ਮੈਂ ਉਸ ਨੂੰ ਤੱਕਿਆ ਹੈ
ਹਰ ਥਾਂ ’ਤੇ
ਰਾਸ਼ਨ ਦੀ ਲੰਮੀ ਲਾਈਨ ’ਚ ਖਲੋਤੇ
ਮਸ਼ੀਨ ਨਾਲ ਮਸ਼ੀਨ ਹੋਏ
ਮਿੱਟੀ ਨਾਲ ਮਿੱਟੀ
ਹੜਤਾਲੀਆਂ ਦੇ ਨਾਰ੍ਹਿਆਂ ਵਿਚ ਗੁਆਚੇ
ਮੈਂ ਹਰ ਥਾਂ ’ਤੇ ਤੱਕਿਆ ਹੈ।
ਆਪਣੇ ਕਮਰੇ ਦੀ ਧੁਆਂਖੀ ਕੰਧ ਬਾਰੇ
ਉਹ ਨਹੀਂ ਜਾਣਦਾ
ਮੀਂਹ ਵਰ੍ਹਣ ਤੇ
ਚੋਂਦੀ ਕਿਉਂ ਹੈ ਛੱਤ ਉਸਦੀ?
ਉਸਦਾ ਹੱਥ ਛੂਹ ਸਕਦਾ ਹੈ ਛੱਤ
ਉਹ ਨਹੀਂ ਜਾਣਦਾ।
ਉਸ ਨੂੰ ਸਿਰਫ਼ ਐਨੀ ਕੁ ਸੋਝੀ ਹੈ
ਅੱਗ ਚੁਲ੍ਹੇ ਦੀ
ਕਿਵੇਂ ਰੱਖੀਦੀ ਹੈ ਸੁਲਘਦੀ?
ਸੂਝ ਦੀ ਪਹੁੰਚ ਤੋਂ ਊਣਾ ਉਹ
ਆਉਣ ਵਾਲੀਆਂ ਸਦੀਆਂ ਦੇ
ਪਛਾਣ ਸਕਦਾ ਹੈ ਨਕਸ਼
ਉਹ ਸਿਰਫ਼ ਉਹ ਹੈ
ਉਹ ਜੋ ਸਿਰਫ਼ ਆਪਣੇ ਲਈ ਨਹੀਂ
ਪਰ ਉਹ ਇਕੱਲਾ ਨਹੀਂ
ਨਹੀਂ ਬਨਾਉਣੇ ਹੋਰ ਆਪਣੇ ਚੁਫੇਰੇ
ਖ਼ਿਆਲਾਂ ਦੇ ਦਾਇਰੇ
ਕਿਤਾਬਾਂ ’ਚੋਂ ਕੱਢ ਕੇ ਸਿਰ ਆਪਣਾ
ਤੇ ਲਾ ਕੇ ਐਨਕ ਅੱਖਾਂ ’ਤੇ
ਗਲੀਆਂ ’ਚ ਉਤਰ ਜਾਣੀਆਂ ਹਨ
ਜਾਣ ਲਈ
ਗਲੀਆਂ, ਸੜਕਾਂ ਤੇ ਬਸਤੀ ਦੇ ਰਾਹਾਂ ’ਤੇ।
ਆਪਣਿਆਂ ਹੱਥਾਂ ’ਚ ਲੈ ਕੇ
ਉਸਦੇ ਖੁਰਦਰੇ,
ਬਦਬੂ ਮਾਰਦੇ ਗੰਦੇ ਹੱਥਾਂ ਨੂੰ
ਮੈਂ ਉਸਦੇ ਹੋਰ ਨੇੜੇ ਸਰਕ ਆਵਾਂਗਾ
ਸੁਨਹਿਰੀ ਭਵਿੱਖ ਦੀ ਝਲਕ
ਜੋੜਾਂਗੇ ਉਸ ਦੇ ਪੈਰਾਂ, ਉਸ ਦੇ ਹੱਥਾਂ ਨਾਲ
ਅਸੀਂ ਆਪਣੇ ਧੜ ’ਤੇ ਸਿਰ ਧਰਾਂਗੇ
ਅਸੀਂ ਆਪਣੀ ਬਾਂਹ ਫੜੀ ਹੈ
ਮੁੜ ਪੌੜੀਆਂ ਚੜ੍ਹ ਉਪਰ ਵਲ ਜਾਵਾਂਗੇ
ਆਪਣੇ ਕਮਰੇ ’ਚ ਨਹੀਂ
ਉਸ ਦੇ ਘਰ ਨੂੰ ਜਾਂਦੀਆਂ ਪੌੜੀਆਂ ਤੱਕ।
ਉਦੋਂ ਪੂਰੇ ਆਦਮੀ ਹੋਵਾਂਗੇ
ਧੜ ਤੇ ਸਿਰ ਵਾਲੇ ਪੂਰੇ ਆਦਮੀ
ਜਿਹਨਾਂ ਦੇ ਹੱਥਾਂ ਵਿਚ ਹੋਵੇਗੀ
ਸਿਰਜਨ ਦੀ ਲੌਕਿਕ ਸਮਰੱਥਾ
Add a review