‘‘ਤੂੰ ਕਿੰਨਾ ਡਰਦੀ ਹੈਂ ਮਾਂ! ਸਾਰਾ-ਸਾਰਾ ਦਿਨ ਬਸ ਗੁੱਡੂ ਦੀਦੀ ਦੀ ਚਿੰਤਾ... ਗੁੱਡੂ ਨੇ ਸਕੂਲ ਜਾਣਾ ਹੈ! ਕਦੋਂ ਆਉਣਾ ਹੈ! ਕੌਣ ਉਹਨੂੰ ਲੈਣ ਜਾਵੇਗਾ! ਅੱਜ ਟੈਕਸੀ ਵਾਲਾ ਨਹੀਂ ਆਇਆ ਤਾਂ ਬਾਬਾ ਜਾਣਗੇ ਜਾਂ ਦਾਦਾ! ਸਾਰਾ-ਸਾਰਾ ਦਿਨ ਬਸ ਦੀਦੀ ਦੀ ਚਿੰਤਾ... ਸਿਰਫ਼ ਦੀਦੀ ਦੀ ਚਿੰਤਾ...।’’
ਮਾਂ ਕਹਿਣ ਲੱਗੀ, ‘‘ਅੱਜਕੱਲ੍ਹ ਮਾਹੌਲ ਬੜਾ ਖ਼ਰਾਬ ਚੱਲ ਰਿਹਾ ਹੈ... ਛੋਟੀਆਂ-ਵੱਡੀਆਂ ਕੁੜੀਆਂ ਨੂੰ ਕਿਤੇ ਵੀ ਇਕੱਲਿਆਂ ਛੱਡਣਾ ਅਤੇ ਜਾਣਾ ਬੜਾ ਖ਼ਤਰਨਾਕ ਹੈ... ਪਤਾ ਨਹੀਂ ਕਦੋਂ ਮੁਸੀਬਤ ਆ ਜਾਵੇ... ਅੱਜ ਦੇ ਸਮੇਂ ਵਿਚ ਪੜ੍ਹਾਉਣਾ ਵੀ ਜ਼ਰੂਰੀ ਹੋ ਗਿਆ ਹੈ। ਤੇਰੀ ਦੀਦੀ ਹੁਣ ਵੱਡੀ ਹੋ ਗਈ ਹੈ ਨਾ ਨੰਦੂ! ਤੂੰ ਵੀ ਦੀਦੀ ਦਾ ਧਿਆਨ ਰੱਖਿਆ ਕਰ ਪੁੱਤ...।’’
ਦਿਨ ਵਿੱਚ ਪੰਜ-ਛੇ ਵਾਰੀ ਨੰਦੂ ਇਹੋ ਕੁਝ ਸੁਣਦਾ। ਮਾਂ ਦੀਆਂ ਚਿੰਤਾਵਾਂ ਵੀ ਠੀਕ ਸਨ।
ਨੰਦੂ ਵੀ ਤਾਂ ਚੌਦਾਂ ਸਾਲ ਦਾ ਹੋ ਗਿਆ ਸੀ। ਹਰ ਰੋਜ਼ ਹੀ ਦੀਦੀ ਦੀ ਅਤੇ ਦੀਦੀ ਲਈ ਸੁਣਦਾ-ਸੁਣਦਾ ਨੰਦੂ ਵੀ ਬੋਰ ਜਿਹਾ ਹੋ ਗਿਆ ਸੀ। ਫਿਰ ਇੱਕ ਦਿਨ ਅਚਾਨਕ ਮਾਂ ਦੇ ਵਾਰ-ਵਾਰ ਦੁਹਰਾਉਣ ’ਤੇ ਜ਼ੋਰ ਨਾਲ ਚੀਕ ਹੀ ਪਿਆ, ‘‘ਕੀ ਸਾਰਾ-ਸਾਰਾ ਦਿਨ ਗੁੱਡੂ ਦੀਦੀ ਦੀ ਚਿੰਤਾ ਕਰਦੀ ਰਹਿੰਦੀ ਹੈਂ?
ਮਾਂ! ਕਦੇ ਸੋਚਿਐ, ਮੈਂ ਵੀ ਵੱਡਾ ਹੋ ਰਿਹਾ ਹਾਂ... ਜਿੰਨੀਆਂ ਅੱਖਾਂ ਦੀਦੀ ਦੇ ਪਿੱਛੇ ਲੱਗੀਆਂ ਰਹਿੰਦੀਆਂ ਨੇ ਦਬੋਚਣ ਲਈ, ਉਨੀਆਂ ਹੀ ਮੇਰੇ ਪਿੱਛੇ ਲੱਗੀਆਂ ਨੇ! ... ਉਹ ਗੁਆਂਢ ਵਾਲੇ ਅੰਕਲ, ਪਤਾ ਹੈ, ਕਿਹੋ ਜਿਹੇ ਲਾਲਚ ਦੇ ਕੇ ਮੈਨੂੰ ਥਾਂ ਥਾਂ ਤੋਂ ਛੂੰਹਦੇ ਹਨ! ... ਅਤੇ ਉਹ ਦੂਰ ਦੀ ਰਿਸ਼ਤੇਦਾਰ ਮਾਸੀ, ਜਦੋਂ ਵੇਖੋ, ਉਦੋਂ ਮੈਨੂੰ ਗ਼ਲਤ-ਮਲਤ ਉਕਸਾਉਂਦੀ ਰਹਿੰਦੀ ਹੈ। ... ਮਾਂ! ਇਹ ਤੈਨੂੰ ਸਮਝ ਨਹੀਂ ਆਵੇਗਾ... ਤੈਨੂੰ ਸਿਰਫ਼ ਦੀਦੀ ਹੀ ਨਜ਼ਰ ਆਉਂਦੀ ਹੈ। ਤੂੰ ਉਹਨੂੰ ਤਾਂ ਬਚਾ ਲਿਆ, ਪਰ ਮੇਰਾ ਕੀ?
ਤੈਨੂੰ ਲੱਗਦਾ ਹੈ... ਮੈਂ ਮੁੰਡਾ ਹਾਂ, ਮੈਨੂੰ ਕਦੇ ਕੁਝ ਨਹੀਂ ਹੋਵੇਗਾ। ਮਾਂ! ਪਤਾ ਨਹੀਂ ਕਿੰਨੇ ਭੇੜੀਏ ਬੈਠੇ ਹਨ ਇਨਸਾਨਾਂ ਦੇ ਭੇਸ ਵਿੱਚ... ਬਸ ਸਰੀਰ ਚਾਹੀਦਾ ਹੈ ਉਨ੍ਹਾਂ ਨੂੰ... ਉਨ੍ਹਾਂ ਨੂੰ ਮੁੰਡਾ ਕੁੜੀ ਸਮਝ ਨਹੀਂ ਲੱਗਦਾ।’’ ਚੀਕਦੇ-ਚੀਕਦੇ ਨੰਦੂ ਖਲਾਅ ਵਿੱਚ ਵੇਖਣ ਲੱਗ ਪਿਆ ਅਤੇ ਸਭ ਗੱਲਾਂ ਤੋਂ ਬੇਖ਼ਬਰ ਲਗਾਤਾਰ ਬੁੜਬੁੜ ਕਰਦਾ ਰਿਹਾ...।
‘‘ਮਾਂ! ਕਦੇ ਮੈਨੂੰ ਵੀ ਸੁਣ ਲਿਆ ਕਰ... ਮੇਰੀ ਵੀ ਚਿੰਤਾ ਕਰ ਲਿਆ ਕਰ! ਕਦੇ ਮੈਨੂੰ ਵੀ ਸੁਣ ਲਿਆ ਕਰ...।’’
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
Add a review