ਮੈਂ ਕੀ ਵੇਖਾਂ
ਯੂਕਰੇਨ ਦੀ ਧਰਤ ਕੰਬੇ
ਰੂਸ ਨੇ ਬਰਬਾਦੀ ਦੀ ਜੰਗ ਛੇੜ ਦਿੱਤੀ।
ਸਿੱਖਿਆ ਡਾਕਟਰੀ ਲੈਣ ਖ਼ਾਤਰ
ਰੋਗੀਆਂ ਨੂੰ ਸਿਹਤਯਾਫ਼ਤਾ ਕਰਨ ਖ਼ਾਤਰ
ਪਿੰਡੋਂ ਪਰਾਈ ਧਰਤ ਉੱਤੇ
ਕਰਨਾ ਪਿਆ ਉੱਦਮ ਮੈਨੂੰ,
ਬਾਬਲ ਦੀ ਧੀ ਪਿਆਰੀ
ਅੰਮੜੀ ਦੀ ਲਾਡਲੀ ਇਕਲੌਤੀ
ਆਪ ਹੁਣ ਮੌਤ ਦੇ ਖ਼ੌਫ਼ ਕਾਰਨ
ਬੰਕਰ ’ਚ ਲਿਪਟੀ ਭੁੱਖੀ-ਤ੍ਰਿਹਾਈ
ਬੰਬਾਂ ਦੀ ਤਬਾਹੀ ਤੱਕਾਂ
ਮੌਤ ਨਾਲ ਲੜਨਾ ਸਿੱਖਾਂ
ਦੂਜਿਆਂ ਦੀ ਜਾਨ ਬਚਾਉਣ ਦੀ
ਸਿੱਖਿਆ ਲੈਣ ਵਾਲੀ
ਤ੍ਰੇਹ-ਭੁੱਖ ਭੁੱਲ ਗਈ ਮੇਰੀ
ਕੇਵਲ ਜ਼ਿੰਦਾ ਰਹਿਣ ਲਈ ਜੂਝਾਂ
ਕਿੰਜ ਬੰਕਰ ’ਚੋਂ ਨਿਕਲਾਂ
ਵਤਨ ਵੱਲ ਪਰਤਾਂ
ਇੱਕੋ ਸੁਆਲ ਰਹਿ ਗਿਆ ਬਾਕੀ
ਕਦੇ ਸੁਪਨਿਆਂ ’ਚ ਇੰਜ ਹੋਣਾ
ਸੋਚਿਆ ਵੀ ਨਹੀਂ ਸੀ ਮੈਂ ਤਾਂ,
ਮਾਪਿਆਂ ਦੀ ਕਮਾਈ ਦਾਅ ’ਤੇ ਲਾ ਕੇ
ਤੱਕੇ ਸਨ ਸੁਨਹਿਰੀ ਸੁਪਨੇ
ਡਾਕਟਰ ਬਣਨ ਖ਼ਾਤਰ।
ਇਹ ਕੀ ਹੋਇਆ
ਦੇਸ਼, ਦੁਸ਼ਮਣ ਬਣ ਗਏ ਦੋਵੇਂ
ਲੋਕਾਈ ਮਰ ਗਈ ਤੱਕਾਂ
ਤਬਾਹੀ ਹੋ ਰਹੀ ਤੱਕਾਂ
ਅੱਥਰੂ ਡੁੱਬ ਗਏ ਕਿਧਰੇ
ਟੈਂਕ ਦੈਤਾਂ ਦੇ ਵਾਂਗ ਘੁੰਮਣ
ਰਾਕਟਾਂ ਅਤਿ ਹੈ ਚੁੱਕੀ
ਹਥਿਆਰਾਂ ਨੇ ਦਿਨੇ, ਰਾਤ ਹੈ ਕੀਤੀ
ਮਾਰੂ ਗੈਸਾਂ ਦੇ ਅੰਬਾਰ ਉਮੜਦੇ ਤੱਕਾਂ,
ਚੀਕਾਂ ਕੁਰਲਾਹਟਾਂ, ਲਹੂ ਵਗੇ, ਵਿਲਕਦੇ ਲੋਕੀਂ
ਪੰਛੀ ਉੱਡ ਗਏ ਕਿਧਰੇ, ਝੁਲਸੀ ਗਈ ਕੁਦਰਤ
ਢਹਿ-ਢੇਰੀ ਇਮਾਰਤਾਂ ਹੋਈਆਂ
ਪਤਾ ਨਹੀਂ ਕਿੰਨੀਆਂ ਜਾਨਾਂ ਮੋਈਆਂ
ਅੱਗਾਂ ਹੀ ਅੱਗਾਂ ਚੁਫ਼ੇਰੇ
ਲਾਟਾਂ ਬਣ ਗਈਆਂ ਸੜਕਾਂ
ਦੱਸਾਂ ਤਾਂ ਕਿਸ ਨੂੰ ਕੀ ਦੱਸਾਂ
ਬੰਕਰ ’ਚ ਵੀ ਜਾਨ ਨੂੰ ਖ਼ਤਰਾ
ਵਤਨ ਤੋਂ ਉਦਾਸ ਮਾਪਿਆਂ ਦੀਆਂ ਸਿਸਕੀਆਂ
ਕੋਈ ਵੀ ਹਮਦਰਦੀ ਨਹੀਂ ਮੇਰਾ
ਜੋ ਮੋਢਾ ਦੇ ਸਕੇ ਮੈਨੂੰ
ਹੌਸਲਾ ਕਰ ਉੱਠ...
ਆਖ਼ਰ ਵਤਨ ਨੂੰ ਮੁੜਨ ਦੀ
ਜੰਗ ਸ਼ੁਰੂ ਕੀਤੀ
ਕਠਿਨ ਪੈਂਡੇ ਗੱਛੇ
ਪੇਟ ਭੁੱਖਾ, ਜੇਬ ਖਾਲੀ
ਕੇਵਲ ਪਿੱਠੂ ਹੀ ਮੇਰੀ ਪੂੰਜੀ
“ਮਨੁੱਖ ਹਾਰਦਾ ਨਹੀਂ ਆਖ਼ਰ”
ਪੜ੍ਹਿਆ ਸੀ, ਕਰਿਆ ਮੈਂ ਚੇਤੇ
ਦੌੜ ਲਾਈ ਪੈਰਾਂ ਨੇ ਸਾਥ ਦਿੱਤਾ
ਪੁੱਜ ਗਈ ਹਵਾਈ ਉਡਾਣ ਖਾਤਰ।
ਕੋਈ ਦੁਖੜਾ ਸੁਣਨ ਲਈ
ਕੋਲ ਕਿੰਜ ਆਵੇ?
ਹਰ ਕੋਈ ਮੌਤ ਨਾਲ ਲੜ ਰਿਹਾ ਜਾਪੇ।
ਆਖ਼ਰ ਉਤਰ ਗਈ ਅੰਬਰੋਂ ਸਲਾਮਤ
ਆਪਣੇ ਵਤਨ ਦੀ ਧਰਤ ਚੁੰਮੀ,
ਪਿੰਡ ਪੁੱਜੀ ਤਾਂ ਸਾਹ ਵਿੱਚ ਸਾਹ ਆਇਆ
ਉਦਾਸੇ ਪਿੰਡ ਨੂੰ ਸਬਰ ਆਇਆ,
ਗਲੇ ਲੱਗ ਬਾਬਲ ਰੋਇਆ
ਗਲੇ ਲੱਗ ਅੰਮੜੀ ਸਿਸਕੀ
ਇਹ ਕੇਹਾ ਕਹਿਰ ਹੋਇਆ
ਅੰਬਰ ਰੋਵੇ, ਧਰਤ ਰੋਵੇ,
ਇਹ ਮਹਾਂ ਯੁੱਧ ਬੰਦ ਹੋਵੇ, ਕਦੇ ਨਾ ਜੰਗ ਹੋਵੇ।
ਮਨੁੱਖਤਾ ਬੱਚੇ, ਧਰਤ ਹੱਸੇ
ਇਹੋ ਹੈ ਦੁਆ ਮੇਰੀ।।
Add a review