ਪਹਿਲਾ ਪਾਕਿਸਤਾਨੀ ਵਿਦਿਆਰਥੀ ਯੂਕਰੇਨ ਤੋਂ ਪਾਕਿਸਤਾਨ ਪਰਤ ਆਇਆ ਹੈ। ਉਸ ਦਾ ਨਾਮ ਜੁਨੈਦ ਹੁਸੈਨ ਹੈ ਅਤੇ ਉਹ ਤੁਰਕੀ ਦੇ ਰਸਤੇ ਕਰਾਚੀ ਪਹੁੰਚਿਆ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਜੁਨੈਦ, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸੈਨੇਟਰ ਕੌਡਾ ਬਾਬਰ ਦੇ ਯਤਨਾਂ ਸਦਕਾ ਪਾਕਿਸਤਾਨ ਪਰਤਿਆ ਹੈ। ਵਤਨ ਪਰਤਣ ’ਤੇ ਉਸ ਨੇ ਮੀਡੀਆ ਨੂੰ ਦੱਸਿਆ ਕਿ ਸੈਨੇਟਰ ਨੇ ਉਸ ਦੇ ਰੋਮਾਨੀਆ ਬਾਰਡਰ ਤੋਂ ਤੁਰਕੀ ਤਕ ਪੁੱਜਣ ਲਈ ਵੀਜ਼ੇ ਦਾ ਇੰਤਜ਼ਾਮ ਕੀਤਾ ਅਤੇ ਫਿਰ ਇਸਤੰਬੁਲ ਤੋਂ ਕਰਾਚੀ ਤਕ ਦੀ ਹਵਾਈ ਟਿਕਟ ਵੀ ਸੰਭਵ ਬਣਾਈ। ਉਸ ਨੇ ਪਾਕਿਸਤਾਨ ਸਰਕਾਰ ਤੇ ਯੂਕਰੇਨ ਸਥਿਤ ਪਾਕਿਸਤਾਨੀ ਦੂਤਾਵਾਸ ਦੀ ਇਸ ਗੱਲੋਂ ਸਖ਼ਤ ਨੁਕਤਾਚੀਨੀ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਯੂਕਰੇਨ ’ਚੋਂ ਕੱਢਣ ਤੇ ਵਤਨ ਪਰਤਾਉਣ ਲਈ ਅਜੇ ਤਕ ਸੰਜੀਦਾ ਕਦਮ ਨਹੀਂ ਆਰੰਭੇ।
ਦੂਜੇ ਪਾਸੇ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਜੁਨੈਦ ਵਾਂਗ 9 ਹੋਰ ਪਾਕਿਸਤਾਨੀ ਵਿਦਿਆਰਥੀ ਇਕ-ਅੱਧ ਦਿਨ ਵਿਚ ਵਤਨ ਪਰਤ ਰਹੇ ਹਨ। 1476 ਹੋਰ ਵਿਦਿਆਰਥੀ ਕੀਵ ਤੇ ਹੋਰਨਾਂ ਯੂਕਰੇਨੀ ਸ਼ਹਿਰਾਂ ਵਿਚੋਂ ਨਿਕਲ ਕੇ ਸੁਰੱਖਿਅਤ ਖਿੱਤੇ ਵਿਚ ਪਹੁੰਚ ਗਏ ਹਨ। 37 ਵਿਦਿਆਰਥੀ ਅਜੇ ਵੀ ਕੀਵ ਤੇ ਖਰਕੀਵ ਸ਼ਹਿਰਾਂ ਵਿਚ ਫਸੇ ਹੋਏ ਹਨ। ਇਹ ਦੋਵੇਂ ਸ਼ਹਿਰ ਰੂਸੀ ਫ਼ੌਜਾਂ ਨੇ ਘੇਰੇ ਹੋਏ ਹਨ ਅਤੇ ਦੋਵਾਂ ਦੇ ਆਸ-ਪਾਸ ਲੜਾਈ ਚੱਲ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਵਿਚੋਂ ਕੁਝ ਨੇ ਵੱਖ-ਵੱਖ ਟਵੀਟਾਂ ਰਾਹੀਂ ਪਾਕਿਸਤਾਨੀ ਦੂਤਾਵਾਸ ’ਤੇ ਨਾਅਹਿਲੀਅਤ ਦੇ ਦੋਸ਼ ਲਾਏ ਹਨ। ਉਧਰ, ਪੋਲੈਂਡ ਦੀ ਸਰਹੱਦ ’ਤੇ ਫਸੇ ਪਾਕਿਸਤਾਨੀ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਵੀ ਭਾਰਤ ਸਰਕਾਰ ਵਾਂਗ ਆਪਣੇ ਵਿਦਿਆਰਥੀਆਂ ਨੂੰ ਵਤਨ ਪਰਤਾਉਣ ਵਾਸਤੇ ਵਿਸ਼ੇਸ਼ ਜਹਾਜ਼ ਭੇਜੇ।
ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਖ਼ਬਰ ਛਾਪੀ ਹੈ ਕਿ ਜੰਗੀ ਖਿੱਤੇ ਵਿਚ ਫਸੇ 37 ਵਿਦਿਆਰਥੀਆਂ ਵਿਚੋਂ 15 ਨੇ ਕਿਤੇ ਵੀ ਜਾਣ ਤੋਂ ਨਾਂਹ ਕਰ ਦਿੱਤੀ ਹੈ। ਇਨ੍ਹਾਂ ਵਿਚ ਪੰਜ ਕੁੜੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੇ ਪਾਕਿਸਤਾਨੀ ਸਫ਼ਾਰਤੀ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਉਹ ਆਪੋ-ਆਪਣੇ ਟਿਕਾਣੇ ਛੱਡਣੇ ਨਹੀਂ ਚਾਹੁੰਦੇ। ਉਨ੍ਹਾਂ ਨੂੰ ਮਨਾਉਣ ਤੇ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੇ ਯਤਨ ਫਿਲਹਾਲ ਜਾਰੀ ਹਨ। ਅਖ਼ਬਾਰ ਨੇ ਇਨ੍ਹਾਂ ਵਿਦਿਆਰਥੀਆਂ ਦੇ ਨਾਂ ਵੀ ਛਾਪੇ ਹਨ।
ਪਿਸ਼ਾਵਰ ’ਚ ਸੋਗ ਦਾ ਆਲਮ
ਪਿਸ਼ਾਵਰ ਸੋਗਵਾਨ ਹੈ। ਇੱਥੋਂ ਦੇ ਕੂਚਾ ਰਿਸਾਲਦਾਰ ਮੁਹੱਲੇ ਦਾ ਇਕ ਵੀ ਘਰ ਅਜਿਹਾ ਨਹੀਂ ਜਿਸ ਵਿਚ ਮਾਤਮੀ ਸਫ਼ ਨਾ ਵਿਛੀ ਹੋਵੇ। ਸ਼ੁੱਕਰਵਾਰ ਨੂੰ ਇਸ ਮੁਹੱਲੇ ਦੀ ਇਮਾਮਬਰਗਾਹ ਮਸਜਿਦ ਵਿਚ ਹੋਏ ਬੰਬ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਅਤੇ 190 ਦੇ ਕਰੀਬ ਜ਼ਖ਼ਮੀਆਂ ਵਿਚੋਂ ਤਕਰੀਬਨ ਸਾਰੇ ਹੀ ਇਸ ਮੁਹੱਲੇ ਦੇ ਵਸਨੀਕ ਹਨ ਜੋ ਕਿ ਜੁੰਮੇ ਦੀ ਨਮਾਜ਼ ਲਈ ਇਮਾਮਬਰਗਾਹ ਮਸਜਿਦ ਵਿਚ ਇਕੱਤਰ ਹੋਏ ਸਨ।
ਅੰਗਰੇਜ਼ੀ ਅਖ਼ਬਾਰ ‘ਫਰੰਟੀਅਰ ਪੋਸਟ’ ਦੀ ਰਿਪੋਰਟ ਮੁਤਾਬਿਕ ਸੱਤ ਲਾਸ਼ਾਂ ਦੀ ਐਤਵਾਰ ਦੁਪਹਿਰ ਤਕ ਸ਼ਨਾਖਤ ਨਹੀਂ ਸੀ ਹੋ ਸਕੀ। ਇਨ੍ਹਾਂ ਵਿਚੋਂ ਇਕ ਲਾਸ਼ ਉਸ ਆਤਮਘਾਤੀ ਬੰਬਰ ਦੀ ਹੈ ਜਿਸ ਨੇ ਪਹਿਲਾਂ ਮਸਜਿਦ ਦੇ ਬਾਹਰ ਪਹਿਰੇ ’ਤੇ ਤਾਇਨਾਤ ਇਕ ਪੁਲੀਸ ਮੁਲਾਜ਼ਮ ਦੀ ਗੋਲੀ ਮਾਰ ਕੇ ਜਾਨ ਲਈ ਅਤੇ ਦੂਜੇ ਨੂੰ ਸਖ਼ਤ ਜ਼ਖ਼ਮੀ ਕੀਤਾ। ਫਿਰ, ਉਸ ਨੇ ਆਪਣੇ ਪੇਟ ’ਤੇ ਬੰਨ੍ਹਿਆ ਬੰਬ ਚਲਾ ਦਿੱਤਾ। ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮੰਤਰੀ ਸ਼ੇਖ ਰਸ਼ੀਦ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਨੇ ਇਸ ਖ਼ੂਨੀ ਕਾਂਡ ਨਾਲ ਜੁੜੇ ਤਿੰਨ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਇਨ੍ਹਾਂ ਨੂੰ ਅਗਲੇ 36 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ‘ਫਰੰਟੀਅਰ ਪੋਸਟ’ ਨੇ ਆਪਣੀ ਸੰਪਾਦਕੀ ਵਿਚ ਖਦਸ਼ਾ ਪ੍ਰਗਟਾਇਆ ਹੈ ਕਿ ਸ਼ੇਖ ਰਸ਼ੀਦ ਦਾ ਦਾਅਵਾ ਮਹਿਜ਼ ਲਿਪਾ-ਪੋਚੀ ਹੈ। ਸਰਕਾਰ ਨੂੰ ਸਿੱਧੇ ਤੌਰ ’ਤੇ ਕਬੂਲਣਾ ਚਾਹੀਦਾ ਹੈ ਕਿ ਉਸ ਦੀ ਗਫ਼ਲਤ ਕਾਰਨ ਇਮਾਮਬਰਗਾਹ ਵਾਲਾ ਸਾਕਾ ਵਾਪਰਿਆ।
ਹਾਲਾਂਕਿ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ ਦੀ ਖ਼ੁਰਾਸਾਨੀ ਇਕਾਈ ਨੇ ਇਸ ਬੰਬ ਕਾਂਡ ਦੀ ਜ਼ਿੰਮੇਵਾਰੀ ਲਈ ਹੈ, ਫਿਰ ਵੀ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਦਾ ਦੋਸ਼ ਭਾਰਤ ਸਿਰ ਮੜ੍ਹਿਆ ਹੈ। ਹੈਦਰਾਬਾਦ (ਸਿੰਧ) ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕੁਰੈਸ਼ੀ ਨੇ ਭਾਰਤ ਦਾ ਨਾਂ ਲਏ ਬਿਨਾਂ ਕਿਹਾ ਕਿ ਇਕ-ਦੋ ਮੁਲਕ ਪਾਕਿਸਤਾਨ ਦੀ ਪੱਛਮੀ ਸਰਹੱਦ ਨੇੜੇ ਅੱਗ ਲਾਈ ਰੱਖਣਾ ਚਾਹੁੰਦੇ ਹਨ। ਇਸ ਕੰਮ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਦਾਇਸ਼ (ਇਸਲਾਮਿਕ ਸਟੇਟ ਦਾ ਸੀਰੀਅਨ ਨਾਮ) ਨਾਲ ਇਨ੍ਹਾਂ ਮੁਲਕਾਂ ਦੀ ਸਾਂਝ ਉਪਰੋਕਤ ਨਾਪਾਕੀਅਤ ਦੀ ਇਕ ਮਿਸਾਲ ਹੈ।
ਮਸੂਦ ਅਖ਼ਤਰ ਦਾ ਚਲਾਣਾ
ਉੱਘੇ ਅਦਾਕਾਰ ਮਸੂਦ ਅਖ਼ਤਰ ਦਾ ਸ਼ਨਿਚਰਵਾਰ ਨੂੰ ਲਾਹੌਰ ਵਿਚ ਇੰਤਕਾਲ ਹੋ ਗਿਆ। ਉਹ 82 ਵਰ੍ਹਿਆਂ ਦੇ ਸਨ ਅਤੇ ਫੇਫੜਿਆਂ ਦੇ ਕੈਂਸਰ ਨਾਲ ਜੂਝਦੇ ਆ ਰਹੇ ਸਨ। ‘ਡੇਲੀ ਟਾਈਮਜ਼’ ਅਖ਼ਬਾਰ ਦੀ ਰਿਪੋਰਟ ਅਨੁਸਾਰ ਮਸੂਦ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਵੱਡੀ ਹੈ। ਮਸੂਦ ਨੂੰ ਦੋ ਮਹੀਨੇ ਪਹਿਲਾਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇੰਤਕਾਲ ਮਗਰੋਂ ਉਨ੍ਹਾਂ ਦੀ ਦੇਹ ਨੂੰ ਮਿਆਣੀ ਸਾਹਿਬ ਕਬਰਿਸਤਾਨ ਵਿਚ ਸਪੁਰਦ-ਇ-ਖਾਕ ਕੀਤਾ ਗਿਆ। ਉਨ੍ਹਾਂ ਦੀ ਨਮਾਜ਼-ਇ-ਜਨਾਜ਼ਾ ਵਿਚ ਲਾਹੌਰ ਦੇ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਹੋਏ।
ਸਾਹੀਵਾਲ ਦੇ ਜੰਮਪਲ ਮਸੂਦ ਨੇ 1970ਵਿਆਂ ਵਿਚ ਰੰਗਮੰਚ ਤੇ ਟੀਵੀ ਡਰਾਮਿਆਂ ਰਾਹੀਂ ਅਦਾਕਾਰੀ ਦੇ ਖੇਤਰ ਵਿਚ ਪੈਰ ਜਮਾਉਣੇ ਸ਼ੁਰੂ ਕੀਤੇ। ਉਨ੍ਹਾਂ ਨੇ 135 ਫਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚੋਂ 78 ਉਰਦੂ, 51 ਪੰਜਾਬੀ, ਤਿੰਨ ਦੋ-ਭਾਸ਼ਾਈ ਤੇ ਦੋ ਪਸ਼ਤੋ ਫਿਲਮਾਂ ਸਨ। ਰੰਗਮੰਚ ਨਾਲ ਉਨ੍ਹਾਂ ਦਾ ਨਾਤਾ ਲਗਾਤਾਰ ਬਰਕਰਾਰ ਰਿਹਾ। ਉਹ ਲਾਹੌਰ ਦੀ ਅਲਹਮਰਾ ਆਰਟਸ ਕੌਂਸਲ ਵਿਚ ਨਾਟਕਾਂ ਦੀ ਪੇਸ਼ਕਾਰੀ ਦੇ ਮੋਹਰੀਆਂ ਵਿਚੋਂ ਇਕ ਸਨ। 1970ਵਿਆਂ ਵਿਚ ਉਨ੍ਹਾਂ ਵੱਲੋਂ ਖੇਡਿਆ ਗਿਆ ਨਾਟਕ ‘ਪੈਸਾ ਬੋਲਤਾ ਹੈ’ ਬੇਹੱਦ ਮਕਬੂਲ ਹੋਇਆ। ਇਹ ਹੁਣ ਵੀ ਪਾਕਿਸਤਾਨ ਦੇ ਵੱਖ ਵੱਖ ਖੇਤਰਾਂ ਵਿਚ ਪੇਸ਼ੇਵਰ ਤੇ ਗੈਰ-ਪੇਸ਼ੇਵਰ ਨਾਟ-ਮੰਡਲੀਆਂ ਵੱਲੋਂ ਖੇਡਿਆ ਜਾਂਦਾ ਹੈ।
ਮਸੂਦ ਨੂੰ ਖ਼ਿਰਾਜ-ਇ-ਅਕੀਦਤ ਪੇਸ਼ ਕਰਨ ਵਾਲਿਆਂ ਵਿਚ ਸੂਬਾ ਪੰਜਾਬ ਦੇ ਵਜ਼ੀਰੇ ਆਲ੍ਹਾ ਸਰਦਾਰ ਉਸਮਾਨ ਬੁਜ਼ਦਾਰ ਸਮੇਤ ਦਰਜਨਾਂ ਸਿਆਸੀ, ਸਮਾਜਿਕ ਤੇ ਸਭਿਆਚਾਰਕ ਹਸਤੀਆਂ ਸ਼ਾਮਲ ਹਨ। ਅਦਾਕਾਰਾ ਰੇਸ਼ਮ ਨੇ ਇੰਸਟਾਗ੍ਰਾਮ ’ਤੇ ਇਕ ਸਾਂਝੀ ਤਸਵੀਰ ਰਾਹੀਂ ਮਸੂਦ ਅਖ਼ਤਰ ਨੂੰ ਬੜੀ ਪਿਆਰੀ ਤੇ ਮਿਆਰੀ ਸ਼ਰਧਾਂਜਲੀ ਭੇਂਟ ਕੀਤੀ ਹੈ।
ਲਾਹੌਰ ’ਚ ਫ਼ੈਜ਼ ਫੈਸਟੀਵਲ
ਲਾਹੌਰ ਵਿਚ 6ਵਾਂ ਫ਼ੈਜ਼ ਫੈਸਟੀਵਲ ਐਤਵਾਰ ਨੂੰ ਸਮਾਪਤ ਹੋ ਗਿਆ। ਅਖ਼ਬਾਰ ‘ਦਿ ਨੇਸ਼ਨ’ ਦੀ ਰਿਪੋਰਟ ਮੁਤਾਬਿਕ ਸ਼ਨਿਚਰਵਾਰ ਨੂੰ ਇਸ ਮੇਲੇ ਦਾ ਦੂਜਾ ਦਿਨ ਸੀ ਅਤੇ ਇਸ ਦਿਨ ਅਲਹਮਰਾ ਆਰਟਸ ਕੌਂਸਲ ਵਿਚ ਜਸ਼ਨਾਂ ਦਾ ਆਲਮ ਪੂਰੇ ਜਲੌਅ ’ਤੇ ਸੀ। ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤਕ 25 ਸੈਸ਼ਨ ਚੱਲੇ। ਸਭ ਤੋਂ ਅਹਿਮ ਸੈਸ਼ਨ ‘ਸ਼ਹਿਰ-ਇ-ਅਦਬ ਲਾਹੌਰ’ ਬਾਰੇ ਸੀ। ਇਸ ਵਿਚ ਲਾਹੌਰ ਦੇ ਕਮਿਸ਼ਨਰ ਕੈਪਟਨ ਉਸਮਾਨ, ਗਵਰਨਮੈਂਟ ਕਾਲਜ ਯੂਨੀਵਰਸਿਟੀ (ਜੀਸੀਯੂ) ਦੇ ਵਾਈਸ ਚਾਂਸਲਰ ਡਾ. ਅਸਗ਼ਰ ਜ਼ੈਦੀ, ਅਲਹਮਰਾ ਦੇ ਕਾਰਜਕਾਰੀ ਡਾਇਰੈਕਟਰ ਜ਼ੁਲਫ਼ਿਕਾਰ ਅਲੀ ਜ਼ੁਲਫ਼ੀ ਤੇ ਉੱਘੀ ਦਾਨਿਸ਼ਵਰ ਪ੍ਰੋ. ਰੁਖ਼ਸਾਨਾ ਡੇਵਿਡ ਮਹਿਮਾਨ ਬੁਲਾਰਿਆਂ ਵਜੋਂ ਸ਼ਾਮਲ ਹੋਏ। ਡਾ. ਜ਼ੈਦੀ ਦੀ ਤਕਰੀਰ ਖ਼ਾਸ ਤੌਰ ’ਤੇ ਜ਼ਿਕਰਯੋਗ ਸੀ। ਉਸ ਨੇ ਲਾਹੌਰ ਦੇ 900 ਵਰ੍ਹੇ ਪੁਰਾਣੇ ਅਦਬੀ ਇਤਿਹਾਸ ਦਾ ਖੁਲਾਸਾ ਪੇਸ਼ ਕੀਤਾ ਅਤੇ ਦੱਸਿਆ ਕਿ ਲਾਹੌਰ ਹੁਣ ਵੀ ਅਦਬੀ ਤੇ ਤਹਿਜ਼ੀਬੀ ਸਰਗਰਮੀਆਂ ਪੱਖੋਂ ਪਾਕਿਸਤਾਨ ਦੇ ਸਭਨਾਂ ਸ਼ਹਿਰਾਂ ਤੋਂ ਅੱਗੇ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਉਰਦੂ ਅਦਬ ਦੇ ਨਾਲ ਨਾਲ ਉਹ ਪੰਜਾਬੀ ਅਦਬ ਦੀ ਤਰੱਕੀ ਵੱਲ ਵੀ ਉਚੇਚੀ ਤਵੱਜੋ ਦੇਵੇ। ਉਨ੍ਹਾਂ ਦੇ ਇਸ ਕਥਨ ਨੂੰ ਖ਼ਾਸ ਤੌਰ ’ਤੇ ਸਰਾਹਿਆ ਗਿਆ ਕਿ ਪੰਜਾਬੀ ਅਦਬ ਹੀ ਪਾਕਿਸਤਾਨੀ ਅਦਬ ਦੀ ਅਸਲ ਧੜਕਣ ਹੈ ਅਤੇ ਇਸ ਦੀ ਅਹਿਮੀਅਤ ਨੂੰ ਵਿਸਾਰ ਕੇ ਪਾਕਿਸਤਾਨੀ ਅਦਬ ਕਦੇ ਵੀ ਪ੍ਰਫੁਲਤ ਨਹੀਂ ਹੋ ਸਕੇਗਾ।
Add a review