ਇਸ ਧਰਤੀ ’ਤੇ ਉਪਕਾਰੀ ਲੋਕ ਪਰੇ ਤੋਂ ਪਰੇ ਹਨ, ਜਿਹੜੇ ਨਿਆਸਰਿਆਂ, ਦੁਰਕਾਰਿਆਂ ਨੂੰ ਸਾਂਭਦੇ ਹਨ। ਵਿਕਸਤ ਦੇਸ਼ਾਂ ਵਿੱਚ ਤਾਂ ਅਪੰਗਾਂ, ਬੈੱਡ-ਰੋਗੀਆਂ, ਮੰਦਬੁੱਧੀਆਂ ਅਤੇ ਬਜ਼ੁਰਗਾਂ ਦੀ ਸੰਭਾਲ ਦੇ ਸਰਕਾਰੀ ਇੰਤਜ਼ਾਮ ਹਨ, ਪਰ ਸਾਡੇ ਦੇਸ਼ ਵਿੱਚ ਅਜਿਹਾ ਨਹੀਂ। ਜੇਕਰ ਕਿਧਰੇ ਹਨ ਵੀ ਤਾਂ ਜਾਬਤਾ ਮਾਤਰ। ਅਜਿਹਾ ਨਾ ਹੋਣ ਕਰਕੇ ਸਾਡੇ ਦੇਸ਼ ਵਿੱਚ ਅਜਿਹੇ ਲੋੜਵੰਦਾਂ ਨੂੰ ਸਾਂਭਣ ਲਈ ਬਹੁਤ ਸਾਰੀਆਂ ਸੰਸਥਾਵਾਂ ਜਾਂ ਵਿਅਕਤੀਗਤ ਲੋਕ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
ਅਜਿਹੇ ਮਿਹਰਵਾਨ ਵੀ ਹਨ ਜਿਹੜੇ ਪਤਾ ਲੱਗਣ ’ਤੇ ਲੋੜਵੰਦਾਂ ਨੂੰ ਆਪਣੀ ਸੰਸਥਾ ਵਿੱਚ ਲੈ ਕੇ ਆਉਂਦੇ ਹਨ ਅਤੇ ਸੰਭਾਲ ਕਰਦੇ ਹਨ। ਉਪਕਾਰੀ ਅਧਾਰ ’ਤੇ ਬਹੁਤ ਸਾਰੇ ਲੋਕਾਂ ਨੇ ਬਿਰਧ-ਆਸ਼ਰਮ ਵੀ ਖੋਲ੍ਹੇ ਹੋਏ ਹਨ। ਭਾਵੇਂ ਪਿੰਗਲਵਾੜਾ ਹੋਵੇ, ਭਾਵੇਂ ਪ੍ਰਭ ਆਸਰਾ ਸੰਸਥਾਵਾਂ ਆਦਿ ਹਨ, ਜਿਨ੍ਹਾਂ ਦੇ ਉਪਕਾਰ ਅੱਗੇ ਸਿਰ ਝੁਕਦਾ ਹੈ। ਦੂਸਰੇ ਪਾਸੇ ਸਾਡੀ ਵਿਵਸਥਾ ਹੈ ਕਿ ਪ੍ਰਤੀ ਦਿਨ ਅਜਿਹੇ ਲੋੜਵੰਦ ਵਧੀ ਜਾ ਰਹੇ ਹਨ।
ਦਹਾਕਾ ਪਹਿਲਾਂ ਸਵੇਰੇ ਹੀ ਕਿਸੇ ਦਾ ਫੋਨ ਆਇਆ। ਉਸ ਵਿੱਚ ਬੋਲਣ ਵਾਲੀ ਅਗਿਆਤ ਆਵਾਜ਼ ਨੇ ਮੇਰੀ ਸਿਫਤ ਕਰਦਿਆਂ ਕਿਹਾ ਕਿ ਤੁਸੀਂ ਦਇਆਵਾਨ ਲੋਕਾਂ ਵਿੱਚੋਂ ਇੱਕ ਹੋ ਅਤੇ ਇਹ ਸਭ ਪਤਾ ਕਰਨ ਤੋਂ ਬਾਅਦ ਹੀ ਤੁਹਾਨੂੰ ਫੋਨ ਕੀਤਾ ਹੈ। ਸਰਸਰੀ ਮੁਢਲੀਆਂ ਗੱਲਾਂ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਫੋਨ ਨਵੇਂ ਆਏ ਐੱਸ ਡੀ ਐੱਮ ਦਾ ਹੈ।
ਅਧਿਕਾਰੀ ਨੇ ਮੈਂਨੂੰ ਇੱਕ ਸੇਵਾ ਸੰਭਾਲਦਿਆਂ ਕਿਹਾ, “ਨਹਿਰ ਸਰਹਿੰਦ ਦੇ ਸਥਾਨਕ ਪੁਲ ’ਤੇ, ਬੁਰੀ ਹਾਲਤ ਵਿੱਚ ਰਹਿ ਰਹੇ ਇੱਕ ਬਜ਼ੁਰਗ ਦਾ ਪਤਾ ਲੱਗਾ ਹੈ, ਤੁਸੀਂ ਉਸ ਨੂੰ ਸੰਭਾਲੋ ਅਤੇ ਆਪਣੇ ਇਲਾਕੇ ਵਿੱਚ ਕੋਈ ਅਜਿਹੀ ਉਪਕਾਰੀ ਸੰਸਥਾ ਲੱਭੋ, ਜਿੱਥੇ ਇਸ ਬਜ਼ੁਰਗ ਨੂੰ ਛੱਡਿਆ ਜਾ ਸਕੇ। ... ਇੱਥੋਂ 10 ਕਿਲੋਮੀਟਰ ’ਤੇ ਸਥਿਤ ਇੱਕ ਪਿੰਡ ਵਿੱਚ ਇਸ ਬਜ਼ੁਰਗ ਦੀ ਭੈਣ ਰਹਿੰਦੀ ਹੈ, ਜਿਸਨੂੰ ਪਟਵਾਰੀ ਦੁਆਰਾ ਬੁਲਾਇਆ ਸੀ। ਉਹ ਮਿਲ ਕੇ ਚਲੀ ਗਈ, ਪਰ ਬਜ਼ੁਰਗ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਨਹੀਂ ਹੋਈ। ਭੈਣ ਨੂੰ ਬੁਲਾਉਣ ਗਏ ਪਟਵਾਰੀ ਨੇ ਦੱਸਿਆ ਹੈ ਕਿ ਬਜ਼ੁਰਗ ਦੀ ਭੈਣ ਖੁਦ ਨਿਹਾਇਤ ਗਰੀਬ ਪਰਿਵਾਰ ਨਾਲ ਸਬੰਧਤ ਹੈ, ਜਿਹੜੀ ਆਪਣੇ ਭਰਾ ਨੂੰ ਸਾਂਭਣ ਤੋਂ ਹੀ ਅਸਮਰਥ ਹੈ।”
ਮੈਂ ਆਪਣੇ ਸਹਿਯੋਗੀਆਂ ਨਾਲ ਜਦੋਂ ਦੱਸੇ ਸਥਾਨ ’ਤੇ ਪਹੁੰਚਾ ਤਾਂ ਬਜ਼ੁਰਗ ਦੀ ਹਾਲਤ ਬੇਹੱਦ ਮਾੜੀ ਸੀ, ਬਦਬੂ ਮਾਰ ਰਹੀ ਸੀ। ਕੋਈ ਨੇੜਲੇ ਪਿੰਡ ਦਾ ਹਮਦਰਦ, ਪਿਛਲੇ 10 ਦਿਨ ਤੋਂ ਪਾਣੀ ਸਮੇਤ ਕੁਝ ਖਾਣ ਲਈ ਦੇ ਜਾਂਦਾ ਸੀ। ਭਾਵੇਂ ਜੁਲਾਈ ਦਾ ਮਹੀਨਾ ਸੀ, ਪਰ ਇਸ ਬਜ਼ੁਰਗ ਦੇ ਨੇੜੇ ਹੀ, ਗਲੇ ਸੜੇ, ਕਾਲੇ ਹੋਏ ਪਏ ਪਾਟੇ ਲੀੜਿਆਂ ਅਤੇ ਲਟੂਰੀਆਂ ਵਾਲਾ ਇੱਕ ਵਿਅਕਤੀ, ਗਦੈਲੇ-ਨੁਮਾ ਗੰਦੇ ਕੱਪੜੇ ਵਿੱਚੋਂ ਨਿੱਕਲ ਕੇ, ਢੱਠੀ ਜਿਹੀ ਇਮਾਰਤ ਵਿੱਚੋਂ ਨਿੱਕਲ ਕੇ ਬਾਹਰ ਨੂੰ ਤੁਰ ਪਿਆ। ਰੀਂਘਦੇ ਜੀਵਨ ਨੂੰ ਵੇਖ ਕੇ, ਬੇਵਸ ਹੌਕਾ ਨਿੱਕਲਿਆ।
ਸਬੰਧਤ ਬਜ਼ੁਰਗ ਨੂੰ ਅਸੀਂ ਵਕਤੀ ਤੌਰ ’ਤੇ ਨੇੜੇ ਹੀ ਸਰਕਾਰੀ ਵਿਸ਼ਰਾਮ-ਘਰ ਲੈ ਗਏ, ਪਰ ਉੱਥੋਂ ਦਾ ਨਿਗਰਾਨ ਵੀ ਪ੍ਰੇਸ਼ਾਨ ਹੋ ਗਿਆ। ਇਸੇ ਦੌਰਾਨ ਅਸੀਂ ਨੰਗਲ ਦੇ ਇੱਕ ਮਿਹਰਵਾਨ ਦੋਸਤ ਦੁਆਰਾ ਉੱਥੋਂ ਦੀ ‘ਜਿੰਦਾ ਜੀਵ ਸੰਭਾਲ ਸੇਵਾ ਸੁਸਾਇਟੀ’ ਨਾਲ ਰਾਬਤਾ ਬਣਾਇਆ। ਉੱਥੋਂ ਦੇ ਮੁੱਖ-ਸੇਵਾਦਾਰ ਸ੍ਰੀ ਅਸ਼ੋਕ ਸਿੰਘ ਸਚਦੇਵਾ ਨੇ ਕਿਹਾ ਕਿ ਕੱਲ੍ਹ ਹੀ ਲੈ ਆਓ। ਦੂਜੇ ਦਿਨ ਰਸਤੇ ਦੀ ਕਿਸੇ ਪ੍ਰਸ਼ਾਨੀ ਤੋਂ ਬਚਣ ਲਈ ਉਕਤ ਅਧਿਕਾਰੀ ਵੱਲੋਂ ਸਾਡੇ ਨਾਲ ਇੱਕ ਪੁਲਿਸ ਕਰਮਚਾਰੀ ਭੇਜ ਦਿੱਤਾ ਗਿਆ।
ਜਦੋਂ ਉੱਥੇ ਪਹਿਲਾਂ ਹੀ ਉਡੀਕਦੇ ਮਿੱਤਰ ਦੀ ਹਾਜ਼ਰੀ ਵਿੱਚ ਅਸੀਂ ਟੈਂਪੂ ਵਿੱਚੋਂ ਬਜ਼ੁਰਗ ਨੂੰ ਉਤਾਰਿਆ ਤਾਂ ਉੱਥੇ 10-15 ਹੋਰ ਮੰਦਬੁੱਧੀ ਅਤੇ ਨਿਆਸਰੇ ਮਰਦ, ਔਰਤਾਂ ਸਨ। ਮੇਜ਼ਬਾਨ ਨੇ ਸਾਨੂੰ ਆਪਣੇ ਦਫਤਰ ਬਿਠਾ ਕੇ ਚਾਹ ਪਿਆਈ। ਲੋੜਵੰਦਾਂ ਦੀ ਸੰਭਾਲ ਦੀਆਂ ਅੰਤ-ਰਹਿਤ ਕਹਾਣੀਆਂ ਛਿੜ ਪਈਆਂ। ਵਾਪਸ ਤੁਰਨ ਲੱਗੇ ਤਾਂ ਜੋ ਵੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ।
ਜਿਸ ਬਜ਼ੁਰਗ ਦੀ ਦੁਰਦਸ਼ਾ ਵੇਖ ਕੇ ਹਰ ਸਧਾਰਨ ਵਿਅਕਤੀ ਪ੍ਰੇਸ਼ਾਨ ਹੋ ਸਕਦਾ ਸੀ, ਉਸ ਬਜ਼ੁਰਗ ਨੂੰ 4,5 ਸੇਵਾਦਾਰਾਂ ਨੇ ਨਹਾ ਕੇ ਨਵੇਂ ਕੱਪੜੇ ਪਹਿਨਾ ਦਿੱਤੇ ਸਨ ਅਤੇ ਪੱਗ ਬੰਨ੍ਹ ਦਿੱਤੀ ਸੀ। ਸਿਫਤੀ ਫਰਕ ਸਾਡੇ ਸਾਹਮਣੇ ਸੀ। ਸੱਚਦੇਵਾ ਹੋਰਾਂ ਨੇ ਨੇੜਿਓਂ ਹੋ ਕੇ ਵਿਖਾਇਆ ਕਿ ਆਹ ਵੇਖੋ, ਇਹ ਬਜ਼ੁਰਗ ਇੱਕ ਪਾਸੇ ਤੋਂ ਕਿਵੇਂ ਗਲਣਾ ਸ਼ੁਰੂ ਹੋ ਗਿਆ ਸੀ। ਇਸ ਸੇਵਾ ਨੂੰ ਵੇਖ ਕੇ ਸਾਡੇ ਹੱਥ ਆਪ ਮੁਹਾਰੇ ਹੀ ਜੇਬਾਂ ਫਰੋਲਣ ਲੱਗੇ ਅਤੇ ਯੋਗਦਾਨ ਉਸ ਉਪਕਾਰੀ ਦੇ ਅੱਗੇ ਢੇਰੀ ਕਰ ਆਏ।
ਬਿਨਾਂ ਸ਼ੱਕ ਅਜਿਹੀਆਂ ਸੰਸਥਾਵਾਂ ਲਈ ਪੈਸੇ ਦੀ ਲੋੜ ਹੁੰਦੀ ਹੈ ਅਤੇ ਸਮਰੱਥ ਦਇਆਵਾਨ ਇਹ ਸੇਵਾ ਨਿਭਾਉਂਦੇ ਵੀ ਹਨ, ਪਰ ਜ਼ਖਮਾਂ ਵਿੱਚੋਂ ਕੀੜੇ ਕੱਢਣ ਦੀ ਹੱਦ ਤਕ, ਜੋ ਕੰਮ ਅਜਿਹੀਆਂ ਸੰਸਥਾਵਾਂ ਦੇ ਇਹ ਉਪਕਾਰੀ ਕਰਦੇ ਹਨ, ਬਦਲੇ ਵਿੱਚ ਅਜਿਹੇ ਉਪਕਾਰੀਆਂ ਲਈ ਮੇਰੇ ਮਨ ਵਿੱਚ ਸਿੱਜਦਾ ਉੱਭਰਦਾ ਹੈ। ਅਜਿਹੇ ਉਪਕਾਰੀ ਸਾਡੇ ਸਮਾਜ ਦੇ ਜਿਊਂਦੇ ਅਵਤਾਰ ਹਨ।
Add a review