ਸ਼ੇਖ਼ ਬਾਬਾ ਫ਼ਰੀਦ ਸੂਫ਼ੀ ਕਾਵਿਧਾਰਾ ਦੇ ਹੀ ਸ਼੍ਰੋਮਣੀ ਕਵੀ ਨਹੀਂ ਸਗੋਂ ਪੰਜਾਬੀ ਦੇ ਵੀ ਸਿਰਮੌਰ ਸ਼ਾਇਰ ਤੇ ਫ਼ਕੀਰ ਹਨ। ਆਪ ਜੀ ਦੇ 4 ਸ਼ਬਦ (ਦੋ ਰਾਗ ਆਸਾ ਤੇ ਦੋ ਰਾਗ ਸੂਹੀ ’ਚ) ਤੇ 112 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ। ਆਪ ਜੀ ਦਾ ਜਨਮ 1173 ਈਸਵੀ ’ਚ ਹੋਇਆ। ਆਪ ਜੀ ਨੇ ਮਾਨਵ ਕਲਿਆਣ ਹਿੱਤ ਛੋਟੀ ਉਮਰ ’ਚ ਹੀ ਕਾਰਜ ਆਰੰਭ ਦਿੱਤਾ। ਧਾਰਮਿਕ ਵਿਚਾਰਾਂ ਵਾਲੀ ਮਾਤਾ ਨੇ ਆਪ ਜੀ ਨੂੰ ਰੱਬੀ ਮਾਰਗ ’ਤੇ ਤੋਰਨ ਲਈ ਬਹੁਤ ਵੱਡੀ ਭੂਮਿਕਾ ਨਿਭਾਈ। ਆਪ ਜੀ ਦੀ ਬਾਣੀ ਦਾ ਅਧਿਐਨ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਜੀਵਨ ਬੜਾ ਹੀ ਸਾਦਾ, ਨਿਰਮਲ ਤੇ ਜੀਵਾਤਮਾ ਨੂੰ ਮਾਰਗ-ਦਰਸ਼ਨ ਪ੍ਰਦਾਨ ਕਰਨ ਵਾਲਾ ਹੈ।
ਆਦਰਸ਼ ਸਮਾਜ ਲਈ ਸੁਨੇਹਾ
ਬਾਬਾ ਫ਼ਰੀਦ ਜੀ ਦੀ ਬਾਣੀ ਦਾ ਸਮਾਜਿਕ ਨਜ਼ਰੀਏ ਤੋਂ ਮੁਲਾਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਅੱਲ੍ਹਾ ਦੇ ਆਸ਼ਕ ਸ਼ੇਖ਼ ਫ਼ਰੀਦ ਜੀ ਨੇ ਆਪਣੀ ਰਚਨਾ ਰਾਹੀਂ ਜੋ ਪਾਵਨ ਉਪਦੇਸ਼ ਦਿੱਤਾ, ਉਸ ਦੀ ਸਾਰਥਿਕਤਾ ਬੇਸ਼ੱਕ 12ਵੀਂ ਸਦੀ ਈਸਵੀ ਦੇ ਸਮਾਜਿਕ ਜੀਵਨ ’ਚ ਵੀ ਬਹੁਤ ਅਰਥ ਭਰਪੂਰ ਹੈ ਪਰ ਅਜੋਕੇ ਭਾਰਤੀ ਸਮਾਜ ’ਚ ਉਨ੍ਹਾਂ ਦੀ ਬਾਣੀ ਵਿਚਲੇ ਉਪਦੇਸ਼ ਦੀ ਕੀਮਤ ਬਹੁਮੁੱਲੀ ਹੈ।
ਆਪ ਜੀ ਨੇ ਆਪਣੇ ਬਾਣੀ-ਸੰਸਾਰ ’ਚ ਮਨੁੱਖ ਨੂੰ ਉਸ ਦੀ ਨਾਸ਼ਵਾਨ ਹੋਂਦ ਤੋਂ ਚੇਤੰਨ ਕਰਾਇਆ ਹੈ ਤੇ ਉਸ ਪ੍ਰਭੂ ਨਾਲ ਇੱਕਚਿੱਤ ਹੋ ਕੇ ਉਸ ਦੀ ਦੈਵੀ ਜੋਤ ਨੂੰ ਹਰੇਕ ਬਸ਼ਰ ’ਚੋਂ ਪਛਾਣਨ ਲਈ ਕਿਹਾ ਹੈ, ਜਿਸ ਨੇ ਮਨੁੱਖ ਨੂੰ ਅਜਿਹਾ ਵਜੂਦ ਦਿੱਤਾ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਦੇਵਤੇ ਵੀ ਤਰਸਦੇ ਹਨ। ਆਪ ਜੀ ਦੀ ਸਮੁੱਚੀ ਬਾਣੀ ਨਿਮਰਤਾ, ਸਬਰ, ਸੰਤੋਖ, ਸਦਭਾਵਨਾ, ਪ੍ਰਭੂ-ਭਗਤੀ ਤੇ ਸੱਚਾਈ ਦਾ ਉਪਦੇਸ਼ ਦਿੰਦੀ ਹੈ। ਇਹ ਸਮੁੱਚੇ ਗੁਣ ਕਿਸੇ ਵੀ ਆਦਰਸ਼ ਸਮਾਜ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਭਾਈਚਾਰੇ ਦਾ ਸੰਦੇਸ਼
ਫ਼ਰੀਦ ਸਾਹਿਬ ਨੇ ਜਿੱਥੇ ਬੁਰੇ ਦਾ ਭਲਾ ਕਰਨ ਲਈ ਕਿਹਾ, ਉੱਥੇ ਨਾਲ ਹੀ ਮਨੁੱਖ ਨੂੰ ਅਜਿਹੇ ਔਗੁਣ ਤਿਆਗਣ ਦਾ ਫੁਰਮਾਨ ਕੀਤਾ, ਜਿਨ੍ਹਾਂ ਨੂੰ ਅਮਲ ’ਚ ਲਿਆਉਣ ਨਾਲ ਜੀਵਆਤਮਾ ਨੂੰ ਪਰਮਾਤਮਾ ਦੇ ਦਰਬਾਰ ’ਚ ਸ਼ਰਮਿੰਦਾ ਹੋਣਾ ਪੈਂਦਾ ਹੈ। ਆਪ ਜੀ ਦਾ ਸਲੋਕ ਹੈ:
ਫਰੀਦਾ ਜਿਨੀ ਕੰਮੀ ਨਾਹਿ ਗੁਣ
ਤੇ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ
ਸਾਂਈ ਦੈ ਦਰਬਾਰਿ॥
ਬਾਬਾ ਫ਼ਰੀਦ ਜੀ ਨੇ ਝੂਠੀ ਦੁਨੀਆ ਦੇ ਮੋਹ ਜਾਲ ਤੋਂ ਨਿਰਲੇਪ ਰਹਿਣ ਤੇ ਇਨਸਾਨੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਥਾਂ- ਥਾਂ ’ਤੇ ਆਪਣੀ ਬਾਣੀ ’ਚ ਜ਼ਿਕਰ ਕੀਤਾ ਹੈ। ਪ੍ਰਜਵਲਿਤ ਆਤਮਾ ਉਹੀ ਹੁੰਦੀ ਹੈ, ਜੋ ਆਪਣੀ ਦੁਨਿਆਵੀ ਹਕੀਕਤ ਨੂੰ ਪਛਾਣ ਕੇ ਮਨੁੱਖ ਮਾਤਰ ਨਾਲ ਸਨੇਹ ਭਰਿਆ ਜੀਵਨ ਬਸਰ ਕਰਦੀ ਹੈ ਤੇ ਆਉਣ ਵਾਲੀ ਪੀੜ੍ਹੀ ਲਈ ਚਾਨਣ ਮੁਨਾਰਾ ਬਣ ਜਾਂਦੀ ਹੈ। ਅਜਿਹੀ ਆਤਮਾ ਉਹ ‘ਸਰਵਰੁ’ ਢੂੰਡਦੀ ਹੈ ਜਿੱਥੋਂ ਕੋਈ ‘ਵੱਥੁ’ ਪ੍ਰਾਪਤ ਹੋ ਸਕੇ ਕਿਉਂਕਿ ਰੱਬ ਨੇ ਜਿਸ ਕਾਰਜ ਲਈ ਜੀਵਆਤਮਾ ਧਰਤੀ ’ਤੇ ਭੇਜੀ ਹੁੰਦੀ ਹੈ, ਉਸ ਦਾ ‘ਲੇਖਾ’ ਉਸ ਵੱਲੋਂ ਜ਼ਰੂਰ ਲਿਆ ਜਾਣਾ ਹੈ। ਇਸੇ ਕਾਰਨ ਫ਼ਰੀਦ ਸਾਹਿਬ ਨੇ ‘ਰੁਖਾਂ ਦੀ ਜੀਰਾਂਦਿ’ ਨੂੰ ਸਾਹਵੇਂ ਰੱਖ ਕੇ ਸਬਰ ਸੰਤੋਖ ਵਾਲਾ ਜੀਵਨ ਜਿਊਣ ਲਈ ਆਖਿਆ ਹੈ। ਸੰਤੋਖ ਤੇ ਨਿਮਰਤਾ ਵੀ ਇਸ ਤਰ੍ਹਾਂ ਦੀ ਕਿ :
ਫਰੀਦਾ ਜੋ ਤੈ ਮਾਰਨਿ ਮੁਕੀਆ
ਤਿਨਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ
ਪੈਰ ਤਿਨਾ ਦੇ ਚੁੰਮਿ ॥
ਮੌਤ ਦਾ ਡਰ
ਫ਼ਰੀਦ ਜੀ ਨੇ ਬੇਸ਼ੱਕ ਥਾਂ- ਥਾਂ ’ਤੇ ਆਪਣੀ ਬਾਣੀ ’ਚ ਮਨੁੱਖ ਨੂੰ ਮੌਤ ਦਾ ਡਰ ਦਿੱਤਾ ਹੈ ਪਰ ਇਹ ਮਹਿਜ਼ ਇਸ ਲਈ ਕਿ ਜੀਵ ਆਪਣੀ ਹੋਂਦ ਦੀ ਯਥਾਰਥਕਤਾ ਨੂੰ ਸਮਝ ਕੇ ਅਜਿਹੇ ਗੁਣ ਧਾਰਨ ਕਰੇ, ਜਿਸ ਨਾਲ ਉਸ ਦਾ ਇਹ ਲੋਕ ਤਾਂ ਸੁਹੇਲਾ ਹੋਵੇ ਹੀ ਸਗੋਂ ਉਸ ਦਾ ਪਰਲੋਕ ਵੀ ਸੁੰਦਰ ਬਣ ਜਾਵੇ। ਬੇਸ਼ੱਕ ਜੀਵ ‘ਚਾਰੇ ਕੂੰਟਾਂ’ ਢੂੰਡ ਕੇ ਦੇਖ ਲਵੇ ਪਰ ਸਦੀਵੀ ਤੌਰ ’ਤੇ ‘ਰਹਿਣ ਕਿਥਾਊਂ’ ਪ੍ਰਾਪਤ ਹੋਣੀ ਅਸੰਭਵ ਹੈ, ਫਿਰ ਕਿਉਂ ਨਾ ਪ੍ਰਭੂ-ਸਿਮਰਨ ’ਚ ਜੁੜਿਆ ਜਾਵੇ ਤੇ ਜੋ ਤੁਹਾਡੇ ਨਾਲ ਬੁਰਾਈ ਕਰਦਾ ਹੈ, ਉਸ ਦਾ ਵੀ ਭਲਾ ਹੀ ਸੋਚਿਆ ਜਾਵੇ। ਆਪ ਜੀ ਦਾ ਬੜਾ ਮਨੋਵਿਗਿਆਨਿਕ ਫੁਰਮਾਨ ਹੈ :
ਫਰੀਦਾ ਬੁਰੇ ਦਾ ਭਲਾ ਕਰਿ
ਗੁਸਾ ਮਨਿ ਨ ਹਢਾਇ॥
ਦੇਹੀ ਰੋਗ ਨ ਲਗਈ
ਪਲੈ ਸਭੁ ਕਿਛੁ ਪਾਇ॥
ਅਜੋਕੇ ਸਮੇਂ ’ਚ ਹੋਰ ਵੀ ਪ੍ਰਸੰਗਿਕ ਨੇ ਸਿੱਖਿਆਵਾਂ
ਫ਼ਰੀਦ ਸਾਹਿਬ ਦੀ ਬਾਣੀ ’ਚ ਬੜਾ ਅਹਿਮ ਨੁਕਤਾ ਪੇਸ਼ ਕੀਤਾ ਗਿਆ ਹੈ, ਜੋ ਬੜਾ ਹੀ ਵਿਗਿਆਨਕ ਕਿਸਮ ਦਾ ਹੈ। ਜੇ ਸਮਾਜ ਦਾ ਹਰ ਸ਼ਖ਼ਸ ਆਪਣੇ ਗੁਣਾਂ ਤੇ ਔਗੁਣਾਂ ਦਾ ਨਿਰੀਖਣ ਕਰਨਾ ਸਿੱਖ ਲਵੇ ਤਾਂ ਨਿਰਸੰਦੇਹ ਮਨੁੱਖੀ ਸਮਾਜ ਆਦਰਸ਼ ਸਮਾਜ ਬਣ ਸਕਦਾ ਹੈ। ਹਰੇਕ ਪ੍ਰਾਣੀ ਦੀ ਪ੍ਰਕਿਰਤੀ ਹੈ ਕਿ ਉਹ ਦੂਜਿਆਂ ਦੇ ਔਗੁਣ ਹੀ ਦੇਖਦਾ ਹੈ, ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਖੇਚਲ ਨਹੀਂ ਕਰਦਾ।
ਫ਼ਰੀਦ ਜੀ ਨੇ ਇਸ ਭਾਵਪੂਰਤ ਸਲੋਕ ਰਾਹੀਂ ਬੜਾ ਤਾਰਕਿਕ ਉਪਦੇਸ਼ ਕੀਤਾ ਹੈ :
ਫਰੀਦਾ ਜੇ ਤੂ ਅਕਲਿ ਲਤੀਫੁ
ਕਾਲੇ ਲਿਖੁ ਨ ਲੇਖੁ॥
ਆਪਨੜੈ ਗਿਰੀਵਾਨ ਮਹਿ
ਸਿਰਿ ਨੀਵਾਂ ਕਰਿ ਦੇਖੁ॥
ਉਕਤ ਚਰਚਾ ਦੇ ਸੰਦਰਭ ’ਚ ਕਹਿ ਸਕਦੇ ਹਾਂ ਕਿ ਫ਼ਰੀਦ ਬਾਣੀ ਬੜੀ ਸਰਲ, ਸਪੱਸ਼ਟ ਤੇ ਅਰਥ ਭਰਪੂਰ ਸ਼ੈਲੀ ’ਚ ਲਿਖੀ ਗਈ ਪੰਜਾਬੀ ਸਾਹਿਤ ਦੀ ਪ੍ਰਥਮ ਬਾਣੀ ਹੈ, ਜਿਸ ਰਾਹੀਂ ਫ਼ਰੀਦ ਜੀ ਨੇ ਮਨੁੱਖ ਨੂੰ ਦੁਨੀਆ ਦੀ ਨਾਸ਼ਵਾਨਤਾ ਤੋਂ ਜਾਣੂ ਕਰਵਾਉਂਦਿਆਂ ਤੇ ਆਪਸੀ ਪਿਆਰ ਦਾ ਸੁਨੇਹਾ ਦਿੰਦਿਆਂ ਸਮਾਜ ਨੂੰ ਆਦਰਸ਼ ਬਣਾਉਣ ਹਿੱਤ ਸਦਭਾਵਨਾ, ਨਿਮਰਤਾ, ਹਲੀਮੀ ਤੇ ਸਬਰ ਸੰਤੋਖ ਜਿਹੇ ਗੁਣਾਂ ਨੂੰ ਧਾਰਨ ਕਰਨ ਲਈ ਪ੍ਰੇਰਿਆ ਹੈ। ਇਹ ਗੁਣ 12ਵੀਂ-13ਵੀਂ ਸਦੀ ਦੇ ਸਮਾਜ ’ਚ ਤਾਂ ਸਾਰਥਿਕ ਹੈ ਹੀ ਸਨ ਪਰ ਅਜੋਕੇ 21ਵੀਂ ਸਦੀ ਦੇ ਭਾਰਤੀ ਤੇ ਪੰਜਾਬੀ ਸਮਾਜ ਦੇ ਲੋਕਾਂ ਲਈ ਇਨ੍ਹਾਂ ਦੀ ਮਹੱਤਤਾ ਹੋਰ ਵੀ ਵੱਧ ਹੈ ਕਿਉਂਕਿ ਅਜੋਕੇ ਮਨੁੱਖ ’ਚੋਂ ਸਬਰ ਸੰਤੋਖ ਤੇ ਭਾਈਚਾਰਾ ਬੜੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਵਿਗਿਆਨਕ ਤਰੱਕੀ, ਮੋਬਾਈਲ ਤੇ ਇੰਟਰਨੈੱਟ ਆਦਿ ਨੇ ਸਮਾਜਿਕ ਰਿਸ਼ਤਿਆਂ ਨੂੰ ਤਾਰਪੀਡੋ ਕਰ ਦਿੱਤਾ ਹੈ।
ਸ਼ਹਿਦ ਤੋਂ ਮਿੱਠੀ ਬਾਣੀ
12ਵੀਂ-13ਵੀਂ ਸਦੀ ਈਸਵੀ ਦੇ ਸਮਾਜ ’ਚ ਬੇਸ਼ੁਮਾਰ ਬੁਰਾਈਆਂ ਘਰ ਕਰ ਚੁੱਕੀਆਂ ਸਨ। ਮਨੁੱਖ ਮਨੁੱਖ ਦਾ ਵੈਰੀ ਹੋ ਚੁੱਕਾ ਸੀ। ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਸੀ ਤੇ ਉਨ੍ਹਾਂ ਨੂੰ ਸਮਾਜ ’ਚ ਜ਼ਿਆਦਾ ਮਾਣ ਸਤਿਕਾਰ ਵੀ ਪ੍ਰਾਪਤ ਨਹੀਂ ਸੀ। ਬੇਸ਼ੱਕ ਬਾਬਾ ਫ਼ਰੀਦ ਜੀ ਨੇ ਸ਼ਰਈ ਮੁਸਲਮਾਨ ਹੋਣ ਦੇ ਨਾਤੇ ਸਰਈ ਅਸੂਲਾਂ ਦੀ ਪਾਬੰਦਨੁਮਾ ਜ਼ਿੰਦਗੀ ਬਸਰ ਕਰਨ ਲਈ ਉਪਦੇਸ਼ ਕੀਤਾ ਤੇ ਆਪਣੇ ਧਰਮ ਦੀ ਬਹਿਬੂਦੀ ਲਈ ਵੀ ਕਾਰਜਸ਼ੀਲ ਰਹੇ ਪਰ ਕਿਤੇ ਵੀ ਅਜਿਹਾ ਇਤਿਹਾਸਕ ਹਵਾਲਾ ਨਹੀਂ ਮਿਲਦਾ ਕਿ ਉਨ੍ਹਾਂ ਨੇ ਕਿਸੇ ਹਿੰਦੂ ਨੂੰ ਜਬਰੀ ਮੁਸਲਮਾਨ ਬਣਨ ਲਈ ਜ਼ੋਰ ਦਿੱਤਾ ਹੋਵੇ ਸਗੋਂ ਕਿਹਾ ਇਹ ਜਾਂਦਾ ਹੈ ਕਿ ਜੋ ਕੰਮ ਮੁਸਲਮਾਨੀ ਤਲਵਾਰ ਸੌ ਸਾਲਾਂ ’ਚ ਨਾ ਕਰ ਸਕੀ, ਉਹ ਕੰਮ ਬਾਬਾ ਫ਼ਰੀਦ ਜੀ ਦੀ ਸ਼ਹਿਦ ਤੋਂ ਮਿੱਠੀ ਬਾਣੀ ਨੇ ਕੁਝ ਸਾਲਾਂ ’ਚ ਹੀ ਕਰ ਵਿਖਾਇਆ ਭਾਵ ਕਿ ਫ਼ਰੀਦ ਸਾਹਿਬ ਦੀ ਬਾਣੀ ਦੀ ਮਿਠਾਸ ਤੇ ਉਸ ਵਿਚਲਾ ਸਰਬ ਵਿਆਪੀ ਉਪਦੇਸ਼ ਗ਼ਰੀਬ ਹਿੰਦੂਆਂ ਨੂੰ ਬੜੀ ਤੇਜ਼ੀ ਨਾਲ ਆਪਣੇ ਵੱਲ ਖਿੱਚਣ ਲੱਗਾ। ਇਸ ਤਰ੍ਹਾਂ ਬਾਬਾ ਫ਼ਰੀਦ ਕੇਵਲ ਮੁਸਲਮਾਨਾਂ ਦਾ ਮੁਰਸ਼ਦ ਨਾ ਹੋ ਕੇ ਸਮੁੱਚੀ ਲੋਕਾਈ ਦਾ ਮਾਰਗਦਰਸ਼ਕ ਬਣ ਗਿਆ।
ਆਓ ਫ਼ਰੀਦ ਬਾਣੀ ਵਿਚਲੀ ਭਾਵਨਾ ਨੂੰ ਆਪਣੀ ਅੰਤਰ ਆਤਮਾ ’ਚ ਵਸਾਈਏ ਤੇ ਬਿਨਾਂ ਕਿਸੇ ਭਿੰਨ ਭੇਦ ਤੋਂ ਇਕ ਦੂਜੇ ਦੀ ਕਦਰ ਕਰਨਾ ਸਿੱਖੀਏ।
Add a review