ਫੱਟੀ ਵੀ ਲੱਕੜ ਦੀ ਸੀ
ਕਾਗਜ਼ ਵੀ
ਸੁੱਕੇ ਪੱਤਰ ਤਾਂ
ਰੁੱਖਾਂ ਦੇ ਪੁੱਤਰ
ਏਕੇ ਤੋਂ ਸ਼ੁਰੂ ਕਰ ਕੇ
ਏਕੇ ਤਕ ਜਾਣਾ ਸੀ
ਰੱਬ ਇਕ ਸੀ
ਰੱਬ ਇਕੱਲਾ ਸੀ
ਇਕ ਦਾ ਅਰਥ ਹੀ ਸੀ
ਇਕੱਲਾ
ਕਾਇਨਾਤ ਵਿਚ
ਅਸੰਖਾਂ ਅੱਖਰ
ਪੰਛੀਆਂ ਵਾਂਗ ਉਡਦੇ ਫਿਰਦੇ
ਜਿਹਨਾਂ ਨੂੰ ਰੁੱਖ ਸਾਂਭਦੇ
ਫੱਟੀਆਂ , ਕਾਗਜ਼ਾਂ , ਕਿਤਾਬਾਂ ਦੀਆਂ
ਅਗਲੀਆਂ ਪੀੜ੍ਹੀਆਂ ਸਾਂਭਦੀਆ
ਅਗਲੀਆਂ ਨਸਲਾਂ ਸਾਂਭਦੀਆਂ
ਸਾਂਭਿਆ ਜਾਂਦਾ
ਰੱਬ ਦਾ ਨਾਮ
ਅੱਖਰ
ਕਦੇ ਨਾ ਮਰਦੇ
ਕੰਪਿਊਟਰੀ ਅੱਖਰ
ਬੱਦਲਾਂ ਵਿਚ ਰਹਿੰਦੇ
ਆਪਣੇ ਆਪੇ ਤੋਂ ਪਾਰ
ਕਾਇਨਾਤ ਵੀ ਫੈਲਦੀ ਹੋਈ
ਬੱਦਲਾਂ ਤੋਂ ਪਾਰ ਹੋ ਜਾਂਦੀ ।
Add a review