ਹੋਲੀ ਦਾ ਤਿਉਹਾਰ ਖ਼ੁਸ਼ੀ ਤੇ ਭਾਈਚਾਰੇ ਦਾ ਤਿਉਹਾਰ ਹੈ। ਲੋਕ ਇਕ-ਦੂਜੇ 'ਤੇ ਰੰਗ ਪਾ ਕੇ ਚਿਹਰੇ 'ਤੇ ਗੁਲਾਲ ਲਗਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਕ-ਦੂਜੇ 'ਤੇ ਰੰਗ ਪਾਉਂਦੇ ਸਮੇਂ ਤੇ ਚਿਹਰੇ 'ਤੇ ਗੁਲਾਲ ਲਗਾਉਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਹ ਅੱਖਾਂ ਵਿਚ ਨਾ ਚਲਿਆ ਜਾਵੇ। ਚੰਗੀ ਗੁਣਵੱਤਾ ਵਾਲੇ ਰੰਗ ਤੇ ਗੁਲਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਚਮੜੀ ਨੂੰ ਕਿਸੇ ਤਰ੍ਹਾਂ ਦਾ ਨਕੁਸਾਨ ਨਾ ਪਹੁੰਚੇ। ਕੁਦਰਤੀ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਟੇਸੂ ਦੇ ਫੁੱਲਾਂ ਦਾ ਤਰਲ ਰੰਗ ਅਤੇ ਅਰਾਰੋਟ ਦਾ ਗੁਲਾਲ। ਗੁਲਾਲ ਵਿਚ ਥੋੜ੍ਹਾ ਇਤਰ ਪਾ ਕੇ ਇਸ ਨੂੰ ਹੋਰ ਮਨਮੋਹਕ ਤੇ ਵਧੀਆ ਬਣਾਇਆ ਜਾ ਸਕਦਾ ਹੈ।
ਪੱਕੇ ਰੰਗ, ਪੇਂਟ ਤੇ ਘਟੀਆ ਗੁਲਾਲ ਚਮੜੀ ਦੇ ਸੰਪਰਕ ਵਿਚ ਆਉਂਦਿਆਂ ਹੀ ਪ੍ਰਤੀਕਿਰਿਆ ਕਰਦੇ ਹਨ ਅਤੇ ਵਿਅਕਤੀ ਐਲਰਜੀ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਰੰਗ ਰੋਮਾਂ ਦੇ ਸੁਰਾਖਾਂ ਰਾਹੀਂ ਚਮੜੀ ਵਿਚ ਦਾਖਲ ਹੋ ਜਾਂਦੇ ਹਨ। ਇਹ ਰੰਗ ਜਦੋਂ ਤੱਕ ਚਮੜੀ ਨਾਲ ਚਿਪਕੇ ਰਹਿਣਗੇ, ਉਦੋਂ ਤੱਕ ਕੈਮੀਕਲ ਦੇ ਕਾਰਨ ਚਮੜੀ ਦੇ ਉਸ ਹਿੱਸੇ ਨੂੰ ਨੁਕਸਾਨ ਪਹੁੰਚਦਾ ਰਹੇਗਾ। ਸਿਲਵਰ ਪੇਂਟ ਕਾਫੀ ਹਾਨੀਕਾਰਕ ਹੁੰਦੇ ਹਨ ਜਿਸ ਕਾਰਨ ਚਮੜੀ ਦੀ ਐਲਰਜੀ ਦੇ ਨਾਲ ਸਾਹ ਦੀ ਐਲਰਜੀ ਤੇ ਦਮਾ ਵੀ ਹੋ ਸਕਦਾ ਹੈ। ਕੱਪੜਾ ਰੰਗਣ ਵਾਲੇ ਰੰਗਾਂ ਵਿਚ ਮੌਜੂਦ ਸੀਸਾ ਖੂਨ ਵਿਚ ਪਹੁੰਚ ਕੇ ਕਾਫ਼ੀ ਸਮੇਂ ਤੱਕ ਨੁਕਸਾਨ ਪਹੁੰਚਾਉਂਦਾ ਹੈ। ਵਰਤੋ ਸਾਵਧਾਨੀਆਂ : ਪੂਰੀ ਬਾਂਹ ਦੀ ਕਮੀਜ਼, ਪੈਂਟ, ਪੈਰਾਂ ਵਿਚ ਜੁਰਾਬਾਂ ਅਤੇ ਸਿਰ 'ਤੇ ਟੋਪੀ ਪਾ ਕੇ ਹੀ ਹੋਲੀ ਖੇਡੋ।
ਹੋਲੀ ਖੇਡਣ ਤੋਂ ਪਹਿਲਾਂ ਸਿਰ ਅਤੇ ਸਰੀਰ 'ਤੇ ਤੇਲ ਜਾਂ ਵੈਸਲੀਨ ਲਗਾ ਲੈਣੀ ਚਾਹੀਦੀ ਹੈ ਤਾਂ ਕਿ ਰੋਮ-ਸੁਰਾਖਾਂ ਰਾਹੀਂ ਰੰਗ ਤੇ ਗੁਲਾਲ ਚਮੜੀ ਵਿਚ ਨਾ ਦਾਖਲ ਹੋ ਸਕਣ। ਹੋਲੀ ਖੇਡਣ ਤੋਂ ਬਾਅਦ ਰੰਗ ਨਾਲ ਰੰਗੇ ਕੱਪੜਿਆਂ ਨੂੰ ਜਲਦੀ ਬਦਲ ਲਓ ਕਿਉਂਕਿ ਰੰਗੇ ਕੱਪੜੇ ਜਿੰਨੇ ਸਮੇਂ ਤੱਕ ਚਮੜੀ ਨਾਲ ਚਿਪਕੇ ਵਿਚ ਰਹਿਣਗੇ, ਓਨਾ ਹੀ ਨੁਕਸਾਨ ਪਹੁੰਚੇਗਾ। ਅਰਾਰੋਟ ਤੋਂ ਬਣੇ ਗੁਲਾਲ ਤੇ ਟੇਸੂ ਦੇ ਫੁੱਲਾਂ ਨਾਲ ਬਣੇ ਕੁਦਰਤੀ ਰੰਗਾਂ ਨਾਲ ਹੀ ਹੋਲੀ ਖੇਡੋ। ਇਹ ਰੰਗ ਤੇ ਗੁਲਾਲ ਵੱਡੇ ਤੇ ਬੱਚੇ ਸਾਰਿਆਂ ਲਈ ਸੁਰੱਖਿਅਤ ਹੁੰਦੇ ਹਨ। ਜੇਕਰ ਹੋਲੀ ਖੇਡਦੇ ਸਮੇਂ ਰੰਗ ਜਾਂ ਗੁਲਾਲ ਲਗਾਉਂਦੇ ਹੀ ਸੜਨ ਮਹਿਸੂਸ ਹੋਵੇ ਤਾਂ ਤੁਰੰਤ ਕਿਸੇ ਮੁਲਾਇਮ ਕੱਪੜੇ ਨਾਲ ਚਮੜੀ ਸਾਫ਼ ਕਰਕੇ ਧੋ ਲਓ।
ਜੇਕਰ ਹੋਲੀ ਖੇਡਦੇ ਸਮੇਂ ਸਰੀਰ 'ਤੇ ਰੈਸ਼ ਉੱਭਰ ਆਏ ਹਨ ਜਾਂ ਖਾਰਸ਼ ਹੋਣ ਲੱਗੀ ਹੈ ਤਾਂ ਚਮੜੀ ਰੋਗ ਮਾਹਿਰ ਨੂੰ ਮਿਲ ਕੇ ਦਵਾਈ ਲਓ। ਅੱਖਾਂ ਦਾ ਬਚਾਅ : ਹੋਲੀ ਦੇ ਨਕਲੀ ਘਟੀਆ ਰੰਗਾਂ ਨਾਲ ਸਭ ਤੋਂ ਜ਼ਿਆਦਾ ਅੱਖਾਂ ਨੂੰ ਨੁਕਸਾਨ ਪਹੁੰਚਣ ਦਾ ਡਰ ਹੁੰਦਾ ਹੈ, ਇਸ ਲਈ ਘਟੀਆ ਰੰਗਾਂ, ਖਿੱਚ-ਧੂਹ ਅਤੇ ਰੰਗ ਭਰੇ ਗੁਬਾਰੇ ਆਦਿ ਤੋਂ ਬਚਣਾ ਚਾਹੀਦਾ ਹੈ। ਬੱਚਿਆਂ ਨੂੰ ਹਮੇਸ਼ਾ ਚੰਗੀ ਕੁਆਲਿਟੀ ਦੇ ਰੰਗ-ਗੁਲਾਲ ਤੇ ਪਿਚਕਾਰੀ ਦੇਣੀ ਚਾਹੀਦੀ ਹੈ। ਕੁਦਰਤੀ ਰੰਗਾਂ ਨਾਲ ਹੋਲੀ ਖੇਡਣੀ ਚਾਹੀਦੀ ਹੈ। ਵਾਰਨਿਸ਼ ਜਾਂ ਪੇਟ ਦੇ ਅੱਖਾਂ ਵਿਚ ਚਲੇ ਜਾਣ ਨਾਲ ਉਨ੍ਹਾਂ 'ਚ ਮੌਜੂਦ ਅਲਕੋਹਲ ਕਾਰਨ ਵੀ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ, ਇਸ ਲਈ ਇਨ੍ਹਾਂ ਨਾਲ ਹੋਲੀ ਖੇਡਣ ਤੋਂ ਬਚਣਾ ਚਾਹੀਦਾ ਹੈ।
Add a review