਰ ਅੱਗੇ ਰੱਖੀ ਗਈ ਸੀ। 1854 ਵਿੱਚ ਸਰਕਾਰ ਵੱਲੋਂ ਮੈਟਰੋਪੋਲੀਟਨ ਰੇਲਵੇ ਭਾਵ ਅੰਡਰਗਰਾਊਂਡ ਬਣਾਉਣ ਦੀ ਇਜਾਜ਼ਤ ਮਿਲ ਗਈ ਸੀ। ਜ਼ਮੀਨਦੋਜ਼ ਰੇਲ ਚਲਾਉਣ ਲਈ ਵੱਡੇ ਵੱਡੇ ਟਨਲ ਬਣਾਉਣੇ ਪੈਣੇ ਸਨ। ਲੰਡਨ ਵਿੱਚ ਟਨਲ ਬਣਾਉਣ ਤੋਂ ਪਹਿਲਾਂ ਇਸ ਨੂੰ ਕਿਸੇ ਹੋਰ ਥਾਂ ਬਣਾ ਕੇ ਤਜਰਬਾ ਕੀਤਾ ਜਾਣਾ ਸੀ। ਇਸ ਲਈ ਉੱਤਰੀ ਇੰਗਲੈਂਡ ਦਾ ਸ਼ਹਿਰ ਕਿਬਲਜ਼ਵਰਥ ਚੁਣਿਆ ਗਿਆ। ਇਸ ਸ਼ਹਿਰ ਦੀ ਭੂਗੋਲਿਕ ਸਥਿਤੀ ਬਿਲਕੁਲ ਲੰਡਨ ਵਰਗੀ ਹੈ।

ਇੱਥੇ ਟੈਸਟ-ਟਨਲ ਬਣਾਇਆ ਤੇ ਬਣਾ ਕੇ ਦੋ ਸਾਲ ਤੱਕ ਪਰਖਿਆ ਗਿਆ, ਫਿਰ ਲੰਡਨ ਵਿੱਚ ਟਨਲ ਬਣਨੇ ਸ਼ੁਰੂ ਹੋਏ। ਪਹਿਲਾਂ ਇਹ ਟਨਲ ਕੱਟ-ਐਂਡ-ਕਵਰ ਵਿਧੀ ਨਾਲ ਖੋਦੇ ਗਏ ਸਨ, ਫਿਰ ਇਸ ਲਈ ਖਾਸ ਮਸ਼ੀਨਾਂ ਵਰਤੀਆਂ ਜਾਣ ਲੱਗੀਆਂ। ਇਹ ਟਨਲ ਗੋਲਾਈ ਵਿੱਚ ਬਣਾਏ ਜਾ ਰਹੇ ਸਨ, ਇਸ ਲਈ ਇਸ ਰੇਲ ਨੂੰ ਟਿਊਬ ਵੀ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਇਸ ਦਾ ਘੇਰਾ 3.10 ਮੀਟਰ ਭਾਵ ਦਸ ਫੁੱਟ, ਦੋ ਇੰਚ ਸੀ। ਫਿਰ ਨਵੇਂ ਟਨਲਾਂ ਦਾ ਘੇਰਾ 3.56 ਮੀਟਰ ਭਾਵ ਸਾਢੇ ਗਿਆਰਾਂ ਫੁੱਟ ਕਰ ਦਿੱਤਾ ਗਿਆ ਸੀ।

ਫਿਰ ਕੁਝ ਟਨਲ 4.9 ਮੀਟਰ ਯਾਨੀ ਕਿ ਸੋਲਾਂ ਫੁੱਟ ਘੇਰੇ ਵਾਲੇ ਵੀ ਬਣੇ। ਟਨਲ ਬਣਾ ਕੇ ਲਾਈਨਾਂ ਵਿਛਾਈਆਂ ਗਈਆਂ ਤੇ ਜ਼ਮੀਨਦੋਜ਼ ਰੇਲ ਚੱਲਣੀ ਸ਼ੁਰੂ ਹੋ ਗਈ। ਲਾਈਨਾਂ ਦੀ ਚੌੜਾਈ ਮੀਟਰ-ਗੇਜ਼ ਭਾਵ ਆਮ ਰੇਲ-ਲਾਈਨ ਜਿੰਨੀ ਹੀ ਰੱਖੀ ਗਈ ਸੀ। ਪਹਿਲੀ ਅੰਡਰਗਰਾਊਂਡ 10 ਜਨਵਰੀ 1863 ਨੂੰ ਚੱਲੀ ਸੀ, ਅੱਜ ਤੋਂ ਤਕਰੀਬਨ 160 ਸਾਲ ਪਹਿਲਾਂ। ਇਸ ਦੀ ਅਖ਼ਬਾਰਾਂ ਵਿੱਚ ਜਾਂ ਜ਼ੁਬਾਨੀ ਵੀ ਬਹੁਤ ਚਰਚਾ ਹੁੰਦੀ ਰਹੀ। ਪਹਿਲੀ ਟਰੇਨ ਪੈਡਿੰਗਟਨ ਤੋਂ ਲੈ ਕੇ ਫਰਿੰਗਡਨ ਤੱਕ ਚੱਲੀ ਸੀ।

ਲੋਕਾਂ ਵਿੱਚ ਇਸ ਦਾ ਏਨਾ ਉਤਸ਼ਾਹ ਸੀ ਕਿ ਪਹਿਲੇ ਦਿਨ ਹੀ ਅਠੱਤੀ ਹਜ਼ਾਰ ਲੋਕਾਂ ਨੇ ਇਸ ਵਿੱਚ ਸਫ਼ਰ ਕੀਤਾ। ਦੂਜੀ ਟਰੇਨ ਡਿਸਟ੍ਰਿਕ-ਲਾਈਨ 1868 ਵਿੱਚ ਸਾਊਥ ਕੈਨਜ਼ਿੰਗਟਨ ਤੋਂ ਲੈ ਕੇ ਵੈਸਟਮਨਿਸਟਰ ਤੱਕ ਚੱਲਣੀ ਸ਼ੁਰੂ ਹੋਈ। ਇੱਕ ਰੂਟ ਨੂੰ ਲਾਈਨ ਕਿਹਾ ਜਾਂਦਾ ਹੈ। ਇਸ ਵੇਲੇ ਲੰਡਨ ਵਿੱਚ ਗਿਆਰਾਂ ਲਾਈਨਾਂ ਜਾਂ ਰੂਟ ਹਨ। 1884 ਵਿੱਚ ਅੱਜ ਵਾਲੀ ਸਰਕਲ-ਲਾਈਨ ਸ਼ੁਰੂ ਹੋਈ ਜੋ ਅੱਜ ਵੀ ਲੰਡਨ ਵਿੱਚ ਗੋਲ-ਗੋਲ ਘੁੰਮਦੀ ਹੈ ਤੇ ਇਹ ਸਾਰੀਆਂ ਲਾਈਨਾਂ ਨੂੰ ਜੋੜਦੀ ਹੋਈ ਲੰਘਦੀ ਹੈ? ਭਾਵ ਇਸ ਵਿੱਚ ਸਫ਼ਰ ਕਰਦੇ ਤੁਸੀਂ ਕੋਈ ਵੀ ਲਾਈਨ ਬਦਲ ਸਕਦੇ ਹੋ।

ਉਨ੍ਹਾਂ ਦਿਨਾਂ ਵਿੱਚ ਰੇਲ ਗੱਡੀਆਂ ਭਾਫ਼ ਨਾਲ ਚੱਲਦੀਆਂ ਸਨ, ਜਿਸ ਨੂੰ ਸਟੀਮ-ਲੋਕੋਮੋਟਿਵ ਕਿਹਾ ਜਾਂਦਾ ਸੀ। ਭਾਰਤ ਵਿੱਚ ਪਿੱਛੇ ਜਿਹੇ ਹੀ ਸਟੀਮ-ਲੋਕੋਮੋਟਿਵ ਇੰਜਣ ਬੰਦ ਹੋਏ ਹਨ, ਪਰ ਪੱਛਮ ਵਿੱਚ ਸੌ ਸਾਲ ਪਹਿਲਾਂ ਹੀ ਡੀਜ਼ਲ ਵਾਲੇ ਜਾਂ ਬਿਜਲੀ ਵਾਲੇ ਰੇਲ-ਇੰਜਣ ਆ ਚੁੱਕੇ ਸਨ। ਭਾਫ਼ ਪੈਦਾ ਕਰਨ ਲਈ ਈਂਧਨ ਚਾਹੀਦਾ ਹੁੰਦਾ ਹੈ, ਭਾਵ ਲੱਕੜੀ ਜਾਂ ਕੋਲਾ। ਭਾਫ਼ ਵਾਲੇ ਇੰਜਣ ਨੇ ਧੂੰਆਂ ਵੀ ਛੱਡਣਾ ਹੁੰਦਾ ਹੈ।

ਧੂੰਆਂ ਛੱਡਦੀ ਜਦੋਂ ਟਰੇਨ ਕਿਸੇ ਸੁਰੰਗ ਵਿੱਚ ਵੜੇਗੀ ਤਾਂ ਕਈ ਕਿਸਮ ਦੀਆਂ ਮੁਸ਼ਕਲਾਂ ਤਾਂ ਪੈਦਾ ਹੋਣਗੀਆਂ ਹੀ। ਇਵੇਂ ਹੀ ਕੁਝ ਦੇਰ ਬਾਅਦ ਲੰਡਨ ਦੀ ਅੰਡਰਗਰਾਊਂਡ ਨਾਲ ਹੋਣਾ ਸ਼ੁਰੂ ਹੋ ਗਿਆ। ਅੱਗੇ ਅੱਗੇ ਜਾਂਦਾ ਇੰਜਣ ਧੂਆਂ ਛੱਡਦਾ ਜਾਂਦਾ, ਬਾਹਰ ਹੋਵੇ ਤਾਂ ਧੂੰਆਂ ਉੱਪਰ ਨੂੰ ਨਿਕਲ ਜਾਂਦਾ, ਪਰ ਸੁਰੰਗ ਵਿੱਚ ਇਸ ਨੇ ਪਿੱਛੇ ਨੂੰ ਜਾਣਾ ਹੋਇਆ ਤੇ ਇਸ ਧੂੰਏਂ ਨਾਲ ਕਈ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਰੇਲ-ਗੱਡੀ ਵਿੱਚ ਗਰਮੀ ਹੋਣ ਲੱਗੀ। ਧੂੰਏਂ ਕਾਰਨ ਸਾਹ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ। ਇਸ ਦੇ ਕਰਮਚਾਰੀਆਂ ਨੂੰ ਮੁੱਛਾਂ-ਦਾੜ੍ਹੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਹਵਾ ਫਿਲਟਰ ਹੋ ਸਕੇ।

1890 ਵਿੱਚ ਲੰਡਨ ਅੰਡਰਗਰਾਊਂਡ ਦਾ ਬਿਜਲਈਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਸਭ ਤੋਂ ਪਹਿਲੀ ਬਿਜਲਈ ਲਾਈਨ ਸਿਟੀ ਐਂਡ ਸਾਊਥ ਲੰਡਨ ਰੇਲਵੇ ਸੀ ਜਿਸ ਨੂੰ ਅੱਜਕੱਲ੍ਹ ਨੌਰਦਨ-ਲਾਈਨ ਕਹਿੰਦੇ ਹਨ। ਇਹ ਉੱਤਰੀ ਲੰਡਨ ਤੋਂ ਦਰਿਆ ਪਾਰ ਦੱਖਣੀ ਲੰਡਨ ਵੱਲ ਨੂੰ ਚੱਲਦੀ ਹੈ। ਥੇਮਜ਼-ਦਰਿਆ ਲੰਡਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ, ਉੱਤਰੀ ਲੰਡਨ ਤੇ ਦੱਖਣੀ ਲੰਡਨ। ਦਰਿਆ ਤੋਂ ਪਾਰ ਦੱਖਣੀ ਲੰਡਨ ਵਿੱਚ ਅੰਡਰਗਰਾਊਂਡ ਬਹੁਤ ਘੱਟ ਹੈ। ਕੁੱਲ ਸਿਸਟਮ ਦਾ ਸਿਰਫ਼ 10%। ਮਿਸਾਲ ਦੇ ਤੌਰ ’ਤੇ ਲੰਡਨ ਅੰਡਰਗਰਾਊਂਡ ਦੇ ਕੁੱਲ ਸਟੇਸ਼ਨ 272 ਹਨ, ਪਰ ਦੱਖਣੀ ਲੰਡਨ ਵਿੱਚ ਸਿਰਫ਼ 33 ਹਨ।

ਉਨੀਵੀਂ ਸਦੀ ਦੇ ਖ਼ਤਮ ਹੁੰਦਿਆਂ-ਹੁੰਦਿਆਂ ਟਾਇਰ ਦੀ ਕਾਢ ਕਾਰਨ ਬੱਸਾਂ ਵੀ ਚੱਲਣ ਲੱਗ ਪਈਆਂ ਸਨ। 1902 ਤੱਕ ਅੰਡਰਗਰਾਉਂਡ ਦੀਆਂ ਬਹੁਤੀਆਂ ਲਾਈਨਾਂ ਦਾ ਵੀ ਬਿਜਲਈਕਰਨ ਹੋ ਚੁੱਕਿਆ ਸੀ। ਬੱਸਾਂ ਵੀ ਬਿਜਲੀ ਨਾਲ ਚੱਲਣ ਲੱਗ ਪਈਆਂ ਸਨ। ਪਹਿਲਾਂ ਬੱਸਾਂ ਵੀ ਭਾਫ਼ ਨਾਲ ਚੱਲਦੀਆਂ ਰਹੀਆਂ ਹਨ ਜਿਵੇਂ ਕੋਲੇ/ਲੱਕੜੀ ਨਾਲ ਟਰੇਨਾਂ ਚੱਲਦੀਆਂ ਸਨ। ਪਹਿਲਾਂ ਬੱਸਾਂ ਤੇ ਅੰਡਰਗਰਾਊਂਡ ਲਾਈਨਾਂ ਪ੍ਰਾਈਵੇਟ ਕੰਪਨੀਆਂ ਚਲਾਉਂਦੀਆਂ ਸਨ, ਪਰ ਫਿਰ ਇਨ੍ਹਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਤੇ ਇਨ੍ਹਾਂ ਨੂੰ ‘ਲੰਡਨ ਟਰਾਂਸਪੋਰਟ ਡਿਪਾਰਟਮੈਂਟ’ ਦੇ ਅਧੀਨ ਲੈ ਆਂਦਾ ਗਿਆ।

ਅੱਜਕੱਲ੍ਹ ਇਸ ਮਹਿਕਮੇ ਨੂੰ ‘ਟਰਾਂਸਪੋਰਟ ਫਾਰ ਲੰਡਨ’ ਕਹਿੰਦੇ ਹਨ। ਇਸ ਨੂੰ ਚਲਾਉਣ ਲਈ ਖ਼ਰਚ ਦਾ 92% ਇਸ ਦੇ ਕਿਰਾਏ ਤੋਂ ਇਕੱਠਾ ਕੀਤਾ ਜਾਂਦਾ ਹੈ। ਇਸ ਲਈ ਇਸ ਵਿੱਚ ਸਫ਼ਰ ਕਰਨਾ ਕਾਫ਼ੀ ਮਹਿੰਗਾ ਪੈਂਦਾ ਹੈ। ਪਹਿਲਾਂ ਹਫ਼ਤਾਵਰੀ, ਮਹੀਨਾਵਾਰ ਜਾਂ ਸਾਲਾਨਾ ਪਾਸ ਵੀ ਬਣ ਜਾਂਦਾ ਸੀ। 1983 ਵਿੱਚ ਟਰੈਵਲ-ਕਾਰਡ ਸ਼ੁਰੂ ਕੀਤਾ ਗਿਆ ਸੀ। ਇੱਕ ਵਾਰ ਇਹ ਲੈ ਕੇ ਦਿਨ ਭਰ ਜਿੱਥੇ ਮਰਜ਼ੀ ਘੁੰਮ ਸਕਦੇ ਹੋ। 2003 ਵਿੱਚ ਕੰਟੈਕਟਲੈੱਸ-ਟਿਕਟ ਭਾਵ ਓਏਸਟਰ-ਕਾਰਡ ਚਾਲੂ ਕੀਤਾ ਗਿਆ ਸੀ, ਇਸ ਮੁਤਾਬਕ ਓਨਾ ਹੀ ਖ਼ਰਚਾ ਹੁੰਦਾ ਹੈ, ਜਿੰਨਾ ਤੁਸੀਂ ਸਫ਼ਰ ਕਰਦੇ ਹੋ। ਇਸ ਨੂੰ ਤੁਸੀਂ ਸਟੇਸ਼ਨ ’ਤੇ ਲੱਗੇ ਸਕੈਨਰ ਨੂੰ ਛੂਹਾਓ ਤੇ ਅੱਗੇ ਲੰਘ ਜਾਓ।

ਹੁਣ ਤੁਸੀਂ ਆਪਣੇ ਕਰੈਡਿਟ ਕਾਰਡ ਟੱਚ ਕਰਕੇ ਵੀ ਸਫ਼ਰ ਕਰ ਸਕਦੇ ਹੋ। ਅੰਡਰਗਰਾਊਂਡ ਵਿੱਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਤੋਂ ਵੀ ਕਾਫ਼ੀ ਆਮਦਨ ਹੋ ਜਾਂਦੀ ਹੈ। ਕਿਸੇ ਜ਼ਮਾਨੇ ਵਿੱਚ ਇਹ ਟਿਕਟ ਦੋ ਪੈਨੀ ਹੁੰਦੀ ਸੀ। ਉਦੋਂ ਸੈਂਟਰਲ-ਲਾਈਨ ਨੂੰ ‘ਟੂ-ਪੈਨੀ ਟਿਊਬ’ ਵੀ ਕਿਹਾ ਜਾਂਦਾ ਸੀ। ਲੰਡਨ ਅੰਡਰਗਰਾਊਂਡ ਭਾਵੇਂ ਦੁਨੀਆ ਦਾ ਪਹਿਲਾ ਮੈਟਰੋ-ਸਿਸਟਮ ਹੈ, ਪਰ ਹੁਣ ਹੋਰ ਮੈਟਰੋ ਪ੍ਰਫੁੱਲਿਤ ਹੋ ਚੁੱਕੇ ਹਨ, ਆਕਾਰ ਵਿੱਚ ਹੁਣ ਇਹ ਸ਼ੰਘਾਈ ਤੇ ਬੀਜਿੰਗ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਵੈਸੇ ਇਹ ਦੁਨੀਆ ਦਾ ਬਾਰ੍ਹਵਾਂ ਰੁਝੇਵਿਆਂ ਭਰਪੂਰ ਮੈਟਰੋ ਸਿਸਟਮ ਹੈ।

272 ਸਟੇਸ਼ਨ ’ਤੇ 250 ਮੀਲ ਲੰਮੀਆਂ ਗਿਆਰਾਂ ਲਾਈਨਾਂ ਹਨ ਤੇ ਪੰਜਾਹ ਲੱਖ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ। ਇਹ ਲਾਈਨਾਂ ਕਾਫ਼ੀ ਡੂੰਘੀਆਂ ਚੱਲਦੀਆਂ ਹਨ। ਕਈ ਥਾਵਾਂ ਤੋਂ ਲਗਭਗ 42 ਮੀਟਰ ਡੂੰਘੀਆਂ ਵੀ ਹਨ। ਕਈ ਸਟੇਸ਼ਨ ਸੱਠ ਮੀਟਰ ਡੂੰਘੇ ਹਨ। ਉਂਜ ਤਾਂ ਇਸ ਨੂੰ ਅੰਡਰਗਰਾਊਂਡ ਸਿਸਟਮ ਕਿਹਾ ਜਾਂਦਾ ਹੈ, ਪਰ ਇਹ 45% ਹੀ ਜ਼ਮੀਨਦੋਜ਼ ਹੈ, ਬਾਕੀ ਓਵਰਗਰਾਊਂਡ ਹੈ। ਹੋਰ ਵੀ ਬਹੁਤ ਸਾਰੀਆਂ ਦਿਲਚਸਪ ਗੱਲਾਂ ਇਸ ਨਾਲ ਜੁੜਦੀਆਂ ਹਨ। ਏਂਜਲ ਸਟੇਸ਼ਨ ਉੱਪਰ ਐਸਕਾਲੇਟਰ ਜਾਂ ਬਿਜਲਈ ਪੌੜੀ ਸੱਠ ਮੀਟਰ ਲੰਮੀ ਹੈ। ਆਲਡਗੇਟ ਦਾ ਸਟੇਸ਼ਨ ਅਜਿਹੀ ਥਾਂ ਹੈ ਜਿਸ ਦੇ ਹੇਠਾਂ ਹਜ਼ਾਰ ਬੰਦੇ ਦਫ਼ਨਾਏ ਹੋਏ ਹਨ ਜੋ 1665 ਵਿੱਚ ਪਈ ਪਲੇਗ ਵਿੱਚ ਮਾਰੇ ਗਏ ਸਨ। ਇਹ ਲਾਈਨਾਂ ਪਾਣੀ ਨਾਲ ਨਾ ਭਰ ਜਾਣ, ਇਸ ਕਰਕੇ ਹਰ ਰੋਜ਼ ਪੰਜਾਹ-ਮਿਲੀਅਨ ਲਿਟਰ ਪਾਣੀ ਪੰਪ ਕਰਕੇ ਬਾਹਰ ਕੱਢਿਆ ਜਾਂਦਾ ਹੈ।

ਹਰ ਸਾਲ ਪੰਜਾਹ ਬੰਦੇ ਟਿਊਬ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਦੇ ਹਨ। ਪੰਜ ਲੱਖ ਚੂਹੇ ਇਨ੍ਹਾਂ ਟਨਲਾਂ ਵਿੱਚ ਰਹਿੰਦੇ ਹਨ। ਬਹੁਤ ਸਾਰੇ ਬੇਘਰੇ ਇਨ੍ਹਾਂ ਸਟੇਸ਼ਨਾਂ ਵਿੱਚ ਸੌਂਦੇ ਹਨ। 1940 ਵਿੱਚ ਹੋਈ ਜਨਗਣਨਾ ਸਮੇਂ ਇਹ ਪਾਇਆ ਗਿਆ ਕਿ 177500 ਲੋਕ ਟਿਊਬ ਸਟੇਸ਼ਨਾਂ ਵਿੱਚ ਰਹਿ ਰਹੇ ਸਨ। ਸਰਦੀਆਂ ਨੂੰ ਜਦੋਂ ਬਹੁਤੀ ਠੰਢ ਪਵੇ, ਅੰਡਰਗਰਾਊਂਡ ਸਟੇਸ਼ਨ ਬੇਘਰਿਆਂ ਲਈ ਖੋਲ੍ਹ ਦਿੱਤੇ ਜਾਂਦੇ ਹਨ। ਇਨ੍ਹਾਂ ਟਰੇਨਾਂ ਦੀ ਸਪੀਡ ਇੱਕੀ ਮੀਲ ਤੋਂ ਲੈ ਕੇ ਸੱਠ ਮੀਲ ਤੱਕ ਹੁੰਦੀ ਹੈ। ਸਟੇਸ਼ਨ ਵੀ ਨੇੜੇ-ਨੇੜੇ ਹੀ ਹਨ। ਕਈ ਸਟੇਸ਼ਨ ਤਾਂ ਇੱਕ ਦੂਜੇ ਤੋਂ ਢਾਈ-ਤਿੰਨ ਸੌ ਮੀਟਰ ਦੇ ਫ਼ਰਕ ’ਤੇ ਹੀ ਹਨ।

ਅੰਡਰਗਰਾਊਂਡ ਨੇ ਲੰਡਨ ਵਿੱਚ ਸਫ਼ਰ ਕਰਨ ਨੂੰ ਬਹੁਤ ਸੌਖਾ ਬਣਾਇਆ ਹੋਇਆ ਹੈ। ਸਟੇਸ਼ਨ ਤੋਂ ਲਾਈਨਾਂ ਦੇ ਨਕਸ਼ੇ ਮਿਲਦੇ ਹਨ, ਜਿਸ ਨਾਲ ਲੰਡਨ ਵਿੱਚ ਸਫ਼ਰ ਕਰਨਾ ਸੌਖਾ ਹੋ ਜਾਂਦਾ ਹੈ। ਹਰ ਲਾਈਨ ਦਾ ਵੱਖਰਾ ਰੂਟ ਹੈ ਤੇ ਹਰ ਲਾਈਨ ਨੂੰ ਵੱਖਰੇ ਰੰਗ ਵਿੱਚ ਦਿਖਾਇਆ ਹੁੰਦਾ ਹੈ। ਇੱਕ ਲਾਈਨ ਤੋਂ ਦੂਜੀ ਲਾਈਨ ’ਤੇ ਜਾਣਾ ਸੌਖਾ ਹੀ ਹੁੰਦਾ ਹੈ। ਲੰਡਨ ਦੀ ਹਰ ਦੇਖਣਯੋਗ ਥਾਂ ਅੰਡਰਗਰਾਊਂਡ ਨਾਲ ਜੁੜੀ ਹੋਈ ਹੈ। ਵੈਸੇ ਕਈ ਸਟੇਸ਼ਨਾਂ ’ਤੇ ਭੂਤਾਂ ਦਾ ਪਹਿਰਾ ਹੋਣ ਦੀਆਂ ਦੰਦ-ਕਥਾਵਾਂ ਵੀ ਚੱਲਦੀਆਂ ਰਹਿੰਦੀਆਂ ਹਨ। ਇੱਕ ਲੇਖਕ ਨੇ ਅੰਡਰਗਰਾਊਂਡ ਨਾਲ ਜੁੜੀਆਂ ਡਰਾਉਣੀਆਂ ਕਹਾਣੀਆਂ ਦੀ ਲੜੀ ਵੀ ਲਿਖੀ ਸੀ।

ਇਹ ਮੈਟਰੋ ਸਿਸਟਮ ਹਾਦਸਾ-ਜਨਕ ਵੀ ਬਹੁਤ ਹੁੰਦਾ ਹੈ, ਖਾਸ ਕਰਕੇ ਅੰਡਰਗਰਾਊਂਡ। ਕਿਉਂਕਿ ਹਾਦਸੇ ਵਿੱਚ ਬਚਣ ਦੇ ਮੌਕੇ ਬਹੁਤ ਘਟ ਜਾਂਦੇ ਹਨ। ਲੰਡਨ ਵਿੱਚ ਜਦੋਂ ਵੀ ਹਾਦਸਾ ਹੋਇਆ ਦਰਜਨਾਂ ਹੀ ਮੌਤਾਂ ਹੋਈਆਂ। ਅਤਿਵਾਦੀਆਂ ਲਈ ਵੀ ਹਮਲੇ ਕਰਨ ਲਈ ਇਹ ਢੁੱਕਵੀਂ ਥਾਂ ਬਣ ਜਾਂਦੀ ਹੈ। ਅਤਿਵਾਦੀਆਂ ਵੱਲੋਂ 2005 ਵਿੱਚ ਚਲਾਏ ਬੰਬ ਵਿੱਚ 51 ਲੋਕ ਮਰ ਗਏ ਸਨ। 1987 ਵਿੱਚ ਕਿੰਗਜ਼ ਕਰੌਸ ਵਿੱਚ ਅੱਗ ਲੱਗਣ ਨਾਲ ਤਿੰਨ ਦਰਜਨ ਲੋਕ ਇਸ ਦੀ ਲਪੇਟ ਵਿੱਚ ਆ ਗਏ ਸਨ।

ਦੂਜੇ ਮਹਾਂਯੁੱਧ ਵਿੱਚ ਜਿੱਥੇ ਅੰਡਰਗਰਾਊਂਡ ਜਰਮਨੀ ਦੇ ਬੰਬਾਂ ਤੋਂ ਬਚਣ ਦੇ ਕੰਮ ਆਏ, ਉੱਥੇ ਹੀ ਇੱਥੇ ਲੁਕੇ ਲੋਕ ਬੰਬਾਂ ਦੇ ਅੜਿੱਕੇ ਵੀ ਆ ਗਏ ਸਨ। 1941 ਵਿੱਚ ਇੱਕ ਬੰਬ ਬੈਂਕ ਸਟੇਸ਼ਨ ਵਿੱਚ ਜਾ ਵੜਿਆ ਸੀ ਤੇ 111 ਲੋਕ ਮੌਤ ਦੀ ਝੋਲੀ ਵਿੱਚ ਜਾ ਡਿੱਗੇ ਸਨ। ਬੰਬ ਕਾਰਨ ਬੈਥਨਲ ਗਰੀਨ ਸਟੇਸ਼ਨ ’ਤੇ ਮਚੀ ਭਜਦੌੜ ਕਾਰਨ 173 ਲੋਕ ਜਾਨ ਤੋਂ ਹੱਥ ਧੁਆ ਗਏ ਸਨ। ਖੈਰ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ। ਵੈਸੇ ਦੂਜੇ ਮਹਾਂਯੁੱਧ ਵਿੱਚ ਅੰਡਰਗਰਾਊਂਡ ਦੇ ਟਨਲ ਬਹੁਤ ਕੰਮ ਆਏ ਸਨ। ਉਸ ਵੇਲੇ ਡਰ ਸੀ ਕਿ ਹਿਟਲਰ ਕਿਤੇ ਬ੍ਰਿਟਿਸ਼ ਮਿਊਜ਼ੀਅਮ ਉੱਪਰ ਬੰਬ ਨਾ ਸੁੱਟ ਦੇਵੇ, ਇਸ ਲਈ ਇਸ ਦਾ ਸਾਰਾ ਖ਼ਜ਼ਾਨਾ ਇੱਥੇ ਹੀ ਛੁਪਾਇਆ ਗਿਆ ਸੀ।

ਕਿੰਨੀਆਂ ਹੀ ਫ਼ਿਲਮਾਂ ਵਿੱਚ ਅੰਡਰਗਰਾਊਂਡ ਦਿਖਾਇਆ ਜਾਂਦਾ ਹੈ। ਕਿੰਨੀਆਂ ਹੀ ਫ਼ਿਲਮਾਂ ਤੇ ਸੀਰੀਅਲਾਂ ਦੀ ਸ਼ੂਟਿੰਗ ਅੰਡਰਗਰਾਊਂਡ ਸਟੇਸ਼ਨਾਂ ਵਿੱਚ ਹੁੰਦੀ ਹੈ। ਜਦੋਂ ਕਿਸੇ ਫ਼ਿਲਮ ਵਿੱਚ ਦਰਸ਼ਕ ਨੂੰ ਲੰਡਨ ਲੈ ਜਾਣਾ ਹੋਵੇ ਤਾਂ ਸੁਰੰਗ ਵਿੱਚੋਂ ਨਿਕਲਦੀ ਟਿਊਬ ਦਿਖਾਉਣੀ ਹੀ ਕਾਫ਼ੀ ਹੁੰਦੀ ਹੈ। ਇਹ ਗੱਲ ਗ਼ਲਤ ਨਹੀਂ ਹੈ ਕਿ ਲੰਡਨ ਦਾ ਅੰਡਰਗਰਾਊਂਡ ਸਿਸਟਮ ਲੰਡਨ ਦੇ ਜਿਊਣ-ਢੰਗ ਦਾ ਅਹਿਮ ਹਿੱਸਾ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਸੱਪਾਂ ਦੀ ਧਰਤੀ ‘ਕੈਂਕੂਨ’ ਦਾ ਪੰਜ-ਦਿਨਾਂ ਪਰਿਵਾਰਕ ਟੂਰ

    • ਡਾ. ਸੁਖਦੇਵ ਸਿੰਘ ਝੰਡ
    Nonfiction
    • Travel

    ਚਾਹ ਦੀ ਰਾਜਧਾਨੀ: ਦਾਰਜੀਲਿੰਗ

    • ਪ੍ਰੋ. ਹਰਦੇਵ ਸਿੰਘ ਵਿਰਕ
    Nonfiction
    • Travel

    ਮੇਰੀ ਲੌਸ ਏਂਜ਼ਲਸ ਦੀ ਯਾਤਰਾ

    • ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ
    Nonfiction
    • Travel

    ਨਿਆਗਰਾ ਫਾਲਜ਼ ਨਾਲ ਗੁਜ਼ਾਰੇ ਕੁਝ ਪਲ

    • ਪ੍ਰੇਮ ਸਿੰਘ
    Nonfiction
    • Travel

    ਦੁਨੀਆ ਦਾ ਸਭ ਤੋਂ ਉਚਾ ਪੁਲ - ਮਿਲਾਉ ਬਰਿਜ ਫਰਾਂਸ

    • ਸੁਖਵੀਰ ਸਿੰਘ ਸੰਧੂ ਪੈਰਿਸ
    Nonfiction
    • Travel

    ਮਨਾਲੀ ਤੋਂ ਸੜਕ ਰਾਹੀਂ ਲੇਹ ਲੱਦਾਖ ਤੱਕ

    • ਰਾਵਿੰਦਰ ਸਿੰਘ ਸੋਢੀ
    Nonfiction
    • Travel

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link