ਅਮਰੀਕਾ ਦੇ ਸੋਲ੍ਹਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਇਕ ਦਿਨ ਸ਼ਾਮੀਂ ਆਪਣੀ ਪਤਨੀ ਨਾਲ ਸੈਰ ਕਰ ਰਹੇ ਸਨ। ਰਸਤੇ ਵਿਚ ਉਨ੍ਹਾਂ ਨੂੰ ਕਈ ਲੋਕ ਮਿਲੇ। ਸਭ ਨੇ ਉਨ੍ਹਾਂ ਨੂੰ ਦੁਆ ਸਲਾਮ ਕਹੀ। ਕੁਝ ਲੋਕਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ। ਉਨ੍ਹਾਂ ਦੇ ਨਿਵਾਰਨ ਲਈ ਬੇਨਤੀ ਕੀਤੀ। ਥੋੜ੍ਹੀ ਦੂਰ ਅੱਗੇ ਗਏ ਤਾਂ ਉਨ੍ਹਾਂ ਨੂੰ ਇਕ ਬੁੱਢਾ ਜ਼ਿਮੀਂਦਾਰ ਨਜ਼ਰੀਂ ਪਿਆ।
ਉਸ ਦੇ ਮੋਢਿਆਂ 'ਤੇ ਇਕ ਭਾਰੀ ਗਠੜੀ ਚੁੱਕੀ ਹੋਈ ਸੀ। ਉਸ ਦੀ ਕਮਰ ਝੁੱਕੀ ਹੋਈ ਸੀ ਅਤੇ ਪਸੀਨਾ ਚੋਅ ਰਿਹਾ ਸੀ। ਜ਼ਿਮੀਂਦਾਰ ਲਿੰਕਨ ਅਤੇ ਉਸ ਦੀ ਪਤਨੀ ਮੂਹਰਿਓਂ ਲੰਘ ਗਿਆ। ਉਸ ਨੇ ਉਨ੍ਹਾਂ ਨੂੰ ਕੋਈ ਦੁਆ ਸਲਾਮ ਨਾ ਕੀਤੀ। ਪਤਨੀ ਨੇ ਲਿੰਕਨ ਨੂੰ ਕਿਹਾ, ਕਿਸ ਤਰਾਂ ਦਾ ਉਜੱਡ ਹੈ ਇਹ ਕਿਸਾਨ, ਸਾਨੂੰ ਸਲਾਮ ਵੀ ਨਹੀਂ ਆਖੀ।
ਲਿੰਕਨ ਨੇ ਆਪਣੀ ਪਤਨੀ ਨੂੰ ਕਿਹਾ, ਦੁਆ ਸਲਾਮ ਦੇ ਅਧਿਕਾਰੀ ਅਸੀਂ ਨਹੀਂ ਹਾਂ ਸਗੋਂ ਉਹ ਕਿਸਾਨ ਹੈ, ਜੋ ਸਖ਼ਤ ਮਿਹਨਤ ਕਰਕੇ ਖੇਤਾਂ ਵਿਚ ਅੰਨ ਪੈਦਾ ਕਰਦਾ ਹੈ, ਜਿਸ ਨਾਲ ਲੋਕਾਂ ਦੇ ਖਾਣ ਲਈ ਆਨਾਜ ਦੀ ਪੂਰਤੀ ਹੁੰਦੀ ਹੈ। ਲਿੰਕਨ ਦੀ ਪਤਨੀ ਨੇ ਪਤੀ ਨਾਲ ਸਹਿਮਤੀ ਪ੍ਰਗਟਾਈ।
ਉਹ ਦੋਵੇਂ ਉਸ ਕਿਸਾਨ ਦੇ ਪਿੱਛੇ ਪਿੱਛੇ ਤੁਰ ਪਏ। ਉਨ੍ਹਾਂ ਕਾਹਲੀ ਕਦਮਾਂ ਨਾਲ ਤੁਰ ਕੇ ਕਿਸਾਨ ਨੂੰ ਰੋਕ ਲਿਆ ਅਤੇ ਉਸ ਦਾ ਬਣਦਾ ਮਾਣ ਸਨਮਾਨ ਕੀਤਾ।
Add a review