ਦੋਵੇਂ ਬੱਚੇ ਆਪਣੇ ਦੋਸਤਾਂ ਨਾਲ ਖੇਡ ਕੇ ਘਰ ਆਏ। ਆਉਂਦਿਆਂ ਹੀ ਦਵਿੰਦਰ ਬੋਲੀ, “ਦਾਦੀ ਜੀ, ਮਿੱਸੀ ਰੋਟੀ ਬਣਾਉ।” ਅਮਨ ਵੀ ਬੋਲਿਆ, “ਦਾਦਾ ਜੀ, ਹੁਣ ਤੁਹਾਡੇ ਨਾਲ ਅਸੀ ਪੰਜਾਬੀ ਬੋਲਾਂਗੇ।” ਦਵਿੰਦਰ ਅਤੇ ਅਮਨ ਨੂੰ ਪੰਜਾਬੀ ਵਿੱਚ ਬੋਲਦਿਆਂ ਦੇਖ ਕੇ ਦਾਦਾ-ਦਾਦੀ ਖ਼ੁਸ਼ ਵੀ ਸਨ ਅਤੇ ਹੈਰਾਨ ਵੀ।
ਉਹ ਪਿਛਲੇ ਸਾਲ ਅਮਰੀਕਾ ਆਏ ਸਨ। ਉਦੋਂ ਤੋਂ ਹੀ ਉਹ ਬੱਚਿਆਂ ਨੂੰ ਅਤੇ ਨੂੰਹ-ਪੁੱਤਰ ਨੂੰ ਕਹਿੰਦੇ ਆ ਰਹੇ ਸਨ, “ਘਰ ’ਚ ਪੰਜਾਬੀ ਬੋਲਿਆ ਕਰੋ।’’ ਉਹ ਸਾਰੇ ਉਨ੍ਹਾਂ ਦੀ ਗੱਲ ਇੱਕ ਕੰਨ ਰਾਹੀਂ ਸੁਣਦੇ ਅਤੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦੇ।
ਬੱਚੇ ਸਕੂਲ ਵਿੱਚ ਅੰਗਰੇਜ਼ੀ ਬੋਲਦੇ, ਪੜ੍ਹਦੇ ਅਤੇ ਲਿਖਦੇ। ਘਰ ਆ ਕੇ ਵੀ ਬੱਚੇ ਇਸੇ ਭਾਸ਼ਾ ਵਿੱਚ ਹੀ ਗੱਲਾਂ ਕਰਦੇ। ਉਨ੍ਹਾਂ ਦੇ ਮਾਂ-ਪਿਓ ਕੰਮਾਂ ਵਾਲੀਆਂ ਥਾਵਾਂ ’ਤੇ ਇਹੀ ਭਾਸ਼ਾ ਬੋਲਣ ਦੇ ਆਦੀ ਹੋ ਚੁੱਕੇ ਸਨ। ਉਹ ਬੱਚਿਆਂ ਨਾਲ ਘਰ ਵਿੱਚ ਵੀ ਅੰਗਰੇਜ਼ੀ ਵਿੱਚ ਹੀ ਬੋਲੀ ਜਾਂਦੇ।
ਹਫ਼ਤੇ ਬਾਅਦ ਐਤਵਾਰ ਨੂੰ ਸਾਰਾ ਪਰਿਵਾਰ ਗੁਰਦੁਆਰੇ ਵੀ ਜਾਂਦਾ। ਉੱਥੇ ਵੀ ਦਾਦਾ-ਦਾਦੀ ਨੇ ਦੇਖਿਆ ਕਿ ਛੋਟੇ ਬੱਚੇ ਅਤੇ ਉਨ੍ਹਾਂ ਦੇ ਜੁਆਨ ਮਾਂ-ਪਿਓ ਸਾਰੇ ਅੰਗਰੇਜ਼ੀ ਹੀ ਬੋਲਦੇ। ਗੁਰਦੁਆਰੇ ਵਿੱਚ ਪੰਜਾਬੀ ਸਿਖਾਉਣ ਵਾਲਾ ਸਕੂਲ ਵੀ ਸੀ। ਬੱਚੇ ਉਸ ਸਕੂਲ ਵਿੱਚ ਵੀ ਘੱਟ ਹੀ ਜਾਂਦੇ।
ਇੱਕ ਮਹੀਨਾ ਪਹਿਲਾਂ ਮੁਹੱਲੇ ਵਿੱਚ ਇੱਕ ਨਵਾਂ ਪਰਿਵਾਰ ਆਣ ਵੱਸਿਆ। ਉਨ੍ਹਾਂ ਦੀ ਬੇਟੀ ਨਤਾਸ਼ਾ ਨੇ ਦਵਿੰਦਰ ਦੀ ਜਮਾਤ ਵਿੱਚ ਦਾਖਲਾ ਲਿਆ। ਉਨ੍ਹਾਂ ਦਾ ਬੇਟਾ ਪਾਵੇਲ ਵੀ ਅਮਨ ਵਾਲੀ ਜਮਾਤ ਵਿੱਚ ਦਾਖਲ ਹੋਇਆ। ਚਾਰੇ ਬੱਚੇ ਆਪਸ ਵਿੱਚ ਜਲਦੀ ਹੀ ਘੁਲ-ਮਿਲ ਗਏ ਅਤੇ ਦੋਸਤ ਬਣ ਗਏ।
ਅੱਜ ਦਵਿੰਦਰ ਅਤੇ ਅਮਨ ਖੇਡਦੇ-ਖੇਡਦੇ ਨਤਾਸ਼ਾ ਅਤੇ ਪਾਵੇਲ ਦੇ ਨਾਲ ਹੀ ਉਨ੍ਹਾਂ ਦੇ ਘਰ ਚਲੇ ਗਏ। ਘਰ ਵਿੱਚ ਦਾਖਲ ਹੁੰਦਿਆਂ ਹੀ ਨਤਾਸ਼ਾ ਅਤੇ ਪਾਵੇਲ ਆਪਣੀ ਬੋਲੀ ਰੂਸੀ ਵਿੱਚ ਬੋਲਣ ਲੱਗ ਪਏ। ਘਰ ਦੇ ਸਾਰੇ ਜੀਅ ਆਪਸ ਵਿੱਚ ਰੂਸੀ ਭਾਸ਼ਾ ਹੀ ਬੋਲ ਰਹੇ ਸਨ।
ਨਤਾਸ਼ਾ ਨੇ ਦਵਿੰਦਰ ਅਤੇ ਅਮਨ ਨੂੰ ਅੰਗਰੇਜ਼ੀ ਵਿੱਚ ਬੋਲ ਕੇ ਦੱਸਿਆ ਕਿ ਉਹ ਘਰ ਵਿੱਚ ਆਪਣੀ ਭਾਸ਼ਾ ਹੀ ਬੋਲਦੇ ਹਨ। ਉਹ ਇਹ ਭਾਸ਼ਾ ਚੰਗੀ ਤਰ੍ਹਾਂ ਪੜ੍ਹਨੀ ਅਤੇ ਲਿਖਣੀ ਵੀ ਸਿੱਖ ਰਹੇ ਹਨ। ਜਦੋਂ ਉਹ ਰੂਸ ਜਾਣਗੇ ਤਾਂ ਉਨ੍ਹਾਂ ਨੂੰ ਉੱਥੇ ਬੜੀ ਮੌਜ ਰਹੇਗੀ।
ਸਹੇਲੀ ਨਤਾਸ਼ਾ ਦੀਆਂ ਗੱਲਾਂ ਨੂੰ ਦਵਿੰਦਰ ਨੇ ਬੜੇ ਧਿਆਨ ਨਾਲ ਸੁਣਿਆ। ਕੋਲ ਖੜ੍ਹੇ ਅਮਨ ਨੇ ਵੀ ਸਾਰਾ ਕੁਝ ਕੰਨ ਲਾ ਕੇ ਸੁਣਿਆ।
ਖਰਬੂਜੇ ਨੇ ਖਰਬੂਜੇ ਨੂੰ ਦੇਖ ਕੇ ਰੰਗ ਫੜ ਲਿਆ। ਨਤਾਸ਼ਾ ਦੇ ਕਹੇ ਸ਼ਬਦਾਂ ਨੇ ਦਵਿੰਦਰ ਅਤੇ ਅਮਨ ’ਤੇ ਜਾਦੂ ਵਰਗਾ ਅਸਰ ਕੀਤਾ। ਉਨ੍ਹਾਂ ਨੇ ਮਨ ਵਿੱਚ ਪੱਕੀ ਧਾਰ ਲਈ ਕਿ ਉਹ ਵੀ ਹੁਣ ਚੰਗੀ ਤਰ੍ਹਾਂ ਪੰਜਾਬੀ ਬੋਲਣੀ, ਪੜ੍ਹਨੀ ਤੇ ਲਿਖਣੀ ਸਿੱਖਣਗੇ। ਨਤਾਸ਼ਾ ਅਤੇ ਪਾਵੇਲ ਤੋਂ ਦੋਵੇਂ ਬੱਚਿਆਂ ਨੇ ਮਾਂ-ਬੋਲੀ ਦੀ ਕਦਰ ਕਰਨੀ ਸਿੱਖ ਲਈ ਸੀ।
Add a review