ਮੈਂ ਸੁਪਨੇ ਲੈ ਰਿਹਾ ਸਾਂ, ਕਾਸ਼! ਭਾਰਤ-ਪਾਕਿ ਵਿਚਕਾਰ ਵੰਡੇ ਪੰਜਾਬੀ ਖਿਡਾਰੀ ਮੁੜ ਇਕੱਠੇ ਖੇਡਣ। 1950ਵਿਆਂ ’ਚ ਦੋਵੇਂ ਪੰਜਾਬਾਂ ਵਿਚਕਾਰ ਕਬੱਡੀ ਤੇ ਹਾਕੀ ਦੇ ਮੈਚ ਅਤੇ ਅਥਲੈਟਿਕਸ ਮੀਟ ਹੋਣੀਆਂ ਸ਼ੁਰੂ ਹੋਈਆਂ ਸਨ ਜੋ 1965 ਤੇ 1971 ਦੀਆਂ ਜੰਗਾਂ ਕਾਰਨ ਬੰਦ ਹੋ ਗਈਆਂ। 1980 ’ਚ ਮੈਂ ‘ਕਬੱਡੀ ਪੰਜਾਬ ਦੀ’ ਵਿਚ ਲਿਖਿਆ: ਜੇਕਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਦਾ ਮੈਚ ਹੁਣ ਹੋਵੇ ਤਾਂ ਪੰਜਾਬ ਦਾ ਕੋਈ ਵੀ ਸਟੇਡੀਅਮ ਦਰਸ਼ਕਾਂ ਦੀਆਂ ਭੀੜਾਂ ਨਾ ਸਮਾ ਸਕੇ। ਇਕ ਬੰਨੇ ਲਹੌਰੀਏ, ਪਸ਼ੌਰੀਏ ਤੇ ਲਾਇਲਪੁਰੀਏ ਹੋਣਗੇ ਅਤੇ ਦੂਜੇ ਬੰਨੇ ਜਲੰਧਰੀਏ, ਹੁਸ਼ਿਆਰਪੁਰੀਏ ਤੇ ਅੰਬਰਸਰੀਏ। ਸਿਆਲਕੋਟੀਆਂ, ਫਰੀਦਕੋਟੀਆਂ, ਸ਼ੇਖੂਪੁਰੀਆਂ ਤੇ ਫਿਰੋਜ਼ਪੁਰੀਆਂ ਵਿਚਕਾਰ ਬੁਰਦਾਂ ਲੱਗਣਗੀਆਂ।
ਜਿੱਤਾਂ ਹਾਰਾਂ ਹੋਣਗੀਆਂ ਤੇ ਗਿੱਧੇ ਭੰਗੜੇ ਪੈਣਗੇ। ਮਿੰਟਗੁਮਰੀਏ ਤੇ ਸੰਗਰੂਰੀਏ ਇਕ ਦੂਜੇ ਨੂੰ ਵੰਗਾਰਨਗੇ ਵੀ ਤੇ ਪਿਆਰਨਗੇ ਵੀ। ਦਰਸ਼ਕ ਦੋਵਾਂ ਪੰਜਾਬਾਂ ਦੇ ਚੋਬਰਾਂ ਦੀ ਖੇਡ ਤੋਂ ਬਲਿਹਾਰੇ ਜਾਣਗੇ। ਅਜਿਹੇ ਖੇਡ ਮੇਲੇ ਓੜਕਾਂ ਦੇ ਭਰਨਗੇ ਤੇ ਉਨ੍ਹਾਂ ਮੇਲਿਆਂ ਦੀਆਂ ਗੱਲਾਂ ਸਾਰਾ-ਸਾਰਾ ਸਾਲ ਹੁੰਦੀਆਂ ਰਹਿਣਗੀਆਂ। ਕੀ ਇਹ ਸੁਪਨਾ ਕਦੇ ਸੱਚ ਹੋਵੇਗਾ?
2001 ਵਿਚ ਹੋਈ ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਵੀ ਯਾਦ ਆ ਗਈ ਹੈ। ਉੱਥੇ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਬਾਰੇ ਪਰਚਾ ਪੇਸ਼ ਕਰਦਿਆਂ ਮੈਂ ਸੁਝਾਅ ਦਿੱਤਾ ਸੀ ਕਿ ਕੁਲ ਦੁਨੀਆਂ ਵਿਚ ਖਿਲਰੇ ਪੰਜਾਬੀਆਂ ਦੀ ‘ਪੰਜਾਬੀ ਓਲੰਪਿਕਸ’ ਹੋਣੀ ਚਾਹੀਦੀ ਹੈ। ਉਸ ਦੀ ਸ਼ੁਰੂਆਤ ਲਾਹੌਰ ਤੋਂ ਹੋਵੇ। ਫਿਰ ਭਾਰਤ, ਕੈਨੇਡਾ, ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਮਲਾਇਆ-ਸਿੰਗਾਪੁਰ ਤੇ ਅਰਬ-ਅਫਰੀਕਾ ਆਦਿ ਦੇ ਪੰਜਾਬੀ ਵਾਰੋ ਵਾਰੀ ਪੰਜਾਬੀ ਓਲੰਪਿਕਸ ਕਰਵਾਉਣ। ਇਸ ਸੁਝਾਅ ਦਾ ਲਾਹੌਰ ਦੇ ਅਖ਼ਬਾਰਾਂ ਵਿਚ ਸਵਾਗਤ ਹੋਇਆ, ਪਰ ਫ਼ਿਰਕੂ ਤੁਅੱਸਬੀਆਂ ਨੂੰ ਨਾ ਭਾਇਆ।
ਹੋਟਲ ਸ਼ਾਹਤਾਜ ਵਿਚ ਮੀਟਿੰਗ ਹੋਈ ਜਿਸ ਵਿਚ ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਦੇ ਮੈਂਬਰ ਤੇ ਆਲਮੀ ਕਬੱਡੀ ਫੈਡਰੇਸ਼ਨ ਦੇ ਸਦਰ ਖੁਆਜ਼ਾ ਅਲੀ ਮੁਹੰਮਦ ਹੋਰਾਂ ਨੇ ਭਾਗ ਲਿਆ। ਸਭਨਾਂ ਨੇ ਪੰਜਾਬੀ ਓਲੰਪਿਕਸ ਦੀ ਤਜਵੀਜ਼ ਨੂੰ ਸਲਾਹਿਆ, ਪਰ ਸੁਆਲ ਸੀ ਕਿ ਪਹਿਲ ਕੌਣ ਕਰੇ? ਪਹਿਲ ਕਰਨ ਲਈ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਦੀ ਸਹਿਮਤੀ ਬਹੁਤ ਜ਼ਰੂਰੀ ਸੀ। ਪੰਜਾਬੀ ਓਲੰਪਿਕਸ ਤੋਂ ਪਹਿਲਾਂ ‘ਇੰਡੋ-ਪਾਕਿ ਪੰਜਾਬ ਖੇਡਾਂ’ ਹੋਣੀਆਂ ਹੋਰ ਵੀ ਜ਼ਰੂਰੀ ਸਨ।
ਆਖ਼ਰ 2004 ਵਿਚ ‘ਇੰਡੋ-ਪਾਕਿ ਪੰਜਾਬ ਖੇਡਾਂ’ ਪਟਿਆਲੇ ਵਿਚ ਹੋਣੀਆਂ ਤੈਅ ਹੋ ਗਈਆਂ। ਉਦੋਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਅਤੇ ਪਾਕਿਸਤਾਨੀ ਪੰਜਾਬ ਦੇ ਵਜ਼ੀਰੇ ਆਲਾ ਚੌਧਰੀ ਪਰਵੇਜ਼ ਇਲਾਹੀ। ਉਸ ਸਾਲ ਮੈਂ ਕੈਨੇਡਾ ਤੋ ਪੰਜਾਬ ਪਰਤਿਆ ਤਾਂ ਸ਼ੰਭੂ ਬਾਰਡਰ ਤੋਂ ਸੜਕਾਂ ਦੇ ਪੁਲਾਂ, ਚੌਕਾਂ ਤੇ ਮੋੜਾਂ ਉੱਤੇ ਕੈਪਟਨ ਅਮਰਿੰਦਰ ਵੱਲੋਂ ਚੌਧਰੀ ਪਰਵੇਜ਼ ਇਲਾਹੀ ਨੂੰ ਖੁਸ਼ਆਮਦੀਦ ਕਹਿੰਦੇ ਬੈਨਰ ਦਿਖਾਈ ਦੇਣ ਲੱਗੇ। ਉਦੋਂ ਦੋਵਾਂ ਆਗੂਆਂ ਦੇ ਮੇਲ ਮਿਲਾਪ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਇਆ।
ਤਰਤੀਬਵਾਰ ਪਹਿਲੀਆਂ ਇੰਡੋ-ਪਾਕਿ ਪੰਜਾਬ ਖੇਡਾਂ-2004 ਪਟਿਆਲੇ, ਦੂਜੀਆਂ ਪੰਜਾਬ ਖੇਡਾਂ-2005 ਲਾਹੌਰ ਤੇ ਤੀਜੀਆਂ ਪੰਜਾਬ ਖੇਡਾਂ-2006 ਜਲੰਧਰ ਹੋਣੀਆਂ ਤੈਅ ਸਨ। 2004 ਦੇ ਸ਼ੁਰੂ ’ਚ ਕੈਪਟਨ ਅਮਰਿੰਦਰ ਸਿੰਘ ਲਾਹੌਰ ਗਏ ਸਨ। ਉੱਥੇ ਪਾਕਿਸਤਾਨੀ ਭਰਾਵਾਂ ਦੀ ਪ੍ਰਾਹੁਣਚਾਰੀ ਮਾਣਦਿਆਂ ਚੌਧਰੀ ਪਰਵੇਜ਼ ਇਲਾਹੀ ਨੂੰ ਸੱਦਾ ਦੇ ਆਏ ਸਨ ਕਿ ਆਪਣੇ ਖਿਡਾਰੀ ਲੈ ਕੇ ਸਾਡੇ ਵੱਲ ਆਇਓ। ਫਿਰ ਅਸੀਂ ਵੀ ਆਪਣੇ ਖਿਡਾਰੀ ਲੈ ਕੇ ਤੁਹਾਡੇ ਵੱਲ ਆਵਾਂਗੇ। ਮੀਡੀਆ ਨੇ ਪ੍ਰਚਾਰ ਕਰ ਰੱਖਿਆ ਸੀ ਕਿ 5 ਦਸੰਬਰ ਤੋਂ 11 ਦਸੰਬਰ ਤਕ ਪਟਿਆਲੇ ਬਾਰਾਂ ਵੰਨਗੀਆਂ ਦੇ ਖੇਡ ਮੁਕਾਬਲੇ ਹੋਣਗੇ ਜਿਨ੍ਹਾਂ ਵਿਚ ਦੋਹਾਂ ਪਾਸਿਆਂ ਤੋਂ ਲਗਭਗ ਸੱਤ ਸੌ ਖਿਡਾਰੀ ਭਾਗ ਲੈਣਗੇ। 2005 ਵਿਚ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਪਟਿਆਲੇ ’ਚ ਹੋਈਆਂ ਇਨ੍ਹਾਂ ਖੇਡਾਂ ਬਾਰੇ ‘ਜਦੋਂ ਖੇਡੇ ਪੰਜੇ ਆਬ’ ਪੁਸਤਕ ਲਿਖੀ।
ਪਿੱਛਲਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ਵੰਡ ਤੋਂ ਪੰਜ ਸਾਲਾਂ ਬਾਅਦ ਹੀ ਦੋਹਾਂ ਪੰਜਾਬਾਂ ਵਿਚਕਾਰ ਖੇਡ ਮੁਕਾਬਲੇ ਸ਼ੁਰੂ ਹੋ ਗਏ ਸਨ। ਪਹਿਲਾ ਇੰਡੋ-ਪਾਕਿ ਕ੍ਰਿਕਟ ਮੈਚ 1952 ਵਿਚ 16-19 ਅਕਤੂਬਰ ਨੂੰ ਖੇਡਿਆ ਗਿਆ ਸੀ। ਪਹਿਲਾਂ ਪਾਕਿਸਤਾਨ ਦੀ ਟੀਮ ਭਾਰਤ ਵਿਚ ਆਈ ਸੀ। ਬਲਬੀਰ ਸਿੰਘ ‘ਕੰਵਲ’ ਦੀ ਪੁਸਤਕ ‘ਆਲਮੀ ਕਬੱਡੀ ਦਾ ਇਤਿਹਾਸ’ ਵਿਚ ਕਬੱਡੀ ਮੈਚਾਂ ਦੇ ਕਾਫ਼ੀ ਵੇਰਵੇ ਮਿਲਦੇ ਹਨ। ਇੰਡੋ-ਪਾਕਿ ਮੈਚ ਵੇਖਣ ਲਈ ਖਿਡਾਰੀਆਂ ਨਾਲ ਵੱਡੀ ਗਿਣਤੀ ’ਚ ਭਾਰਤੀ ਦਰਸ਼ਕ ਵੀ ਪਾਕਿਸਤਾਨ ਗਏ ਸਨ। ਬੱਸਾਂ-ਗੱਡੀਆਂ ਤੇ ਤਾਂਗੇ-ਰਿਕਸ਼ੇ ਵਾਲਿਆਂ ਨੇ ਭਾਰਤੀ ਦਰਸ਼ਕਾਂ ਤੋਂ ਕਿਰਾਇਆ ਨਹੀਂ ਸੀ ਲਿਆ। ਹਲਵਾਈਆਂ ਨੇ ਮਠਿਆਈਆਂ ਤੇ ਦੁੱਧ-ਲੱਸੀ ਦੇ ਪੈਸੇ ਨਹੀਂ ਸਨ ਲਏ। ਕਹਿੰਦੇ ਰਹੇ, ‘‘ਕਿਉਂ ਸ਼ਰਮਿੰਦੇ ਪਏ ਕਰਦੇ ਓ! ਕੋਈ ਮਹਿਮਾਨਾਂ ਤੋਂ ਵੀ ਪੈਸੇ ਵਸੂਲਦਾ ਏ?’’
ਬੁਰਕਿਆਂ ’ਚ ਰਹਿਣ ਵਾਲੀਆਂ ਬੇਗਮਾਂ ਨੇ ਪੱਗਾਂ ਵਾਲੇ ਸਰਦਾਰ ਭਰਾਵਾਂ ਨੂੰ ਰੱਜ ਕੇ ਤੱਕਿਆ ਸੀ। ਆਮ ਲੋਕ ਇਕ ਦੂਜੇ ਨੂੰ ਧਾਅ ਕੇ ਮਿਲੇ ਸਨ। ਦਾਅਵਤਾਂ ਦੇ ਦੌਰ ਚੱਲੇ ਸਨ। ਜਦੋਂ ਲੋਕਾਂ ਨੂੰ ਮਜਬੂਰੀਵੱਸ ਨਿਖੇੜ ਦਿੱਤਾ ਗਿਆ ਹੋਵੇ ਤੇ ਉਨ੍ਹਾਂ ਨੂੰ ਮਸੀਂ ਮਿਲਣ ਦਾ ਮੌਕਾ ਮਿਲੇ ਤਾਂ ਉਹ ਇੰਜ ਹੀ ਮਿਲਦੇ ਨੇ। ਉਨ੍ਹਾਂ ਦਿਨਾਂ ਵਿਚ ਹੀ ਲਹਿੰਦੇ ਪੰਜਾਬ ਦੇ ਜੰਮਪਲ ਤੇ ਚੜ੍ਹਦੇ ਪੰਜਾਬ ਦੇ ਵਾਸੀ ਮਿਲਖਾ ਸਿੰਘ ਨੂੰ ਲਾਹੌਰ ਦੇ ਸਟੇਡੀਅਮ ਵਿਚ ਦੌੜਦਿਆਂ ਵੇਖ ਕੇ ਪਾਕਿਸਤਾਨ ਦੇ ਸਦਰ ਜਨਰਲ ਅਯੂਬ ਖਾਂ ਨੇ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ ਸੀ।
ਭਾਰਤ ਤੇ ਪਾਕਿਸਤਾਨ, ਖ਼ਾਸਕਰ ਦੋਵੇਂ ਪੰਜਾਬਾਂ ਦੀ ਬਦਕਿਸਮਤੀ ਕਿ ਇੰਡੋ-ਪਾਕਿ ਖੇਡ ਮੇਲੇ ਲਗਾਤਾਰ ਨਾ ਲੱਗ ਸਕੇ। ਕਸ਼ਮੀਰ ਦੇ ਰੇੜਕੇ ਨੇ ਗੁਆਂਢੀ ਮੁਲਕਾਂ ਦੇ ਗੁਆਂਢਪੁਣੇ ਨੂੰ ਦੁਸ਼ਮਣੀ ਵਿਚ ਬਦਲੀ ਰੱਖਿਆ। ਕੁਦਰਤ ਵੱਲੋਂ ਬਖ਼ਸ਼ੀ ਖੁਸ਼ਹਾਲੀ ਵਿਚ ਹਾਕਮਾਂ ਨੇ ਕੰਗਾਲੀ ਦਾ ਕਾਲ ਪਾ ਛੱਡਿਆ।
ਜੇਕਰ ਅਮਨ ਅਮਾਨ ਰਹੇ ਤਾਂ ਬੰਦਰਗਾਹਾਂ ਵਾਂਗ ਸਰਹੱਦੀ ਸ਼ਹਿਰ ਵਧੇਰੇ ਵਿਕਾਸ ਕਰਨ। ਅਮਨ ਅਮਾਨ ਰਹੇ ਤਾਂ ਅੰਮ੍ਰਿਤਸਰ ਤੇ ਲਾਹੌਰ ਇਕ ਦੂਜੇ ਨਾਲ ਹੱਥ ਮਿਲਾ ਸਕਦੇ ਹਨ। ਫਿਰੋਜ਼ਪੁਰ ਤੇ ਕਸੂਰ ਅਤੇ ਫਾਜ਼ਿਲਕਾ ਤੇ ਪਾਕਪਟਨ ਹੋਰ ਨੇੜੇ ਹੋ ਸਕਦੇ ਹਨ। ਪੰਜਾਬ ਦੀ ਵੰਡ ਨਾ ਹੁੰਦੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਉੱਨ ਮੰਡੀ ਫਾਜ਼ਿਲਕਾ ਤੋਂ ਹੈੱਡ ਸੁਲੇਮਾਨਕੀ ਤਕ ਜਾ ਲੱਗਣੀ ਸੀ ਤੇ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਨਾਲ ਆ ਲੱਗਣਾ ਸੀ। ਹੁਣ ਵੀ ਬੀਤ ਗਏ ’ਤੇ ਝੂਰਨ ਦੀ ਥਾਂ ਉਹਤੋਂ ਸਬਕ ਸਿੱਖਣ ਦੀ ਲੋੜ ਹੈ।
ਜਿਵੇਂ ਯੂਰਪ ਦੇ ਲੋਕ ਇਕ ਦੂਜੇ ਦੇ ਮੁਲਕ ਆਸਾਨੀ ਨਾਲ ਆ ਜਾ ਸਕਦੇ ਹਨ, ਕੀ ਹਿੰਦ-ਪਾਕਿ ਦੇ ਲੋਕ ਵੀ ਇਕ ਦੂਜੇ ਨੂੰ ਖੁੱਲ੍ਹੇ ਮਿਲ ਗਿਲ ਸਕਣਗੇ? ਇਕ ਦੂਜੇ ਦਾ ਦੁੱਖ ਵੰਡਾ ਸਕਣਗੇ ਤੇ ਸੁੱਖ ਸਾਂਝਾ ਕਰ ਸਕਣਗੇ? ਕੰਡੇਦਾਰ ਤਾਰਾਂ ਉਨ੍ਹਾਂ ਦੇ ਰਾਹ ਨਹੀਂ ਰੋਕ ਸਣਗੀਆਂ? ਫ਼ਿਰੋਜ਼ਦੀਨ ਸ਼ਰਫ਼ ਦਾ ਗੀਤ ਸੱਚਾ ਸਾਬਤ ਹੋਵੇ: ਸੋਹਣਾ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ...।
ਡਾ. ਚਹਿਲ ਦੀ ਪੁਸਤਕ ‘ਜਦੋਂ ਖੇਡੇ ਪੰਜੇ ਆਬ’ ਵਿਚ ਉਦਘਾਟਨੀ ਤੇ ਸਮਾਪਤੀ ਸਮਾਗਮ ਕੁਝ ਇਉਂ ਬਿਆਨ ਕੀਤੇ ਗਏ ਸਨ:
ਲਾਹੌਰੋਂ ਆਈ ਅਮਨਜੋਤ
ਭਾਰਤ-ਪਾਕਿ ਪੰਜਾਬ ਖੇਡਾਂ ਦੇ ਬੀਜੇ ਗਏ ਬੂਟੇ ’ਤੇ ਪਹਿਲੀ ਕਰੂੰਬਲ ਉਸ ਵੇਲੇ ਫੁੱਟੀ ਜਦੋਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਲਈ ਅਮਨ ਦੀ ਮਸ਼ਾਲ ਜਗਾਈ ਗਈ। ਲਹਿੰਦੇ ਪੰਜਾਬ ਦੇ ਖੇਡ ਮੰਤਰੀ ਨਈਮ-ਉੱਲਾ ਸ਼ਾਹੀ, ਰੁਸਤਮੇ-ਪਾਕਿ ਪਹਿਲਵਾਨ ਬਸ਼ੀਰ ਭੋਲਾ ਤੇ ਪਾਕਿਸਤਾਨੀ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰੀਸ ਹੈਦਰ ਖਵਾਜਾ ਇਸ ਜੋਤ ਨੂੰ ਵਾਹਗਾ ਬਾਰਡਰ ਤਕ ਲਿਆਏ। ਉੱਡਣੇ ਸਿੱਖ ਮਿਲਖਾ ਸਿੰਘ ਨੇ ਮਸ਼ਾਲ ਬੜੇ ਚਾਅ ਉਤਸ਼ਾਹ ਨਾਲ ਆਪਣੇ ਪੰਜਾਬੀ ਭਰਾਵਾਂ ਤੋਂ ਫੜੀ ਤੇ ਮਸ਼ਾਲ ਉੱਚੀ ਕਰ ਕੇ ਦੌੜਿਆ...।
ਚਾਰ ਦਸੰਬਰ ਦੀ ਰਾਤ ਕਿਲਾ ਮੁਬਾਰਕ ਪਟਿਆਲਾ ਵਿਚ ਜੋਤੀ ਜਗਦੀ ਰੱਖ ਕੇ 5 ਦਸੰਬਰ ਨੂੰ ਪਹਿਲੀਆਂ ਪੰਜਾਬ ਖੇਡਾਂ ਦੇ ਉਦਘਾਟਨੀ ਸਮਾਰੋਹ ਲਈ ਸਜੇ ਯਾਦਵਿੰਦਰਾ ਸਟੇਡੀਅਮ ਵੱਲ ਰਵਾਨਾ ਹੋਈ। ਦੂਧੀਆ ਰੋਸ਼ਨੀ ’ਚ ਲਿਸ਼ਕਦੇ ਸਟੇਡੀਅਮ ਨੂੰ ਸੰਗੀਤਕ ਧੁਨਾਂ ਚਾਰ ਚੰਨ ਲਾ ਰਹੀਆਂ ਸਨ।
ਬਰਕਤ ਸਿੱਧੂ ਤੇ ਮਨਪ੍ਰੀਤ ਅਖ਼ਤਰ ਨੇ ਜਿਉਂ ਹੀ ਬਾਬਾ ਫਰੀਦ ਜੀ ਦਾ ਸਲੋਕ ‘ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ’ ਉਚਾਰਿਆ ਤਾਂ ਸੌ ਕੁ ਕਲਾਕਾਰਾਂ ਨੇ ਪ੍ਰਵੇਸ਼ ਕੀਤਾ। ਮੰਚ ਤੋਂ ਰੁਦਨਮਈ ਆਵਾਜ਼ ਕੁਰਲਾ ਰਹੀ ਸੀ ਜਿਸ ਨਾਲ ਕਾਲੀਆਂ ਪੁਸ਼ਾਕਾਂ ਪਹਿਨੀ ਕਲਾਕਾਰ 1947 ਦੇ ਕਰੁਣਾਮਈ ਦ੍ਰਿਸ਼ ਪੇਸ਼ ਕਰ ਰਹੇ ਸਨ। ਫਿਰ ਹੰਸ ਰਾਜ ਹੰਸ ਨੇ ਪ੍ਰੋ. ਮੋਹਨ ਸਿੰਘ ਦਾ ਗੀਤ ਕੁੜੀਆਂ ਚਿੜੀਆਂ ਨਾਲ ਝੂਮ ਝੂਮ ਕੇ ਗਾਇਆ: ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ, ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ, ਧੋਵੋ ਨੀ ਇਹਦੇ ਪੈਰ ਮੱਖਣ ਦੇ ਪੇੜੇ, ਆਇਆ ਨੀ ਲੱਖ ਨਾਲ ਬਹਾਰਾਂ ਲੈ ਕੇ, ਭਰੇ ਸੂ ਸਾਡੇ ਅੰਗ ਅੰਗ ਵਿਚ ਖੇੜੇ...।
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਨੇ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’, ਮਸਤ ਅਲੀ ਨੇ ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ’, ਹਰਿਭਜਨ ਮਾਨ ਨੇ ‘ਲੰਮੀ ਧੌਣ ਕਸੀਦਾ ਕੱਢਦੀ’ ਤੇ ਸਰਦੂਲ ਸਿਕੰਦਰ ਨੇ ‘ਹੀਰ’ ਗਾ ਕੇ ਬਹਿਜਾ-ਬਹਿਜਾ ਕਰਾ ਦਿੱਤੀ। ਗੁਰਮੀਤ ਬਾਵਾ ਦੀ ਲੰਮੀ ਹੇਕ ਜਿਵੇਂ ਵਾਹਗਿਓਂ ਪਾਰ ਲਾਹੌਰ ਜਾ ਪੁੱਜੀ ਹੋਵੇ। ਮਲਕਾ-ਏ-ਤਰੰਨੁਮ ਰੇਸ਼ਮਾ ਦੀ ਰੇਸ਼ਮੀ ਆਵਾਜ਼ ਕੂਕੀ, ‘ਲਾਲ ਮੇਰੀ ਪੱਤ ਰਖੀਓ ਬਲਾ...’। ਸ਼ੇਖ ਮੀਆਂ ਦਾਦ ਦੀ ਕੱਵਾਲੀ ‘ਮੈਂ ਰਾਜ਼ ਦੀਆਂ ਗੱਲਾਂ, ਦੱਸ ਕੀਹਨੂੰ ਕੀਹਨੂੰ ਦੱਸਾਂ...’ ਸਭ ਨੇ ਸੁਣੀ। ਅਖ਼ੀਰ ਵਿਚ ਫਿਰ ਹਰਭਜਨ ਮਾਨ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਸਦਾਬਹਾਰ ਗੀਤ ਗਾਇਆ: ਆ ਸੋਹਣਿਆ ਵੇ ਜੱਗ ਜਿਓਂਦਿਆਂ ਦੇ ਮੇਲੇ...।
ਮੇਲਾ ਵਿਛੜਣ ਤੋਂ ਪਹਿਲਾਂ ਸ਼ਾਇਰ ਸੁਰਜੀਤ ਪਾਤਰ ਨੇ ਮਹਿਮਾਨਾਂ ਨੂੰ ਸਲਾਮ ਕਹਿੰਦਿਆਂ ਗਾਇਆ ਸੀ:
ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮ ਆਖਣਾ...।
Add a review