ਮੁਕੇਰੀਆਂ ਇਲਾਕੇ ਦਾ ਮਸ਼ਹੂਰ ਪਿੰਡ ਹੈ ਧਾਮੀਆਂ। ਕੁਝ ਵਰ੍ਹੇ ਹੋਏ, ਮੈਂ ਇੱਥੇ ਵੱਸਦੇ ਵਤਨ ਸਿੰਘ ਹੋਰਾਂ ਨੂੰ ਮਿਲਿਆ ਸਾਂ। ਵੰਡ ਵੇਲੇ ਉਹ ਵਿਆਹੇ ਹੋਏ ਸਨ।
“ਸਾਡਾ ਪਿੰਡ ਛਿੰਝ ਕਰਕੇ ਮਸ਼ਹੂਰ ਆ। ਸੌ ਸਾਲ ਤੋਂ ਮੈਂ ਟੱਪ ਗਿਆਂ। ਮੇਰੇ ਤਾਂ ਦਾਦੇ ਨੂੰ ਵੀ ਨਹੀਂ ਸੀ ਪਤਾ ਕਿ ਇਹ ਛਿੰਝ ਕਦੋਂ ਸ਼ੁਰੂ ਹੋਈ ਸੀ। ਇਹ ਛਿੰਝ ਤਿੰਨ ਦਿਨ ਚੱਲਦੀ। ਦਿਨੇ ਮੱਲ ਘੁਲ਼ਦੇ ਤੇ ਰਾਤ ਨੂੰ ਸ਼ਾਦੀ, ਸ਼ਾਦੀ ਦਾ ਭਾਣਜਾ ਚਿਰਾਗ ਤੇ ਘਰਵਾਲੀ ਕਰਤਾਰੀ ਗੌਣ ਗਾਉਂਦੇ। ਉਨ੍ਹਾਂ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਦਾ ਜਿਸ ਪਿੰਡ ਖਾੜਾ ਲੱਗਦਾ, ਓਥੇ ਚੋਰੀ ਜ਼ਰੂਰ ਹੁੰਦੀ ਏ। ਆਮ ਰੌਲ਼ਾ ਸੀ ਕਿ ਸ਼ਾਦੀ ਚੋਰਾਂ ਨਾਲ ਰਲਿਆ ਹੋਇਆ। ਫਿਰ ਜਦੋਂ ਕਿਸੇ ਪੁਲੀਸ ਅਫ਼ਸਰ ਨੇ ਉਹਦਾ ਗੌਣ ਸੁਣਿਆ ਤਾਂ ਉਹਨੂੰ ਹੁਕਮ ਹੋਇਆ ਕਿ ਉਹਨੇ ਸਿਰਫ਼ ਦਿਨੇ ਗਾਉਣਾ ਏ। ਦਰਅਸਲ, ਉਹਦਾ ਗੌਣ ਸੁਣਨ ਆਇਆ ਬੰਦਾ ਘਰ ਨਹੀਂ ਸੀ ਮੁੜ ਸਕਦਾ।
ਛਿੰਝ ’ਚ ਬੜੇ ਭਲਵਾਨ ਆਉਂਦੇ, ਪਰ ਬਾਜ਼ੀ ਸ਼ੰਕਰੀਆ ਗਰਦਾਵਰ ਲੈ ਜਾਂਦਾ। ਇੱਕ ਵਾਰ ਗੁਰਦਾਸਪੁਰੀਏ ਭਲਵਾਨਾਂ ਨੇ ਪੈਸੇ ’ਕੱਠੇ ਕਰਕੇ ਸ਼ੇਰੋ ਦਾ ਪੁੰਨੂ ਲੈ ਆਂਦਾ। ਮੁਕੇਰੀਆਂ ਤੋਂ ਉਹਨੂੰ ਟਾਂਗੇ ਉੱਤੇ ਲਿਆਂਦਾ ਗਿਆ ਤੇ ਮੋਹਰੀ ਚੱਕ ਪਿੰਡ ’ਚ ਲੁਕੋ ਕੇ ਰੱਖਿਆ ਗਿਆ। ਜਿਸ ਵੇਲੇ ਗਰਦਾਵਰ ਲੀੜੇ ਲਾਹ ਕੇ ਪਿੜ ’ਚ ਘੁੰਮਣ ਲੱਗਾ ਤਾਂ ਪੁੰਨੂ ਵੀ ਆਣ ਹਾਜ਼ਰ ਹੋਇਆ। ਜਦੋਂ ਉਹਨੇ ਪੁੰਨੂ ਨੂੰ ਵੇਖਿਆ ਤਾਂ ਉਹ ਲੀੜੇ ਪਾਉਣ ਲੱਗ ਪਿਆ। ਮੋਹਤਬਰਾਂ ਪੁੱਛਿਆ-ਕੀ ਗੱਲ ਹੋਈ? ਉਹ ਗੁੱਸੇ ’ਚ ਬੋਲਿਆ- ਧਾਮੀਆਂ ਵਾਲਿਆਂ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ। ਮੁੜ ਉਹ ਕਦੇ ਵੀ ਸਾਡੀ ਛਿੰਝ ’ਤੇ ਨਾ ਆਇਆ।” ਰਤਨ ਸਿੰਘ ਅਫ਼ਸੋਸ ਨਾਲ ਚੁੱਪ ਹੋ ਗਿਆ।
“ਸੰਤਾਲੀ ਵੇਲੇ ਇੱਥੇ ਕੀ-ਕੀ ਹੋਇਆ?” ਮੈਂ ਸਵਾਲ ਕੀਤਾ।
“ਉਨ੍ਹਾਂ ਦਿਨਾਂ ’ਚ ਬੋਦਲਾਂ ਦੇ ਗੰਗਾ ਸਿੰਘ ਨੇ ਜਥਾ ਬਣਾਇਆ ਹੋਇਆ ਸੀ। ਉਹ ਪਿੰਡਾਂ ’ਚੋਂ ਮੁਸਲਮਾਨਾਂ ਨੂੰ ਕੱਢਦੇ ਸੀ। ਇੱਕ ਰਾਤ ਉਹ ਸਾਡੇ ਪਿੰਡ ਵੀ ਆ ਗਿਆ। ਅਸੀਂ ਉਹਦੇ ਜਥੇ ਲਈ ਕੋਠਿਆਂ ’ਤੇ ਮੰਜੇ ਡਾਹ ਦਿੱਤੇ। ਰੋਟੀ-ਪਾਣੀ ਛਕ ਕੇ ਉਹ ਲੱਗਾ ਫਿਰ ’ਵਾਜ਼ਾਂ ਲਾਉਣ। ਜੁਲਾਹਿਆਂ ਤੇ ਧੋਬਿਆਂ ਦੀਆਂ ਬੁੜੀਆਂ ਤਾਂ ਖੜ-ਖੜ ਕੰਬਣ। ਸੰਤਾਲੀ ਤੋਂ ਛੇਤੀਂ ਬਾਅਦ ਉਹਦੇ ਭਤੀਜੇ ਨੇ ਉਹਦਾ ਕਤਲ ਕਰ ਦਿੱਤਾ ਸੀ।
ਸਾਡੇ ਪਿੰਡ ਬਹੁਤੇ ਧੋਬੇ ਤੇ ਜੁਲਾਹੇ ਹੁੰਦੇ ਸਨ। ਉਨ੍ਹਾਂ ’ਚੋਂ ਮੈਨੂੰ ਫ਼ੈਜ਼, ਖਰੈਤੀ, ਤੁਫ਼ੈਲ ਤੇ ਗਾਮੂੰ ਨਾਂ ਯਾਦ ਨੇ। ਮੀਰਾ ਬਖ਼ਸ਼ ਤੇ ਪੀਰਾ ਦਿੱਤਾ ਮੇਰੇ ਹਾਣੀ ਸਨ। ਜਦੋਂ ਰੌਲੇ ਪਏ ਤਾਂ ਸਾਡੇ ਪਿੰਡ ਸਿਪਾਹੀਆਂ ਦੀ ਟੋਲੀ ਆ ਗਈ। ਉਹ ਧੋਬਿਆਂ ਦੀ ਨੂੰਹ ਤੇ ਧੀ ਨੂੰ ਨਾਲ ਲੈ ਤੁਰੇ। ਮੇਰੇ ਵੱਡੇ ਭਰਾ ਜਗਤ ਸਿੰਘ ਨੇ ਆਖਿਆ-ਹੌਲਦਾਰ ਜੀ, ਇਹ ਸਾਡੇ ਪਿੰਡ ਦੀ ਕੁੜੀ ਆ। ਇਹਦੇ ਨਾਲੋਂ ਸਾਡੀਆਂ ਲੈ ਜਾਓ। ਉਹ ਧੀ ਨੂੰ ਤਾਂ ਛੱਡ ਗਏ, ਪਰ ਨੂੰਹ ਨੂੰ ਲੈ ਗਏ। ਉਹ ਬੜੀ ਮੁਸ਼ਕਲ ਨਾਲ ਸਵੇਰੇ ਲਿਆਂਦੀ। ਉਹ ਸੋਹਣੀ ਬਹੁਤ ਸੀ। ਉਹ ਕਹੇ ਮੈਨੂੰ ਫਿਰ ਕਿਸੇ ਨੇ ਧੂਹ ਲਿਜਾਣਾ। ਮੈਨੂੰ ਇੱਥੇ ਹੀ ਰੱਖ ਲਓ। ਮੇਰੀ ਮਾਂ ਕਹਿੰਦੀ-ਮੇਰੇ ਤਾਂ ਦੋਵੇਂ ਪੁੱਤ ਵਿਆਹੇ ਹੋਏ ਨੇ। ਤੈਨੂੰ ਕਿੱਦਾਂ ਰੱਖ ਲਈਏ? ਮੂੰਹ ’ਤੇ ਮਿੱਟੀ ਗਾਰਾ ਮਲ਼ ਲੈ ਤੇ ਚੁੱਪ ਕਰਕੇ ਤੁਰਦੀ ਬਣ। ਮੇਰਾ ਵੱਡਾ ਭਾਈ ਉਨ੍ਹਾਂ ਨੂੰ ਵਰਿਆਹੀ ਛੱਡ ਆਇਆ ਸੀ।
ਵਰਿਆਹਾਂ ਮਹਿੰਗੇ ਦੀ ਹਵੇਲੀ ’ਚ ਅੱਠ-ਦਸ ਮੰਜੇ ਹਮੇਸ਼ਾਂ ਡੱਠੇ ਰਹਿੰਦੇ ਸਨ। ਚਾਹ-ਪਾਣੀ ਪਿਲਾਉਣ ਤੇ ਹੁੱਕੇ ਮਘਾਉਣ ਵਾਲੇ ਹਰ ਵੇਲੇ ਹਾਜ਼ਰ ਹੁੰਦੇ। ਉਹਦੇ ਪੁੱਤਰ ਰਫ਼ੀਕ ਦਾ ਵਿਆਹ ਹੋਇਆ ਤਾਂ ਮਹਿੰਗੇ ਦੀ ਨੂੰਹ ਉਹਨੂੰ ਕਹਿੰਦੀ-ਛਿੰਝ ਹੁੰਦੀ ਆਂ ਧਾਮੀਆਂ ’ਚ ਤੇ ਫਿਕਰ ਪੈਂਦਾ ਸਾਨੂੰ। ਇਹ ਤਿੰਨ ਦਿਨ ਤੁਸੀਂ ਹਵੇਲੀ ’ਚ ਕੋਈ ਮੰਜਾ ਨਾ ਡਾਹਿਆ ਕਰੋ। ਜਿਹੜਾ ਆਇਆ ਅਸੀਂ ਉਹਨੂੰ ਕਹਿ ਦੇਵਾਂਗੇ ਕਿ ਛਿੰਝ ਵੇਖਣ ਗਏ ਨੇ।
ਮਹਿੰਗੇ ਨੇ ਦਿਨ ਜੋਗੇ ਡੋਡੇ ਝੋਲੇ ’ਚ ਪਾ ਕੇ ਸਾਡੇ ਪਿੰਡ ਦੀਨੇ ਧੋਬੇ ਕੋਲ ਆ ਜਾਣਾ। ਇੱਕ ਦਿਨ ਮਹਿੰਗਾ ਮੇਰੇ ਬਾਪੂ ਨੂੰ ਕਹਿੰਦਾ-ਕਾਲਾ ਸਿਆਂ, ਸਾਨੂੰ ਤਾਂ ਸਾਡੀ ਨੂੰਹ ਨੇ ਬਚਾ ਲਿਆ, ਵਰਨਾ ਤੁਸੀਂ ਤਾਂ ਉਜਾੜ ਹੀ ਛੱਡਿਆ ਸੀ। ਸਾਡਾ ਤਾਂ ਤੁਹਾਡੇ ਨਾਲੋਂ ਵੀ ਜ਼ਿਆਦਾ ਖ਼ਰਚਾ ਹੋ ਜਾਂਦਾ ਸੀ।
ਸੰਤਾਲੀ ’ਚ ਪਿੰਡੋਂ ਤੁਰਨ ਲੱਗਿਆਂ ਮਹਿੰਗਾ ਆਪਣੀ ਘੋੜੀ ਸਾਡੇ ਕੋਲ ਛੱਡ ਗਿਆ ਸੀ। ਕੁਝ ਦਿਨਾਂ ਬਾਅਦ ਜਦੋਂ ਉਹ ਛੰਨੀਆਂ ਵਾਲੇ ਕੈਂਪ ਤੋਂ ਤੁਰਨ ਲੱਗੇ ਤਾਂ ਉਹਦਾ ਪੁੱਤਰ ਰਫ਼ੀਕ ਸਾਡੀ ਹਵੇਲੀ ਆਇਆ। ਆਖਣ ਲੱਗਾ-ਅੱਬਾ ਕਹਿੰਦਾ ਘੋੜੀ ਲੈ ਆ। ਉਹਦੇ ਕੋਲੋਂ ਤੁਰਿਆ ਨਹੀਂ ਜਾਂਦਾ। ਮੈਂ ਬਾਪੂ ਨੂੰ ਕਿਹਾ-ਇਨ੍ਹਾਂ ਤਾਂ ਇੱਥੋਂ ਚਲੇ ਜਾਣਾ। ਅਸੀਂ ਘੋੜੀ ਕਿਉਂ ਦਈਏ? ਬਾਪੂ ਮੂਹਰਿਓ ਬੋਲਿਆ-ਇਨ੍ਹਾਂ ’ਤੇ ਮੁਸੀਬਤ ਪਈ ਆ ਤੇ ਤੂੰ ਘੋੜੀ ਬਾਰੇ ਸੋਚੀਂ ਜਾਂਦਾ। ਮੈਂ ਘੋੜੀ ਉੱਤੇ ਕਾਠੀ ਪਾਈ ਤੇ ਚੁੱਪ ਕਰਕੇ ਲਗਾਮ ਰਫ਼ੀਕ ਨੂੰ ਫੜਾ ਦਿੱਤੀ।
ਦੀਨੇ ਦੇ ਪੁੱਤਰ ਅਲੀ ਮੁਹੰਮਦ ਤੇ ਗੁਲਾਮੀ ਸਾਡੇ ਖੇਤਾਂ ’ਚ ਹਲ਼ ਵਾਹੁੰਦੇ, ਪੱਠੇ ਵੱਢਦੇ ਤੇ ਡੰਗਰ ਚਾਰਦੇ ਹੁੰਦੇ ਸਨ। ਅਲੀ ਵਿਆਹਿਆ ਹੋਇਆ ਸੀ। ਉਹਦੀ ਮਾਂ ਤੇ ਵਹੁਟੀ ਕਹਿਣ ਲੱਗੀਆਂ-ਜਾਂ ਤਾਂ ਇਨ੍ਹਾਂ ਨੂੰ ਘੱਲੋ ਜਾਂ ਸਾਨੂੰ ਵੀ ਰੱਖ ਲਓ। ਉਨ੍ਹਾਂ ਦਿਨਾਂ ’ਚ ਜੇ ਕੋਈ ਮੁਸਲਮਾਨਾਂ ਦੀ ਮਦਦ ਕਰਦਾ ਸੀ ਤਾਂ ਲੋਕ ਉਹਨੂੰ ਪੈ ਜਾਂਦੇ ਸਨ।
ਮੈਥੋਂ ਵੱਡਾ ਜਗਤ ਸਿੰਘ ਦਸੂਹੇ ਵਾਲੇ ਕੈਂਪ ’ਚ ਉਨ੍ਹਾਂ ਨੂੰ ਮਿਲਣ ਵੀ ਗਿਆ ਸੀ। ਗੁਲਾਮੀ ਕਹਿਣ ਲੱਗਾ- ਭਾਅ, ਮੈਨੂੰ ਪਿੰਡ ਲੈ ਚੱਲ। ਮੇਰੇ ਭਰਾ ਨੇ ਉਹਨੂੰ ਰੰਧਾਵੇ ਪਿੰਡ ’ਚੋਂ ਰੋਟੀਆਂ, ਆਟਾ ਤੇ ਗੁੜ ਲੈ ਦਿੱਤਾ। ਫਿਰ ਭਰਾ ਉਹਨੂੰ ਕਹਿਣ ਲੱਗਾ-ਇਹ ਸਮਾਨ ਦੇ ਆ। ਨਾਲੇ ਅਲੀ ਨੂੰ ਵੀ ਲੈ ਆਈਂ। ਭਰਾ ਸ਼ਾਮ ਤੱਕ ਉਡੀਕਦਾ ਰਿਹਾ। ਉਹ ਕੈਂਪ ’ਚੋਂ ਬਾਹਰ ਨਾ ਆਏ।” ਇਹ ਆਖਦਿਆਂ ਰਤਨ ਸਿੰਘ ਥੋੜ੍ਹਾ ਉਦਾਸ ਹੋ ਗਿਆ।
“ਕੋਈ ਮੁੜ ਕੇ ਵੀ ਆਇਆ?” ਮੈਂ ਸਵਾਲ ਕੀਤਾ।
“ਪੰਜ ਛੇ ਸਾਲ ਬਾਅਦ ਝੰਡਾ ਤੇਲੀ ਆਇਆ ਸੀ। ਉਹ ਦੋ-ਤਿੰਨ ਦਿਨ ਫਿਰਦਾ ਰਿਹਾ। ਫਿਰ ਇੱਕ ਦਿਨ ‘ਆਪਣੇ’ ਘਰ ’ਚ ਵੱਸਦੇ ਪਨਾਹਗੀਰ ਨੂੰ ਕਹਿੰਦਾ-ਮੇਰਾ ਸਮਾਨ ਸੀ, ਥੋੜ੍ਹਾ ਜਿਹਾ। ਜੇ ਇਜਾਜ਼ਤ ਹੋਵੇ ਤਾਂ ਪੁੱਟ ਲਵਾਂ? ਉਹ ਸੰਤਾਲੀ ’ਚ ਆਪਣੇ ਘਰ ’ਚ ਟੂੰਮਾਂ ਦੱਬ ਗਿਆ ਸੀ। ਉਹ ਖ਼ਜ਼ਾਨਾ ਤਾਂ ਘਰ ’ਚ ਵੱਸਣ ਵਾਲੇ ਨੇ ਪਹਿਲਾਂ ਹੀ ਪੁੱਟ ਲਿਆ ਸੀ। ਝੰਡੇ ਨੇ ਨਿਸ਼ਾਨੀਆਂ ਮੇਲ ਕੇ ਟੋਆ ਪੁੱਟਿਆ। ਓਥੋਂ ਕੀ ਮਿਲਣਾ ਸੀ! ਬਸ ਰੋਂਦਾ ਹੋਇਆ ਘਰੋਂ ਨਿਕਲ ਗਿਆ ਸੀ।
ਫਿਰ ਮੇਰਾ ਵੱਡਾ ਭਾਈ ਵੀ ਓਧਰ ਗਿਆ ਸੀ। ਮੀਏਂ ਮਿਹਰਬਾਨ ਹੋਰਾਂ ਨੂੰ ਮਿਲਣ। ਮੁੜ ਸਾਨੂੰ ਦੱਸੇ ਕਿ ਓਥੇ ਦਰੀਆਂ ਵਿਛੀਆਂ ਹੋਈਆਂ। ਪਲੰਘ ਡੱਠੇ ਹੋਏ। ਮੁੱਠੀ-ਛਾਪੀ ਕਰਨ ਵਾਲੇ, ਝਾਲਾਂ ਮਾਰਨ ਵਾਲੇ ਬੰਦੇ ਮੀਏ ਹੋਰਾਂ ਦੇ ਅੱਗੇ-ਪਿੱਛੇ ਫਿਰੀ ਜਾਣ। ਹੁੱਕਾ ਭਰਨ ਵਾਲੇ ਵੱਖਰੇ। ਲੱਸੀ ਦੀਆਂ ਚਾਟੀਆਂ ਲਾਗੇ ਪਈਆਂ ਹੋਈਆਂ।” ਰਤਨ ਸਿੰਘ ਦੇ ਬੋਲਾਂ ’ਚ ਖ਼ੁਸ਼ੀ ਸੀ।
“ਮੀਆਂ ਕੌਣ ਸੀ?” ਮੈਂ ਹੈਰਾਨੀ ਨਾਲ ਪੁੱਛਿਆ।
“ਉਹ ਸਾਡੇ ਨਗਰ ਦਾ ਬੜਾ ਭਗਤ ਬੰਦਾ ਸੀ। ਜੇ ਪਿੰਡ ਦੇ ਕਿਸੇ ਮੋੜ ’ਤੇ ਵੀਹ ਬੰਦੇ ਗੱਲਾਂ ਕਰਦੇ ਹੁੰਦੇ ਤਾਂ ਮੀਏਂ ਹੋਰਾਂ ਨੂੰ ਵੇਖਦਿਆਂ ਚੁੱਪ ਹੋ ਜਾਂਦੇ। ਮੀਆਂ ਜੀ ਬਿਨਾਂ ਕੁਝ ਆਖੇ ਕੋਲ ਦੀ ਲੰਘ ਜਾਂਦੇ। ਉਦੋਂ ਬੁਖ਼ਾਰ ਬੜੇ ਚੜ੍ਹਦੇ ਹੁੰਦੇ ਸੀ। ਮਾਂ ਨੇ ਆਖਣਾ-ਮੀਏਂ ਕੋਲ ਜਾ ਆਓ। ਉਹਨੇ ਕੁੱਲੀ ਦਾ ਬੂਹਾ ਭੇੜਿਆ ਹੁੰਦਾ। ਅੱਖਾਂ ਮੀਟ ਕੇ ਬੰਦਗੀ ’ਚ ਡੁੱਬਿਆ ਹੁੰਦਾ। ਉਹਨੇ ਅੱਖਾਂ ਖੋਲ੍ਹਣੀਆਂ ਤਾਂ ਉਹਦੀਆਂ ਲਾਲ ਅੱਖਾਂ ਵੱਲ ਵੇਖਦਿਆਂ ਡਰ ਲੱਗਣਾ। ਉਹਨੂੰ ਸ਼ਾਇਦ ਹੀ ਕਦੇ ਕਿਸੇ ਨੇ ਬੋਲਦੇ ਸੁਣਿਆ ਹੋਵੇ। ਉਹ ਹੱਥ ਦੇ ਇਸ਼ਾਰੇ ਨਾਲ ਮਰੀਜ਼ ਨੂੰ ਕੋਲ ਸੱਦਦਾ ਤੇ ਇਸ਼ਾਰੇ ਨਾਲ ਹੀ ਤਕਲੀਫ਼ ਪੁੱਛਦਾ। ਉਹਨੇ ਕਦੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਸੀ ਲਿਆ। ਉਹਦੇ ਕੋਲ ਹਮੇਸ਼ਾਂ ਲੱਸੀ ਵਾਲੀ ਚਾਟੀ ਪਈ ਹੁੰਦੀ ਤੇ ਉਹ ਸਾਰਾ ਸਾਲ ਲੱਸੀ ਪੀਂਦਾ ਰਹਿੰਦਾ ਸੀ।
ਜਦੋਂ ਛੰਨੀਆਂ ਵਾਲੇ ਕੈਂਪ ’ਤੇ ਹਮਲਾ ਹੋਇਆ ਤਾਂ ਸਾਰੇ ਲੋਕ ਰਾਤੋ-ਰਾਤ ਦਸੂਹੇ ਵੱਲ ਨੂੰ ਦੌੜ ਗਏ ਸੀ। ਮੀਆਂ, ਉਹਦਾ ਭਰਾ ਤੇ ਪੁੱਤਰ ਨਹੀਂ ਗਏ। ਅਸੀਂ ਸਵੇਰੇ ਕੈਂਪ ’ਚ ਗਏ ਤਾਂ ਸਾਨੂੰ ਵੇਖ ਉਹ ਮੜੀਆਂ ’ਚੋਂ ਬਾਹਰ ਆ ਗਏ। ਮੀਏਂ ਨੇ ਸਿਰ ’ਤੇ ਲੱਸੀ ਵਾਲੀ ਚਾਟੀ ਚੁੱਕੀ ਹੋਈ ਸੀ।
ਉਹਦਾ ਭਰਾ ਤੇ ਪੁੱਤਰ ਸਾਨੂੰ ਵੇਖਦਿਆਂ ਰੋ ਪਏ, ਪਰ ਮੀਆਂ ਕੁਝ ਨਾ ਬੋਲਿਆ। ਉਸ ਦਿਨ ਮੀਆਂ ਜੀ ਡਾਹਢੇ ਉਦਾਸ ਸਨ। ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਦਸੂਹੇ ਵੱਲ ਨੂੰ ਤੁਰ ਪਏ। ਥੋੜ੍ਹੀ ਦੂਰ ਗਏ ਤਾਂ ਅਸੀਂ ਘੁਸਰ-ਮੁਸਰ ਕਰੀਏ ਕਿ ਹੁਣ ਮੁੜ ਜਾਈਏ। ਸਾਨੂੰ ਡਰ ਲੱਗਦਾ ਸੀ ਕਿ ਜੇ ਸਾਨੂੰ ਮੁਸਲਮਾਨ ਟੱਕਰ ਗਏ ਤਾਂ ਉਨ੍ਹਾਂ ਸਾਨੂੰ...।
ਅਸੀਂ ਕਿਹਾ-ਮੀਆਂ ਜੀ, ਸਾਨੂੰ ਹੁਣ ਇਜਾਜ਼ਤ ਦਿਓ।
ਉਨ੍ਹਾਂ ਹੱਥ ਨਾਲ ‘ਕਿਉ?’ ਦਾ ਇਸ਼ਾਰਾ ਕੀਤਾ।
ਵੱਡਾ ਭਰਾ ਬੋਲਿਆ-ਮੀਆਂ ਜੀ, ਸਾਨੂੰ ਡਰ ਲੱਗਦਾ।
ਉਨ੍ਹਾਂ ਮੁੜਨ ਦਾ ਇਸ਼ਾਰਾ ਕੀਤਾ ਤੇ ਅਸੀਂ ਸਲਾਮ ਕਹਿ ਕੇ ਪਰਤ ਪਏ। ਅਸੀਂ ਕੁਝ ਕਦਮ ਹੀ ਮੁੜੇ ਸਾਂ ਕਿ ਸਾਨੂੰ ਇੱਕ ਓਪਰੀ ਜਿਹੀ ਆਵਾਜ਼ ਸੁਣਾਈ ਦਿੱਤੀ। ਅਸੀਂ ਹੈਰਾਨ ਹੁੰਦਿਆਂ ਪਿਛਾਂਹ ਵੱਲ ਵੇਖਿਆ ਤਾਂ ਮੀਆਂ ਬੋਲ ਰਹੇ ਸਨ- ਚੰਗਾ ਬਈ ਪਿੰਡ ਵਾਲਿਓ। ਤੁਹਾਨੂੰ ਆਖ਼ਰੀ ਸਲਾਮ। ਮੈਨੂੰ ਜਿਊਣ ਤੇ ਮਰਨ ਲਈ ਪਿੰਡ ਨਾਲੋਂ ਸੋਹਣੀ ਮਿੱਟੀ ਕਿਤੇ ਨਹੀਂ ਲੱਭਣੀ। ਕਿਤੇ ਵੀ ਨਹੀਂ!” ਮੀਏਂ ਹੋਰਾਂ ਦੇ ਇਹ ਆਖ਼ਰੀ ਬੋਲ ਵਤਨ ਸਿੰਘ ਦੇ ਮੂੰਹੋਂ ਨਿਕਲੇ ਤੇ ਸਾਡੀ ਗੱਲਬਾਤ ਖ਼ਤਮ ਹੋ ਗਈ।
Add a review