• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਔਰਤ ਦੀ ਮਰਜ਼ੀ ਦਾ ਸਮਾਜਿਕ ਸੰਦਰਭ

ਗੌਰਵੀ ਸ਼ਰਮਾ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Social Issues
  • Report an issue
  • prev
  • next
Article

ਇਤਿਹਾਸ ਵਿੱਚ ਅਜਿਹੇ ਪਲ ਨਾਂ-ਮਾਤਰ ਹੀ ਮਿਲਦੇ ਹਨ, ਜਦੋਂ ਔਰਤ ਦੇ ਵਜੂਦ ਦੀ ਲੜਾਈ ਕਿਸੇ ਨੇਸ਼ਨ ਦਾ ਏਜੰਡਾ ਰਿਹਾ ਹੋਵੇ। ਫਿਰ ਵੀ ਇਤਿਹਾਸ ਅਜਿਹੀਆਂ ਔਰਤਾਂ ਦੀ ਗਵਾਹੀ ਭਰਦਾ ਹੈ ਜਿਨ੍ਹਾਂ ਦੇ ਰੂਹ ਦੀ ਭਟਕਣ ਅਤੇ ਜ਼ਿੰਦਗੀ ਜਿਉਣ ਦੀ ਸ਼ਿੱਦਤ ਲਈ ਕੀਤੀ ‘ਚੋਣ’ ਨੇ ਨਾ ਸਿਰਫ਼ ਔਰਤ ਸਗੋਂ ਮਨੁੱਖੀ ਹੋਂਦ ਦੀ ਵੀ ਨਵੀਂ ਕਹਾਣੀ ਲਿਖੀ। ਇਨ੍ਹਾਂ ਔਰਤਾਂ ਦੀ ਖ਼ੂਬਸੂਰਤੀ ਦੇ ਹਰ ਪੱਖ ਨੂੰ ਸਮਝਣ ਲਈ ਸਾਡੇ ਸਮਾਜ ਨੂੰ ਲੰਬਾ ਪੈਂਡਾ ਤੈਅ ਕਰਨਾ ਪੈਣਾ ਹੈ। ਫਰੈਡਰਿਕ ਨਿਤਸ਼ੇ ਅਨੁਸਾਰ ਮਨੁੱਖ ਆਪਣੀਆਂ ਚੋਣਾਂ ਦਾ ਨਤੀਜਾ ਹੈ। ਪ੍ਰਸਿੱਧ ਨਾਰੀਵਾਦੀ ਚਿੰਤਕ ਸਿਮੋ ਦਿ ਬੂਆ ਨੇ ਵੀ ਆਖਿਆ ਹੈ ਕਿ ‘‘ਔਰਤ ਲਈ ਸਵਾਲ ਮਹਿਜ਼ ਔਰਤ ਹੋਣ ਦਾ ਦਾਅਵਾ ਕਰਨਾ ਨਹੀਂ ਸਗੋਂ ਸੰਪੂਰਨ ਮਨੁੱਖ ਹੋਣ ਦਾ ਹੈ।’’ ਪਰ ਕੋਈ ਵੀ ਚੋਣ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦੀ ਸਗੋਂ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਧਾਰਮਿਕ ਸੰਦਰਭ ਹੀ ਚੋਣ ਅਤੇ ਹਾਲਾਤ ਨੂੰ ਪ੍ਰਭਾਵਿਤ/ਨਿਰਧਾਰਿਤ ਕਰਦੇ ਹਨ। ਇਨ੍ਹਾਂ ਪੱਖਾਂ ਦੀਆਂ ਸੀਮਾਵਾਂ ਦੇ ਬਾਵਜੂਦ ਚੋਣ ਦਾ ਸੁਆਲ ਬਹੁਤ ਅਹਿਮ ਹੈ ਜਿਸ ਵਿੱਚ ਕੋਈ ਵੀ ਕੀਤੀ ਚੋਣ, ਚੋਣ ਵਜੋਂ ਉੱਭਰਦੀ ਹੈ।

ਸਿਮਰਨ ਕੌਰ ਢਾਡਲੀ ਦੇ ਗੀਤ ‘ਲਹੂ ਦੀ ਅਵਾਜ਼’ ਵਿੱਚ ਔਰਤ ਦੀ ਪੇਸ਼ਕਾਰੀ ਬਹੁਤ ਹੀ ਗ਼ੈਰ-ਮਨੁੱਖੀ ਅਤੇ ਸੀਮਿਤ ਢੰਗ ਨਾਲ ਦਿਖਾਈ ਗਈ ਹੈ। ਇਸ ਗੀਤ ਵਿੱਚ ਔਰਤਾਂ ਨੂੰ ਸਿੱਧੇ ਰੂਪ ਵਿੱਚ ਦੋ ਸ਼੍ਰੇਣੀਆਂ ਵਿੱਚ ਵੰਡਿਆ ਦਿਖਾਇਆ ਗਿਆ ਹੈ। ਇਸ ਅਨੁਸਾਰ ਆਦਰਸ਼ ਔਰਤ ਉਹ ਹੈ ਜੋ ਪਿਉ ਅਤੇ ਭਰਾ ਸਾਹਮਣੇ ਨੀਵੀਂ ਪਾਈ ਚੁੱਪ ਵੱਟੀ ਖੜ੍ਹੀ ਹੈ। ਕੁੱਖੋਂ ਯੋਧੇ ਜੰਮਣਾ ਅਤੇ ਮਰਦਾਂ ਦੀ ਸੇਵਾ ਜਿਸ ਦਾ ਮੁੱਢਲਾ ਧਰਮ ਹੈ। ਦੂਜੀ ਧਿਰ ਵਿੱਚ ਉਹ ਔਰਤਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਦੇਹ ਦੀ ਨੁਮਾਇਸ਼ ਤੋਂ ਇਤਰਾਜ਼ ਨਹੀਂ। ਗੀਤ ਦੇ ਬੋਲਾਂ ਅਨੁਸਾਰ ਅਜਿਹੀਆਂ ਔਰਤਾਂ ਪ੍ਰੰਪਰਾਗਤ ਅਣਖ ਅਤੇ ਇੱਜ਼ਤ ਨੂੰ ਰੋਲਦੀਆਂ ਹਨ। ਇਹ ਔਰਤਾਂ ਫੈਮੀਨਿਸਟ (ਨਾਰੀਵਾਦੀ) ਕਹਾਉਂਦੀਆਂ ਹਨ ਜਿਨ੍ਹਾਂ ਨੂੰ ਦੇਹ ਦੀ ਪੇਸ਼ਕਾਰੀ ਤੋਂ ਗੁਰੇਜ ਨਹੀਂ। ਔਰਤਾਂ ਦੀ ਕੱਪੜਿਆਂ, ਸ਼ਰਾਬ ਦਾ ਸੇਵਨ, ਆਪਣੀ ਦੇਹ ਆਦਿ ਲਈ ਕੀਤੀਆਂ ਨਿੱਜੀ ਚੋਣਾਂ ਨੂੰ ‘ਚੋਣਵੇਂ ਨਾਰੀਵਾਦ’ ਦਾ ਠੱਪਾ ਲਗਾ ਕੇ ਉਦਾਰਵਾਦੀ ਖੇਮੇ ਵੱਲੋਂ ਵੀ ਨਕਾਰ ਦਿੱਤਾ ਜਾਂਦਾ ਹੈ। ਵਿਚਾਰਨਯੋਗ ਗੱਲ ਇਹ ਹੈ ਕਿ ਅਜੋਕੇ ਸਮੇਂ ਵਿੱਚ ਔਰਤ ਦੇ ਸਰੋਕਾਰਾਂ ਜਾਂ ਨਾਰੀਵਾਦ ਦੇ ਸੰਕਲਪ ਨੂੰ ਇੱਥੇ ਦਰਸਾਈਆਂ ਦੋਹਾਂ ਕਿਸਮਾਂ ਦੀਆਂ ਚੋਣਾਂ (ਮੱਧਯੁਗੀ ਆਦਰਸ਼ ਔਰਤ ਅਤੇ ਔਰਤਾਂ ਦੀ ਉਹ ਸ਼੍ਰੇਣੀ ਜੋ ਮਹਿਜ਼ ਜੀਵਨ-ਸ਼ੈਲੀ ਦੇ ਬਦਲਾਅ ਚਾਹੁੰਦੀ ਹੈ) ਤੱਕ ਸੀਮਿਤ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਹ ਸਿਰਫ਼ ਨਵ-ਉਦਾਰਵਾਦੀ ਨੀਤੀਆਂ ਤਹਿਤ ਚੋਣ ਸ਼ਬਦ ਦੀ ਸਿਆਸਤ ਹੇਠ ਔਰਤਾਂ ਦੀ ਕਿਰਤ ਅਤੇ ਕਿਰਦਾਰ ਨੂੰ ਵਰਤਣ ਦਾ ਸਾਧਨ ਮਾਤਰ ਹਨ ਜੋ ਕਿ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿਸਟਮ ਵਿੱਚ ਪਈਆਂ ਊਣਤਾਈਆਂ ਦੀ ਹਮਾਇਤ ਕਰਦੀਆਂ ਹਨ।

ਇਸ ਦੇ ਨਾਲ ਹੀ ਇਹ ਵੀ ਦੇਖਣਾ ਲਾਜ਼ਮੀ ਹੈ ਕਿ ਕੀ ਸਾਡੇ ਸਮਾਜ ਵਿੱਚ ਵਾਕਈ ਕਿਸੇ ਵੀ ਵਰਗ ਦੀ ਔਰਤ ਕੋਈ ਚੋਣ ਕਰਨ ਲਈ ਸੁਤੰਤਰ ਹੈ? ਜੇਕਰ ਔਰਤ ਕੁਝ ਕੁ ਨਿੱਜੀ ਚੋਣਾਂ ਨੂੰ ਹੀ ਆਜ਼ਾਦੀ ਦਾ ਭਰਮ ਸਮਝਦੀ ਹੋਵੇ, ਕੀ ਚੋਣ ਅਤੇ ਆਜ਼ਾਦੀ ਵਰਗੇ ਸ਼ਬਦ ਇਸ ਸੰੰਦਰਭ ਵਿੱਚ ਵਰਤੇ ਜਾ ਸਕਦੇ ਹਨ? 21ਵੀਂ ਸਦੀ ਦੀ ਔਰਤ ਚੋਣਵੇਂ ਨਾਰੀਵਾਦ ਅਤੇ ਮੱਧਯੁਗੀ ਔਰਤ ਦੇ ਅਕਸ ਵਿਚਕਾਰ ਖੜ੍ਹੀ ਹੈ ਜੋ ਕਿ ਹਰੇਕ ਪੱਧਰ ’ਤੇ ਆਪਣੇ ਕਿਰਦਾਰ ਦੀ ਹੋਂਦ ਅਤੇ ਕੀਤੇ ਫ਼ੈਸਲਿਆਂ ਲਈ ਲੜ ਰਹੀ ਹੈ। ਔਰਤ ਦੀ ਜ਼ਿੰਦਗੀ ਨੂੰ ਮਰਦ ਦੀ ਹੋਂਦ ਤੋਂ ਬਿਨਾ ਸਮਾਜਿਕ ਪ੍ਰਵਾਨਗੀ ਨਹੀਂ ਹੈ। ਔਰਤ ਭਾਵੇਂ ਯੂਨੀਵਰਸਿਟੀ ਤੱਕ ਪਹੁੰਚ ਗਈ ਹੈ, ਪਰ ਉਸ ਦੀ ਪੜ੍ਹਾਈ ਮੈਟਰੀਮੋਨੀਅਲ ਪ੍ਰੋਫਾਈਲ ਪੁਖ਼ਤਾ ਕਰਨ ਤੱਕ ਸੀਮਿਤ ਹੈ। ਕੁੜੀਆਂ ਦੀ ਪੜ੍ਹਾਈ-ਲਿਖਾਈ ਤਾਂ ਹੀ ਸਫ਼ਲ ਮੰਨੀ ਜਾਂਦੀ ਹੈ ਜੇ ਉਸ ਨੂੰ ਵਿਆਹ ਲਈ ਚੰਗਾ ਘਰ, ਪਰਿਵਾਰ (ਜ਼ਮੀਨ-ਜਾਇਦਾਦ ਆਦਿ) ਨਿਰਧਾਰਿਤ ਸਮੇਂ ਤੱਕ ਮਿਲ ਜਾਵੇ। ਕੁਝ ਸਾਲ ਪਹਿਲਾਂ ਆਈ ‘ਕੁਈਨ’ ਫਿਲਮ ਕਾਫ਼ੀ ਚਰਚਿਤ ਰਹੀ। ਇਹ ਫਿਲਮ ਇਸ ਲਈ ਵੀ ਅਗਾਂਹਵਧੂ ਮੰਨੀ ਗਈ ਕਿਉਂਕਿ ਇਹ ਫਿਲਮ ਉਨ੍ਹਾਂ 5 ਫ਼ੀਸਦੀ ਫਿਲਮਾਂ ਵਿੱਚੋਂ ਹੈ ਜੋ ਔਰਤ ਕਿਰਦਾਰ ’ਤੇ ਕੇਂਦਰਿਤ ਹਨ ਜਦੋਂਕਿ 95 ਫ਼ੀਸਦੀ ਸਿਨਮਾ ਜਾਂ ਤਾਂ ਮਰਦ ਕੇਂਦਰਿਤ ਹੈ ਜਾਂ ਮਰਦਾਵੇਂ ਨਜ਼ਰੀਏ ਤੋਂ ਦੇਖਿਆ ਜਾਂ ਬਣਾਇਆ ਜਾਂਦਾ ਹੈ। ਇਹ ਫਿਲਮ ਔਰਤਾਂ ਦੇ ਕਿਸੇ ਖ਼ਾਸ ਜਾਂ ਮੁੱਢਲੇ ਮੁੱਦਿਆਂ ਨੂੰ ਮੁਖਾਤਬ ਨਹੀਂ ਹੁੰਦੀ ਸਗੋਂ ਮੱਧਵਰਗੀ ਪਰਿਵਾਰ ਦੀ ਭੋਲੀ ਜਿਹੀ ਕੁੜੀ ਦੇ ਉਸ ਸਫ਼ਰ ਦੁਆਲੇ ਘੁੰਮਦੀ ਹੈ ਜਦੋਂ ਵਿਆਹ ਟੁੱਟਣ ਤੋਂ ਬਾਅਦ ਉਹ ਆਪਣੇ ਪਤੀ ਤੋਂ ਬਗੈਰ ਇਕੱਲਿਆਂ ਹੀ ਹਨੀਮੂਨ ’ਤੇ ਜਾਣ ਦਾ ਫ਼ੈਸਲਾ ਕਰ ਲੈਂਦੀ ਹੈ। ਭਾਵੇਂ ਇਸ ਕਿਰਦਾਰ ਦੀ ਚੋਣ ਕੋਈ ਅਸਾਧਾਰਨ ਚੋਣ ਨਹੀਂ, ਪਰ ਉਹ ਇਸ ਅਧੂਰੇ ਸਫ਼ਰ ਵਿੱਚ ਵੀ ਆਪਣੇ ਸਵੈ, ਵਜੂਦ ਅਤੇ ਸ਼ਖ਼ਸੀਅਤ (ਪਛਾਣ) ਨਾਲ ਦੋ-ਚਾਰ ਹੁੰਦਿਆਂ ਦੁਨੀਆ ’ਚ ਵਿਚਰਦੀ ਹੈ। ਉਸ ਦੇ ਨਿੱਕੇ-ਨਿੱਕੇ ਫ਼ੈਸਲੇ ਉਸ ਦੇ ਜ਼ਿਹਨ ਵਿੱਚ ਸਥਾਪਤ ਸਮਾਜਿਕ-ਮਨੋਵਿਗਿਆਨਕ ਰੁਕਾਵਟਾਂ ਨੂੰ ਤੋੜਦੇ ਹਨ, ਫਿਰ ਭਾਵੇਂ ਆਪਣੇ ਲਈ ਕੱਪੜਿਆਂ ਦੀ ਚੋਣ ਹੋਵੇ, ਤਿੰਨ ਮੁੰਡਿਆਂ ਨਾਲ ਹੋਸਟਲ ’ਚ ਰਹਿਣਾ ਹੋਵੇ, ਇਕੱਲੇ ਇੱਕ ਦੇਸ਼ ਜਾਂ ਸ਼ਹਿਰ ਤੋਂ ਸਫ਼ਰ ਕਰਨਾ ਹੋਵੇ ਆਦਿ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਸਮੇਂ ਜਾਂ ਹਾਲਾਤ ਵਿੱਚ ਕੀਤੀ ਚੋਣ ਨੂੰ ਨਤੀਜਿਆਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਔਰਤਾਂ ਨਾਲ ਘਰਾਂ ਵਿੱਚ ਨਿੱਤ ਹੁੰਦੀ ਹਿੰਸਾ ਦੇ ਬਾਵਜੂਦ ਮਹਿਜ਼ ਕੁਝ ਗਿਣਤੀ ਔਰਤਾਂ ਹੀ ਤਲਾਕ ਦੀ ਚੋਣ ਕਰ ਸਕਦੀਆਂ ਹਨ। ‘ਥੱਪੜ’ ਫਿਲਮ ਦੀ ਮੁੱਖ ਕਿਰਦਾਰ ਇੱਕ ਆਦਰਸ਼ ਪਤਨੀ ਅਤੇ ਨੂੰਹ ਹੈ। ਸਿਰਫ਼ ਇੱਕ ਥੱਪੜ ਉਸ ਦੇ ਸਾਰੇ ਵਜੂਦ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਅਤੇ ਸਮਾਜ ਵਿੱਚ ਸਥਾਪਤ ਰੂੜੀਵਾਦੀ ਪਤੀ ਦੀ ਭੂਮਿਕਾ ਦੇ ਹਰੇਕ ਪੱਖ ਨੂੰ ਨੰਗਾ ਕਰ ਦਿੰਦਾ ਹੈ ਜਿਸ ਦੇ ਤਹਿਤ ਪਤੀ ਨੂੰ ਪਤਨੀ ’ਤੇ ਹੱਥ ਚੁੱਕਣ ਦਾ ਹੱਕ ਸਹਿਜੇ ਹੀ ਪ੍ਰਾਪਤ ਹੈ ਫਿਰ ਭਾਵੇਂ ਸ਼ੁਰੂਆਤ ਵਿੱਚ ਇੱਕ ਥੱਪੜ ਹੀ ਕਿਉਂ ਨਾ ਹੋਵੇ। ਜਿੱਥੇ ਔਰਤ ਦਾ ਤਲਾਕ ਲੈਣਾ ਵਿਸਫੋਟਕ ਚੋਣ ਬਣ ਜਾਂਦਾ ਹੈ, ਉੱਥੇ ਮਰਦ ਦੇ ਔਰਤ ਉੱਤੇ ਹੱਥ ਚੁੱਕਣ ਦੇ ਰੁਝਾਨ ’ਤੇ ਸਾਡਾ ਸਮਾਜ ਚੁੱਪ ਕਿਉਂ ਧਾਰ ਲੈਂਦਾ ਹੈ?

ਪਿੱਤਰਸੱਤਾਤਮਕ ਢਾਂਚੇ ਵਿੱਚ ਪਰਿਵਾਰ ਨੂੰ ਜੋੜ ਕੇ ਰੱਖਣਾ (ਭਾਵਨਾਤਮਕ ਲੇਬਰ) ਹੀ ਨਹੀਂ ਸਗੋਂ ਰਸੋਈ ਅਤੇ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਵੀ ਔਰਤ ਦੇ ਹਿੱਸੇ ਆਉਂਦੀ ਹੈ ਜੋ ਉਸ ਤੋਂ ਅਸਾਧਾਰਨ ਸਹਿਣਸ਼ੀਲਤਾ ਦੀ ਮੰਗ ਕਰਦੀ ਹੈ। ਮਲਿਆਲਮ ਫਿਲਮ ‘ਦਿ ਗਰੇਟ ਇੰਡੀਅਨ ਕਿਚਨ’ ਵਿੱਚ ਰਸੋਈ, ਔਰਤ ਅਤੇ ਘਰਾਂ ਵਿੱਚ ਰੋਜ਼ਮੱਰਾ ਦੇ ਜੀਵਨ ਵਿੱਚ ਘੁਟਣ ਦੇ ਅੰਸ਼ਾਂ ਨੂੰ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਫਿਲਮ ਦੇ ਪਹਿਲੇ ਦ੍ਰਿਸ਼ ਵਿੱਚ ਮੁੱਖ ਕਿਰਦਾਰ ਦੇ ਡਾਂਸ ਕਰਨ ਦੀ ਝਲਕ ਦੇ ਨਾਲ-ਨਾਲ ਉਸ ਦੇ ਵਿਆਹ ਲਈ ਰਿਸ਼ਤੇ ਦੀ ਹੁੰਦੀ ਗੱਲਬਾਤ ਦੀ ਝਲਕ ਦਿਖਾਈ ਦਿੰਦੀ ਹੈ। ਵਿਆਹ ਤੋਂ ਬਾਅਦ ਮਹਿਜ਼ ਪਤਨੀ ਦੀ ਭੂਮਿਕਾ ਵਿੱਚ ਉਸ ਦੀ ਜ਼ਿੰਦਗੀ ਰਸੋਈ ਤੱਕ ਸਿਮਟੀ ਨਜ਼ਰ ਆਉਂਦੀ ਹੈ। ਪਤੀ ਅਤੇ ਸਹੁਰੇ ਦਾ ਪ੍ਰੰਪਰਾਗਤ ਵਿਵਹਾਰ ਸਮਾਜ ਵਿੱਚ ਪ੍ਰਚਲਿਤ ਡੂੰਘੀਆਂ ਸੱਚਾਈਆਂ ਨੂੰ ਬਿਆਨ ਕਰਦਾ ਹੈ। ਇਸ ਸਭ ਦੌਰਾਨ ਮੁੱਖ ਕਿਰਦਾਰ ਦੀ ਵਿਆਹ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਬਚਾਉਣ ਲਈ ਕੀਤੀ ਭਾਵਨਾਤਮਕ ਅਤੇ ਸਰੀਰਕ ਜਦੋਜਹਿਦ ਬਾਖ਼ੂਬੀ ਨਜ਼ਰ ਆਉਂਦੀ ਹੈ। ਸਹੁਰੇ ਪਰਿਵਾਰ ਵੱਲੋਂ ਡਾਂਸ ਜਾਂ ਨੌਕਰੀ ਕਰਨ ਦੀ ਇੱਛਾ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਅੰਤ ਵਿੱਚ ਉਹ ਵਿਆਹ ਦੀ ਸੰਸਥਾ ਵਿੱਚ ਹਾਲਾਤ ਨਾਲ ਸਮਝੌਤਾ ਨਹੀਂ ਕਰਦੀ ਸਗੋਂ ਆਪਣੇ ਵਜੂਦ ਦੀ ਚੋਣ ਕਰਦਿਆਂ ਡਾਂਸ (ਕਲਾ) ਵੱਲ ਕਦਮ ਵਧਾਉਂਦੀ ਹੈ। ਔਕਸਫੈਮ (ਇੰਡੀਆ) ਦੀ ਰਿਪੋਰਟ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਔਰਤਾਂ ਘਰਾਂ ਵਿੱਚ ਮਰਦਾਂ ਦੇ ਮੁਕਾਬਲਤਨ 238 ਮਿੰਟ ਜ਼ਿਆਦਾ ਕੰਮ ਕਰਦੀਆਂ ਹਨ ਜਿਸ ਦੀ ਕੋਈ ਤੈਅਸ਼ੁਦਾ ਅਦਾਇਗੀ ਨਹੀਂ ਮਿਲਦੀ। ਇਹ ਪਰਿਵਾਰ ਵਿੱਚ ਸਥਾਪਿਤ ਭੈਣ, ਪਤਨੀ, ਮਾਂ ਆਦਿ ਦੀਆਂ ਰੂੜੀਬੱਧ ਭੂਮਿਕਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਔਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ 6.4 ਕਰੋੜ ਔਰਤਾਂ ਨੂੰ ਨੌਕਰੀਆਂ ਗੁਆਉਣੀਆਂ ਪਈਆਂ ਜੋ ਕਿ ਮਰਦਾਂ ਦੇ ਮੁਕਾਬਲੇ 39 ਫ਼ੀਸਦੀ ਜ਼ਿਆਦਾ ਸਨ।

ਕਿਸੇ ਵੀ ਸਮਾਜ ਵਿੱਚ ਔਰਤ ਜਾਂ ਲਿੰਗ ਕੋਈ ਸਥਾਪਿਤ ਇਕਾਈ ਨਹੀਂ ਹੈ। ਔਰਤਾਂ ਦੀ ਪਛਾਣ ਜਾਤ, ਜਮਾਤ, ਨਸਲ, ਕਿੱਤੇ, ਖਿੱਤੇ ਆਦਿ ਵਿੱਚ ਵੰਡੀ ਹੋਈ ਹੈ। ਸੁਭਾਵਿਕ ਹੈ ਕਿ ਔਰਤ ਵੱਲੋਂ ਕੀਤੀ ਕੋਈ ਵੀ ਚੋਣ ਇਨ੍ਹਾਂ ਦਾਇਰਿਆਂ ਤੋਂ ਬਾਹਰ ਨਹੀਂ ਹੋ ਸਕਦੀ। ਅਮਰਤਿਆ ਸੇਨ ਅਨੁਸਾਰ ‘‘ਇਸ ਤੱਥ ਤੋਂ ਮੁੱਢਲਾ ਅਤੇ ਸਰਵ-ਵਿਆਪੀ ਹੋਰ ਕੁਝ ਨਹੀਂ ਹੋ ਸਕਦਾ ਕਿ ਹਰ ਖੇਤਰ ਵਿੱਚ ਹਰ ਕਿਸਮ ਦੀਆਂ ਚੋਣਾਂ ਇੱਕ ਵਿਸ਼ੇਸ਼ ਸੀਮਾ ਦੇ ਅੰਦਰ ਹੀ ਕੀਤੀਆਂ ਜਾਂਦੀਆਂ ਹਨ।’’ ਇਹ ਦਾਇਰੇ ਆਰਥਿਕਤਾ, ਜਾਤ, ਜਮਾਤ ਅਤੇ ਮੰਡੀ ਵੀ ਨਿਰਧਾਰਿਤ ਕਰਦੀ ਹੈ। ਇੱਕ ਮਜ਼ਦੂਰ ਦਾ ਬੱਚਾ ਸਿੱਧ ਪੱਧਰੀ ਡਾਕਟਰ ਜਾਂ ਇੰਜੀਨੀਅਰ ਬਣਨ ਦੀ ‘ਚੋਣ’ ਨਹੀਂ ਕਰ ਸਕਦਾ। ਔਰਤਾਂ ਲਈ ਇਹ ਚੋਣ ਕਰਨੀ ਹੋਰ ਵੀ ਮੁਸ਼ਕਿਲ ਹੈ ਕਿਉਂਕਿ ਉਸ ਤੋਂ ਪ੍ਰੰਪਰਾਗਤ ਸਥਾਪਿਤ ਭੂਮਿਕਾਵਾਂ ਦੀ ਪੂਰਤੀ ਦੀ ਵੀ ਤਵੱਕੋ ਕੀਤੀ ਜਾਂਦੀ ਹੈ ਜੋ ਕਿ ਬਹੁਤੀ ਵਾਰ ਗ਼ੈਰ-ਮਨੁੱਖੀ ਹੋ ਨਿਬੜਦੀਆਂ ਹਨ। ਇਸ ਤੋਂ ਇਲਾਵਾ ਨਿਮਨ ਵਰਗ ਦੀ ਔਰਤ ਹਾਲੇ ਵੀ ਆਪਣੀਆਂ ਮੁੱਢਲੀਆਂ ਲੋੜਾਂ, ਸਮੇਂ ਸਿਰ ਮਿਹਨਤਾਨਾ ਨਾ ਮਿਲਣ, ਕਿਰਤ ਦੀ ਬਰਾਬਰੀ ਆਦਿ ਲਈ ਸੰਘਰਸ਼ ਕਰ ਰਹੀ ਹੈ। ਹਾਲ ਹੀ ਵਿੱਚ ਹੋਏ ਕਿਸਾਨ ਅੰਦੋਲਨ ਵਿੱਚ ਔਰਤਾਂ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਅੰਤ ਤੱਕ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਔਰਤਾਂ ਨੂੰ ਘਰ ਵਾਪਸੀ ਲਈ ਕਹਿ ਦਿੱਤਾ ਗਿਆ ਸੀ, ਪਰ ਘਰ ਮੁੜਨ ਦੀ ਬਜਾਏ ਉਨ੍ਹਾਂ ਨੇ ਆਪਣੀ ਭਾਗੀਦਾਰੀ ਦੀ ਚੋਣ ਨੂੰ ਤਰਜੀਹ ਦਿੱਤੀ। ਅੰਦੋਲਨ ਵਿੱਚ ਸ਼ਮੂਲੀਅਤ ਦੀ ਚੋਣ ਨਾਲ ਇੱਕ ਪਲੇਟਫਾਰਮ ਹਾਸਿਲ ਕੀਤਾ ਜਿਸ ਦੇ ਤਹਿਤ ਔਰਤਾਂ ਨੇ ਆਪਣੇ ਸਵੈ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਹੌਸਲਾ ਜਤਾਇਆ, ਪਰ ਇਹ ਤਾਂ ਹੀ ਹੋ ਸਕਿਆ ਜੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਅਤੇ ਸਮਾਜਿਕ ਥਾਵਾਂ ਉੱਪਰ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਵੀ ਮੁੜ ਪਛਾਣਿਆ।

ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਕੱਪੜੇ, ਨੰਗੇਜ਼, ਸਿਗਰਟ, ਸ਼ਰਾਬ ਆਦਿ ਵਸਤਾਂ ਦੀ ਚੋਣ ਨਾਲ ਔਰਤਾਂ ’ਤੇ ਨੈਤਿਕ ਅਤੇ ਮੌਲਿਕ ਫੁਰਮਾਨ ਜਾਰੀ ਨਹੀਂ ਹੁੰਦਾ, ਉੱਥੇ ਵੀ ਔਰਤਾਂ ਸੰਘਰਸ਼ ਕਰ ਰਹੀਆਂ ਹਨ। 2018 ਵਿੱਚ ਸਪੇਨ ਵਿੱਚ 50 ਲੱਖ ਔਰਤਾਂ, ਜਿਨਸੀ ਸ਼ੋਸ਼ਣ ਅਤੇ ਹਿੰਸਾ ਖ਼ਿਲਾਫ਼ ਸੜਕਾਂ ’ਤੇ ਉਤਰੀਆਂ। ਦੱਖਣੀ ਅਰਬ ਮੁਲਕਾਂ ਵਿੱਚ ਔਰਤਾਂ ਨੇ ਡਰਾਈਵਿੰਗ ਦਾ ਅਧਿਕਾਰ ਲੜ ਕੇ ਲਿਆ। ਵਿਅਕਤੀਗਤ ਤੌਰ ’ਤੇ ਪਾਸਪੋਰਟ ਅਪਲਾਈ ਕਰਨਾ ਵੀ ਇਕੱਲੀ ਔਰਤ ਲਈ ਸੰਭਵ ਨਹੀਂ ਸੀ। ਅਜਿਹੇ ਸਮਿਆਂ ਵਿੱਚ ਔਰਤ ਵੱਲੋਂ ਕੀਤੀ ਚੋਣ ਛੋਟੀ ਹੈ ਜਾਂ ਵੱਡੀ, ਸੱਚੀ ਹੈ ਜਾਂ ਝੂਠੀ, ਇਸ ਦਾ ਫ਼ੈਸਲਾ ਕੌਣ ਕਰੇਗਾ? ਕੀ ਆਪਣੇ ਆਪੇ, ਸਵੈ, ਵਜੂਦ ਨਾਲ ਰੂਬਰੂ ਹੋਏ ਬਿਨਾ ਕਿਸੇ ਵੀ ਵੱਡੇ ਜਾਂ ਛੋਟੇ ਸੰਘਰਸ਼ ਲਈ ਜੋਸ਼ ਤੇ ਜਜ਼ਬੇ ਉਧਾਰੇ ਲਏ ਜਾ ਸਕਦੇ ਹਨ? ਔਰਤ ਦੀ ਕੀਤੀ ਸਾਧਾਰਨ ਤੋਂ ਸਾਧਾਰਨ ਚੋਣ ਉਸ ਦਾ ਖ਼ੁਦ ਨਾਲ ਰਿਸ਼ਤਾ ਨਿਰਧਾਰਿਤ ਕਰਦੀ ਹੈ ਜੋ ਕਿ ਉਹ ਸਦੀਆਂ ਤੋਂ ਦੂਜਿਆਂ ਵਿੱਚੋਂ ਤਲਾਸ਼ਦੀ ਨਜ਼ਰ ਆਉਂਦੀ ਹੈ। ਅਜਿਹੇ ਸਮੇਂ ਘਰ ਤੋਂ ਬਾਹਰ ਪੜ੍ਹਾਈ ਕਰਨ, ਨੌਕਰੀ ਕਰਨ, ਜਨਤਕ ਥਾਵਾਂ ’ਤੇ ਭਾਗੀਦਾਰੀ, ਵਿਆਹ ਕਰਵਾਉਣ ਜਾਂ ਨਾ ਕਰਵਾਉਣ, ਮਾਂ ਬਣਨ ਜਾਂ ਨਾ ਬਣਨ, ਤਲਾਕ ਲੈਣ ਦੀ ਚੋਣ ਆਦਿ ਦੇ ਪੈਮਾਨੇ ਸਹੀ ਜਾਂ ਗ਼ਲਤ ਹੋਣ ਦਾ ਨਿਬੇੜਾ ਕੌਣ ਕਰੇਗਾ? ਸਾਡੇ ਸਮਾਜ ਵਿੱਚ ਹਰੇਕ ਵਰਗ, ਜਾਤ, ਜਮਾਤ ਅਤੇ ਖਿੱਤੇ ਦੀ ਔਰਤ ਆਪਣੇ-ਆਪਣੇ ਪੱਧਰ ’ਤੇ ਸੰਘਰਸ਼ ਕਰ ਰਹੀ ਹੈ। ਕੀ ਉੱਚ-ਵਰਗ, ਮੱਧ-ਵਰਗ ਅਤੇ ਨਿਮਨ-ਵਰਗ ਦੀ ਔਰਤ ਦੇ ਸੰਘਰਸ਼ ’ਚ ਸਾਂਝ ਸੰਭਵ ਹੈ? ਇਨ੍ਹਾਂ ਸੰਘਰਸ਼ਾਂ ਨੂੰ ਕਿਵੇਂ ਲੜਿਆ ਜਾ ਸਕਦਾ ਹੈ? ਅੱਜ ਦੀ ਔਰਤ ਅਤੀਤ ਅਤੇ ਇੱਕ ਸੰਭਾਵਤ, ਪਰ ਮੁਸ਼ਕਿਲ ਅਤੇ ਅਜੇ ਵੀ ਅਣਜਾਣ ਭਵਿੱਖ ਵਿਚਕਾਰ ਖੜ੍ਹੀ ਹੈ। ਚੋਣ ਦਾ ਸਵਾਲ ਕਿਸੇ ਖਲਾਅ ਵਿੱਚੋਂ ਪੈਦਾ ਨਹੀਂ ਹੁੰਦਾ, ਸਮਾਜਿਕ ਵਰਤਾਰਿਆਂ ਦੇ ਸੰਦਰਭ ਵਿੱਚ ਹੀ ਇਸ ਸਵਾਲ ਨੂੰ ਮੁਖਾਤਿਬ ਹੋਇਆ ਜਾ ਸਕਦਾ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਦਿੱਲੀ ਦੀ ਹਿੱਕ ‘ਤੇ ਝਰੀਟਾਂ

    • ਗੁਰਪ੍ਰੀਤ ਸਿੰਘ
    Nonfiction
    • Social Issues

    ਆਖ਼ਰ ਬੇਟੀਆਂ ਕਿਉਂ ਸੱਖਣੀਆਂ ਪਿਤਾ ਮੋਹ ਤੋਂ…?

    • ਪਰਮਜੀਤ ਕੌਰ ਸਿੱਧੂ
    Nonfiction
    • Social Issues

    ਇਸਲਾਮ ਬਨਾਮ ਈਸਾਈਅਤ

    • ਮਨਮੋਹਨ ਬਾਵਾ
    Nonfiction
    • Religion
    • +1

    ਕਾਸ਼ ! ਮੈਂ ਮੋਬਾਈਲ ਹੁੰਦਾ

    • ਪ੍ਰਿੰਸੀ. ਵਿਜੈ ਕੁਮਾਰ
    Nonfiction
    • Social Issues

    ਮੰਗਣ ਗਿਆ ਸੋ ਮਰ ਗਿਆ

    • ਡਾ ਕੁਲਦੀਪ ਸਿੰਘ ਦੀਪ
    Nonfiction
    • Social Issues

    ਸਮਾਜ ਨੂੰ ਤੰਦਰੁਸਤ ਕਲਮਾਂ ਦੀ ਲੋੜ

    • ਸੁਖਮਿੰਦਰ ਸਿੰਘ ਸਹਿੰਸਰਾ
    Nonfiction
    • Social Issues

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link