ਅਜੋਕੇ ਸਮੇਂ ਔਰਤ ਦੀ ਆਜ਼ਾਦੀ ਤੇ ਮੁਕਤੀ ਦੀ ਗੱਲ ਔਰਤ ਦੇ ਜ਼ਿਹਨ ਵਿੱਚ ਘਰ ਕਰ ਚੁੱਕੀ ਹੈ। ਪੜ੍ਹੀ ਲਿਖੀ ਨੌਕਰੀ ਪੇਸ਼ਾ ਔਰਤ ਹੀ ਨਹੀਂ ਬਲਕਿ ਆਮ ਘਰੇਲੂ ਔਰਤ ਵੀ ਅੱਜ ਆਪਣੇ ਬਾਰੇ ਜਾਗਰੂਕ ਹੋ ਗਈ ਹੈ। ਪੜ੍ਹੀ-ਲਿਖੀ ਔਰਤ ਨੇ ਤਾਂ ਆਪਣੇ ਨਾਲ ਹੁੰਦੀ ਬੇਇਨਸਾਫੀ ਖਿਲਾਫ਼ ਚੰਗੇ ਕਮਰ ਕੱਸੇ ਕੀਤੇ ਹੋਏ ਹਨ, ਪਰ ਸੋਚਣ ਵਾਲੀ ਗੱਲ ਹੈ ਕਿ ਕੀ ਉਨ੍ਹਾਂ ਨੂੰ ਅਨਿਆਂ ਤੋਂ ਮੁਕਤੀ ਮਿਲ ਗਈ ਹੈ। ਔਰਤ ਦੀ ਅਸਲੀ ਲੜਾਈ ਤਾਂ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਜੰਮਣ ਸਾਰ ਮਾਰ ਦਿੱਤਾ ਜਾਂਦਾ ਹੈ।
ਪੁਰਾਣੇ ਸਮੇਂ ਵਿੱਚ ਮਾਪਿਆਂ ਦੀ ਜ਼ਮੀਨ-ਜਾਇਦਾਦ ’ਤੇ ਵੀ ਉਸ ਦਾ ਕੋਈ ਹੱਕ ਨਹੀਂ ਸੀ ਹੁੰਦਾ। ਕਾਨੂੰਨੀ ਤੌਰ ’ਤੇ ਜਾਂ ਕਹਿਣ ਨੂੰ ਔਰਤ ਨੂੰ ਆਜ਼ਾਦੀ ਵੀ ਤੇ ਹੱਕ ਵੀ ਮਿਲ ਚੁੱਕੇ ਹਨ, ਪਰ ਅਸਲ ਵਿੱਚ ਔਰਤ ਦੀ ਦਸ਼ਾ ਅਜੇ ਵੀ ਨਹੀਂ ਸੁਧਰੀ। ਕਿਸੇ ਨਾ ਕਿਸੇ ਰੂਪ ਵਿੱਚ ਔਰਤ ਅੱਜ ਵੀ ਦੁੱਖ ਭੋਗ ਰਹੀ ਹੈ। ਇਸ ਸਥਿਤੀ ਲਈ ਕਈ ਵਿਆਪਕ ਕਾਰਨ ਮੌਜੂਦ ਹਨ, ਜਿਵੇਂ ਕੁੜੀ ਨੂੰ ਮਾਰਨ ਲਈ ਔਰਤ ਆਪ ਵੀ ਜ਼ਿੰਮੇਵਾਰ ਹੈ। ਕਈ ਵਾਰ ਅੰਦਰਖਾਤੇ ਉਹ ਵੀ ਚਾਹੁੰਦੀ ਹੈ ਕਿ ਉਸ ਦੇ ਘਰ ਪੁੱਤਰ ਹੋਵੇ, ਧੀ ਨਹੀਂ।
ਅਚੇਤ ਤੌਰ ’ਤੇ ਭਾਵੇਂ ਵਿਵਸਥਾ ਹੀ ਔਰਤ ਤੋਂ ਅਜਿਹਾ ਕਰਵਾਉਂਦੀ ਹੈ ਕਿਉਂਕਿ ਸਮਾਜ ਵਿੱਚ ਜੋ ਵਰਤਾਰਾ ਕੁੜੀ ਨਾਲ ਹੋ ਰਿਹਾ ਹੈ, ਉਸ ਦਾ ਡਰ ਉਸ ਦੇ ਅਚੇਤ ਮਨ ਵਿੱਚ ਵਸਿਆ ਹੁੰਦਾ ਹੈ। ਅਜੋਕੇ ਸਮੇਂ ਕਿਸੇ ਦੂਸਰੇ ਤੋਂ ਹੀ ਨਹੀਂ ਬਲਕਿ ਨੇੜਲੇ ਰਿਸ਼ਤੇਦਾਰਾਂ ਅਤੇ ਪਿਓ ਤੱਕ ਤੋਂ ਵੀ ਧੀ ਦੀ ਆਬਰੂ ਸੁਰੱਖਿਅਤ ਨਹੀਂ। ਬੇਸ਼ਕ ਅੱਜ ਦੀ ਔਰਤ ਦਲੇਰ ਹੈ, ਪਰ ਇੱਕ ਕੁੜੀ ਜਾਂ ਔਰਤ ਰਾਤ ਨੂੰ ਉਸ ਤਰ੍ਹਾਂ ਬਾਹਰ ਨਹੀਂ ਘੁੰਮ ਫਿਰ ਸਕਦੀ ਜਿਵੇਂ ਮੁੰਡੇ ਜਾਂ ਮਰਦ ਨਿਸ਼ਚਿੰਤ ਫਿਰਦੇ ਹਨ। ਮਾਪਿਆਂ ਵੱਲੋਂ ਧੀ ਨੂੰ ਰਾਤ ਸਮੇਂ ਇਕੱਲੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਪੁਰਾਣੀ ਮਾਨਸਿਕਤਾ ਸੀ ਕਿ ਔਰਤ ਨੌਕਰੀ ਨਾ ਕਰੇ ਭਾਵ ਘਰੋਂ ਬਾਹਰ ਨਾ ਨਿਕਲੇ। ਅੱਜ ਆਰਥਿਕ ਮਜਬੂਰੀਆਂ ਕਾਰਨ ਔਰਤ ਵੀ ਨੌਕਰੀ ਕਰਦੀ ਹੈ ਜਾਂ ਆਪਣਾ ਕੋਈ ਕੰਮ ਕਰਦੀ ਹੈ ਤਾਂ ਉਸ ਨੂੰ ਘਰੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਇਸ ਨਾਲ ਉਸ ਦੇ ਪਹਿਰਾਵੇ ਅਤੇ ਰਹਿਣ-ਸਹਿਣ ਵਿੱਚ ਵੀ ਬਦਲਾਉ ਆਉਂਦਾ ਹੈ। ਉਹ ਮਰਦ ਨਾਲ ਕੰਮ ਕਰਦੀ ਹੈ ਤਾਂ ਉਸ ਦੇ ਸੁਭਾਅ ਵਿੱਚ ਵੀ ਪਰਿਵਰਤਨ ਆਉਂਦਾ ਹੈ।
ਔਰਤ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਆਇਆ ਹੈ ਜਿਵੇਂ ਵਿਧਵਾ ਵਿਆਹ ਦਾ ਸਮਾਜ ਵਿੱਚ ਹੁਣ ਵਿਰੋਧ ਨਹੀਂ ਹੁੰਦਾ। ਵਿਧਵਾ ਨੂੰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਪੂਰਾ ਹੱਕ ਹੀ ਨਹੀਂ ਬਲਕਿ ਪਰਿਵਾਰ ਤੇ ਸਮਾਜ ਵੱਲੋਂ ਉਸ ਨੂੰ ਸਹਿਯੋਗ ਵੀ ਦਿੱਤਾ ਜਾਂਦਾ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਅਜੋਕੇ ਸਮੇਂ ਤਲਾਕ ਦੇ ਕੇਸਾਂ ਵਿੱਚ ਬਹੁਤ ਵਾਧਾ ਹੋਇਆ ਹੈ। ਘਰ ਟੁੱਟ ਰਹੇ ਹਨ ਤੇ ਪਤੀ-ਪਤਨੀ ਦੇ ਝਗੜੇ ਵਿੱਚ ਬੇਕਸੂਰ ਮਾਸੂਮ ਰੁਲ਼ ਰਹੇ ਹਨ।
ਅੱਜ ਤਲਾਕਸ਼ੁਦਾ ਔਰਤ ਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਜਿਸ ਨਾਲ ਪੁਰਾਣੇ ਸਮੇਂ ਵਿੱਚ ਦੇਖਿਆ ਜਾਂਦਾ ਸੀ। ਔਰਤ ਦੇ ਜੀਵਨ ’ਤੇ ਆਰਥਿਕਤਾ ਦਾ ਪ੍ਰਭਾਵ ਉਸ ਨੂੰ ਪ੍ਰਭਾਵਿਤ ਕਰਦਾ ਹੈ। ਜੇ ਔਰਤ ਆਰਥਿਕ ਪੱਖੋਂ ਤਕੜੀ ਹੈ, ਉਹ ਵਿਧਵਾ ਹੈ ਜਾਂ ਤਲਾਕਸ਼ੁਦਾ ਤਾਂ ਉਸ ਨੂੰ ਉਨ੍ਹਾਂ ਤਮਾਮ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਜਿਨ੍ਹਾਂ ਦਾ ਆਰਥਿਕ ਪੱਖੋਂ ਕਮਜ਼ੋਰ ਔਰਤ ਨੂੰ ਕਰਨਾ ਪੈਂਦਾ ਹੈ। ਜੇ ਔਰਤ ਆਰਥਿਕ ਪੱਖੋਂ ਤਕੜੀ ਹੋਵੇ ਤੇ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ ਤਾਂ ਉਹ ਅਨਿਆਂ ਦਾ ਟਾਕਰਾ ਸੌਖਿਆਂ ਕਰ ਸਕਦੀ ਹੈ।
ਦੁੱਖ ਦੀ ਗੱਲ ਹੈ ਕਿ ਔਰਤ ਦੀ ਮੁਖ਼ਾਲਫ਼ਤ ਜ਼ਿਆਦਾਤਰ ਔਰਤ ਵੱਲੋਂ ਹੀ ਕੀਤੀ ਜਾਂਦੀ ਹੈ। ਜਦੋਂ ਔਰਤ ਵੱਲੋਂ ਜਾਇਦਾਦ ਵਿੱਚ ਔਰਤਾਂ ਦੇ ਬਰਾਬਰ ਦੇ ਹੱਕ ਲਈ ਆਵਾਜ਼ ਉਠਾਈ ਗਈ ਤਾਂ ਉਸ ਦਾ ਵਿਰੋਧ ਵੀ ਨਾਰੀ ਜਾਤੀ ਵੱਲੋਂ ਹੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਭੈਣਾਂ-ਭਰਾਵਾਂ ਦਾ ਪ੍ਰੇਮ ਜਾਂ ਰਿਸ਼ਤਾ ਸ਼ਰੀਕੇ ਵਿੱਚ ਬਦਲ ਜਾਵੇਗਾ। ਇਹ ਵੀ ਵਿਚਾਰਨਯੋਗ ਹੈ ਕਿ ਜੇ ਕਿਸੇ ਰਿਸ਼ਤੇ ਦੀ ਬੁਨਿਆਦ ਹੀ ਜਾਇਦਾਦ ਜਾਂ ਪੈਸੇ ਦੀ ਹੈ ਤਾਂ ਉਹ ਰਿਸ਼ਤਾ ਕੀ ਅਰਥ ਰੱਖਦਾ ਹੈ? ਮੁੱਦਾ ਇਹ ਹੈ ਕਿ ਔਰਤਾਂ ਦੀ ਆਪਸੀ ਸੋਚ ਵੀ ਟਕਰਾਓ ਵਾਲੀ ਹੈ।
ਸਾਡੇ ਸਮਾਜ ਵਿੱਚ ਔਰਤ ਦੀ ਇੱਕ ਨਹੀਂ ਕਈ ਤ੍ਰਾਸਦੀਆਂ ਹਨ ਜਿਨ੍ਹਾਂ ਵਿੱਚੋਂ ਮੱਧ ਵਰਗੀ ਪਰਿਵਾਰਾਂ ਅਤੇ ਉਸ ਤੋਂ ਹੇਠਲੇ ਵਰਗ ਦੇ ਘਰਾਂ ਦੀਆਂ ਔਰਤਾਂ ਦੀ ਤ੍ਰਾਸਦੀ ਹੈ ਕਿ ਉਹ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਕਰਦੀਆਂ ਹਨ ਤੇ ਉਸੇ ਵਿੱਚੋਂ ਜ਼ਿੰਦਗੀ ਦੀ ਤਸੱਲੀ ਲੱਭਦੀਆਂ ਹਨ। ਦੂਜੇ ਪਾਸੇ ਉੱਚ ਵਰਗ ਦੀਆਂ ਜਾਂ ਵੱਡੇ ਘਰਾਂ ਦੀਆਂ ਔਰਤਾਂ ਬਣਾਉਟੀ ਜਿਹੀ ਦਿਖਾਵੇ ਵਾਲੀ ਜ਼ਿੰਦਗੀ ਅਤੇ ਮਹਿੰਗੇ ਕੱਪੜੇ ਤੇ ਗਹਿਣਿਆਂ ਵਿੱਚੋਂ ਹੀ ਚੈਨ ਤਲਾਸ਼ਦੀਆਂ ਤੇ ਮਨ ਪ੍ਰਚਾਉਂਦੀਆਂ ਹਨ। ਪਰ ਸੰਵੇਦਨਸ਼ੀਲ ਔਰਤ ਆਪਣੀ ਦਸ਼ਾ ਦਾ ਚਿੰਤਨ ਵੀ ਕਰਦੀ ਹੈ, ਚਿੰਤਾ ਵੀ ਤੇ ਮੁਕਤੀ ਦੀ ਤਲਾਸ਼ ਦੇ ਨਾਲ ਉਸ ਲਈ ਸੰਘਰਸ਼ ਵੀ ਕਰਦੀ ਹੈ।
ਔਰਤ ਦੀ ਤਕਦੀਰ ਮਰਦ ਦੀ ਜਾਇਦਾਦ ਨਾਲ ਵੀ ਜੁੜੀ ਹੁੰਦੀ ਹੈ ਤੇ ਉਹ ਕਹਿੰਦੀ ਹੈ, ‘‘ਕੀ ਅੱਗ ਮੈਂ ਮੁਰੱਬਿਆਂ ਨੂੰ ਲਾਉਣੀ, ਬਾਪੂ ਮੁੰਡਾ ਤੇਰੇ ਹਾਣ ਦਾ।’’ ਵਿਆਹ ਕਰਕੇ ਔਰਤ ਮਰਦ ਦੀ ਜਾਇਦਾਦ ਦੀ ਹਿੱਸੇਦਾਰ ਤਾਂ ਬਣ ਜਾਂਦੀ ਹੈ, ਪਰ ਆਮਤੌਰ ’ਤੇ ਇਹ ਜਾਇਦਾਦ ਮਰਦ ਦੇ ਨਾਂ ਹੀ ਰਹਿੰਦੀ ਹੈ ਤੇ ਮਰਦ ਪਹਿਲ ਦੇ ਆਧਾਰ ’ਤੇ ਇਸ ਨੂੰ ਪੁੱਤਰ ਨੂੰ ਹੀ ਦਿੰਦਾ ਹੈ। ਕੁਝ ਸਮਾਂ ਪਹਿਲਾਂ ਵੀ ਔਲਾਦ ਨੂੰ ਕੇਵਲ ਮਰਦ ਦਾ ਨਾਂ ਦਿੱਤਾ ਜਾਂਦਾ ਸੀ, ਪਰ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਪਿਤਾ ਦੇ ਨਾਂ ਨਾਲ ਮਾਂ ਦਾ ਨਾਂ ਵੀ ਆਪਣੀ ਥਾਂ ਬਣਾ ਚੁੱਕਿਆ ਹੈ।
ਔਰਤ ਨੂੰ ਬੁਝਾਰਤ ਵੀ ਕਿਹਾ ਜਾਂਦਾ ਹੈ, ਪਰ ਕਿਸੇ ਨੇ ਕਦੇ ਇਸ ਬੁਝਾਰਤ ਦੇ ਪਿਛੋਕੜ ਨੂੰ ਤੇ ਇਸ ਦੇ ਅੰਦਰ ਨੂੰ ਫਰੋਲਣ ਦੀ ਲੋੜ ਨਹੀਂ ਸਮਝੀ। ਆਪਣੀਆਂ ਬਹੁਤ ਸਾਰੀਆਂ ਹਸਰਤਾਂ ਨੂੰ ਦਿਲ ਵਿੱਚ ਦਬਾ ਕੇ ਔਰਤ ਜ਼ੁਬਾਨ ਹੁੰਦਿਆਂ ਵੀ ਬੇਜ਼ੁਬਾਨ ਜਿਹੀ ਹੋਈ ਰਹਿੰਦੀ ਹੈ। ਜੇ ਕੋਈ ਬੁਝਾਰਤ ਬੁੱਝੀ ਨਾ ਜਾਵੇ ਤਾਂ ਕਸੂਰ ਬੁਝਾਰਤ ਜਾਂ ਬੁਝਾਰਤ ਪਾਉਣ ਵਾਲੇ ਦਾ ਨਹੀਂ ਬਲਕਿ ਸੁਣਨ ਵਾਲੇ ਦਾ ਹੁੰਦਾ ਹੈ। ਕਿਉਂਕਿ ਉਸ ਦੀ ਸੂਝ ਉਸ ਨੂੰ ਬੁੱਝਣੋਂ ਅਸਮੱਰਥ ਹੁੰਦੀ ਹੈ:
ਪੀ ਸਕਾਂ ਜ਼ਹਿਰ ਜੋ ਦੁਨੀਆ ਦੇ ਆਖੇ
ਮੈਂ ਮੀਰਾ ਨਹੀਂ, ਸੁਕਰਾਤ ਨਹੀਂ ਹਾਂ
ਉਲਝੀ ਕਹਾਣੀ ਜ਼ਰੂਰ ਹੈ ਮੇਰੀ
ਬੁੱਝੀ ਨਾ ਜਾਵੇ ਮੈਂ ਉਹ ਬਾਤ ਨਹੀਂ ਹਾਂ।
ਅਜੋਕੇ ਯੁੱਗ ਵਿੱਚ ਬਰਾਬਰ ਦੇ ਹੱਕ ਲੈ ਕੇ ਅਤੇ ਬਹੁਤੇਰੇ ਸੁੱਖ-ਸਹੂਲਤਾਂ ਹੋਣ ’ਤੇ ਵੀ ਔਰਤ ਦੁਖੀ ਹੈ, ਉਹ ਧੁਰ ਅੰਦਰੋਂ ਬੜੀ ਉਦਾਸ ਹੈ। ਇਹ ਗੱਲ ਵੀ ਝੁਠਲਾਈ ਨਹੀਂ ਜਾ ਸਕਦੀ ਕਿ ਮਰਦ ਵੀ ਪ੍ਰਤੱਖ ਰੂਪ ਵਿੱਚ ਜਾਂ ਅੰਦਰੋਂ-ਅੰਦਰੀ ਸੁਖੀ ਨਹੀਂ ਹੈ। ਸੱਠਵਿਆਂ ਵਿੱਚ ਯੂਰਪੀਨ ਔਰਤਾਂ ਨੇ ਆਪਣੇ ਨਾਲ ਹੁੰਦੇ ਅਨਿਆਂ ਬਾਰੇ ਮਰਦਾਂ ਖ਼ਿਲਾਫ਼ ਮੁਹਿੰਮ ਛੇੜੀ ਸੀ। ਉਨ੍ਹਾਂ ਦਾ ਰੋਸ ਸੀ ਕਿ ਮਰਦ ਹਰ ਤਰ੍ਹਾਂ ਔਰਤ ਨੂੰ ਲਤਾੜਦਾ ਤੇ ਨੀਵੀਂ ਦਿਖਾਉਂਦਾ ਹੈ, ਪਰ ਉਹ ਲਹਿਰ ਵੀ ਕੁਝ ਸਮੇਂ ਬਾਅਦ ਦਮ ਤੋੜ ਗਈ। ਔਰਤ ਨੂੰ ਆਪਣੇ ਰਾਹ ਵਿੱਚ ਖੱਡੇ/ਟੋਏ ਤਾਂ ਮਹਿਸੂਸ ਹੁੰਦੇ ਹਨ ਤੇ ਉਹ ਲਹੂ-ਲੁਹਾਣ ਪੈਰਾਂ ਨਾਲ ਤੁਰੀ ਵੀ ਜਾਂਦੀ ਹੈ ਤੇ ਮਰਦ ਨੂੰ ਕਹਿੰਦੀ ਵੀ ਹੈ:
ਦੁਖਦੇ ਨੇ ਪੈਰ ਮੇਰੇ, ਹਰ ਕਦਮ ’ਤੇ ਨੇ ਟੋਏ
ਪਰ ਹੌਸਲਾ ਬਹੁਤ ਹੈ, ਕਹਿ ਕੇ ਦੇਖ ‘ਚੱਲ’...।
ਇੱਥੇ ਮੂਲ ਸਮੱਸਿਆ ਅਸਲ ਵਿੱਚ ਟੋਏ ਨਹੀਂ, ਟੋਏ ਪੁੱਟਣ ਵਾਲੇ ਹਨ। ਔਰਤ ਇਸ ਬਾਰੇ ਕਿਉਂ ਨਹੀਂ ਸੋਚਦੀ ਕਿ ਇਹ ਟੋਏ ਕੌਣ ਪੁੱਟਦਾ ਹੈ? ਉਸ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਆਪਣੀ ਮੁਕਤੀ ਦੀ ਲੜਾਈ ਵਿੱਚ ਜੇ ਔਰਤ ਮਰਦ ਨੂੰ ਨਾਲ ਲੈ ਕੇ ਚੱਲੇ ਤਾਂ ਇਹ ਟੋਏ ਪੁਲ ਵੀ ਬਣ ਜਾਣਗੇ। ਮਰਦ ਵੀ ਹਮੇਸ਼ਾਂ ਔਰਤ ਨੂੰ ਔਰਤ ਹੀ ਨਾ ਸਮਝੇ ਕਦੇ ਸੱਚੇ ਦਿਲੋਂ ਉਹਨੂੰ ਦੋਸਤ ਸਮਝ ਕੇ ਦੇਖੇ, ਸਮੱਸਿਆਵਾਂ ਹੱਲ ਹੁੰਦੀਆਂ ਜਾਣਗੀਆਂ।
ਅੱਜ ਹਿੰਦੋਸਤਾਨੀ ਔਰਤ ਨੂੰ ਛੋਟੀਆਂ-ਮੋਟੀਆਂ ਲੜਾਈਆਂ ਛੱਡ ਕੇ ਵਿਵਸਥਾ ਦੇ ਖ਼ਿਲਾਫ਼ ਸੰਘਰਸ਼ ਲਈ ਵਿਆਪਕ ਦ੍ਰਿਸ਼ਟੀ ਅਪਣਾਉਣ ਦੀ ਲੋੜ ਹੈ। ਜਦੋਂ ਤੱਕ ਔਰਤ ਆਰਥਿਕ ਤੌਰ ’ਤੇ ਤਕੜੀ ਨਹੀਂ ਹੁੰਦੀ ਤੇ ਅੱਗੇ ਹੋ ਕੇ ਸੂਝ-ਬੂਝ ਨਾਲ ਆਪਣੀ ਲੜਾਈ ਨਹੀਂ ਲੜਦੀ ਉਦੋਂ ਤੱਕ ਉਸ ਨੂੰ ਮਾਨਸਿਕ ਤੇ ਸਰੀਰਕ ਕਸ਼ਟ ਭੋਗਣੇ ਹੀ ਪੈਣਗੇ। ਕਦੇ ਕੁੱਖ ਵਿੱਚ ਮਰਨਾ, ਕਦੇ ਰੂੜੀਆਂ ’ਤੇ ਕੁੱਤਿਆਂ ਦੀ ਖੁਰਾਕ ਬਣਨਾ, ਕਦੇ ਦਾਜ ਲਈ ਸੜਨਾ ਤੇ ਕਦੇ ਲੁੱਟੀ ਆਬਰੂ ਦੇ ਦੁਖੋਂ ਆਤਮਘਾਤ ਕਰਨਾ ਉਹਦਾ ਨਸੀਬ ਬਣਿਆ ਰਹੇਗਾ। ਔਰਤ ਨੂੰ ਆਪ ਚੇਤਨ ਰੂਪ ਵਿੱਚ ਆਪਣੇ ਬਾਰੇ ਸੋਚਣ ਦੀ ਲੋੜ ਹੈ।
Add a review