ਸਰਦੂਲ ਸਿੰਘ ਮੇਰੇ ਸੱਜੇ ਹੱਥ ਕੁਰਸੀ ਉੱਤੇ ਆ ਕੇ ਬਹਿ ਗਿਆ ਹੈ। ਦਫ਼ਤਰ ਖੁੱਲ੍ਹੇ ਨੂੰ ਅਜੇ 20 ਕੁ ਮਿੰਟ ਹੋਏ ਹਨ। ਮਈ ਦਾ ਮਹੀਨਾ ਅੱਗ ਦਾ ਗੋਲਾ ਵਰ੍ਹਾ ਰਿਹਾ ਹੈ। ਮੈਂ ਉੱਠ ਕੇ ਉਸ ਨੂੰ ਪਾਣੀ ਦਾ ਗਿਲਾਸ ਦਿੰਦਾ ਹਾਂ। ਉਹ ਪਾਣੀ ਪੀ ਕੇ ਧੰਨਵਾਦ ਕਰਦਾ ਹੋਇਆ ਖਾਲੀ ਗਿਲਾਸ ਟੇਬਲ ’ਤੇ ਰੱਖ ਦਿੰਦਾ ਹੈ।
ਉਹ ਆਪਣੀ ਪੈਂਟ ਦੀ ਜੇਬ ’ਚੋਂ ਇਕ ਚਿੱਠੀ ਕੱਢਦਾ ਹੈ ਅਤੇ ਮੇਰੇ ਵੱਲ ਉਹ ਚਿੱਠੀ ਕਰਦਾ ਹੋਇਆ ਕਹਿੰਦਾ ਹੈ:
‘‘ਬਾਬੂ ਜੀ ਮੈਂ ਫਿਰੋਜ਼ਪੁਰ ਤੋਂ ਬਤੌਰ ਰੇਲ ਡਰਾਈਵਰ ਰਿਟਾਇਰਡ ਹਾਂ। ਸਾਡੀ ਪੈਨਸ਼ਨ ’ਚ ਕੁਝ ਵਾਧਾ ਹੋਇਆ ਹੈ, ਕੀ ਬਣਿਆਂ ਕੋਈ ਬਕਾਇਆ?’’
ਉਹਦੀ ਫਾਈਲ ਮੇਰੇ ਟੇਬਲ ਉੱਤੇ ਪਈ ਹੈ, ਉਸ ਦਾ ਬਕਾਇਆ ਬਣ ਚੁੱਕਾ ਹੈ। ਮੈਂ ਚਿੱਠੀ ਉਸ ਵੱਲ ਮੋੜਦਾ ਹਾਂ ਤੇ ਕਹਿੰਦਾ ਹਾਂ, ‘‘ਤੁਹਾਡਾ ਬਕਾਇਆ ਬਣ ਗਿਆ ਹੈ, ਦੋ ਕੇਸ ਮੈਂ ਤਿਆਰ ਕਰ ਦਿੱਤੇ ਹਨ। ਇਹ ਚਿੱਠੀ ਦੋ ਕੁ ਦਿਨ ਪਹਿਲਾਂ ਹੀ ਮੇਰੇ ਕੋਲ ਆਈ ਹੈ। ਤਿੰਨ ਕੇਸ ਹੋਰ ਹਨ ਜਿਨ੍ਹਾਂ ਦਾ ਬਕਾਇਆ ਮੈਂ ਬਣਾਉਣਾ ਹੈ। ਇਹ ਪੰਜ ਕੇਸ ਹਨ, ਜੇਕਰ ਅੱਜ ਹਸਤਾਖ਼ਰ ਹੋ ਜਾਣ ਤਾਂ ਕੱਲ੍ਹ ਤੁਸੀਂ ਆਪਣੀ ਰਕਮ ਕਢਵਾ ਸਕਦੇ ਹੋ। ਜੇ ਅੱਜ ਨਾ ਹੋਏ ਤਾਂ ਪਰਸੋਂ ਹਰ ਹਾਲਾਤ ’ਚ ਤੁਹਾਡੀ ਅਦਾਇਗੀ ਹੋ ਜਾਵੇਗੀ।’’
‘‘ਭਲਾ, ਕਿੰਨਾ ਕੁ ਬਕਾਇਆ ਬਣਿਆ ਹੈ?’’ ਉਹ ਮੈਨੂੰ ਪੁੱਛਦਾ ਹੈ। ਮੈਂ ਫਾਈਲ ਖੋਲ੍ਹ ਕੇ ਦੱਸਦਾ ਹਾਂ, ‘‘ਛਿਆਸੀ ਹਜ਼ਾਰ ਚਾਰ ਸੌ ਚਾਲੀ ਰੁਪਏ ਤੁਹਾਡਾ ਬਕਾਇਆ ਹੈ ਜੋ ਕਿ ਪਹਿਲੀ ਜਨਵਰੀ 1996 ਤੋਂ ਲਾਗੂ ਹੋਇਆ ਹੈ।’’ ਉਹ ਖ਼ੁਸ਼ ਹੋ ਕੇ ਕਹਿੰਦਾ ਹੈ, ‘‘ਬਾਬੂ ਜੀ, ਇਸ ਵਿਚੋਂ ਪੰਜ ਫ਼ੀਸਦੀ ਤੁਸੀਂ ਕਿਸੇ ਮੰਦਰ ਜਾਂ ਗੁਰਦੁਆਰੇ ਦੀ ਪਰਚੀ ਕਟਵਾ ਦਿਓ।’’
ਮੈਂ ਝਿਜਕਦਾ ਹੋਇਆ ਕਹਿੰਦਾ ਹਾਂ, ‘‘ਦੇਖੋ ਇਹ ਤੁਹਾਡਾ ਕੰਮ ਐ, ਤੁਸੀਂ ਮੰਦਰ ਜਾਓ ਭਾਵੇਂ ਗੁਰਦੁਆਰੇ, ਮੇਰਾ ਇਸ ’ਚ ਕੋਈ ਦਖ਼ਲ ਨਹੀਂ ਹੋਵੇਗਾ।’’
‘‘ਅੱਛਾ!’’ ਉਹ ਕੁਝ ਰੁਕਦਾ ਹੈ, ‘‘ਜਿਵੇਂ ਤੁਹਾਡੀ ਮਰਜ਼ੀ।’’ ਉਹ ਮੇਰੇ ਕੋਲੋਂ ਵਿਦਾਇਗੀ ਲੈਂਦਾ ਹੋਇਆ ਦਫ਼ਤਰੋਂ ਬਾਹਰ ਚਲਾ ਜਾਂਦਾ ਹੈ। ਉਸ ਦੀ ਬਕਾਇਆ ਰਕਮ ਦੋ ਦਿਨ ਬਾਅਦ ਮਿਲ ਜਾਂਦੀ ਹੈ। ਉਹ ਮੇਰੇ ਕੋਲ ਸੱਜੇ ਹੱਥ ਪਈ ਕੁਰਸੀ ਉੱਤੇ ਫੇਰ ਆ ਕੇ ਬਹਿ ਗਿਆ ਹੈ। ਪਾਣੀ ਪੀ ਕੇ ਉਹ ਧੰਨਵਾਦ ਦੇ ਲਫ਼ਜ਼ ਕਹਿਣਾ ਨਹੀਂ ਭੁੱਲਦਾ।
‘‘ਬਾਬੂ ਜੀ, ਤੁਸੀਂ ਆਪਣਾ ਪਤਾ ਦਿਓ, ਮੈਂ ਤੁਹਾਨੂੰ ਮਿਲਣੈ।’’ ਮੈਂ ਉਸ ਦਾ ਮਕਸਦ ਸਮਝ ਗਿਆ ਹਾਂ ਜਿਸ ਦੇ ਮੈਂ ਵਿਰੁੱਧ ਹਾਂ। ਮੈਂ ਪਰਚੀ ਉੱਤੇ ਆਪਣਾ ਗ਼ਲਤ ਪਤਾ ਲਿਖ ਕੇ ਉਸ ਨੂੰ ਫੜਾ ਦਿੰਦਾ ਹਾਂ। ਉਹ ਫੇਰ ਦਫ਼ਤਰੋਂ ਬਾਹਰ ਚਲਿਆ ਜਾਂਦਾ ਹੈ। ਐਤਵਾਰ ਛੁੱਟੀ ਹੋਣ ਕਾਰਨ ਉਹ ਗ਼ਲਤ ਪਤੇ ਉੱਤੇ ਮੈਨੂੰ ਲੱਭਦਾ ਰਿਹਾ। ਮੈਂ ਲੱਭਣਾ ਕਿੱਥੇ ਸੀ, ਜਦੋਂ ਪਤਾ ਹੀ ਗ਼ਲਤ ਸੀ।
ਉਹ ਸੋਮਵਾਰ ਦਫ਼ਤਰ ਖੁੱਲ੍ਹਦਿਆਂ ਹੀ ਮੇਰੇ ਕੋਲ ਸੱਜੇ ਹੱਥ ਬਹਿ ਗਿਆ ਹੈ। ਗਰਮੀ ਕਾਫ਼ੀ ਹੈ। ਉਸ ਪਾਣੀ ਪੀ ਕੇ ਧੰਨਵਾਦ ਲਫ਼ਜ਼ ਦੁਹਰਾਇਆ ਹੈ। ਖਾਲੀ ਗਿਲਾਸ ਉਸ ਨਾਲ ਪਏ ਟੇਬਲ ਉੱਤੇ ਰੱਖ ਦਿੱਤਾ ਹੈ।
‘‘ਬਾਬੂ ਜੀ, ਤੁਸੀਂ ਮੈਨੂੰ ਗ਼ਲਤ ਪਤਾ ਦਿੱਤਾ ਸੀ, ਮੈਂ ਦੋ ਘੰਟੇ ਗਰਮੀ ’ਚ ਘੁੰਮਦਾ ਰਿਹਾ... ਤਸੀਂ ਠੀਕ ਪਤਾ ਦਿਓ।’’
ਮੈਂ ਵੀ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ ਕਿ ਇਕ ਬਜ਼ੁਰਗ ਦੋ ਘੰਟੇ ਧੁੱਪ ’ਚ ਘੁੰਮਦਾ ਰਿਹਾ।
ਹੁਣ ਮੈਂ ਠੀਕ ਪਤਾ, ਮਕਾਨ ਨੰਬਰ, ਗਲੀ ਨੰਬਰ ਅਤੇ ਮੁਹੱਲਾ ਲਿਖ ਕੇ ਦੇ ਦਿੱਤਾ ਹੈ। ਉਸ ਨੇ ਪਰਚੀ ਕਮੀਜ਼ ਦੀ ਜੇਬ ’ਚ ਪਾਈ ਅਤੇ ਦਫ਼ਤਰੋਂ ਬਾਹਰ ਚਲਾ ਗਿਆ ਹੈ। ਦੋ ਦਿਨ ਬਾਅਦ ਉਹ ਠੀਕ ਪਤੇ ’ਤੇ ਪੁੱਜ ਗਿਆ ਹੈ। ਮੈਂ ਦਫ਼ਤਰ ਆਉਣਾ ਹੈ, ਸ੍ਰੀਮਤੀ ਜੀ ਬੱਚਿਆਂ ਸਮੇਤ ਸਕੂਲ ਜਾਣ ਦੀ ਤਿਆਰੀ ’ਚ ਹਨ। ਤਾਲਾਬੰਦੀ ਹੋ ਰਹੀ ਹੈ। ਉਹ ਗੇਟ ਕੋਲ ਆ ਕੇ ਕਹਿੰਦਾ ਹੈ, ‘‘ਬਾਬੂ ਜੀ, ਹੁਣ ਮੈਂ ਪੁੱਜਿਆ ਹਾਂ, ਠੀਕ ਪਤੇ ਉੱਤੇ।’’ ਮੈਂ ਚਾਹ-ਪਾਣੀ ਲਈ ਜ਼ੋਰ ਲਗਾਉਂਦਾ ਹਾਂ, ਉਹ ਕਹਿੰਦਾ ਹੈ, ‘‘ਨਹੀਂ, ਟੈਮ ਹੋ ਰਿਹਾ ਹੈ, ਤੁਸੀਂ ਜਾਓ, ਮੈਂ ਫੇਰ ਕਿਸੇ ਦਿਨ ਜ਼ਰੂਰ ਆਵਾਂਗਾ।’’
ਮੈਂ ਦਫ਼ਤਰ ਆ ਗਿਆ ਹਾਂ। ਸ੍ਰੀਮਤੀ ਜੀ ਬੱਚਿਆਂ ਸਮੇਤ ਉਸ ਸਕੂਲ ਵੱਲ ਮੁੜ ਗਏ ਹਨ ਜਿੱਥੇ ਉਹ ਪੜ੍ਹਾ ਰਹੇ ਅਤੇ ਦੋਵੇਂ ਬੱਚੇ ਵੀ ਉੱਥੇ ਹੀ ਪੜ੍ਹ ਰਹੇ ਹਨ।
ਐਤਵਾਰ ਹੋਣ ਕਾਰਨ ਕੁਝ ਲੇਟ ਹੀ ਉੱਠੀਦਾ ਹੈ। ਚਾਹ ਵਗੈਰਾ ਪੀਣ ਦੀ ਤਿਆਰੀ ਹੋ ਰਹੀ ਹੈ। ਸਰਦੂਲ ਸਿੰਘ ਹੱਥ ’ਚ ਝੋਲਾ ਫੜੀ ਠੀਕ ਪਤੇ ਉੱਤੇ ਮੇਰੇ ਦਰ ਆ ਗਿਆ। ਪਾਣੀ ਤੋਂ ਬਾਅਦ ਉਸ ਚਾਹ ਦਾ ਕੱਪ ਸਾਡੇ ਨਾਲ ਸਾਂਝਾ ਕੀਤਾ। ਉਸ ਝੋਲੇ ’ਚੋਂ ਡੱਬਾ ਕੱਢਿਆ ਹੈ ਅਤੇ ਟੇਬਲ ’ਤੇ ਰੱਖਦਿਆਂ ਕਿਹਾ, ‘‘ਬਾਬੂ ਜੀ, ਇਹ ਮੇਰੀ ਬੇਟੀ ਏ ਤੇ ਬੱਚੇ ਮੇਰੇ ਦੋਹਤਾ/ਦੋਹਤੀ, ਹੁਣ ਤੁਸੀਂ ਦਖ਼ਲ ਨਾ ਦਿਓ।’’
‘‘ਨਹੀਂ ਜੀ, ਮੇਰਾ ਹੁਣ ਕੋਈ ਦਖ਼ਲ ਨਹੀਂ ਹੋਵੇਗਾ।’’
ਉਸ ਨੇ ਸ੍ਰੀਮਤੀ ਜੀ ਨੂੰ ਕਿਹਾ, ‘‘ਬੇਟਾ, ਮੈਂ ਇਹ ਪਹਿਲਾ ਸ਼ਖ਼ਸ ਵੇਖਿਆ ਜਿਸ ਰਿਸ਼ਵਤ ਲੈਣ ਤੋਂ ਨਾਂਹ ਕੀਤੀ ਐ, ਲੋਕ ਤਾਂ ਜੇਬਾਂ ਫਰੋਲਣ ਤੱਕ ਜਾਂਦੇ ਨੇ। ਇਹੋ ਜਿਹੇ ਭਲੇ ਲੋਕ ਵੀ ਨੇ ਇਸ ਧਰਤ ਉੱਤੇ,’’ ਉਹ ਕੁਝ ਭਾਵੁਕ ਹੋ ਜਾਂਦਾ ਹੈ।
‘‘ਬਾਬੂ ਜੀ, ਸਾਡੀ ਤਨਖ਼ਾਹ ਬਹੁਤ ਐ, ਫੇਰ ਕਿਸੇ ਤੋਂ ਕਿਉਂ ਮੰਗੀਏ? ਸਭ ਕੁਝ ਐ।’’ ਸ੍ਰੀਮਤੀ ਜੀ ਨੇ ਕਿਹਾ ਹੈ।
‘‘ਲਓ, ਭਾਈ ਮੂੰਹ ਮਿਠਾ ਕਰੋ,’’ ਉਸ ਡੱਬਾ ਖੋਲ੍ਹਦਿਆਂ ਕਿਹਾ। ਉਸ ਸੌ-ਸੌ ਦੇ ਤਿੰਨ ਨੋਟ ਸ੍ਰੀਮਤੀ ਜੀ ਅਤੇ ਬੱਚਿਆਂ ਨੂੰ ਦੇ ਦਿੱਤੇ। ਮੈਂ ਮਨ੍ਹਾਂ ਕਰਦਾ ਹਾਂ, ਪਰ ਉਹ ਦਖ਼ਲਅੰਦਾਜ਼ੀ ਦਾ ਵਿਰੋਧ ਕਰਦਾ ਹੈ। ਮੈਂ ਉਸ ਨੂੰ ਆਟੋ ਸਟੈਂਡ ਤੱਕ ਛੱਡਣ ਆਇਆ ਹਾਂ। ‘‘ਅਗਲਾ ਆਟੋ, ਤੁਹਾਨੂੰ ਪਹਿਲੇ ਚੌਂਕ ਤੋਂ ਮਿਲੇਗਾ।’’ ਮੈਂ ਸਮਝਾਇਆ।
ਕੋਈ ਵੀਹ ਕੁ ਦਿਨਾਂ ਬਾਅਦ ਐਤਵਾਰ ਵਾਲੇ ਦਿਨ ਸਰਦੂਲ ਸਿੰਘ ਹੱਥ ਝੋਲਾ ਫੜੀ ਮੇਰੇ ਦਰ ’ਤੇ ਆ ਗਿਆ। ਪਾਣੀ ਤੋਂ ਬਾਅਦ ਉਸ ਚਾਹ ਦਾ ਕੱਪ ਪੀਤਾ ਅਤੇ ਝੋਲੇ ’ਚੋਂ ਮਠਿਆਈ ਦਾ ਡੱਬਾ ਤੇ ਕਾਰਡ ਕੱਢਿਆ।
‘‘ਬਾਬੂ ਜੀ, ਮੇਰੇ ਬੇਟੇ ਦੀ ਸ਼ਾਦੀ ਐ ਅਗਲੇ ਐਤਵਾਰ, ਫ਼ਿਰੋਜ਼ਪੁਰ ਰੋਡ ਉੱਤੇ ਇਹ ਪੈਲੇਸ ਐ,’’ ਮੇਰੇ ਵੱਲ ਉਸ ਕਾਰਡ ਕੀਤਾ ਹੈ, ‘‘ਜ਼ਰੂਰ ਆਇਓ, ਮੇਰੀ ਧੀ ਜ਼ਰੂਰ ਆਵੇ, ਬੱਚੇ ਵੀ ਨਾਲ ਹੋਣ।’’ ਉਹ ਜਾਣ ਲੱਗਿਆ, ਬੱਚਿਆਂ ਨੂੰ ਸੌ-ਸੌ ਰੁਪਏ ਦੇ ਦੋ ਨੋਟ ਦਿੰਦਾ ਹੈ।
ਉਸ ਐਤਵਾਰ ਅਚਾਨਕ ਇਕ ਹੋਰ ਸਮਾਗਮ ਆ ਜਾਂਦਾ ਹੈ। ਸ੍ਰੀਮਤੀ ਜੀ ਬੱਚਿਆਂ ਸਮੇਤ ਉੱਥੇ ਜਾਂਦੇ ਹਨ ਅਤੇ ਕਾਰਡ ਦੇ ਪਤੇ ਵਾਲੇ ਪੈਲੇਸ ’ਤੇ ਮੈਂ ਫ਼ਿਰੋਜ਼ਪੁਰ ਰੋਡ ਜਾਂਦਾ ਹਾਂ। ਉਹ ਭੱਜ ਕੇ ਮਿਲਦਾ ਹੈ। ਸ਼ਗਨ ਵਾਲਾ ਲਿਫ਼ਾਫ਼ਾ ਮੈਂ ਫੜਾ ਦਿੱਤਾ। ਉਹ ਬੱਚਿਆਂ ਬਾਰੇ ਪੁੱਛਦਾ ਹੈ। ਮੈਂ ਮਜਬੂਰੀ ਦੱਸਦਾ ਹੋਇਆ ਸਭ ਕੁਝ ਸੱਚੋ ਸੱਚ ਕਹਿ ਰਿਹਾ ਹਾਂ।
ਸਰਦੂਲ ਸਿੰਘ ਕਈ ਰਿਸ਼ਤੇਦਾਰਾਂ ਕੋਲ ਮੇਰੀ ਗੱਲ ਕਰਦਾ ਹੈ ਅਤੇ ਮੈਨੂੰ ਉਨ੍ਹਾਂ ਨਾਲ ਮਿਲਾਉਂਦਾ ਹੈ, ਸਾਰੇ ਬਹੁਤ ਹੀ ਖ਼ੁਸ਼ ਹੁੰਦੇ ਹਨ।
‘‘ਇਹ ਉਹ ਬਾਬੂ ਜੀ ਨੇ ਜਿਨ੍ਹਾਂ ਮੇਰਾ ਬਕਾਇਆ ਬਣਾਇਆ ਸੀ ਅਤੇ ਪਾਣੀ ਦੀ ਘੁੱਟ ਵੀ ਨਹੀਂ ਸੀ ਪੀਤੀ ਮੇਰੇ ਕੋਲੋਂ।’’
ਦੋ ਕੁ ਹਫ਼ਤਿਆਂ ਬਾਅਦ ਮੈਂ ਸ੍ਰੀਮਤੀ ਜੀ ਅਤੇ ਬੱਚਿਆਂ ਸਮੇਤ ਸਰਦੂਲ ਸਿੰਘ ਦੇ ਘਰ ਜਾਂਦੇ ਹਾਂ। ਐਤਵਾਰ ਹੋਣ ਕਾਰਨ ਸਾਰਾ ਪਰਿਵਾਰ ਘਰ ਹੀ ਹੈ। ਸਾਨੂੰ ਵੇਖ ਕੇ ਸਾਰੇ ਖ਼ੁਸ਼ ਹੁੰਦੇ ਹਨ। ਨਵੀਂ ਵਹੁਟੀ ਨੂੰ ਅਸੀਂ ਸ਼ਗਨ ਅਤੇ ਸੂਟ ਦਿੰਦੇ ਹਾਂ। ਉਹ ਮਨ੍ਹਾਂ ਕਰਦਾ ਹੈ ਕਿ ਸ਼ਗਨ ਆ ਗਿਆ ਸੀ।
ਸ੍ਰੀਮਤੀ ਜੀ ਕਹਿੰਦੀ ਹੈ, ‘‘ਬਾਈ ਜੀ, ਮੇਰਾ ਵੀ ਫ਼ਰਜ਼ ਬਣਦੈ। ਤੁਸੀਂ ਏਡਾ ਮਾਣ ਕਰਕੇ ਆਉਂਦੇ ਹੋ, ਮੈਂ ਖਾਲੀ ਆ ਜਾਂਦੀ ਭਲਾ!’’
ਅਸੀਂ ਦੋ ਕੁ ਘੰਟੇ ਰੁਕਦੇ ਹਾਂ। ਉਸ ਮੁਹੱਲੇ ’ਚ ਕੁਝ ਦੂਰੀ ਉੱਤੇ ਸਾਡਾ ਇਕ ਰਿਸ਼ਤੇਦਾਰ ਵੀ ਰਹਿੰਦਾ ਹੈ। ਅਸੀਂ ਉਨ੍ਹਾਂ ਵੱਲ ਜਾ ਰਹੇ ਹਾਂ। ਸਰਦੂਲ ਸਿੰਘ ਗਲੀ ਤੋਂ ਸੜਕ ਤੱਕ ਅਦਬ ਨਾਲ ਸਾਨੂੰ ਵਿਦਾ ਕਰਨ ਆ ਰਿਹਾ ਹੈ।
‘‘ਬਾਬੂ ਜੀ, ਫੇਰ ਆਇਓ ਕਦੇ, ਹੁਣ ਕਦੋਂ ਆਏ ਕਦੋਂ ਗਏ, ਭੱਜ ਨੱਠ ਨਾ ਕਰਿਓ ਅੱਜ ਵਾਂਗ...।’’
ਮੇਰੇ ਸਾਹਮਣੇ ਇਕ ਪੁਲ ਹੈ ਅਪਣੱਤ ਦਾ, ਪਿਆਰ ਦਾ, ਸਾਂਝ ਦਾ। ਸਰਦੂਲ ਸਿੰਘ ਲੋਹੇ ਦੇ ਵੱਡੇ ਜੰਗਲੇ ਵਾਲੇ ਇਸ ਪੁਲ ਦੇ ਕਿਨਾਰੇ ਉੱਤੇ ਖੜ੍ਹਾ ਹੈ ਜਿਵੇਂ ਕਿ ਮੈਨੂੰ ਕਹਿ ਰਿਹਾ ਹੋਵੇ, ‘‘ਬਾਬੂ ਜੀ, ਆਓ, ਚਾਹ ਦਾ ਕੱਪ ਹੋ ਜੇ।’’
Add a review