ਪੰਜਾਬੀ ਵਾਲੇ ਮਾਸਟਰ ਜਸਵੰਤ ਸਿੰਘ ਨੇ ਆਪਣਾ ਪਾਠ ਖ਼ਤਮ ਕਰਨ ਤੋਂ ਬਾਅਦ ਘੜੀ ਵੱਲ ਦੇਖਿਆ। ਘੰਟੀ ਹੋਣ ਵਿੱਚ ਅਜੇ ਪੰਜ-ਸੱਤ ਮਿੰਟ ਬਾਕੀ ਸਨ। ਉਹ ਅਕਸਰ ਬੱਚਿਆਂ ਨਾਲ ਆਮ ਗਿਆਨ ਦੀਆਂ ਗੱਲਾਂ ਕਰਨ ਲੱਗ ਜਾਂਦੇ ਸਨ।
ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਜਸਵੰਤ ਸਿੰਘ ਨੇ ਆਖਿਆ, ‘‘ਹਾਂ ਜੀ ਪਿਆਰੇ ਬੱਚਿਓ! ਤੁਹਾਡੇ ਵਿੱਚੋਂ ਵੱਡੇ ਹੋ ਕੇ ਅਧਿਆਪਕ ਬਣਨ ਦਾ ਸੁਪਨਾ ਕਿਸ-ਕਿਸ ਵਿਦਿਆਰਥੀ ਦਾ ਹੈ? ਕਿਹੜਾ-ਕਿਹੜਾ ਵਿਦਿਆਰਥੀ ਕਿਸ ਵਿਸ਼ੇ ਦਾ ਅਧਿਆਪਕ ਬਣਨਾ ਪਸੰਦ ਕਰੇਗਾ?’’
ਮਨਦੀਪ ਜੋ ਦੂਸਰੇ ਬੈਂਚ ’ਤੇ ਬੈਠਾ ਸੀ, ਪੁੱਛਣ ਲੱਗਿਆ, ‘‘ਮਾਸਟਰ ਜੀ! ਅਧਿਆਪਕ ਬਣਨ ਲਈ ਕੀ-ਕੀ ਯੋਗਤਾ ਚਾਹੀਦੀ ਹੈ?’’ ਮਾਸਟਰ ਜਸਵੰਤ ਸਿੰਘ ਨੇ ਅਧਿਆਪਕ ਬਣਨ ਲਈ ਸਾਰੀ ਯੋਗਤਾ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ, ‘‘ਬੇਟਾ! ਜੋ ਵੀ ਬੱਚਾ ਅਧਿਆਪਕ ਬਣਨਾ ਚਾਹੁੰਦਾ ਹੈ ਉਸ ਨੂੰ ਪਹਿਲਾਂ ਇਹ ਯੋਗਤਾ ਪੂਰੀ ਕਰਨੀ ਪੈਂਦੀ ਹੈ।’’
‘‘ਮਾਸਟਰ ਜੀ, ਤੁਸੀਂ ਇੱਕ ਯੋਗਤਾ ਤਾਂ ਭੁੱਲ ਹੀ ਗਏ।’’ ਪਿੱਛੇ ਬੈਠੇ ਭਿੰਦੇ ਨੇ ਸ਼ਰਾਰਤੀ ਨਜ਼ਰਾਂ ਨਾਲ ਕਿਹਾ। ‘‘ਉਏ, ਉਹ ਕਿਹੜੀ ਪੁੱਤ...? ਜਿਹੜੀ ਯੋਗਤਾ ਮੈਨੂੰ ਨਹੀਂ ਪਤਾ...।’’ ਮਾਸਟਰ ਜਸਵੰਤ ਸਿੰਘ ਨੇ ਉਤਸੁਕਤਾ ਨਾਲ ਪੁੱਛਿਆ।
‘‘ਮਾਸਟਰ ਜੀ, ਮੰਤਰੀ ਦੀ ਕੋਠੀ ਘੇਰ ਕੇ ਪੁਲੀਸ ਤੋਂ ਡਾਂਗਾਂ ਵੀ ਖਾਣੀਆਂ ਪੈਂਦੀਆਂ ਨੇ, ਫੇਰ ਜਾ ਕੇ ਨੌਕਰੀ ਮਿਲਦੀ ਐ...’’ ਭਿੰਦੇ ਨੇ ਸਪਸ਼ਟ ਜਿਹਾ ਉੱਤਰ ਦਿੱਤਾ।
ਮਾਸਟਰ ਜਸਵੰਤ ਸਿੰਘ ਅੱਗੋਂ ਕੁਝ ਨਾ ਬੋਲ ਸਕੇ। ਉਨ੍ਹਾਂ ਦੀਆਂ ਅੱਖਾਂ ਅੱਗੇ ਖਾਧੀਆਂ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਦਾ ਦ੍ਰਿਸ਼ ਕਿਸੇ ਫ਼ਿਲਮ ਦੀ ਤਰ੍ਹਾਂ ਘੁੰਮਣ ਲੱਗਿਆ। ਉਨ੍ਹਾਂ ਨੂੰ ਜਾਪਿਆ ਜਿਵੇਂ ਉਨ੍ਹਾਂ ਦੀ ਯੋਗਤਾ ਦੇ ਸਰਟੀਫ਼ਿਕੇਟਾਂ ਵਿੱਚ ਇੱਕ ਹੋਰ ਸਰਟੀਫਿਕੇਟ ਜੁੜ ਗਿਆ ਹੋਵੇ।
ਅਗਲੇ ਪੀਰੀਅਡ ਦੀ ਘੰਟੀ ਵੱਜਣ ਨਾਲ ਉਨ੍ਹਾਂ ਦੇ ਪੈਰ ਆਪਮੁਹਾਰੇ ਜਮਾਤੋਂ ਬਾਹਰ ਤੁਰ ਪਏ। ਵਿਦਿਆਰਥੀ ਹਾਲੇ ਵੀ ਯੋਗਤਾ ਬਾਰੇ ਸੋਚ ਰਹੇ ਸਨ।
Add a review