ਦਫਤਰ ਜਾਣ ਲਈ ਸਵੇਰੇ ਤਿਆਰ ਹੋ ਰਿਹਾ ਸਾਂ ਕਿ ਅਚਾਨਤ ਪਿਤਾ ਜੀ ਮੇਰੇ ਕੋਲ ਆ ਕੇ ਕਹਿਣ ਲੱਗੇ, “ਕਾਕਾ! ਮੈਂਨੂੰ ਇੱਕ ਦਿਨ ਪੀ.ਜੀ.ਆਈ. ਡਾਕਟਰ ਕੋਲ ਤਾਂ ਵਿਖਾ ਲਿਆ। ਡੇਢ ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਹਸਪਤਾਲ ਗਿਐਂ। ਮਸਾਂ ਕਿਤੇ ਕਰੋਨਾ ਤੋਂ ਪਹਿਲਾਂ ਦੀ ਕਾਰਡ ’ਤੇ ਤਰੀਕ ਪਈ ਐ।”
ਮੈਂ ਪਿਤਾ ਜੀ ਦੀ ਗੱਲ ਨੂੰ ਬਾਹਲੀ ਸੰਜੀਦਗੀ ਵਿੱਚ ਨਾ ਲੈਂਦਿਆਂ ਵਿੱਚੋਂ ਹੀ ਟੋਕਦੇ ਕਿਹਾ, “ਪਰਸੋਂ ਲੈ ਜਾਵਾਂਗਾ, ਨਿਊਰੋ ਵਾਲੇ ਡਾਕਟਰ ਦੀ ਓ.ਪੀ.ਡੀ. ਵੀ ਹੁੰਦੀ ਹੈ। ਅੱਜ ਤੇ ਦਫਤਰ ਵਿੱਚ ਵੀ ਖਾਸਾ ਕੰਮ ਹੈ।”
ਪਿਤਾ ਜੀ ਭਰੇ ਜਿਹੇ ਮਨ ਨਾਲ ਕਹਿਣ ਲੱਗੇ, “ਕਾਕਾ, ਤੇਰੀ ਮਰਜ਼ੀ ਐ। ਮੈਂ ਤਾਂ ਹੁਣ ਬੇਵੱਸ ਹਾਂ। ਅੱਗੇ ਤਾਂ ਆਪੇ ਹੀ ਔਖੇ-ਸੌਖੇ ਲੋਕਲ ਬੱਸ ਫੜ ਕੇ ਤੁਰ ਜਾਈਦਾ ਸੀ ਹਸਪਤਾਲ। ਹੁਣ ਤਾਂ ਕਮਜ਼ੋਰੀ ਕਾਰਨ ਮਸਾਂ ਹੀ ਡੀਂਗ ਪੱਟੀ ਜਾਂਦੀ ਐ।”
ਮੈਂਨੂੰ ਇੰਝ ਜਾਪਿਆ ਕਿ ਉਹ ਮੈਂਨੂੰ ਮਿਹਣਾ ਮਾਰ ਰਹੇ ਹੋਣ। ਪਰ ਫਿਰ ਵੀ ਮੈਂ ਉਨ੍ਹਾਂ ਦੀ ਗੱਲ ਨੂੰ ਅਣਗੌਲਦਿਆਂ ਕਿਹਾ, “ਪਿਤਾ ਜੀ, ਅਗਲੇ ਇੱਕ-ਦੋ ਦਿਨ ਦਫਤਰ ਵਿੱਚ ਜ਼ਰੂਰੀ ਕੰਮ-ਕਾਜ ਕਰਕੇ ਮੈਂ ਬਾਹਲਾ ਮਸਰੂਫ ਹਾਂ। ਫਿਰ ਕਿਸੇ ਹੋਰ ਦਿਨ ਵਿਖਾ ਲਿਆਵਾਂਗਾ।”
ਪਿਤਾ ਜੀ ਬੋਲੇ, “ਰੱਬ ਕਿਸੇ ਨੂੰ ਵੀ ਕਿਸੇ ਦਾ ਮੁਥਾਜ ਨਾ ਬਣਾਏ। ਆਪਣੇ ਨੈਣਾਂ-ਪ੍ਰਾਣਾਂ ’ਤੇ ਹੀ ਰੱਖੇ।”
ਇਹ ਬਪਲ ਸੁਣ ਕੇ ਮੈਂਨੂੰ ਸ਼ਰਮ ਆਈ ਤੇ ਮੈਂ ਦਿਲੋ ਦਿਲੀ ਇਹੀ ਸੋਚਦਾ ਰਿਹਾ ਕਿ ਅੱਜ ਮੈਂ ਆਪਣੀ ਨੌਕਰੀ ਦੀ ਮਜਬੂਰੀ ਦਾ ਝੂਠਾ ਬਹਾਨਾ ਬਣਾ ਕੇ ਉਨ੍ਹਾਂ ਦੇ ਮਨ ਨੂੰ ਸ਼ਾਇਦ ਠੇਸ ਪਹੁੰਚਾ ਕੇ ਆਪਣੀ ਕੋਝੀ ਚਤੁਰਾਈ ਦਾ ਤੇ ਝੂਠੀ ਵਿਦਵਤਾ ਦਾ ਮੁਜ਼ਾਹਰਾ ਕੀਤਾ ਹੈ।
ਦਫਤਰ ਪੁੱਜ ਕੇ ਵੀ ਮੇਰਾ ਕੰਮ ਵਿੱਚ ਉੱਕਾ ਚਿੱਤ ਨਾ ਲੱਗਾ। ਮੈਂ ਆਪਣੇ ਦਰਵੇਸ਼ ਬਾਪ ਨੂੰ ਦਫ਼ਤਰੀ ਕੰਮਕਾਜ ਦਾ ਬਹਾਨਾ ਲਾ ਕੇ ਅੱਜ ਝੂਠ ਬੋਲਿਆ ਸੀ ਜਿਸ ਸਦਕਾ ਮੇਰੀ ਅੰਤਰਆਤਮਾ ਮੈਂਨੂੰ ਲਾਹਨਤਾਂ ਪਾ ਰਹੀ ਸੀ। ਮੈਂਨੂੰ ਬਚਪਨ ਦੇ ਉਹ ਦਿਨ ਚੇਤੇ ਆਉਣ ਲੱਗੇ ਜਦੋਂ ਮੇਰਾ ਬਾਪ ਮੈਂਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਜਿੱਥੇ ਕੋਈ ਦੱਸ ਪਾਉਂਦਾ, ਉੱਥੇ ਮੇਰੇ ਇਲਾਜ ਲਈ ਬਿਨਾਂ ਆਪਣੀ ਨੌਕਰੀ ਦੀ ਪਰਵਾਹ ਕਰਦਿਆਂ ਪੁੱਤਰ ਮੋਹ ਵਿੱਚ ਲੈ ਜਾਂਦਾ। ਮੈਂ ਜਮਾਂਦਰੂ ਹੀ ਇੱਕ ਨਾ-ਮੁਰਾਦ ਬੀਮਾਰੀ ‘ਹੀਮੋਫੀਲੀਆ’ ਤੋਂ ਪੀੜਤ ਹਾਂ।
ਇਸ ਲਾਇਲਾਜ ਬਿਮਾਰੀ ਨਾਲ ਕਦੇ ਮੇਰਾ ਗੋਡਾ, ਗਿੱਟਾ ਜਾਂ ਮੋਢਾ ਸੁੱਜਿਆ ਰਹਿੰਦਾ। ਮਾਂ-ਪਿਓ ਨੂੰ ਇਸ ਬੀਮਾਰੀ ਦੀ ਬਹੁਤੀ ਸਮਝ ਨਾ ਹੋਣ ਕਾਰਨ ਉਹ ਕਦੀ ਮਾਲਸ਼ੀ ਕੋਲ ਗੋਡਾ ਮਲਾਉਣ ਤੇ ਕਦੀ ਪੁੱਛਾਂ ਪਾਉਣ ਵਾਲੇ ਨਜੂਮੀ ਕੋਲ ਲੈ ਜਾਂਦੇ। ਪਿਤਾ ਜੀ ਨੂੰ ਅਕਸਰ ਆਪਣੇ ਕੰਮ ’ਤੇ ਪਹੁੰਚਣ ਵਿੱਚ ਦੇਰ ਹੋ ਜਾਂਦੀ ਅਤੇ ਉਨ੍ਹਾਂ ਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਕਈ ਵਾਰ ਝਾੜ-ਝੰਭ ਵੀ ਸਹਿਣੀ ਪੈਂਦੀ।
ਮੈਂਨੂੰ ਯਾਦ ਹੈ ਕਿ ਉਹਨਾਂ ਨੂੰ ਮਹੀਨੇ ਵਿੱਚ ਦੋ ਵਾਰ ਮੈਨੂੰ ਪੀ.ਜੀ.ਆਈ. ਅਤੇ ਇੱਕ ਵਾਰ ਪਟਿਆਲੇ ਦੇ ਰਜਿੰਦਰਾ ਹਸਪਤਾਲ ਨਿਯਮਿਤ ਇਲਾਜ ਲਈ ਲੈ ਕੇ ਜਾਣਾ ਪੈਂਦਾ ਤੇ ਉਨ੍ਹਾਂ ਦੀਆਂ ਸਾਲ ਭਰ ਦੀਆਂ ਛੁੱਟੀਆਂ ਪਹਿਲੇ ਮਹੀਨੇ ਵਿੱਚ ਹੀ ਮੁੱਕ ਜਾਂਦੀਆਂ ਤੇ ਮਗਰੋਂ ਬਿਨਾਂ-ਤਨਖਾਹ ਛੁੱਟੀਆਂ ਲੈ ਕੇ ਮੇਰੇ ਇਲਾਜ ਲਈ ਬੱਸਾਂ ਵਿੱਚ ਧੱਕੇ ਖਾਂਦੇ ਰਹਿੰਦੇ।
ਪਰ ਉਨ੍ਹਾਂ ਨੇ ਤਾਂ ਕਦੀ ਆਪਣੇ ਫਰਜ਼ ਤੋਂ ਟਾਲ਼ਾ ਨਹੀਂ ਸੀ ਵੱਟਿਆ। ਇਨ੍ਹਾਂ ਯਾਦਾਂ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਹੁਣ ਮੇਰੇ ਪਿਤਾ ਜੀ 86 ਵਰ੍ਹੇ ਪੂਰੇ ਕਰ ਚੁੱਕੇ ਹਨ ਅਤੇ ਬੁਢਾਪੇ ਕਾਰਨ ਲੱਗੀਆਂ ਪਰਕਿਨਸਨਜ਼, ਪੇਟ ਤੇ ਦਿਲ ਦੀਆਂ ਬੀਮਾਰੀਆਂ ਤੋਂ ਨਾ ਕੇਵਲ ਪੀੜਤ, ਸਗੋਂ ਲਾਚਾਰ ਵੀ ਹਨ।
ਮੈਂ ਉਹ ਸਾਰਾ ਦਿਨ ਆਤਮ ਗਿਲਾਨੀ ਵਿੱਚ ਕੱਟਿਆ। ਇੱਥੋਂ ਤਕ ਕਿ ਘਰੋਂ ਲਿਆਂਦੀ ਰੋਟੀ ਵੀ ਬਿਨਾਂ ਟਿਫਿਨ ਖੋਲ੍ਹਿਆਂ ਓਵੇਂ ਹੀ ਮੋੜਕੇ ਲੈ ਗਿਆ। ਦਫਤਰੋਂ ਛੁੱਟੀ ਕਰ ਕੇ ਸ਼ਾਮੀਂ ਘਰ ਪੁੱਜਿਆ ਤਾਂ ਘਰਵਾਲੀ ਨੇ ਪੁੱਛਿਆ, “ਕੀ ਗੱਲ, ਅੱਜ ਤੁਸੀਂ ਰੋਟੀ ਨਹੀਂ ਖਾਧੀ! ਤੁਹਾਡੀ ਤਬੀਅਤ ਤਾਂ ਠੀਕ ਹੈ ਨਾ?”
ਮੈਂ ਉਹਦੇ ਸਵਾਲਾਂ ਨੂੰ ਅਣਗੌਲਦਿਆਂ ਕਿਹਾ, “ਵੈਸੇ ਹੀ ਕੰਮ ਵਿੱਚ ਰੁੱਝੇ ਹੋਣ ਕਰਕੇ ਰੋਟੀ ਖਾਣ ਦਾ ਸਮਾਂ ਹੀ ਨਹੀਂ ਲੱਗਾ।”
ਮੈਂ ਤੁਰੰਤ ਪਿਤਾ ਜੀ ਕੋਲ ਪੁੱਜ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦਿਆਂ ਕਿਹਾ, “ਪਰਸੋਂ ਸਵੇਰੇ ਅੱਠ ਵਜੇ ਤਿਆਰ ਰਹਿਣਾ, ਆਪਾਂ ਡਾਕਟਰ ਕੋਲ ਜਾਣਾ ਹੈ।” ਇਹ ਸੁਣਦਿਆਂ ਹੀ ਪਿਤਾ ਜੀ ਦਾ ਮੁਰਝਾਇਆ ਚਿਹਰਾ ਖਿੜ ਉੱਠਿਆ ਤੇ ਮੈਂਨੂੰ ਦਿਲੋਂ ਅਸੀਸਾਂ ਦਿੰਦਿਆਂ ਬੋਲੇ, “ਜਿਉਂਦੇ ਰਹੋ, ਜਵਾਨੀਆਂ ਮਾਣੋ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।” ਫਿਰ ਉਹ ਕਹਿਣ ਲੱਗੇ, “ਕਾਕਾ ਸਾਡੇ ਜਿਹੜੇ ਮਾੜੇ-ਮੋਟੇ ਸਵਾਸ ਬਾਕੀ ਬਚੇ ਹਨ, ਉਹ ਤਾਂ ਹੁਣ ਤੁਹਾਡੇ ਆਸਰੇ ਹੀ ਕੱਟਣੇ ਨੇ।
ਪੁੱਤ ਮੈਂ ਤੇਰੀਆਂ ਮਜਬੂਰੀਆਂ ਵੀ ਸਮਝਦਾ ਹਾਂ ਪਰ ਸਾਨੂੰ ਬੁੱਢੇ-ਠੇਰਿਆਂ ਨੂੰ ਸਾਂਭਣਾ ਵੀ ਤਾਂ ਤੁਸਾਂ ਹੀ ਹੈ ਨਾ।” ਇਹ ਸੁਣ ਕੇ ਮੇਰੀ ਭੁੱਬ ਨਿਕਲ ਗਈ ਤੇ ਕਿਹਾ, “ਪਿਤਾ ਜੀ! ਕੇਹੀਆਂ ਗੱਲਾਂ ਕਰਦੇ ਓ, ਚੰਗਾ ਲਗਦਾ ਹੈ ਇੰਝ, ਤੁਸੀਂ ਤਾਂ ਸਿਆਣੇ-ਬਿਆਣੇ ਓ। ਅਸੀਂ ਤੁਹਾਡੇ ਹੀ ਬੱਚੇ ਹਾਂ ਤੇ ਤੁਹਾਡੀ ਸਾਂਭ-ਸੰਭਾਲ ਕਰਕੇ ਕੋਈ ਅਹਿਸਾਨ ਨਹੀਂ ਕਰਦੇ, ਸਗੋਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ।”
ਉਸ ਦਿਨ ਮੈਂਨੂੰ ਇਹ ਅਹਿਸਾਸ ਹੋਇਆ ਕਿ ਜੇਕਰ ਅਸੀਂ ਆਪਣੇ ਮਾਂ-ਪਿਓ ਦੀ ਤਨੋ-ਮਨੋ ਸੇਵਾ ਨਾ ਕੀਤੀ ਤਾਂ ਸਾਡਾ ਕੀ ਹਸ਼ਰ ਹੋਵੇਗਾ, ਇਹ ਅੱਲਾ ਹੀ ਜਾਣਦੈ। ਬੱਸ ਉਸੇ ਦਿਨ ਤੋਂ ਆਪਣੇ ਮਾਪਿਆਂ ਪ੍ਰਤੀ ਸਮਰਪਿਤ ਹੋ ਕੇ ਆਪਣੀ ਰਹਿੰਦੀ ਜ਼ਿੰਦਗੀ ਇਹ ਤਹੱਈਆ ਕੀਤਾ ਜਦੋਂ ਤਕ ਸਾਹ ਚੱਲਦੇ ਰਹੇ, ਤਦੋਂ ਤਕ ਮਾਪਿਆਂ ਦੀ ਸੇਵਾ ਹੀ ਆਪਣਾ ਪਰਮ-ਧਰਮ ਹੈ।
ਕਈ ਵਾਰ ਸਾਨੂੰ ਨੌਕਰੀ ਵਿੱਚ ਮਸਰੂਫ ਰਹਿਣ ਸਦਕਾ ਇੱਕੋ ਛੱਤ ਹੇਠ ਰਹਿੰਦਿਆਂ ਮਾਂ-ਪਿਓ ਨੂੰ ਮਿਲਿਆਂ ਕਈ-ਕਈ ਦਿਨ ਲੰਘ ਜਾਂਦੇ ਹਨ। ਅਕਸਰ ਮੇਰੇ ਨਾਲ ਵੀ ਇੰਝ ਹੀ ਵਾਰਪਦਾ ਰਿਹਾ ਹੈ, ਜਦੋਂ ਕਈ ਵਾਰ ਮੇਰੇ ਪਿਤਾ ਜੀ ਬਾਲਕੋਨੀ ਵਿੱਚ ਖੜ੍ਹਿਆਂ ਹੀ ਹੇਠੋਂ ਸਾਡਾ ਹਾਲਚਾਲ ਪੁੱਛ ਲੈਂਦੇ ਤੇ ਮੈਂਨੂੰ ਆਪਣੇ ਆਪ ’ਤੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਕੁਝ ਪਲ ਕੱਢ ਕੇ ਉਨ੍ਹਾਂ ਦੀ ਖਬਰਸਾਰ ਵੀ ਨਹੀਂ ਲੈ ਸਕਦੇ। ਇਸ ਤੋਂ ਸਾਡੇ ਸਾਰਿਆਂ ਦੇ ਵਰਤਾਰੇ ਵਿੱਚ ਹੋਰ ਵੱਧ ਮਾੜਾ ਕੀ ਹੋ ਸਕਦਾ ਹੈ ਜੇਕਰ ਅਸੀਂ ਲੱਖ ਮਜਬੂਰੀਆਂ ਹੁੰਦਿਆਂ ਆਪਣੇ ਮਾਂ-ਪਿਓ ਨਾਲ ਦੁਆ-ਸਲਾਮ ਵੀ ਨਾ ਰੱਖੀਏ।
ਇਨਸਾਨ ਰੋਟੀ ਤੋਂ ਬਿਨਾਂ ਤਾਂ ਰਹਿ ਸਕਦਾ ਹੈ ਪਰ ਆਪਣੇ ਨੇੜਲਿਆਂ ਨਾਲ ਗੱਲਬਾਤ ਦੀ ਅਣਹੋਂਦ ਨੂੰ ਕਿਸੇ ਵੀ ਸੂਰਤ ਵਿੱਚ ਸਹਾਰ ਨਹੀਂ ਸਕਦਾ। ਕਈ ਵਾਰ ਇਹ ਇਕੱਲਾਪਣ ਅਨੇਕਾਂ ਰੋਗਾਂ ਦਾ ਵੀ ਕਾਰਨ ਬਣਦਾ ਹੈ। ਹੋ ਸਕਦਾ ਹੈ ਕਿ ਮੇਰੇ ਸਤਿਕਾਰਯੋਗ ਬਾਪੂ ਜੀ ਵੀ ਕਿਤੇ ਨਾ ਕਿਤੇ ਸਾਡੀਆਂ ਇਨ੍ਹਾਂ ਜਾਣੇ-ਅਣਜਾਣੇ ਦੀਆਂ ਬੇਪਰਵਾਹੀਆਂ ਜਾਂ ਅਣਗਹਿਲੀਆਂ ਕਾਰਨ ਹੀ ਇਨ੍ਹਾਂ ਰੋਗਾਂ ਤੋਂ ਪੀੜਤ ਹੋਏ ਹੋਣ ਜਿਸ ਨੂੰ ਕਬੂਲਣ ਵਿੱਚ ਮੈਂਨੂੰ ਭੋਰਾ ਵੀ ਸੰਗ-ਸ਼ਰਮ ਨਹੀਂ।
ਪਿਤਾ ਜੀ ਵੱਲੋਂ ਮਗਰਲੇ ਦਿਨਾਂ ਵਿੱਚ ਕੀਤੇ ਗਿਲੇ-ਸ਼ਿਕਵੇ ਨੇ ਮੈਂਨੂੰ ਇਹ ਸੋਚਣ ’ਤੇ ਮਜਬੂਰ ਕਰ ਦਿੱਤਾ ਕਿ ਮੇਰੇ ਵੱਲੋਂ ਮਾਂ-ਪਿਓ ਪ੍ਰਤੀ ਬਣਦੇ ਫਰਜ਼ਾਂ ਵਿੱਚ ਕੀਤੀ ਕੋਤਾਹੀ ਸਦਕਾ ਆਈਆਂ ਦੂਰੀਆਂ ਦਾ ਅਹਿਸਾਸ ਕਰਕੇ ਹੁਣ ਮਾਂ-ਬਾਪ ਦੇ ਰਿਸ਼ਤੇ ਦਾ ਨਿੱਘ ਮਾਣਨ ਦੀ ਇੱਕ ਕਵਾਇਦ ਸ਼ੁਰੂ ਹੋ ਚੁੱਕੀ ਹੈ। ਸੰਯੋਗਵੱਸ, ਇਹ ਲਾਜ਼ਮੀ ਨਹੀਂ ਕਿ ਅਸੀਂ ਕੋਈ ਗਲਤੀ ਮਿੱਥ ਕੇ ਕਰੀਏ। ਕਈ ਵਾਰ ਤਾਂ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਹਨ ਕਿ ਨਾ ਚਾਹੁੰਦਿਆਂ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਮਿਜਾਜ਼ਪੁਰਸ਼ੀ ਤੋਂ ਖੁੰਝ ਜਾਂਦੇ ਹਾਂ ਜਿਸ ਸਦਕਾ ਉਨ੍ਹਾਂ ਵੱਲੋਂ ਸਾਡੇ ਪ੍ਰਤੀ ਗੁੱਸਾ-ਗਿਲਾ ਹੋਣਾ ਸੁਭਾਵਕ ਹੈ।
ਮੇਰੀ ਸੋਚ ਵਿੱਚ ਆਏ ਇਸ ਬਦਲਾਅ ਨਾਲ ਮੈਂਨੂੰ ਨਾ ਕੇਵਲ ਮਾਨਸਿਕ ਸਕੂਨ ਹੀ ਮਿਲਿਆ ਸਗੋਂ ਉਨ੍ਹਾਂ ਨਾਲ ਹੋਰ ਨੇੜੇ ਵਿਚਰਨ ਸਦਕਾ ਪਿਓ-ਪੁੱਤਰ ਦੇ ਇਸ ਸਦੀਵੀ ਰਿਸ਼ਤੇ ਦੇ ਮੋਹ ਨੂੰ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ, ਜੋ ਕਿਤੇ ਨਾ ਕਿਤੇ ਵਿਸਰ ਚੁੱਕਾ ਸੀ। ਸਮਾਜਿਕ ਸਰੋਕਾਰਾਂ ਨੂੰ ਪਛਾਣਦਿਆਂ ਸਾਨੂੰ ਆਪਣੀ ਅਜੋਕੀ ਪੀੜ੍ਹੀ ਨੂੰ ਇਹ ਨਾ ਕੇਵਲ ਸਮਝਾਉਣ ਦੀ ਲੋੜ ਹੈ ਕਿ ਉਹ ਆਪੋ-ਆਪਣੇ ਕੈਰੀਅਰ ਭਾਵ ਨੌਕਰੀ ਜਾਂ ਕਾਰੋਬਾਰ ਦੀ ਚਕਾਚੌਂਧ ਵਿੱਚ ਆਪਣੇ ਮਾਂ-ਪਿਓ ਦੀ ਸੇਵਾ ਕਰਨ ਵਿੱਚ ਕਿਸੇ ਕਿਸਮ ਦੀ ਉਕਾਈ ਨਾ ਦਿਖਾਉਣ।
ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅੱਜ ਅਸੀਂ ਆਪਣੇ ਮਾਂ-ਪਿਓ ਨੂੰ ਬਣਦਾ ਸਮਾਂ ਦੇ ਕੇ ਉਨ੍ਹਾਂ ਦੀ ਸੱਚੇ ਦਿਲੋਂ ਸੇਵਾ ਕਰਕੇ ਉਨ੍ਹਾਂ ਨੂੰ ਦ੍ਰਿੜ੍ਹ ਸੰਕਲਪ ਕਰਵਾਈਏ ਕਿ ਬਜ਼ੁਰਗਾਂ ਦੀ ਕੀਤੀ ਸੇਵਾ ਹੀ ਅਸਲ ਮਾਅਨਿਆਂ ਵਿੱਚ ਰੱਬ ਦੀ ਸੇਵਾ ਹੈ ਅਤੇ ਇਹੀ ਸਰਵੋਤਮ ਧਰਮ ਹੈ। ਜੇਕਰ ਅਸੀਂ ਇਸ ਆਸ਼ੇ ਤੋਂ ਖੁੰਝ ਗਏ ਤਾਂ ਸਾਨੂੰ ਵੀ ਆਪਣੀ ਔਲਾਦ ਵੱਲੋਂ ਜ਼ਿੰਦਗੀ ਦੀ ਸ਼ਾਮ ਵਿੱਚ ਕਿਸੇ ਕਿਸਮ ਦੀ ਢਾਰਸ ਦੀ ਆਸ ਨਹੀਂ ਕਰਨੀ ਚਾਹੀਦੀ। ਭਗਤ ਕਬੀਰ ਜੀ ਨੇ ਸੱਚ ਹੀ ਆਖਿਐ, “ਇਹੀ ਹਵਾਲ ਹੋਹਿਗੇ ਤੇਰੇ …।”
Add a review