ਮੈਂ ਜਦੋਂ ਤੋਂ ਹੋਸ਼ ਸੰਭਾਲੀ, ਉਦੋਂ ਤੋਂ ਹੀ ਆਪਣੀ ਸੁੱਘੜ-ਸਿਆਣੀ ਮਾਂ ਨੂੰ ਇਹੀ ਕਹਿੰਦੇ ਸੁਣਿਆ ਕਿ ਚਾਦਰ ਦੇਖ ਕੇ ਪੈਰ ਪਸਾਰੀ ਦੇ ਨੇ। ਮਾਂ ਦੀ ਇਹ ਨਸੀਹਤ ਬਚਪਨ ਤੋਂ ਲੈ ਕੇ ਅੱਜ ਤਕ ਮੇਰੀ ਰਾਹ ਦਸੇਰੀ ਰਹੀ ਹੈ। ਮਾਂ ਦੇ ਇਸ ਮਸ਼ਵਰੇ ਨੇ ਮੈਨੂੰ ਕਈ ਵਾਰ ਜ਼ਿੰਦਗੀ ਦੇ ਦੁਸ਼ਵਾਰ ਰਾਹਾਂ ’ਚੋਂ ਹੱਥ ਫੜ ਕੇ ਬਾਹਰ ਕੱਢਿਆ ਹੈ। ਅਤੀਤ ’ਤੇ ਜੇ ਝਾਤ ਮਾਰਦੀ ਹਾਂ ਤਾਂ ਯਾਦ ਆਉਂਦੀ ਹੈ ਬਚਪਨ ਤੋਂ ਲੈ ਕੇ ਜਵਾਨੀ ਤਕ ਦੀ ਹੋਸਟਲ ’ਚ ਬਿਤਾਈ ਉਹ ਜ਼ਿੰਦਗੀ ਜਿੱਥੇ ਵੱਡੇ ਜਗੀਰਦਾਰਾਂ ਦੀਆਂ ਧੀਆਂ ਮੇਰੀਆਂ ਦੋਸਤ ਸਨ, ਜੋ ਅੱਜ ਵੀ ਹਨ। ਉਸ ਅੱਲ੍ਹੜਪੁਣੇ ’ਚ ਵੀ ਮੈਨੂੰ ਇਹ ਅਹਿਸਾਸ ਸੀ ਕਿ ਮੇਰੇ ਅਧਿਆਪਕ ਮਾਪੇ ਬੜੀਆਂ ਔਖਾਂ ਝੱਲ ਕੇ ਆਪਣੀ ਨੇਕ ਕਮਾਈ ਨਾਲ ਮੈਨੂੰ ਪੜ੍ਹਾ ਰਹੇ ਹਨ।
ਜ਼ਿੰਦਗੀ ਦੇ ਰਾਹ ’ਤੇ ਤੁਰਦਿਆਂ ਮੈਂ ਵੀ ਮਾਂ ਬਣੀ। ਮੈਂ ਆਪਣੀਆਂ ਧੀਆਂ ਨੂੰ ਮਾਂ ਦੀ ਇਸ ਸਿੱਖਿਆ ਦੇ ਨਾਲ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਚਾਹੀਦਾ ਹੈ ਤੇ ਉਹ ਮਕਸਦ ਲੋਕ ਭਲਾਈ ਨਾਲ ਸਬੰਧਤ ਹੋਣਾ ਚਾਹੀਦਾ ਹੈ। ਦੂਸਰਿਆਂ ਦੇ ਕੰਮ ਆਉਣ ਤੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਭਾਵਨਾ ਮੈਂ ਬਚਪਨ ’ਚ ਹੀ ਉਨ੍ਹਾਂ ਦੇ ਅੰਦਰ ਭਰ ਦਿੱਤੀ ਸੀ। ਪਰ ਅੱਜ ਜਦੋਂ ਮੈਂ ਆਪਣੇ ਆਲੇ-ਦੁਆਲੇ ਝਾਤ ਮਾਰਦੀ ਹਾਂ ਤਾਂ ਬੜੀ ਮਾਯੂਸੀ ਹੁੰਦੀ ਹੈ। ਕਈ ਵਾਰ ਤਾਂ ਇੰਜ ਲੱਗਦਾ ਜਿਵੇਂ ਮਾਂ ਵੱਲੋਂ ਮਿਲੀਆਂ ਸਿੱਖਿਆਵਾਂ ਹੁਣ ਵੇਲਾ ਵਿਹਾ ਚੁੱਕੀਆਂ ਹੋਣ।
ਕੀ ਇਸ ਹਰ ਪਲ ਬਦਲ ਰਹੇ ਨਵੇਂ ਯੁੱਗ ਦੇ ਹਾਣੀ ਹੋਣ ਲਈ ਸਾਨੂੰ ਹੁਣ ਕੋਈ ਨਵੇਂ ਜੀਵਨ ਮੁੱਲ ਜਾਂ ਅਸੂਲ ਘੜਨੇ ਪੈਣਗੇ? ਨਹੀਂ, ਨਹੀਂ! ਪੁਰਖਿਆਂ ਤੋਂ ਮਿਲੇ ਨੈਤਿਕ ਮੁੱਲ ਤਾਂ ਸਦੀਆਂ ਦਾ ਨਿਚੋੜ ਨੇ, ਇਹ ਵਕਤ ਨਾਲ ਕਦਾਚਿਤ ਬਦਲ ਨਹੀਂ ਸਕਦੇ। ਕਾਲਜ ਵਿਚ ਪ੍ਰਿੰਸੀਪਲ ਦੀ ਕੁਰਸੀ ’ਤੇ ਬੈਠ ਕੇ ਦਾਖ਼ਲੇ ਦੇ ਦਿਨਾਂ ਵਿਚ ਮੇਰੀ ਸੋਚ ਵਾਰ-ਵਾਰ ਮੈਨੂੰ ਪਰੇਸ਼ਾਨ ਕਰਦੀ ਹੈ। ਗਰੀਬੜੇ ਜਿਹੇ ਲੱਗਦੇ ਮਾਪੇ ਜਦੋਂ ਆਪਣੀ ਧੀ ਦਾ ਦਾਖ਼ਲਾ ਕਰਵਾਉਣ ਆਉਂਦੇ ਨੇ ਤਾਂ ਉਨ੍ਹਾਂ ਦੀ ਵਿਚਾਰਗੀ ਦੇਖ ਕੇ ਮੈਂ ਉਨ੍ਹਾਂ ਦੇ ਕਹਿਣ ਤੋਂ ਪਹਿਲਾਂ ਹੀ ਬੱਚੀਆਂ ਦੀ ਫ਼ੀਸ ਦੇਣ ਵਾਲੇ ਦਾਨੀ ਸੱਜਣਾਂ ਨੂੰ ਫੋਨ ਮਿਲਾ ਕੇ ਵਾਸਤੇ ਪਾਉਣ ਲੱਗ ਜਾਂਦੀ ਹਾਂ। ਬਹੁਤ ਸਾਰੇ ਸੁਹਿਰਦ ਇਨਸਾਨ ਸਾਡੇ ਨਾਲ ਜੁੜੇ ਹੋਏ ਹਨ ਜੋ ਲੋੜਵੰਦ ਤੇ ਹੋਣਹਾਰ ਧੀਆਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਕਰਨ ਲਈ ਮੇਰੀਆਂ ਬਾਹਾਂ ਬਣ ਕੇ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਹਨ। ਕਿਸੇ ਬੱਚੀ ਦੀ ਫ਼ੀਸ ਦਾ ਇੰਤਜ਼ਾਮ ਹੋਣ ’ਤੇ ਰੂਹ ਨੂੰ ਬੜੀ ਤਸੱਲੀ ਮਿਲਦੀ ਹੈ।
ਪਰ ਜਦੋਂ ਬੱਚੀਆਂ ਨੂੰ ਦੇਖਦੀ ਹਾਂ ਤਾਂ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਵਿਰੋਧਾਭਾਸ ਨਜ਼ਰੀਂ ਪੈਂਦਾ ਹੈ। ਭਰਮ ਭਰੇ ਜਗਤ ਵਿਚ ਵਿਚਰਦੇ ਇਨ੍ਹਾਂ ਬੱਚਿਆ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ। ਕੈਨੇਡਾ ਦੀ ਪਰਾਈ ਧਰਤੀ ਲਈ ਜਦੋਂ ਮੇਰੀ ਵੱਡੀ ਧੀ ਨੇ ਪਹਿਲੀ ਵਾਰ ਉਡਾਣ ਭਰਨੀ ਸੀ ਤਾਂ ਮੈਂ ਉਦਾਸ ਮਨ ਨਾਲ ਇਨ੍ਹਾਂ ਨਸੀਹਤਾਂ ਨੂੰ ਹੋਰ ਵੀ ਪੱਕਿਆਂ ਕਰਦੀ ਰਹਿੰਦੀ ਸੀ। ਕਿਉਂਕਿ ਸੁਣਿਆ ਸੀ ਕਿ ਪਰਾਈ ਧਰਤੀ ’ਤੇ ਤਾਂ ਕਹਿੰਦੇ ਆ ਕਿ ਖ਼ੂੁਨ ਦੇ ਰਿਸ਼ਤੇ ਵੀ ਸਫ਼ੈਦ ਹੋ ਜਾਦੇ ਨੇ। ਉੱਥੇ ਤਾਂ ਬੱਚਿਆਂ ਨੂੰ ਕੋਈ ਸਮਝਾਉਣ ਵਾਲਾ ਵੀ ਨਹੀਂ ਹੁੰਦਾ। ਇਕ ਘਟਨਾ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗੀ। ਮੇਰਾ ਕੋਈ ਬਹੁਤ ਹੀ ਕਰੀਬੀ ਰਿਸ਼ਤੇਦਾਰ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ 'ਚ ਬੇਸਮੈਂਟ ਵਿਚ ਰਹਿ ਰਿਹਾ ਸੀ। ਉਸ ਰਿਸ਼ਤੇਦਾਰ ਨੇ ਘਰ ਖਰੀਦਣ ਲਈ ਮੇਰੀ ਧੀ ਤੋਂ ਕੁਝ ਸਰਮਾਇਆ ਉਧਾਰ ਵਜੋਂ ਮੰਗਿਆ। ਮੇਰੀ ਧੀ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਤਕਲੀਫ਼ ਵਿਚ ਕਿਵੇਂ ਦੇਖ ਸਕਦੀ ਸੀ।
ਜੋ ਵੀ ਉਸ ਦੀ ਸੱਚੀ-ਸੁੱਚੀ ਕਮਾਈ ਉਸ ਵੇਲੇ ਉਸ ਕੋਲ ਸੀ, ਉਸ ਨੇ ਇਸ ਆਸ ਨਾਲ ਕਿ ਜਦੋਂ ਉਹ ਘਰ ਖ਼ਰੀਦੇਗੀ, ਉਦੋਂ ਪੈਸੇ ਵਾਪਸ ਮਿਲ ਜਾਣਗੇ, ਸੋਚ ਕੇ ਖੁੱਲ੍ਹਦਿਲੀ ਨਾਲ ਉਸ ਦੀ ਮਦਦ ਕਰ ਦਿੱਤੀ। ਡੇਢ ਸਾਲ ਬਾਅਦ ਜਦੋਂ ਉਸ ਨੇ ਘਰ ਖ਼ਰੀਦਣਾ ਸੀ ਤਾਂ ਪੈਸੇ ਵਾਪਸ ਮੰਗਣ ’ਤੇ ‘ਕਿਹੜੇ ਪੈਸੇ’ ਦਾ ਜਵਾਬ ਸੁਣ ਕੇ ਉਹ ਸੁੰਨ ਹੀ ਹੋ ਗਈ। ਜ਼ਮੀਨੀ ਹਕੀਕਤ ਨੂੰ ਭੁੱਲ ਕੇ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਗੁਆਚਣਾ ਬਹੁਤ ਤਕਲੀਫ਼ਦੇਹ ਹੁੰਦਾ ਹੈ। ਆਪਣੀ ਸੱਭਿਅਤਾ, ਆਪਣੇ ਸੱਭਿਆਚਾਰ ਤੇ ਨੈਤਿਕ ਮੁੱਲਾਂ ਨੂੰ ਨਜ਼ਰਅੰਦਾਜ਼ ਕਰਨਾ ਮੇਰੀ ਜਾਚੇ ਬਾਅਦ ’ਚ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਅਕਲ ਨੂੰ ਅਲਵਿਦਾ ਕਹਿ ਕੇ ਮਹਿੰਗੇ ਪਰਸ, ਮਹਿੰਗੀਆਂ ਜੁੱਤੀਆਂ, ਵੱਡੀਆ ਕਾਰਾਂ ਆਪਣੀ ਸਮਰੱਥਾ ਤੋਂ ਵੱਡੇ ਘਰ, ਥੋੜ੍ਹਚਿਰੀ ਖ਼ੁਸ਼ੀ ਤਾਂ ਦਿੰਦੇ ਹਨ ਪਰ ਜ਼ਮੀਰ ਮਰਨ ਦਾ ਕਾਰਨ ਵੀ ਬਣਦੇ ਹਨ। ਮੈਂ ਇਹ ਨਹੀਂ ਕਹਿੰਦੀ ਕਿ ਚਾਵਾਂ ਦਾ ਕਤਲ ਕਰ ਕੇ ਜੀਓ, ਰੀਝਾਂ ਨੂੰ ਦਫਨ ਕਰ ਕੇ ਜੀਣਾ ਸਿੱਖੋ। ਮੈਂ ਇਹ ਵੀ ਨਹੀਂ ਕਹਿੰਦੀ ਕਿ ਫੈਸ਼ਨ ਨਾ ਕਰੋ, ਪਰ ਫੈਸ਼ਨ ਦੀ ਅੰਨ੍ਹੀ ਦੌੜ ਵਿਚ ਆਪਣੇ ਧਰਾਤਲ ਤੋਂ ਉੱਖੜੋ ਤਾਂ ਨਾ।
ਖਾਹਿਸ਼ਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੁੰਦਾ। ਹਾਂ, ਵੱਡੇ ਘਰ ਦੇ ਸੁਪਨੇ ਤਾਂ ਦੇਖੋ ਪਰ ਉਨ੍ਹਾਂ ਸੁਪਨਿਆਂ ਦੀ ਪੂਰਤੀ ਲਈ ਪਹਿਲਾਂ ਆਪਣੇ-ਆਪ ਨੂੰ ਉਨ੍ਹਾਂ ਦੇ ਹਾਣ ਦਾ ਬਣਾਓ। ਮੈਂ ਹੈਰਾਨ ਹਾਂ ਕਿ ਇਸ ਤਰ੍ਹਾਂ ਦੀ ਭਟਕਣ ਵਾਲੇ ਲੋਕ ਦਿਮਾਗ ’ਚ ਇਹ ਕਿਉਂ ਨਹੀਂ ਬਿਠਾ ਕੇ ਰੱਖਦੇ ਕਿ ਸਾਨੂੰ ਕੀ ਚਾਹੀਦੈ ਤੇ ਕੀ ਨਹੀਂ? ਆਪਣੀ ਤਰਜੀਹ ਕਿਉਂ ਨਹੀਂ ਨਿਸ਼ਚਤ ਕਰਦੇ। ਇੰਨੀ ਵੀ ਸ਼ਾਹ ਖ਼ਰਚੀ ਕੀ ਹੋਈ ਕਿ ਜਿਹੜੇ ਮਾਪਿਆਂ ਨੇ ਸੋਹਣੇ ਭਵਿੱਖ ਦੀ ਆਸ ਨਾਲ ਦਿਲ ’ਤੇ ਪੱਥਰ ਰੱਖ ਕੇ ਪਰਦੇਸ ਭੇਜਿਆ ਹੋਵੇ, ਆਖ਼ਰੀ ਸਮੇਂ ਬੱਚੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਵੀ ਨਾ ਆ ਸਕਣ। ਇਸ ਤਰ੍ਹਾਂ ਦੇ ਫ਼ਜ਼ੂਲ ਖ਼ਰਚ ਵਾਲੇ ਬੱਚਿਆਂ ਦੇ ਪੱਲੇ ਤਾਂ ਵਤਨ ਆ ਕੇ ਪਿੱਛੇ ਬਚੇ ਮਾਂ ਜਾਂ ਬਾਪ ਨੂੰ ਧਰਵਾਸ ਦੇਣ ਲਈ ਕਿਰਾਇਆ ਵੀ ਨਹੀਂ ਹੁੰਦਾ। ਇਹ ਪੀੜ੍ਹੀ ਰਾਹੋਂ ਭਟਕ ਕੇ ਕਿੱਥੇ ਗੁਆਚਦੀ ਜਾ ਰਹੀ ਹੈ? ਇਹ ਬੱਚੇ ਸੰਤੁਲਨ ਬਣਾ ਕੇ ਤੁਰਨਾ ਕਿਉਂ ਨਹੀਂ ਸਿੱਖਦੇ? ਇਨ੍ਹਾਂ ਨੂੰ ਕਿਉਂ ਸਮਝ ਨਹੀਂ ਲੱਗਦੀ ਕਿ ਜਦੋਂ ਰਿਸ਼ਤੇ ਦਿਲਾਂ ਦੀ ਥਾਂ ਸਿਰਾਂ ਵਿਚ ਧੜਕਣ ਲੱਗ ਜਾਣ ਤਾਂ ਮਸਨੂਈ ਰੌਸ਼ਨੀਆਂ ਪਿੱਛੇ ਛਿਪੇ ਹਨੇਰੇ ਤੁਹਾਡੇ ਵਜੂੂਦ ਨੂੰ ਵੀ ਨਿਗਲ ਸਕਦੇ ਨੇ।
ਰਿਸ਼ਤਿਆਂ ’ਚ ਖਿੱਚੀ ਲਕੀਰ ਬੜੀ ਘਾਤਕ ਹੁੰਦੀ ਹੈ। ਹਵਾ ਦੇ ਰੁਖ਼ ਨਾਲ ਸਰਮਾਏ ਪਿੱਛੇ ਬਦਲਦੇ ਰਿਸ਼ਤੇ ਭਟਕਣ ਦਾ ਸ਼ਿਕਾਰ ਹੋ ਕੇ ਸੱਚੀਂ ਘੁਣ ਲੱਗੇ ਦਰੱਖਤ ਵਾਂਗ ਦਰਦਨਾਕ ਮੌਤ ਮਰਦੇ ਹਨ। ਪੰਜਾਬ ਦੇ ਇਨ੍ਹਾਂ ਬੱਚਿਆਂ ਅੰਦਰੋਂ ਕਿਰਤ ਦਾ ਸੰਕਲਪ ਕਿਉਂ ਮਨਫ਼ੀ ਹੁੰਦਾ ਜਾ ਰਿਹਾ ਹੈ? ਸਵੈਮਾਣ ਨਾਲ ਸਿਰ ਉੱਚਾ ਕਰ ਕੇ ਸਮਾਜ ਵਿਚ ਵਿਚਰਨ ਦੇ ਗੁਰ ਕਿਉਂ ਨਹੀਂ ਅਜੋਕੀ ਪੀੜ੍ਹੀ ਨੂੰ ਸਿਖਾਏ ਜਾ ਰਹੇ। ਉਲਝਣਾਂ ’ਚ ਫਸੇ ਬੱਚੇ ਕਿਉਂ ਨਹੀਂ ਸਮਝਦੇ ਕਿ ਮਿਹਨਤ ਨਾਲ ਬਣਾਈ ਹਰ ਚੀਜ਼ ਦਾ ਜ਼ਿੰਦਗੀ ’ਚ ਆਪਣਾ ਹੀ ਸੁਆਦ ਹੁੰਦਾ ਹੈ। ਦੁਸ਼ਵਾਰੀਆਂ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਹੈ।
ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਹਿੱਸਾ ਹਨ। ਸਾਡੀਆਂ ਵਿੱਦਿਅਕ ਸੰਸਥਾਵਾਂ ਦਾ ਪੂਰਾ ਧਿਆਨ ਡਾਕਟਰ, ਇੰਜੀਨੀਅਰ, ਵਕੀਲ ਆਦਿ ਬਣਾਉਣ ’ਤੇ ਲੱਗਾ ਹੋਇਆ ਹੈ। ਪਰ ਸੰਪੂਰਨ ਮਨੁੱਖ ਬਣਾਉਣ ਵੱਲੋਂ ਅਸੀਂ ਸਭ ਅਵੇਸਲੇ ਹੋਏ ਪਏ ਹਾਂ। ਅੱਜ ਸਿੱਖਿਆ ਸਿਰਫ਼ ਰੁਜ਼ਗਾਰ ਹਾਸਲ ਕਰਨ ਲਈ ਦਿੱਤੀ ਜਾ ਰਹੀ ਹੈ। ਜ਼ਿੰਦਗੀ ਜਿਊਣ ਦਾ ਵੱਲ ਸਿੱਖਣ ਖ਼ਾਤਰ ਨਹੀਂ। ਇਸ ਘਟਨਾ ਤੋਂ ਬਾਅਦ ਬੇਯਕੀਨੀ ਜਿਹੀ ਪਤਾ ਨਹੀਂ ਕਿਉਂ ਭਾਰੂ ਹੋਈ ਜਾ ਰਹੀ ਹੈ। ਰਿਸ਼ਤਿਆਂ ਦੇ ਬਦਲਦੇ ਸਮੀਕਰਨ ਹਰ ਪਲ ਮੇਰੀ ਮਾਨਸਿਕਤਾ ਨੂੰ ਕੁਰੇਦਦੇ ਰਹਿੰਦੇ ਹਨ। ਮੈਂ ਉਸ ਦਿਨ ਦੀ ਆਪਣੀ ਧੀ ਨੂੰ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਨਸੀਹਤ ਵਾਰ-ਵਾਰ ਦੇਈ ਜਾ ਰਹੀ ਹਾਂ। ਵੱਡੀ ਮਾਨਸਿਕ ਉਲਝਣ ਵਿਚ ਫਸੀ ਹਾਂ। ਇਕ ਸਵਾਲ ਵਾਰ-ਵਾਰ ਮੇਰੇ ਅੰਦਰ ਖ਼ੌਰੂ ਪਾ ਰਿਹਾ ਹੈ ਕਿ ਇਸ ਸਾਰੇ ਘਟਨਾਕ੍ਰਮ ਵਿਚ ਅਸਲ ਦੋਸ਼ੀ ਕੌਣ ਹੈ?
-(ਪ੍ਰਿੰਸੀਪਲ, ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ)
Add a review