• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਮਾਂ ਮੈਨੂੰ ਆ ਜਾਣ ਦਿਓ!

ਸੁਮਨ ਓਬਰਾਏ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Story
  • Report an issue
  • prev
  • next
Article

ਸਵੇਰੇ ਅੰਮਾ ਜੀ ਦੇ ਰੌਲੇ-ਰੱਪੇ ਨਾਲ ਮੇਰੀ ਨੀਂਦ ਖੁੱਲ੍ਹ ਗਈ। ਅੰਮਾ ਜੀ ਦੀਆਂ ਪੋਤੀਆਂ ਆਪਸ ਵਿਚ ਲੜ ਰਹੀਆਂ ਸਨ ਅਤੇ ਅੰਮਾ ਜੀ ਜ਼ੋਰ-ਸ਼ੋਰ ਨਾਲ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੀ ਸੀ। ਗਾਲ੍ਹਾਂ ਦੀ ਬੁਛਾੜ ਪਹਿਲਾਂ ਉਨ੍ਹਾਂ ਛੋਟੀਆਂ ਕੁੜੀਆਂ ’ਤੇ ਪਈ, ਫਿਰ ਹੱਥ-ਗੋਲੇ ਗਏ ਨੂੰਹਾਂ ’ਤੇ। ਕਿਉਂ ਨਾ ਪੈਂਦੇ? ਤਿੰਨ-ਤਿੰਨ ਨੂੰਹਾਂ, ਪੰਜ ਕੁੜੀਆਂ ਦੀ ਸੌਗਾਤ ਦੇ ਦਿੱਤੀ ਉਨ੍ਹਾਂ ਨੂੰ, ਮੁੰਡਾ ਇਕ ਵੀ ਨਾ ਜੰਮਿਆ। ਮੈਨੂੰ ਯਾਦ ਹੈ ਉਹ ਦਿਨ, ਜਦੋਂ ਮੇਰੀ ਬੇਟੀ ਪੈਦਾ ਹੋਈ ਸੀ। ਸਿਰ ਪਿੱਟ ਲਿਆ ਸੀ ਅੰਮਾ ਜੀ ਨੇ। ਪੋਤੀ ਦਾ ਮੂੰਹ ਤਕ ਵੇਖਣ ਨਾ ਆਈ ਹਸਪਤਾਲ ਵਿਚ। ਮੈਨੂੰ ਜੀਅ ਭਰ ਕੇ ਕੋਸਿਆ, ‘‘ਤੂੰ ਵੀ ਵੱਡੀਆਂ ਨੂੰਹਾਂ ਦੀ ਲਾਈਨ ’ਤੇ ਚੱਲ ਪਈ? ਉਨ੍ਹਾਂ ਦੀਆਂ ਦੋ-ਦੋ ਘੱਟ ਸਨ, ਜੋ ਤੂੰ ਪੰਜਵੀਂ ਪੈਦਾ ਕਰ ਦਿੱਤੀ?’’ ਹੁਣ ਮੈਂ ਇਹਦਾ ਕੋਈ ਜਵਾਬ ਦਿੰਦੀ ਤਾਂ ਘਰ ਵਿਚ ਮਹਾਂਭਾਰਤ ਸ਼ੁਰੂ ਹੋ ਜਾਂਦੀ।

ਅੰਮਾ ਜੀ ਦਾ ਨੂੰਹਾਂ ਅਤੇ ਪੋਤੀਆਂ ਨੂੰ ਕੋਸਣਾ ਹਰ ਰੋਜ਼ ਵਧਦਾ ਜਾ ਰਿਹਾ ਸੀ। ਉਹ ਛੇਤੀ ਤੋਂ ਛੇਤੀ ਕੁਲਦੀਪਕ ਦਾ ਮੂੰਹ ਵੇਖਣਾ ਚਾਹੁੰਦੀ ਸੀ। ਸਾਰੀ ਉਮੀਦ ਮੈਥੋਂ ਹੀ ਸੀ। ਵੱਡੀਆਂ ਦੋਵੇਂ ਨੂੰਹਾਂ ਨਾਲ ਤਾਂ ਉਹ ਸਖ਼ਤ ਨਾਰਾਜ਼ ਸੀ ਕਿਉਂਕਿ ਉਨ੍ਹਾਂ ਨੇ ਇਸ ਕੋਸ਼ਿਸ਼ ਦਾ ਅੰਤ ਕਰ ਲਿਆ ਸੀ। ਅੰਮਾ ਜੀ ਦੀ ਪਰਿਭਾਸ਼ਾ ਵਿਚ ਚੰਗੀ ਨੂੰਹ ਉਹੀ ਹੈ ਜੋ ‘ਪੁੱਤਰ-ਰਤਨ’ ਪੈਦਾ ਕਰ ਕੇ ਵੰਸ਼ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਦੇਵੇ! ਉਨ੍ਹਾਂ ਦੇ ਇਸ ਮਾਪਦੰਡ ’ਤੇ ਉਨ੍ਹਾਂ ਦੀ ਕੋਈ ਨੂੰਹ ਖਰੀ ਨਹੀਂ ਉਤਰੀ।

ਮੇਰੀਆਂ ਦੋਵੇਂ ਜੇਠਾਣੀਆਂ ਅਜੇ ਤਕ ਤਾਂ ਨਿਸ਼ਚਿੰਤ ਸਨ, ਕਿਉਂਕਿ ਤਿੰਨੇ ਨੂੰਹਾਂ ਅੰਮਾ ਜੀ ਦੀ ਨਜ਼ਰ ਵਿਚ ਇਕੋ ਜਿਹੀਆਂ ਗੁਨਾਹਗਾਰ ਸਨ। ਪਰ ਮੈਂ ਜਾਣਦੀ ਸਾਂ ਕਿ ਜੇ ਮੇਰੀ ਗੋਦ ਵਿਚ ਬੇਟਾ ਆ ਗਿਆ ਤਾਂ ਉਨ੍ਹਾਂ ਦੋਹਾਂ ਦਾ ਸਿੰਘਾਸਨ ਡੋਲ ਜਾਵੇਗਾ। ਇਹੀ ਚਿੰਤਾ ਉਨ੍ਹਾਂ ਨੂੰ ਵੱਢ-ਵੱਢ ਕੇ ਖਾਈ ਜਾ ਰਹੀ ਸੀ। ਇਸ ਲਈ ਇਸ ਖੁਸ਼ਖ਼ਬਰੀ ਨੂੰ ਮੈਂ ਮਹੀਨੇ ਭਰ ਤੋਂ ਦਬਾਈ ਬੈਠੀ ਸਾਂ। ਅੱਜ ਜਦੋਂ ਅੰਮਾ ਜੀ ਦਾ ਕੋਸਣਾ ਹੱਦਾਂ ਪਾਰ ਕਰਨ ਲੱਗਿਆ ਤਾਂ ਮੈਂ ਸੋਚਿਆ ਇਹੀ ਵਕਤ ਹੈ ਅੰਮਾ ਜੀ ਨੂੰ ਝਟਕਾ ਦੇਣ ਦਾ।

ਮੈਂ ਹੇਠਾਂ ਆ ਕੇ ਜਿਉਂ ਹੀ ਇਹ ਖ਼ਬਰ ਸੁਣਾਈ, ਗਾਲ੍ਹਾਂ ’ਤੇ ਇਕਦਮ ਬਰੇਕ ਲੱਗ ਗਏ। ਉਨ੍ਹਾਂ ਦੀ ਜ਼ੁਬਾਨ ’ਚੋਂ ਜਿਵੇਂ ਫੁੱਲ ਝੜਨ ਲੱਗ ਪਏ। ਮੇਰੇ ਪ੍ਰਤੀ ਸਾਰੀ ਕਠੋਰਤਾ ਭੁੱਲ ਕੇ ਉਹ ਮੈਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਦੇਣ ਲੱਗ ਪਏ। ਦੋਵੇਂ ਜੇਠਾਣੀਆਂ ਦੇ ਚਿਹਰਿਆਂ ਦੇ ਰੰਗ ਉੱਡ ਗਏ। ਉਨ੍ਹਾਂ ਨੂੰ ਲੱਗਿਆ ਕਿ ਮੈਂ ਕਿਤੇ ਬਾਜ਼ੀ ਨਾ ਮਾਰ ਜਾਵਾਂ! ਮੇਰੀਆਂ ਜੇਠਾਣੀਆਂ ਹਨ ਹੀ ਅਜਿਹੀਆਂ, ਹਾਲਾਂਕਿ ਮੇਰੇ ਮਨ ਵਿਚ ਅਜਿਹੀ ਕੋਈ ਦੁਰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਮੇਰੀ ਖ਼ਾਤਰਦਾਰੀ ਵਿਚ ਅੰਮਾ ਜੀ ਨੇ ਕੋਈ ਕਸਰ ਨਾ ਛੱਡੀ। ਉਹ ਵੀ ਅਜਿਹੇ ਹੀ ਹਨ! ਲੜਕੇ ਦੀ ਉਮੀਦ ਵਿਚ ਉਹ ਕੁਝ ਵੀ ਕਰ ਸਕਦੇ ਹਨ! ਇਸ ਵਾਰ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਦੇ ਵਰਤ, ਪੂਜਾ-ਪਾਠ ਵਿਅਰਥ ਨਹੀਂ ਜਾਣਗੇ, ਮੈਂ ਉਨ੍ਹਾਂ ਨੂੰ ਕੁਲਦੀਪਕ ਦਾ ਮੂੰਹ ਦਿਖਾਉਣ ਵਿਚ ਜ਼ਰੂਰ ਕਾਮਯਾਬ ਹੋ ਜਾਵਾਂਗੀ।

ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀਆਂ ਜੇਠਾਣੀਆਂ ਦੇ ਮੂੰਹ ’ਤੇ ਈਰਖਾ ਅਤੇ ਘਟੀਆਪਣ ਦੇ ਭਾਵ ਵੇਖਣ ਦੀ ਮੈਨੂੰ ਆਦਤ ਜਿਹੀ ਪੈ ਗਈ ਸੀ। ਪਰ ਅੱਜ ਉਨ੍ਹਾਂ ਨੂੰ ਫ਼ਿਕਰਮੰਦ ਵੇਖਿਆ ਤਾਂ ਕਾਰਨ ਕੁਝ ਸਮਝ ਵਿਚ ਨਹੀਂ ਆਇਆ। ਕਾਰਨ ਮੈਨੂੰ ਪਿੱਛੋਂ ਸਮਝ ਵਿਚ ਆਇਆ, ਜਦੋਂ ਅੰਮਾ ਜੀ ਰਾਤ ਨੂੰ ਮੇਰੇ ਕਮਰੇ ਵਿਚ ਆਈ ਅਤੇ ਐਲਾਨੀਆ ਅੰਦਾਜ਼ ਵਿਚ ਬੋਲੇ, ‘‘ਸਾਕਸ਼ੀ, ਕੱਲ੍ਹ ਦਸ ਵਜੇ ਤਿਆਰ ਹੋ ਜਾਵੀਂ, ਤੈਨੂੰ ਡਾ. ਸ਼ੋਭਾ ਕੋਲ ਲੈ ਕੇ ਜਾਵਾਂਗੀ, ਸੋਨੋਗ੍ਰਾਫੀ ਲਈ।’’ ਮੈਂ ਹੈਰਾਨ! ਹਿੰਮਤ ਕਰ ਕੇ ਪੁੱਛਿਆ, ‘‘ਕਿਉਂ ਅੰਮਾ ਜੀ?’’ ਉਧਰੋਂ ਸਿੱਧਾ ਜਿਹਾ ਸਪਸ਼ਟ ਉੱਤਰ ਆਇਆ, ‘‘ਬਈ, ਪਤਾ ਤਾਂ ਲੱਗੇ ਕਿ ਮੁੰਡਾ ਹੈ ਜਾਂ ਕੁੜੀ? ਮੁੰਡਾ ਹੈ ਤਾਂ ਠੀਕ, ਕੁੜੀ ਹੈ ਤਾਂ ਮਿਹਨਤ ਕਰਨ ਦਾ ਕੀ ਫ਼ਾਇਦਾ? ਸਮੇਂ ਵਿਚ ਹੀ ਕੱਢ ਦਿੱਤੀ ਜਾਵੇ...’’ ਪਲ ਭਰ ਨੂੰ ਮੈਨੂੰ ਇਉਂ ਲੱਗਿਆ ਕਿ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ ਹੈ। ਡਰਦਿਆਂ-ਡਰਦਿਆਂ ਪੁੱਛਿਆ, ‘‘ਪਹਿਲਾਂ ਤਾਂ ਕਦੇ ਨਹੀਂ ਕਰਾਈ...।’’ ਤਿਊੜੀਆਂ ਚੜ੍ਹਾ ਕੇ ਅੰਮਾ ਜੀ ਬੋਲੀ, ‘‘ਉਸੇ ਦਾ ਤਾਂ ਸਿੱਟਾ ਭੁਗਤ ਰਹੇ ਹਾਂ। ਪਹਿਲਾਂ ਅਕਲ ਆ ਜਾਂਦੀ ਤਾਂ ਮੇਰੇ ਵਿਹੜੇ ਵਿਚ ਪੰਜ-ਪੰਜ ਕੁੜੀਆਂ ਨਾ ਹੁੰਦੀਆਂ। ਹੁਣ ਛੇਵੀਂ ਕੁੜੀ ਵੇਖਣ ਦੀ ਹਿੰਮਤ ਮੇਰੇ ਵਿਚ ਨਹੀਂ ਹੈ। ਤੂੰ ਤਾਂ ਕ੍ਰਿਸ਼ਨ ਕਨ੍ਹੱਈਆ ਪੈਦਾ ਕਰਨਾ ਹੀ ਹੈ! ਚਾਹੇ ਕਿੰਨੀਆਂ ਵੀ ਕੁੜੀਆਂ ਆ ਜਾਣ!’’ ਮੈਨੂੰ ਇਉਂ ਲੱਗ ਰਿਹਾ ਸੀ ਮੇਰੇ ਸਾਹਮਣੇ ਅੰਮਾ ਜੀ ਨਹੀਂ, ਕੰਸ ਖੜ੍ਹਾ ਹੈ, ਬਾਹਾਂ ਉੱਤੇ ਚੁੱਕੀ, ਹੱਥ ਵਿਚ ਨੰਨ੍ਹੀ ਬੱਚੀ ਨੂੰ ਪਟਕਾਉਣ ਨੂੰ ਤਿਆਰ। ਮੈਂ ਸਮਝ ਨਹੀਂ ਲੱਗ ਰਹੀ ਸੀ ਕਿ ਪੋਤੇ ਦੀ ਇੱਛਾ ਵਿਚ ਕੁੜੀਆਂ ਦਾ ਬਲੀਦਾਨ ਕਿਉਂ? ਅੰਮਾ ਜੀ ਦੀ ਕੁੜੀਆਂ ਪ੍ਰਤੀ ਘਿਰਣਾ ਸ਼ਾਇਦ ਇਸ ਹੰਕਾਰ ਦਾ ਪ੍ਰਗਟਾਵਾ ਸੀ ਕਿ ਉਨ੍ਹਾਂ ਨੇ ਤਿੰਨ ਬੇਟਿਆਂ ਨੂੰ ਹੀ ਜਨਮ ਦਿੱਤਾ ਹੈ। ਖ਼ੁਦ ਔਰਤ ਹੋ ਕੇ ਔਰਤ ਦੀ ਦੁਸ਼ਮਣ ਬਣੀ ਬੈਠੀ ਸੀ। ਇਹ ਗੱਲ ਉਨ੍ਹਾਂ ਨੂੰ ਸਮਝਾਉਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ।

ਅੰਮਾ ਜੀ ਤਾਂ ਆਦੇਸ਼ ਦੇ ਕੇ ਚਲੇ ਗਏ, ਮੈਂ ਲਾਚਾਰਗੀ ਨਾਲ ਅਮਿਤ ਵੱਲ ਵੇਖਿਆ। ਪਰ ਉਨ੍ਹਾਂ ਦੇ ਮੂੰਹ ’ਤੇ ਉਦਾਸੀਨਤਾ ਦੇ ਭਾਵ ਵੇਖ ਕੇ ਮੈਨੂੰ ਧੱਕਾ ਜਿਹਾ ਲੱਗਿਆ। ਮੇਰੇ ਪੁੱਛਣ ’ਤੇ ਨਿਰਲੇਪਤਾ ਜਿਹੀ ਨਾਲ ਬੋਲੇ, ‘‘ਅੰਮਾਂ ਜੀ ਨਹੀਂ ਮੰਨਣਗੇ, ਚੁੱਪਚਾਪ ਉਨ੍ਹਾਂ ਦੀ ਗੱਲ ਮੰਨ ਲੈ।’’ ਮੇਰਾ ਮਨ ਰੋ ਪਿਆ। ਬਈ ਇਹੀ ਤਾਂ ਕਰਦੇ ਆ ਰਹੇ ਹਾਂ ਅਸੀਂ ਸਾਰੇ। ਮੈਂ, ਤੁਸੀਂ, ਦੋਵੇਂ ਭਰਾ, ਭਾਬੀਆਂ ਅਤੇ ਇੱਥੋਂ ਤਕ ਕਿ ਪਿਤਾ ਜੀ ਵੀ। ਇਕਪਾਸੜ ਰਾਜ ਕਰਨ ਦੀ ਅੰਮਾ ਜੀ ਨੂੰ ਆਦਤ ਪੈ ਗਈ ਹੈ। ਆਗਿਆਕਾਰੀ ਪਤੀ, ਆਗਿਆਕਾਰੀ ਪੁੱਤਰ ਅਤੇ ਆਗਿਆਕਾਰੀ ਬਣਨ ਨੂੰ ਮਜਬੂਰ ਨੂੰਹਾਂ। ਅੰਮਾ ਜੀ ਦੇ ਮੂੰਹੋਂ ਨਿਕਲਿਆ ਸ਼ਬਦ ਪੱਥਰ ਦੀ ਲਕੀਰ ਬਣ ਜਾਂਦਾ ਹੈ। ਪਤੀ-ਪਤਨੀ ਦਾ ਕੋਈ ਮਾਮਲਾ ਨਿੱਜੀ ਹੈ ਹੀ ਨਹੀਂ। ਆਪਣੀਆਂ ਕੁੱਖਾਂ ਵਿਚ ਬੱਚੇ ਵੀ ਅਸੀਂ ਉਨ੍ਹਾਂ ਦੀ ਆਗਿਆ ਨਾਲ ਪਾਲੀਏ, ਜਿਸ ਨੂੰ ਉਹ ਚਾਹੁਣ, ਅਸੀਂ ਰੱਖੀਏ, ਜਿਨ੍ਹਾਂ ਨੂੰ ਨਾ ਚਾਹੁਣ, ਕੱਢ ਕੇ ਸੁੱਟ ਦੇਈਏ। ਅੱਜ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਹਰ ਉਚਿਤ-ਅਣਉਚਿਤ ਹੁਕਮ ਦਾ ਬਿਨਾਂ-ਵਿਰੋਧ ਪਾਲਣ ਕਰਨ ਦਾ ਸਿੱਟਾ ਹੈ। ਪਰ ਸਾਡੀ ਇਸ ਲਾਚਾਰੀ ਨੂੰ ਸਾਡੀ ਆਉਣ ਵਾਲੀ ਸੰਤਾਨ ਕਿਉਂ ਭੁਗਤੇ! ਮੈਂ ਦੁਬਿਧਾ ਵਿਚ ਪਈ ਰਹੀ। ਮੈਂ ਅਮਿਤ ਨੂੰ ਕਿਹਾ, ‘‘ਤੁਸੀਂ ਕੱਲ੍ਹ ਆਫਿਸ ਨਾ ਜਾਇਓ। ਕੁੜੀ ਹੋਈ ਤਾਂ ਅੰਮਾ ਜੀ ਆਪਣੀ ਮਰਜ਼ੀ ਕਰ ਕੇ ਹੀ ਰਹਿਣਗੇ।’’ ਅਮਿਤ ਖਿਝ ਕੇ ਬੋਲਿਆ, ‘‘ਹੁਣ ਚੁੱਪਚਾਪ ਸੌਂ ਜਾ। ਪਹਿਲਾਂ ਸੋਨੋਗ੍ਰਾਫੀ ਤਾਂ ਹੋ ਜਾਣ ਦੇ,’’ ਕਹਿ ਕੇ ਉਹ ਪਾਸਾ ਲੈ ਕੇ ਸੌਂ ਗਏ।

ਮੈਥੋਂ ਵੱਧ ਮੇਰੀਆਂ ਜੇਠਾਣੀਆਂ ਫ਼ਿਕਰਮੰਦ ਸਨ। ਮੇਰੀ ਸੋਨੋਗ੍ਰਾਫੀ ਉਨ੍ਹਾਂ ਦੇ ਗਲੇ ਦੀ ਹੱਡੀ ਬਣੀ ਹੋਈ ਸੀ। ਮੁੰਡਾ ਹੈ ਤਾਂ ਉਨ੍ਹਾਂ ਦੋਹਾਂ ਦਾ ਵਿਰੋਧ ਨਿਸ਼ਚਿਤ ਹੈ ਕਿ ਉਹ ਬੇਟਾ ਨਹੀਂ ਪੈਦਾ ਕਰ ਸਕੀਆਂ। ਉਨ੍ਹਾਂ ਦੋਹਾਂ ਦੀਆਂ ਬੇਟੀਆਂ ਦਾ ਵਿਰੋਧ ਵੀ ਨਿਸ਼ਚਿਤ ਹੈ ਕਿ ਆਪਣੇ ਪਿੱਛੇ ਭਰਾ ਨਾ ਲਿਆ ਸਕੀਆਂ। ਅਤੇ ਫਿਰ ਉਨ੍ਹਾਂ ਦੋਹਾਂ ਦੀਆਂ ਅੱਖਾਂ ਵਿਚ ਉਹ ਸੱਤ ਲੜੀਆਂ ਵਾਲਾ ਹਾਰ ਵੀ ਤਾਂ ਚੁੰਧਿਆਹਟ ਪੈਦਾ ਕਰ ਰਿਹਾ ਹੋਵੇਗਾ ਜੋ ਅੰਮਾ ਜੀ ਨੇ ਉਸ ਨੂੰਹ ਵਾਸਤੇ ਰੱਖਿਆ ਹੈ ਜੋ ਬੇਟਾ ਪੈਦਾ ਕਰੇਗੀ। ਸ਼ਾਇਦ ਉਹ ਦੋਵੇਂ ਮੰਨਤ ਮੰਗ ਰਹੀਆਂ ਸਨ ਕਿ ਬੇਟਾ ਨਹੀਂ, ਬੇਟੀ ਹੀ ਹੋਵੇ!

ਉਨ੍ਹਾਂ ਦੋਹਾਂ ਦੀ ਫਰਿਆਦ ਪਰਮਾਤਮਾ ਨੇ ਸੁਣ ਲਈ ਸੀ। ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਬੇਟੀ ਦੀ ਖ਼ਬਰ ਸੁਣ ਕੇ ਘਰ ਵਿਚ ਮੁਰਦੇਹਾਣੀ ਛਾ ਗਈ। ਅੰਮਾ ਜੀ ਉਸ ਤੋਂ ਛੁਟਕਾਰਾ ਪਾਉਣ ਦੀ ਤਿਆਰੀ ਕਰ ਰਹੇ ਸਨ। ਮੈਂ ਆਪਣੇ ਕਮਰੇ ਵਿਚ ਮੂਧੀ ਪਈ ਰੋ ਰਹੀ ਸਾਂ। ਕੱਲ੍ਹ ਸਵੇਰੇ ਮੈਨੂੰ ਫਿਰ ਹਸਪਤਾਲ ਲਿਜਾਇਆ ਜਾਵੇਗਾ। ਅਮਿਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਸੀ। ਉਹ ਜਾਣਦੇ ਸਨ ਕਿ ਮਾਂ ਦੇ ਸਾਹਮਣੇ ਕਿਸੇ ਬੇਟੇ ਦੀ ਦਾਲ਼ ਨਹੀਂ ਗਲ਼ਦੀ। ਉਦਾਸੀਨ ਭਾਵ ਨਾਲ ਅਮਿਤ ਆਫਿਸ ਦੇ ਕੰਮ ਲਈ ਪੂਣੇ ਜਾਣ ਦੀ ਤਿਆਰੀ ਕਰ ਰਹੇ ਸਨ। ਮਰਦ ਹਨ ਨਾ! ਉਹ ਤਾਂ ਖਹਿੜਾ ਛੁਡਾ ਸਕਦੇ ਹਨ! ਮੈਂ ਦੌੜ ਕੇ ਕਿੱਥੇ ਜਾਵਾਂ?

ਅਮਿਤ ਰਾਤ ਨੂੰ ਹੀ ਪੂਣੇ ਲਈ ਨਿਕਲ ਗਏ। ਜਾਂਦੇ ਹੋਏ ਮੈਨੂੰ ਹਦਾਇਤ ਦੇ ਗਏ ਕਿ ਘਰ ਦੀ ਸ਼ਾਂਤੀ ਲਈ ਅੰਮਾ ਜੀ ਦੀ ਗੱਲ ਮੰਨ ਲਵਾਂ। ਮੈਂ ਸਮਝ ਗਈ, ਇਸ ਵਿਚ ਉਨ੍ਹਾਂ ਦੀ ਵੀ ਮੂਕ ਸਹਿਮਤੀ ਹੈ, ਇਸ ਲਈ ਗੱਲ ਕਰਨੀ ਹੀ ਬੇਕਾਰ ਹੈ। ਦੋਹਾਂ ਜੇਠਾਣੀਆਂ ਨਾਲ ਵੀ ਗੱਲ ਕਰਨਾ ਵਿਅਰਥ ਸੀ। ਅੱਜ ਉਹ ਖ਼ੁਸ਼ ਸਨ ਕਿ ਮੈਂ ਵੀ ਉਨ੍ਹਾਂ ਦੀ ਸ਼੍ਰੇਣੀ ਵਿਚ ਆ ਗਈ ਹਾਂ। ਪੇਕੇ ਵਾਲਿਆਂ ਨਾਲ ਦੁੱਖ-ਸੁੱਖ ਵੰਡਣ ਦਾ ਸਾਡੇ ਘਰ ਵਿਚ ਰਿਵਾਜ ਨਹੀਂ। ਮੇਰੀ ਬੇਟੀ ਨੇਹਾ, ਮੇਰੇ ਕੋਲ, ਮੇਰੇ ਦੁੱਖ ਤੋਂ ਬੇਖ਼ਬਰ ਸੁੱਤੀ ਪਈ ਹੈ। ਮੈਂ ਉਹਦੇ ਮੂੰਹ ਨੂੰ ਬੇਤਹਾਸ਼ਾ ਚੁੰਮੀ ਜਾ ਰਹੀ ਹਾਂ ਜਿਵੇਂ ਉਹਦੇ ਪ੍ਰਤੀਰੂਪ ਨੂੰ ਅਲਵਿਦਾ ਕਹਿਣ ਜਾ ਰਹੀ ਹੋਵਾਂ। ਰਹਿ-ਰਹਿ ਕੇ ਕਲੇਜੇ ’ਚੋਂ ਹੂਕ ਜਿਹੀ ਉੱਠ ਰਹੀ ਹੈ ਕਿ ਕੱਲ੍ਹ ਮੈਂ ਪੁਰਾਤਨ-ਪੰਥੀ ਹੋ ਜਾਵਾਂਗੀ। ਨਾ ਕੋਈ ਉਮੀਦ ਹੋਵੇਗੀ, ਨਾ ਕੋਈ ਅਰਮਾਨ। ਪਤਾ ਨਹੀਂ ਕਦੋਂ ਨੇਹਾ ਨੂੰ ਪਿਆਰ ਕਰਦੇ-ਕਰਦੇ ਮੇਰੀ ਅੱਖ ਲੱਗ ਗਈ।

ਨੀਂਦ ਵਿਚ ਮੈਨੂੰ ਅਜਿਹਾ ਲੱਗਿਆ ਕਿ ਕੋਈ ‘ਊਂਆਂ-ਊਂਆਂ’ ਕਰ ਕੇ ਰੋ ਰਹੀ ਹੈ। ਕਿਸੇ ਨੇ ਮੇਰਾ ਦਿਲ ਕਸ ਕੇ ਫੜਿਆ ਹੋਇਆ ਹੈ ਅਤੇ ਵਾਰ-ਵਾਰ ਕਹਿ ਰਹੀ ਹੈ, ‘‘ਮਾਂ, ਮੈਨੂੰ ਨਾ ਸੁੱਟੋ! ਮਾਂ, ਮੈਨੂੰ ਨਾ ਸੁੱਟੋ! ਮਾਂ, ਇੱਥੇ ਹਨੇਰਾ ਹੈ, ਮੈਨੂੰ ਚੰਗਾ ਲੱਗ ਰਿਹਾ ਹੈ। ਡਾਕਟਰ ਮੈਨੂੰ ਕੱਢ ਕੇ ਸੁੱਟ ਦੇਣਗੇ। ਪਤਾ ਨਹੀਂ ਕੂੜੇ ਦੇ ਡੱਬੇ ਵਿਚ ਸੁੱਟਣ ਜਾਂ ਕਿਸੇ ਟੋਏ ਵਿਚ। ਮਾਂ, ਮੈਨੂੰ ਪੀੜ ਹੋਵੇਗੀ। ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਮੈਨੂੰ ਅੱਡ ਨਾ ਕਰੋ। ਮੈਂ ਮਰ ਜਾਵਾਂਗੀ। ਮਾਂ, ਮੈਂ ਮਰ ਜਾਵਾਂਗੀ।’’ ਮੈਨੂੰ ਇਉਂ ਲੱਗ ਰਿਹਾ ਸੀ, ਗੁਲਾਬ ਦੀ ਪੱਤੀ ਵਰਗਾ ਨਰਮ ਹੱਥ ਮੇਰੇ ਹੱਥ ਵਿਚ ਪਾ ਕੇ ਉਹ ਨੰਨ੍ਹੀ ਜਾਨ ਰੋ ਰਹੀ ਹੈ, ‘‘ਮਾਂ, ਮੈਨੂੰ ਨਾ ਛੱਡਣਾ! ਮਾਂ, ਮੈਨੂੰ ਨਾ ਛੱਡਣਾ! ਮਾਂ, ਮੈਨੂੰ ਦੁਨੀਆਂ ਵਿਚ ਆਉਣ ਦਿਓ ਨਾ! ਊਂਆਂ, ਊਂਆਂ, ਊਂਆਂ...’’ ਰੋਣ ਦੀ ਆਵਾਜ਼ ਦੇ ਝਟਕੇ ਨਾਲ ਮੇਰੀ ਅੱਖ ਖੁੱਲ੍ਹ ਗਈ। ਮੈਂ ਮੁੜ੍ਹਕੇ ਨਾਲ ਭਿੱਜੀ ਹੋਈ ਸਾਂ। ਨੇਹਾ ਦਾ ਹੱਥ ਮੇਰੀ ਹਥੇਲੀ ’ਤੇ ਸੀ। ਮੇਰਾ ਸਾਹ ਤੇਜ਼-ਤੇਜ਼ ਚੱਲ ਰਿਹਾ ਸੀ। ਮੈਂ ਉੱਠ ਕੇ ਪਾਣੀ ਪੀਤਾ ਅਤੇ ਫਿਰ ਬੈਠ ਕੇ ਸੁਪਨੇ ਦਾ ਵਿਸ਼ਲੇਸ਼ਣ ਕਰਨ ਲੱਗ ਪਈ।

ਮੈਂ ਹੈਰਾਨ ਸਾਂ ਕਿ ਇਸ ਨੰਨ੍ਹੀ ਜਾਨ ਵਿਚ ਇੰਨੀ ਸ਼ਕਤੀ ਹੈ ਜਿਸ ਨੇ ਮੈਨੂੰ ਸੁਚੇਤ ਕੀਤਾ, ਮੈਨੂੰ ਸਾਵਧਾਨ ਕੀਤਾ ਕਿ ‘ਤੁਸੀਂ ਆਪਣਾ ਮੁੰਡੇ-ਕੁੜੀ ਦਾ ਹਿਸਾਬ-ਕਿਤਾਬ ਕਰਨ ਵਿਚ ਰੁੱਝੇ ਹੋਏ ਹੋ, ਕੋਈ ਮੇਰੇ ਬਾਰੇ ਵੀ ਤਾਂ ਸੋਚੋ! ਮੈਂ ਜਨਮ ਲੈਣ ਲਈ ਹੀ ਆਈ ਹਾਂ। ਮੈਨੂੰ ਆਉਣ ਤੋਂ ਨਾ ਰੋਕੋ।’ ਸੱਚ, ਕੀ ਨੇਹਾ ਨੂੰ ਅਸੀਂ ਬਾਹਰ ਸੁੱਟ ਸਕਦੇ ਹਾਂ? ਨਹੀਂ, ਬਿਲਕੁਲ ਨਹੀਂ!! ਫਿਰ ਇਸ ਨੰਨ੍ਹੀ ਜਾਨ ਨੂੰ ਕਿਉਂ? ਮੈਂ ਮਾਂ ਹੋ ਕੇ ਵੀ ਉਹਦੀ ਰਾਖੀ ਕਰਨ ਵਿਚ ਖ਼ੁਦ ਨੂੰ ਅਸਮਰੱਥ ਕਿਉਂ ਸਮਝ ਰਹੀ ਹਾਂ? ਇਹ ਮੇਰਾ ਅੰਸ਼ ਹੈ। ਜਿਸ ਤਰ੍ਹਾਂ ਮੈਂ ਆਪਣੇ ਸਰੀਰ ਦੇ ਅੰਗਾਂ ਦੀ ਰਾਖੀ ਕਰਦੀ ਹਾਂ, ਉਸੇ ਤਰ੍ਹਾਂ ਇਹਦੀ ਵੀ ਰਾਖੀ ਕਰਾਂਗੀ, ਚਾਹੇ ਇਹਦੇ ਲਈ ਮੈਨੂੰ ਪਰਿਵਾਰ ਦਾ ਵਿਰੋਧ ਕਿਉਂ ਨਾ ਸਹਿਣਾ ਪਵੇ! ਮੈਂ ਆਪਣੇ ਅੰਦਰ ਹਿੰਮਤ ਮਹਿਸੂਸ ਕਰ ਰਹੀ ਸਾਂ। ਹੁਣ ਕੋਈ ਦੁਬਿਧਾ ਨਹੀਂ ਸੀ, ਕੋਈ ਤਣਾਅ ਨਹੀਂ ਸੀ। ਮੇਰੇ ਬੁੱਲ੍ਹਾਂ ’ਤੇ ਮੁਸਕਰਾਹਟ ਤੇ ਅੱਖਾਂ ਵਿਚ ਚਮਕ ਸੀ, ਆਤਮ-ਵਿਸ਼ਵਾਸ ਵੀ! ਮੈਂ ਹੌਲੀ ਜਿਹੀ ਰਜਾਈ ਲੈ ਕੇ ਨੇਹਾ ਦੇ ਨੇੜੇ ਲੇਟ ਗਈ। ਇਕ ਹੱਥ ਨੇਹਾ ’ਤੇ ਰੱਖਿਆ, ਉਹ ਥੋੜ੍ਹਾ ਜਿਹਾ ਡਰ ਕੇ ਹਿੱਲੀ, ਫਿਰ ਮੇਰੇ ਗਲੇ ਵਿਚ ਬਾਹਾਂ ਪਾ ਕੇ ਨਿਸ਼ਚਿੰਤ ਹੋ ਕੇ ਸੌਂ ਗਈ। ਆਪਣਾ ਦੂਜਾ ਹੱਥ ਜਦੋਂ ਮੈਂ ਆਪਣੇ ਪੇਟ ’ਤੇ ਰੱਖਿਆ, ਇਉਂ ਮਹਿਸੂਸ ਹੋਇਆ, ਉੱਧਰ ਵੀ ਕੰਬਣੀ ਹੋਈ ਅਤੇ ਉਸ ਤੋਂ ਬਾਅਦ ਇਕ ਸਕੂਨ ਭਰੀ ਸ਼ਾਂਤੀ ਛਾ ਗਈ। ਹਵਾ ਵਿਚ ਨੰਨ੍ਹੇ-ਨੰਨ੍ਹੇ ਸ਼ਬਦ ਗੂੰਜ ਰਹੇ ਸਨ- ‘‘ਮਾਂ, ਤੁਸੀਂ ਬਹੁਤ ਚੰਗੇ ਹੋ!’’ ਮੇਰੀਆਂ ਦੋਵੇਂ ਬੇਟੀਆਂ ਮੇਰੇ ਕੋਲ ਸੁਰੱਖਿਅਤ ਸਨ। ਨੀਂਦ ਹੌਲੀ-ਹੌਲੀ ਮੈਨੂੰ ਵੀ ਆਪਣੇ ਕਲਾਵੇ ਵਿਚ ਲੈ ਰਹੀ ਸੀ।

ਸਵੇਰੇ ਉੱਠ ਕੇ ਮੈਂ ਅੰਮਾ ਜੀ ਨੂੰ ਸਾਫ਼ ਸ਼ਬਦਾਂ ਵਿਚ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਮੈਂ ਡਾਕਟਰ ਕੋਲ ਨਹੀਂ ਜਾਵਾਂਗੀ, ਮੈਂ ਬੇਟੀ ਨੂੰ ਜਨਮ ਦੇਵਾਂਗੀ। ਅੰਮਾ ਜੀ ਤਾਂ ਅੱਗ ਬਗੂਲਾ ਹੋ ਗਏ। ਉਨ੍ਹਾਂ ਦੀ ਆਗਿਆਕਾਰੀ ਨੂੰਹ ਦੀ ਇਹ ਹਿੰਮਤ ਕਿ ਆਪਣੇ ਫ਼ੈਸਲੇ ਖ਼ੁਦ ਲੈ ਸਕੇ! ਅੰਮਾ ਜੀ ਅੜ ਗਏ, ‘‘ਤੇਰੀ ਜ਼ਿੱਦ ਕਰਕੇ ਮੈਂ ਛੇ-ਛੇ ਪੋਤੀਆਂ ਦੀ ਦਾਦੀ ਅਖਵਾਵਾਂ! ਤੂੰ ਤਾਂ ਆਪਣੀਆਂ ਜੇਠਾਣੀਆਂ ਵਾਂਗ ਫੁੱਲ-ਸਟਾਪ ਲਾ ਲਵੇਂਗੀ ਅਤੇ ਮੈਂ ਪੋਤੇ ਦਾ ਮੂੰਹ ਵੇਖੇ ਬਿਨਾਂ ਹੀ ਪਰਲੋਕ ਸਿਧਾਰ ਜਾਵਾਂਗੀ...! ਮੈਂ ਇਕ ਵੀ ਬੇਟੀ ਪੈਦਾ ਨਹੀਂ ਕੀਤੀ ਅਤੇ ਤੁਸੀਂ ਛੇ-ਛੇ ਦੀਆਂ ਲਾਈਨਾਂ ਲਾਓਗੀਆਂ? ਮੇਰੀਆਂ ਦੁਸ਼ਮਣ ਹੋ...?’’ ਮੈਂ ਉਨ੍ਹਾਂ ਦੀ ਗੱਲ ਕੱਟਦਿਆਂ ਕਿਹਾ, ‘‘ਅੰਮਾ ਜੀ, ਅਸੀਂ ਨਹੀਂ, ਦੁਸ਼ਮਣ ਤਾਂ ਤੁਸੀਂ ਸਾਡੇ ਬਣ ਰਹੇ ਹੋ। ਇਹ ਤੁਸੀਂ ਕਿਹੜਾ ਹਿਸਾਬ ਲਾ ਰਹੇ ਹੋ? ਸਾਨੂੰ ਤਾਅਨੇ ਮਾਰਨ ਲਈ ਤੁਸੀਂ ਸਾਰੀਆਂ ਪੋਤੀਆਂ ਨੂੰ ਜਮ੍ਹਾਂ ਕਰ ਕੇ ਛੇ ਦੀ ਗਿਣਤੀ ਬਣਾ ਦਿੰਦੇ ਹੋ! ਹਨ ਤਾਂ ਸਾਡੀਆਂ ਦੋ-ਦੋ ਹੀ ਨਾ! ਤਾਅਨਾ ਦਿੰਦਿਆਂ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਵੀ ਔਰਤ ਹੋ ਅਤੇ ਅਸੀਂ ਵੀ ਔਰਤਾਂ ਹਾਂ। ਅਸੀਂ ਵੀ ਇਸੇ ਤਰ੍ਹਾਂ ਬੱਚੀ ਬਣ ਕੇ ਜਨਮ ਲਿਆ ਸੀ, ਫਿਰ ਇਨ੍ਹਾਂ ਬੱਚੀਆਂ ਨਾਲ ਨਫ਼ਰਤ ਕਿਉਂ? ਇਨ੍ਹਾਂ ਨਾਲ ਨਫ਼ਰਤ ਕਰਕੇ ਕੀ ਅਸੀਂ ਇਨ੍ਹਾਂ ਦੇ ਮਨ ਵਿਚ ਖ਼ੁਦ ਦੇ ਪ੍ਰਤੀ ਨਫ਼ਰਤ ਦੇ ਬੀਜ ਨਹੀਂ ਬੀਜ ਰਹੇ? ਕੀ ਵਿਆਹ ਪਿੱਛੋਂ ਇਨ੍ਹਾਂ ਦੇ ਮਨ ਵਿਚ ਵੀ ਹਮੇਸ਼ਾ ਪੁੱਤਰ ਦੀ ਕਾਮਨਾ ਨਹੀਂ ਹੋਵੇਗੀ? ਇਸ ਤਰ੍ਹਾਂ ਇਹ ਨਫ਼ਰਤ ਪੀੜ੍ਹੀ-ਦਰ-ਪੀੜ੍ਹੀ ਚਲਦੀ ਰਹੇਗੀ। ਅਸੀਂ ਸਦਾ ਹੀ ਪੁੱਤਰ ਦੇ ਜਨਮ ’ਤੇ ਖ਼ੁਸ਼ੀ ਅਤੇ ਧੀ ਦੇ ਜਨਮ ’ਤੇ ਅਫ਼ਸੋਸ ਕਰਦੇ ਰਹਾਂਗੇ! ਜੇ ਤੁਹਾਡੇ ਅਤੇ ਸਾਡੇ ਮਾਂ-ਬਾਪ ਨੇ ਵੀ ਇਹੀ ਸੋਚਿਆ ਹੁੰਦਾ ਤਾਂ ਤੁਸੀਂ ਅਤੇ ਅਸੀਂ, ਅਤੇ ਇਹ ਸਾਡੀਆਂ ਬੇਟੀਆਂ ਇੱਥੇ ਨਾ ਹੁੰਦੀਆਂ! ਸਾਰੇ ਇਉਂ ਸੋਚਣ ਲੱਗਣ ਤਾਂ ਸਮਾਜ ਅਧੂਰਾ ਰਹਿ ਜਾਵੇਗਾ...’’ ਇਹ ਸਭ ਸੁਣ ਕੇ ਅੰਮਾ ਜੀ ਅੱਗ ਬਗੂਲਾ ਹੋ ਕੇ ਚੀਕਣ ਵਰਗੀ ਆਵਾਜ਼ ਵਿਚ ਬੋਲੇ, ‘‘ਆਪਣੀ ਜ਼ਬਾਨ ਨੂੰ ਲਗਾਮ ਦੇਹ... ਮੇਰੇ ਮਾਂ-ਪਿਓ ਤੱਕ ਪਹੁੰਚ ਰਹੀ ਹੈਂ...?’’ ਵਿਚੋਂ ਹੀ ਪਿਤਾ ਜੀ ਨੇ ਰੋਕ ਦਿੱਤਾ, ‘‘ਬਸ ਸ਼ੀਲਾ, ਬਸ, ਬਹੁਤ ਹੋ ਗਿਆ! ਅਤਿ ਕਿਸੇ ਵੀ ਚੀਜ਼ ਦੀ ਬੁਰੀ ਹੁੰਦੀ ਹੈ। ਇਹ ਔਰਤਾਂ ਦਾ ਮਾਮਲਾ ਹੈ, ਅਜਿਹਾ ਸੋਚ ਕੇ ਮੈਂ ਚੁੱਪ ਰਹਿ ਗਿਆ ਸੀ। ਸਾਕਸ਼ੀ ਠੀਕ ਕਹਿ ਰਹੀ ਹੈ। ਤੂੰ ਇਨ੍ਹਾਂ ਸਾਰੀਆਂ ਪੋਤੀਆਂ ਨੂੰ ਆਪਣੇ ਨਾਲ ਕਿਉਂ ਜੋੜ ਰਹੀ ਹੈਂ? ਤੇਰੇ ਬੱਚੇ ਹੁਣ ਵੱਡੇ ਹੋ ਗਏ ਹਨ, ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਲੈਣ ਦੇ! ਉਨ੍ਹਾਂ ਨੂੰ ਇਨ੍ਹਾਂ ਬੱਚੀਆਂ ਦਾ ਭਵਿੱਖ ਸੁਧਾਰਨ ਵਿਚ ਮਦਦ ਕਰ। ਉਨ੍ਹਾਂ ਨੂੰ ਮੁੰਡਿਆਂ ਤੋਂ ਘੱਟ ਨਾ ਸਮਝ! ਅੱਜ ਤੋਂ ਇਸ ਘਰ ਵਿਚ ‘ਲੜਕੀ’ ਸ਼ਬਦ ਗਾਲ੍ਹ ਵਾਂਗ ਨਹੀਂ ਸਗੋਂ ਇੱਜ਼ਤ ਨਾਲ ਲਿਆ ਜਾਵੇਗਾ। ਅਤੇ ਆਪਾਂ ਸਾਰੇ ਆਉਣ ਵਾਲੀ ਪਰੀ ਦਾ ਸਵਾਗਤ ਖ਼ੁਸ਼ੀ ਅਤੇ ਜੋਸ਼ ਨਾਲ ਕਰਾਂਗੇ!’’ ਇੰਨੇ ਵਿਚ ਵੱਡੇ ਵੀਰ ਜੀ ਵੀ ਬੋਲੇ, ‘‘ਹਾਂ ਹਾਂ, ਮੈਂ ਵੀ ਮਹਿਸੂਸ ਕਰ ਰਿਹਾ ਹਾਂ ਕਿ ਪੰਜੇ ਕੁੜੀਆਂ ਵਿਚ ਹੀਣ-ਭਾਵਨਾ ਘਰ ਕਰਦੀ ਜਾ ਰਹੀ ਹੈ। ਇਹ ਇਨ੍ਹਾਂ ਲਈ ਠੀਕ ਨਹੀਂ ਹੈ।’’ ਇੰਨੇ ’ਚ ਵਿਚਕਾਰਲੇ ਵੀਰ ਜੀ ਹੱਸ ਕੇ ਬੋਲੇ, ‘‘ਹੀਣ-ਭਾਵਨਾ ਤਾਂ ਸਾਡੇ ਅੰਦਰ ਵੀ ਘਰ ਕਰਦੀ ਜਾ ਰਹੀ ਹੈ, ਕਿਉਂਕਿ ਸਾਡੀਆਂ ਪਤਨੀਆਂ ਸਮਝਦੀਆਂ ਹਨ ਕਿ ਸਾਡੇ ਵਿਚ ਫ਼ੈਸਲਾ ਲੈਣ ਦੀ ਯੋਗਤਾ ਹੀ ਨਹੀਂ ਹੈ!’’ ਸਾਰੇ ਜ਼ੋਰ- ਜ਼ੋਰ ਨਾਲ ਹੱਸ ਰਹੇ ਸਨ, ਪਰ ਦਰਵਾਜ਼ੇ ਵਿਚ ਅਮਿਤ ਨੂੰ ਚੁੱਪਚਾਪ ਖੜ੍ਹਾ ਵੇਖ ਕੇ ਅਚਾਨਕ ਚੁੱਪ ਹੋ ਗਏ। ਪੁੱਛਣ ’ਤੇ ਅਮਿਤ ਬੋਲਿਆ, ‘‘ਸਾਕਸ਼ੀ, ਮੈਂ ਅੱਧੇ ਰਾਹੋਂ ਹੀ ਵਾਪਸ ਆ ਗਿਆ ਹਾਂ। ਮੈਨੂੰ ਇਹ ਅਹਿਸਾਸ ਹੋਣ ਲੱਗ ਪਿਆ ਸੀ ਕਿ ਤੈਨੂੰ ਮੇਰੀ ਲੋੜ ਹੈ ਅਤੇ ਫਿਰ ਮਨ ਵਿਚ ਹੀਣ-ਭਾਵਨਾ ਵੀ ਆ ਰਹੀ ਸੀ ਕਿ ਅਸੀਂ ਆਪਣੀ ਬੱਚੀ ਦੀ ਹੱਤਿਆ ਕਰਨ ਲੱਗੇ ਹਾਂ। ਪਰ ਇੱਥੇ ਆ ਕੇ ਤੇਰੀ ਹਿੰਮਤ ਵੇਖ ਕੇ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਹੈ...!’’

ਦੋਵੇਂ ਭਾਬੀਆਂ ਹੱਸਣ ਲੱਗੀਆਂ। ‘‘ਕੋਈ ਗੱਲ ਨਹੀਂ ਦੇਵਰ ਜੀ! ਦੇਰ ਆਏ ਦਰੁਸਤ ਆਏ!’’ ਭਾਬੀਆਂ ਦੇ ਇਸ ਮਜ਼ਾਕ ਨੇ ਵਾਤਾਵਰਣ ਹਲਕਾ ਕਰ ਦਿੱਤਾ। ਸਾਰੇ ਹੱਸ ਰਹੇ ਸਨ। ਅਤੇ ਇਹ ਖੁਸ਼ੀ ਦੁੱਗਣੀ ਹੋ ਗਈ, ਜਦੋਂ ਸਾਰਿਆਂ ਨੇ ਵੇਖਿਆ ਕਿ ਇਸ ਹਾਸੇ ਵਿਚ ਹੁਣ ਅੰਮਾ ਜੀ ਵੀ ਸ਼ਾਮਲ ਸਨ। ਉਹ ਹੱਸ ਕੇ ਬੋਲੇ, ‘‘ਮੈਂ ਤਾਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ, ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ! ਆਉਣ ਦਿਓ ਬਈ, ਮੇਰੀ ਨੰਨ੍ਹੀ ਨੂੰ ਆਉਣ ਦਿਓ...’’ ਅੰਮਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਅੱਜ ਪਹਿਲੀ ਵਾਰ ਘਰ ਦਾ ਬੋਝਲ ਮਾਹੌਲ ਹਲਕਾ ਹੋ ਗਿਆ ਸੀ। ਸ਼ਾਇਦ ਇਹ ਖ਼ੁਸ਼ੀ ਮੇਰੀ ਆਉਣ ਵਾਲੀ ਬੱਚੀ ਵੀ ਮਹਿਸੂਸ ਕਰ ਰਹੀ ਸੀ...।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਪੰਜਾਬੀ ਕਹਾਣੀ: ਮਾਂ

    • ਸੁਰਿੰਦਰ ਗੀਤ
    Nonfiction
    • Story

    ਕਹਾਣੀ: ਇੱਕੋ ਵੇਲੇ ਦੋ ਚੰਨ

    • ਗੁਰਮਲਕੀਅਤ ਸਿੰਘ ਕਾਹਲੋਂ
    Nonfiction
    • Story

    ਵਿਰਾਸਤ-ਏ-ਸਮੁੰਦਾ

    • ਬਲਵਿੰਦਰ ਸੰਧੂ
    Nonfiction
    • Story

    ਕਹਾਣੀ: ਪ੍ਰੋਫੈਸਰ ਸਾਬ੍ਹ

    • ਹੰਸਾ ਦੀਪ
    Nonfiction
    • Story

    ਕਹਾਣੀ: ‘ਮੈਂ ਰੋ ਨਾ ਲਵਾਂ ਇੱਕ ਵਾਰ!’ ਦਾ ਸੱਚ

    • ਜਸਵੰਤ ਸਿੰਘ ਸੰਧੂ
    Nonfiction
    • Story

    ਹੱਡਬੀਤੀ - ਗੰਡਾਸਾ ਸਿਉਂ

    • ਇੰਦਰਜੀਤ
    Nonfiction
    • Story

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link