ਘਰੇਲੂ ਵੰਡ ਸਮੇਂ ਵਿਹੜੇ ਵਿਚ ਸਾਂਝੀ ਕੰਧ ਕੱਢਣ ਉਪਰੰਤ ਦੋ ਭਰਾਵਾਂ 'ਚ ਫੇਰ ਵੀ ਆਪਸੀ ਤੂੰ-ਤੂੰ...ਮੈਂ-ਮੈਂ ਹੁੰਦੀ ਰਹਿੰਦੀ ਅਤੇ ਇਕ ਦਿਨ ਖੇਤ 'ਚ ਜੀਰੀ ਨੂੰ ਕੱਸੀ ਦਾ ਪਾਣੀ ਲਾਉਣ ਸੰਬੰਧੀ ਕਾਫੀ ਰੱਫੜ ਪੈ ਗਿਆ ਸੀ। ਮਾਪਿਆਂ ਅਤੇ ਪਤਵੰਤੇ ਆਗੂਆਂ ਵਲੋਂ ਕਾਫ਼ੀ ਸਮਝਾਉਣ ਤੇ ਵੱਡਾ ਭਰਾ ਤਾਂ ਚੁੱਪ ਕਰ ਗਿਆ ਸੀ ਪ੍ਰੰਤੂ ਗਰਮ ਸੁਭਾਅ ਦੇ ਮਾਲਕ ਛੋਟੇ ਉੱਪਰ ਇਸ ਗੱਲ ਦਾ ਕੋਈ ਵੀ ਅਸਰ ਨਾ ਹੋਇਆ।
ਏਸੇ ਮਸਲੇ ਨੂੰ ਲੈ ਕੇ ਇਕ ਦਿਨ ਛੋਟੇ ਭਰਾ ਨੇ ਬੂਹੇ ਮੂਹਰ ਦੀ ਲੰਘ ਰਹੇ ਆਪਣੇ ਭਰਾ ਉੱਪਰ ਬੇਸਬਾਲ ਨਾਲ ਜ਼ੋਰਦਾਰ ਹਮਲਾ ਕਰਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ ਜਿਸ ਦੌਰਾਨ ਉਸ ਦੀ ਸੱਜੀ ਬਾਂਹ ਕੂਹਣੀ ਕੋਲੋਂ ਟੁੱਟ ਗਈ ਸੀ ਅਤੇ ਬੁਰੀ ਤਰ੍ਹਾਂ ਪਾਟੇ ਹੋਏ ਸਿਰ 'ਚੋਂ ਜ਼ਿਆਦਾ ਖ਼ੂਨ ਵਹਿ ਰਿਹਾ ਸੀ। ਹਸਪਤਾਲ ਵਿਚ ਪਹੁੰਚ ਜਾਣ ਤੇ ਡਾਕਟਰ ਨੇ ਉਸ ਦੇ ਸਿਰ 'ਚ 13-14 ਟਾਂਕੇ ਲਾਏ ਅਤੇ ਬਾਂਹ ਤੇ ਪਲਾਸਤਰ ਕਰ ਦਿੱਤਾ ਸੀ ਅਤੇ ਉਸ ਨੂੰ ਕੁਝ ਦਿਨ ਅਰਾਮ ਕਰਨ ਲਈ ਕਹਿ ਦਿੱਤਾ ਸੀ। ਛੋਟੇ ਭਰਾ ਹੱਥੋਂ ਮਾਰ ਖਾ ਕੇ ਵੀ ਵੱਡਾ ਭਰਾ ਚੁੱਪ ਰਿਹਾ।
ਅਜੇ ਇਸ ਘਟਨਾ ਵਾਪਰੀ ਨੂੰ ਤਿੰਨ-ਚਾਰ ਦਿਨ ਹੀ ਹੋਏ ਸਨ ਕਿ ਉਹ ਵਿਹੜੇ 'ਚ ਜ਼ਖਮੀ ਹਾਲਤ ਦੌਰਾਨ ਨਿੰਮ ਦੀ ਛਾਂ ਹੇਠ ਮੰਜੀ ਡਾਹ ਕੇ ਅਰਾਮ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਮਾਸੂਮ ਭਤੀਜਾ ਮਾਪਿਆਂ ਦਾ ਇਕਲੌਤਾ ਬੇਟਾ ਨਿੱਕੂ, ਪਤੰਗਬਾਜ਼ੀ ਕਰਦਾ-ਕਰਦਾ ਧੜੰਮ ਦੇਣੇਂ ਉਨ੍ਹਾਂ ਦੇ ਵਿਹੜੇ 'ਚ ਆ ਡਿੱਗਿਆ। ਉਹ ਅੰਦਰੂਨੀ ਗਹਿਰੀ ਸੱਟ ਲਾਗ ਜਾਣ ਕਾਰਨ ਬੇਹੋਸ਼ ਹੋ ਗਿਆ ਸੀ।
ਵੱਡੇ ਭਰਾ ਨੇ ਆਪਣੀ ਟੁੱਟੀ ਹੋਈ ਬਾਂਹ ਅਤੇ ਸਿਰ ਦੇ ਅੱਲ੍ਹੇ-ਅੱਲ੍ਹੇ ਜ਼ਖਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਭਤੀਜੇ ਨੂੰ ਚੁੱਕਿਆ ਅਤੇ ਆਪਣੀ ਕਾਰ ਤੇ ਉਸ ਨੂੰ ਉਸੇ ਹਸਪਤਾਲ ਲੈ ਗਿਆ ਜਿੱਥੋਂ ਉਸ ਦਾ ਇਲਾਜ ਚੱਲ ਰਿਹਾ ਸੀ। ਡਾਕਟਰ ਵਲੋਂ ਜ਼ਖਮੀ ਬੱਚੇ ਦੇ ਬਾਕੀ ਇਲਾਜ ਤੋਂ ਇਲਾਵਾ ਖ਼ੂਨ ਲਗਾਉਣ ਦੀ ਮੰਗ ਕੀਤੀ ਜਾਣ ਤੇ ਉਸ ਨੇ ਆਪਣੇ 'ਚੋਂ ਤੁਰੰਤ ਹੀ ਖ਼ੂਨ ਦੀ ਯੂਨਿਟ ਕਢਵਾ ਕੇ ਆਪਣੇ ਭਤੀਜੇ ਦੀ ਜਾਨ ਬਚਾਅ ਲਈ ਸੀ।
ਨਿੱਕੂ ਦੇ ਸੱਟ ਲੱਗਣ ਸਮੇਂ ਉਸ ਦੇ ਮੰਮੀ-ਡੈਡੀ ਘਰ ਨਹੀਂ ਸਨ। ਭਾਵੇਂ ਉਨ੍ਹਾਂ ਨੂੰ ਕਿਸੇ ਵਲੋਂ ਫੋਨ 'ਤੇ ਸੂਚਨਾ ਤਾਂ ਦੇ ਦਿੱਤੀ ਗਈ ਸੀ ਪਰ ਜ਼ਿਆਦਾ ਦੂਰ ਗਏ ਹੋਣ ਕਾਰਨ ਉਹ ਜਲਦੀ ਵਾਪਸ ਨਾ ਪਰਤ ਸਕੇ ਉਹ ਜੋ ਕਾਫੀ ਦੇਰ ਬਾਅਦ ਘਰ ਆਏ।
ਨਿੱਕੂ ਦੇ ਡੈਡੀ ਦੇ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਉਸ ਨੂੰ ਦੱਸਿਆ ਕਿ ਜੇਕਰ ਤੁਹਾਡਾ ਬੱਚਾ ਇਲਾਜ ਲਈ ਸਮੇਂ ਸਿਰ ਨਾ ਪਹੁੰਚਦਾ ਤਾਂ ਉਸਦੀ ਜ਼ਿੰਦਗੀ ਖਤਰੇ ਤੋਂ ਖਾਲੀ ਨਹੀਂ ਸੀ। ਜਦ ਉਹ ਹਸਪਤਾਲ ਨਿੱਕੂ ਵਾਲੇ ਕਮਰੇ 'ਚ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਦੀ ਨਿਗ੍ਹਾ ਆਪਣੇ ਭਰਾ ਦੇ ਸਰੀਰ ਉੱਪਰਲੇ ਅੱਲੇ-ਅੱਲੇ ਜ਼ਖ਼ਮਾਂ ਤੇ ਜਾ ਪਈ ਸੀ।
ਉਪਰੰਤ ਛੋਟੇ ਭਰਾ ਨੇ ਨਿੱਕੂ ਨੂੰ ਬੁੱਕਲ 'ਚ ਲੈਣ ਤੋਂ ਪਹਿਲਾਂ ਆਪਣੇ ਵੱਡੇ ਭਰਾ ਦੇ ਗਲ ਨੂੰ ਗਲਵਕੜੀ ਪਾਉਂਦਿਆਂ ਉਸ ਨੂੰ ਘੁੱਟ ਕੇ ਕਲਾਵੇ 'ਚ ਲੈ ਲਿਆ ਸੀ ਅਤੇ ਵੱਡੇ ਭਰਾ ਨੇ ਵੀ ਜਿਉਂ ਹੀ ਆਪਣੇ ਛੋਟੇ ਭਰਾ ਨੂੰ ਮੋੜਵੀਂ ਗਲਵਕੜੀ ਪਾਈ ਤਾਂ ਉਸ ਦੀ ਧਾਅ ਨਿਕਲ ਗਈ ਸੀ ਛੋਟਾ ਭਰਾ ਅੰਦਰੋਂ-ਅੰਦਰੀ ਆਪਣੇ ਕੀਤੇ ਹੋਏ ਵਾਧੇ ਉੱਪਰ ਪਛਤਾਵਾ ਕਰ ਰਿਹਾ ਸੀ।
ਉਸ ਦੀਆਂ ਅੱਖਾਂ 'ਚੋਂ ਤਰਿੱਪ-ਤਰਿੱਪ ਕਰਦੇ ਹੋਏ ਅੱਥਰੂ ਸਾਉਣ ਦੀ ਝੜੀ ਵਾਂਗ ਵਹਿ ਰਹੇ ਸਨ ਅਤੇ ਨਾਲੋ-ਨਾਲ ਉਹ ਸੋਚ ਰਿਹਾ ਸੀ ਕਿ ਬਾਪੂ ਉਸ ਦਿਨ ਸੱਚ ਹੀ ਕਹਿੰਦਾ ਸੀ, ਕਿ ਵਕਤ ਪੈਣ ਤੇ ਆਪਣੀਆਂ ਹੀ ਭੱਜੀਆਂ ਬਾਹਵਾਂ ਗਲ ਨੂੰ ਆਉਂਦੀਆਂ ਹੁੰਦੀਆਂ ਹਨ। ਉਸ ਨੇ ਉਸੇ ਸ਼ਾਮ ਨੂੰ ਹੀ ਵਾਪਸ ਘਰ ਪਰਤ ਕੇ ਵਿਹੜੇ ਵਿਚ ਕੱਢੀ ਹੋਈ ਸਾਂਝੀ ਕੰਧ ਦਾ ਨਾਮੋ-ਨਿਸ਼ਾਨ ਮਿਟਾ ਕੇ ਦੋ ਘਰਾਂ ਨੂੰ ਦੁਬਾਰਾ ਫੇਰ ਏਕਤਾ ਦੀ ਸਾਂਝ ਦੇ ਰੂਪ ਵਿਚ ਬਦਲ ਦਿੱਤਾ।
Add a review