ਯੁੱਧ ਦੇ ਵਿਰੋਧ ਵਿਚ, ਵਿਨੋਦ ਵਿੱਠਲ ਦੀਆਂ ਬਾਰਾਂ ਹਿੰਦੀ ਕਵਿਤਾਵਾਂ
(1)
ਬਸੰਤ : 2022
ਆਖ਼ਰੀ ਛੋਹ
ਆਖ਼ਰੀ ਚੁੰਮਣ
ਆਖ਼ਰੀ ਗਲਵੱਕੜੀ
ਕੁਝ ਬਸੰਤ ਫੁੱਲ ਨਹੀਂ
ਯੁੱਧ ਲੈ ਕੇ ਆਉਂਦੇ ਨੇ।
(2)
ਸ਼ਾਂਤੀ ਸਮੇਂ
ਅਗਲੇ ਯੁੱਧ ਦੀ ਤਿਆਰੀ ਲਈ ਦਿੱਤੀ ਗਈ
ਇਕ ਪ੍ਰੈਪਰੇਸ਼ਨ ਲੀਵ ਹੈ
ਕੁਝ ਪ੍ਰੀਖਿਆਵਾਂ ਹਰ ਵਾਰ ਫੇਲ੍ਹ ਕਰਦੀਆਂ ਹਨ।
(3)
ਉਪਜਾਊ ਧਰਤੀਆਂ
ਮਹਿੰਗੇ ਖਣਿਜਾਂ
ਨਸਲਾਂ ਧਰਮਾਂ
ਅਤੇ ਰਾਜਿਆਂ ਦੀ ਸਨਕ ਲਈ ਯੁੱਧ
ਮਨੁੱਖ ਦੀ ਬਿਹਤਰੀ ਲਈ ਅੱਜ ਤੱਕ
ਨਹੀਂ ਹੋਇਆ ਕੋਈ ਯੁੱਧ।
(4)
ਹਰ ਜੇਤੂ ਆਪਣਾ ਇਤਿਹਾਸ ਲਿਖਦਾ ਹੈ
ਹਰ ਪਰਾਜਿਤ; ਹਾਸ਼ੀਏ ਵਿੱਚ ਹੀ ਸਹੀ
ਪਰ ਆਪਣੀ ਥਾਂ ਬਚਾ ਲੈਂਦਾ ਹੈ
ਮੈਦਾਨ ਦੇ ਘਾਹ ਵਾਂਗ ਹੁੰਦੇ ਨੇ ਨਾਗਰਿਕ
ਦਰੜੇ ਜਾ ਰਹੇ ਇਤਿਹਾਸ ਦੇ ਬਾਹਰ ਬੈਠੇ ਹੋਏ।
(5)
ਰਾਜਿਆਂ ਦੇ ਜ਼ੁਲਮ
ਕਿਲ੍ਹਿਆਂ ਅਤੇ ਮਹਿਲਾਂ ਵਿਚ ਦਮਕਦੇ ਹਨ
ਸੈਨਿਕਾਂ ਦੀ ਤਬਾਹੀ ਵੀਰ-ਸਮਾਰਕਾਂ
ਅਤੇ ਵੀਰ-ਗਾਥਾਵਾਂ ਵਿੱਚ ਚਮਕਦੀਆਂ ਹਨ
ਮਾਰੇ ਗਏ ਨਿਰਦੋਸ਼ ਨਾਗਰਿਕ
ਇਸ ਚਮਕ-ਦਮਕ ਤੋਂ ਦੂਰ ਡੁਸਕਦੇ ਰਹਿੰਦੇ ਹਨ
ਬਿਨਾਂ ਕਿਸੇ ਜ਼ਿਕਰ ਤੋਂ।
(6)
ਨਾ ਪੂਤਿਨ ਜਿੱਤੇਗਾ
ਨਾ ਹਾਰੇਗਾ ਜ਼ੇਲੇਂਸਕੀ
ਤੁਰਦੇ-ਫਿਰਦੇ ਲੋਕ
ਤਸਵੀਰਾਂ ਵਿੱਚ ਬਦਲ ਕੇ ਲਟਕ ਜਾਣਗੇ
ਦੁਨੀਆਂ ਨੂੰ ਬਦਸੂਰਤ ਕੰਧਾਂ ਨਹੀਂ
ਕੰਧਾਂ ਤੇ ਟੰਗੀਆਂ ਇਹ ਤਸਵੀਰਾਂ ਬਣਾਉਂਦੀਆਂ ਹਨ।
(7)
ਜਿੱਤਣ ਪਿੱਛੋਂ ਹੀ ਸਹੀ
ਤੂੰ ਯੂਕਰੇਨ ਦੀਆਂ ਗਲੀਆਂ ਵਿੱਚ ਘੁੰਮੀਂ ਪੂਤਿਨ
ਤਸਵੀਰਾਂ ਵਿੱਚ ਸਿਮਟੇ ਲੋਕੀਂ ਜਿਊਂਦੇ ਮਿਲਣਗੇ
ਤੇਰੀ ਤਬਾਹੀ ਤੋਂ ਪਿੱਛੋਂ ਵੀ।
(8)
ਯੂਕਰੇਨ ਹਾਰੇਗਾ
ਜ਼ੇਲੇਂਸਕੀ ਮਾਰ ਦਿੱਤਾ ਜਾਵੇਗਾ
ਪਿਤਾ, ਪਤੀ ਅਤੇ ਪ੍ਰੇਮੀ ਵੀ ਮਾਰੇ ਜਾਣਗੇ
ਪਰ ਜਿੱਤ ਨਹੀਂ ਸਕੇਗਾ ਪੂਤਿਨ ਵੀ
ਸਾਰੇ ਯੁੱਧ ਲੜੇ ਜਾਂਦੇ ਨੇ ਹਾਰਨ ਲਈ।
(9)
ਹਰ ਯੁੱਧ ਇੱਕ ਮਾਈਲ-ਸਟੋਨ ਹੈ
ਮਨੁੱਖਤਾ ਅਜੇ ਬਹੁਤ ਦੂਰ ਹੈ।
(10)
ਇੱਕ ਹੀ ਨਤੀਜਾ ਹੈ ਹਰ ਯੁੱਧ ਦਾ
ਜਿੱਤ ਦੇ ਕੁਝ ਸਾਲਾਂ ਪਿੱਛੋਂ ਮਰ ਜਾਂਦਾ ਹੈ ਵਿਜੇਤਾ ਵੀ।
(11)
ਇਕ ਰੂਸੀ ਸੈਨਿਕ ਨੂੰ ਵੇਖ ਕੇ
ਇਕੱਲਿਆਂ ਤੂੰ ਕੀਤਾ ਪ੍ਰੇਮ
ਇਕੱਲਿਆਂ ਤੂੰ ਕੀਤੀ ਉਡੀਕ
ਇਕੱਲਿਆਂ ਤੂੰ ਛੋਹਿਆ ਉਹਨੂੰ
ਇਕੱਲਿਆਂ ਤੂੰ ਚੁੰਮਿਆ ਉਹਨੂੰ
ਇਕੱਲਿਆਂ ਤੂੰ ਡਾਇਰੀ ਵਿਚ ਬਣਾਇਆ ਪੀਲਾ ਫੁੱਲ ਇਕੱਲਿਆਂ ਤੂੰ ਯਾਦ ਕੀਤਾ ਆਪਣੀ ਬੇਟੀ ਨੂੰ
ਇਕੱਲਿਆਂ ਤੂੰ ਪੁਚਕਾਰੀ ਮਾਂ ਦੀ ਤਸਵੀਰ
ਇਕੱਲਿਆਂ ਤੂੰ ਆਪਣੇ ਬਚਪਨ ਦੇ
ਇੱਕ ਖਿਡੌਣੇ ਨੂੰ ਵੇਖ ਕੇ ਅੱਖਾਂ ਪੂੰਝੀਆਂ
ਇਕੱਲਿਆਂ ਸੋਚਣਾ ਕਦੇ
ਤੂੰ ਹਮੇਸ਼ਾ ਪਾਪ ਕਰਦਾ ਹੈਂ ਸਮੂਹ ਵਿਚ ਰਹਿ ਕੇ
ਆਪਣੇ ਵਰਗੇ ਹੀ ਦੂਜੇ ਇਕੱਲੇ ਨੂੰ ਮਾਰ ਕੇ
ਪੌਸ਼ਾਕ ਨਹੀਂ, ਤਬਾਹੀ ਹੈ, ਜੋ ਤੂੰ ਪਹਿਨ ਰੱਖੀ ਹੈ।
(12)
ਯੁਵਾਲ ਨੂਹ ਹਰਾਰੀ* ਲਈ
ਯੁਵਾਲ! ਤੈਨੂੰ ਵੀ ਲੱਗ ਰਿਹਾ ਹੋਵੇਗਾ
ਠੀਕ ਤਰ੍ਹਾਂ ਡੀ-ਕੋਡ ਨਹੀਂ ਕਰ ਸਕਿਆ ਸਮਾਂ
ਅਤੇ ਕਹਿ ਦਿੱਤਾ,
ਸਭ ਤੋਂ ਲੰਮਾ ਸ਼ਾਂਤੀ ਕਾਲ ਹੈ ਇਹ; ਬਿਨਾਂ ਯੁੱਧਾਂ ਵਾਲਾ
ਟੈਂਕ ਸਭ ਤੋਂ ਅਖ਼ੀਰ ਵਿਚ ਸਰਕਦੇ ਹਨ ਕਿਸੇ ਯੁੱਧ ਵਿੱਚ
ਜੋ ਸ਼ੁਰੂ ਹੋ ਚੁੱਕਾ ਹੁੰਦਾ ਹੈ ਕਿਸੇ ਤਾਕਤਵਰ ਦਿਮਾਗ ਵਿੱਚ
ਕਿਸੇ ਵਪਾਰੀ ਦੇ ਲਾਲਚ ਵਿਚ
ਦੋ ਯੁੱਧਾਂ ਵਿਚਲਾ ਸਮਾਂ
ਕਦੇ ਨਹੀਂ ਰਿਹਾ ਪੱਖਪਾਤ ਅਤੇ ਵਿਵੇਚਨ ਦਾ ਸਮਾਂ
ਕਰੁਣਾ ਅਤੇ ਖਿਮਾ ਦਾ ਸਮਾਂ
ਕਿਉਂਕਿ ਹਥਿਆਰਾਂ ਦੇ ਕਾਰੋਬਾਰੀ
ਹਥਿਆਰਾਂ ਦੇ ਨਾਲ ਹੀ ਬਣਾਉਂਦੇ ਰਹਿੰਦੇ ਹਨ
ਉਨਮਾਦ ਵੀ ਘਿਰਣਾ ਵੀ
ਯੁਵਾਲ!
ਫਿਰ ਸੋਚ
ਇੰਨਾ ਸਾਦਾ ਅਤੇ ਸਰਲ ਨਹੀਂ ਹੈ ਇਤਿਹਾਸ
ਜਿੰਨੀਆਂ ਸਰਲ ਹਨ ਤੇਰੀਆਂ ਗੱਲਾਂ
ਅਤੇ ਮੇਰੀ ਬੇਟੀ ਪਾਤੀ** ਦਾ ਹਾਸਾ।
*ਸਾਡੇ ਸਮੇਂ ਦਾ ਸਭ ਤੋਂ ਵੱਡਾ ਬੁੱਧੀਜੀਵੀ ਅਤੇ ਇਤਿਹਾਸਕਾਰ
**ਲੇਖਕ ਦੀ ਬੇਟੀ
ਅਨੁ : ਪ੍ਰੋ. ਨਵ ਸੰਗੀਤ ਸਿੰਘ
Add a review