ਤ੍ਰਿਮੂਰਤੀ
ਉਸਦੇ ਸਿਰ ਤੇ
ਸਿਖਰ ਦੁਪਹਿਰ ਖਲੋਤੀ ਵੇਖ ਕੇ
ਜਦੋਂ ਮੈਂ ਰੁੱਖ ਬਣ ਕੇ ਉੱਗਿਆ
ਤਾਂ ਉਸਨੇ ਕਿਹਾ ਸੀ
‘‘ਮੈਨੂੰ ਰੁੱਖ ਦੀ ਨਹੀਂ
ਛਾਂ ਦੀ ਲੋੜ ਹੈ
ਰੁੱਖ ਤਾਂ ਮੇਰੇ ਵਿਹੜੇ ਵਿਚ ਵੀ ਹੈ।’’
ਉਦੋਂ ਮੈਨੂੰ ਪਹਿਲੀ ਬਾਰ ਅਹਿਸਾਸ ਹੋਇਆ
ਕਿ ਹਰ ਧੁੱਪ ਦੀ ਛਾਂ ਨਹੀਂ ਹੁੰਦੀ
ਉਸ ਦੇ ਕਮਰੇ ਵਿਚ ਫੁੱਲਦਾਨ ਪਿਆ ਵੇਖ ਕੇ
ਜਦੋਂ ਮੈਂ ਫੁੱਲ ਬਣ ਕੇ ਖਿੜਿਆ
ਤਾਂ ਉਸ ਨੇ ਕਿਹਾ ਸੀ
“ਮੈਨੂੰ ਫੁੱਲ ਦੀ ਨਹੀਂ ਖੁਸ਼ਬੋ ਦੀ ਲੋੜ ਹੈ
ਫੁੱਲ ਤਾਂ ਪਲਾਸਟਿਕ ਦੇ ਵੀ ਮਿਲ ਜਾਂਦੇ ਨੇ।’’
ਉਦੋਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ
ਕਿ ਹਰ ਫੁੱਲ ਵਿਚ ਖੁਸ਼ਬੋ ਨਹੀਂ ਹੁੰਦੀ
ਉਸਨੂੰ ਜੀਵਨ ਦੀ ਸੁੰਨਸਾਨ ਸੜਕ ਤੇ
ਇਕੱਲਿਆਂ ਵੇਖ ਕੇ
ਜਦੋਂ ਮੈਂ ਉਸਦੀ ਬਾਂਹ ਫੜੀ
ਤਾਂ ਉਸ ਨੇ ਕਿਹਾ ਸੀ
‘‘ਮੈਨੂੰ ਮਰਦ ਦੀ ਨਹੀਂ
ਹਮਦਰਦ ਦੀ ਲੋੜ ਹੈ
ਮਰਦ ਤਾਂ ਰੋਜ਼ ਚਟਦੇ ਨੇ ਮੇਰੇ ਪੈਰਾਂ ਦੀਆਂ ਤਲੀਆਂ।’’
ਓਦੋਂ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ
ਕਿ ਹਰ ਮਰਦ ਹਮਦਰਦ ਨਹੀਂ ਹੁੰਦਾ।
Add a review