ਅਸੀਂ ਭਾਵਨਾਵਾਂ ਨੂੰ ਸ਼ਬਦਾਂ ਨਾਲ਼ੋਂ ਸਰੀਰ ਦੀ ਭਾਸ਼ਾ ਨਾਲ ਜ਼ਿਆਦਾ ਚੰਗੀ ਤਰਾਂ ਪ੍ਰਗਟ ਕਰ ਸਕਦੇ ਹਾਂ।ਜਦੋਂ ਅਸੀਂ ਕੋਈ ਲਫ਼ਜ਼ ਕਿਸੇ ਗੱਲ-ਬਾਤ ਲਈ ਵਰਤਦੇ ਹਾਂ ਉਹਨਾਂ ਦੇ ਨਾਲ ਹੀ ਸਾਡੇ ਸ਼ਰੀਰ ਵੱਲੋਂ ਹਰਕਤਾਂ ਦੇ ਹਾਵ-ਭਾਵ ਰਾਹੀਂ ਬਹੁਤ ਕੁਝ ਦੱਸਿਆ ਜਾਂਦਾ ਹੈ। ਜਿਹੜਾ ਕਈ ਵਾਰ ਬੋਲੇ ਗਏ ਸ਼ਬਦਾਂ ਤੋਂ ਵੱਧ ਹੁੰਦਾ ਹੈ।ਅਸੀਂ ਬਿੰਨਾਂ ਸ਼ਬਦਾਂ ਤੋਂ ਕਹੀਆਂ ਗਈਆਂ ਗੱਲਾਂ ਦੂਜਿਆਂ ਨੂੰ ਕਹਿੰਦੇ ਵੀ ਹਾਂ ਅਤੇ ਉਹਨਾਂ ਵੱਲੋਂ ਸੁਣਦੇ ਵੀ ਹਾਂ।ਸਾਡੀਆਂ ਹਰਕਤਾਂ ਸਾਡੇ ਨਾਲ਼ੋਂ ਵੱਧ ਬੋਲਦੀਆਂ ਹਨ। ਸਾਡੀ ਸ਼ਰੀਰਕ ਭਾਸ਼ਾ ,ਹਰਕਤਾਂ , ਇਸ਼ਾਰੇ ਅਤੇ ਹਾਵ-ਭਾਵ ਚੁੱਪ ਚੁਪੀਤੇ ਸਾਡੇ ਅੰਦਰ ਦੇ ਵਲਵਲਿਆਂ ਅਤੇ ਭਾਵਨਾਵਾਂ ਨੂੰ ਦੂਜੇ ਤੱਕ ਪਹੁੰਚਾ ਦਿੰਦੇ ਹਨ।ਬੁੱਲ੍ਹ ਸੁੰਗੇੜਨਾ ,ਸਿਰ ਨੂੰ ਹੱਥਾਂ ਵਿੱਚ ਫੜਨਾ, ਕਿਸੇ ਗਲਤ ਸਮੇਂ ਤੇ ਠੰਡਾ ਸਾਹ ਭਰਨਾ, ਕੁਰਸੀ ਵਿੱਚ ਪਾਸੇ ਮਾਰਦੇ ਰਹਿਣਾ ਵਗੈਰਾ-ਵਗੈਰਾ। ਬੜੀ ਵਾਰ ਸਾਡੀ ਜ਼ੁਬਾਨ ਕੁੱਝ ਹੋਰ ਕਹਿ ਰਹੀ ਹੁੰਦੀ ਹੈ ਅਤੇ ਸ਼ਰੀਰ ਦੇ ਹਾਵ-ਭਾਵ ਕੁਝ ਹੋਰ।ਜੋ ਬੋਲੇ ਗਏ ਸ਼ਬਦਾਂ ਦਾ ਅਸਰ ਘਟਾ ਦਿੱਦੇ ਹਨ।
ਸਾਨੂੰ ਆਪਣੀਆਂ ਭਾਵਨਾਵਾਂ ਤੋਂ ਜਾਣੂ ਹੋਣਾ, ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ, ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ, ਸ਼ਰੀਰ ਦੀ ਭਾਸ਼ਾ ਤੋਂ ਮਿਲਣ ਵਾਲੇ ਇਸ਼ਾਰਿਆਂ ਤੋਂ ਚੌਕੰਨੇ ਰਹਿਣਾ ਪਵੇਗਾ।ਰੋਜਾਨਾ ਜੀਵਨ ਦੀ ਦੌੜ ਭੱਜ , ਬੋਝ ਅਤੇ ਤੇਜ਼ੀ ਵਿੱਚ ਅਸੀਂ ਛੋਟੇ ਰਸਤੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।ਸੁਸਤੀ, ਬੇਸਬਰੀ,ਮਾਨਸਿਕ ਹਾਲਾਤ ਖਾਰਾਬ ਹੋਣਕਰਕੇ ਵੀ ਅਸੀਂ ਆਪਣੇ ਵੱਲੋਂ ਦਿੱਤੇ ਜਾਂ ਰਹੇ ਇਸ਼ਾਰਿਆਂ ਜਾ ਦੂਜੇ ਵੱਲੋਂ ਮਿਲ ਰਹੇ ਇਸ਼ਾਰਿਆਂ ਨੂੰ ਅੱਖੋਂ ਉਹਲੇ ਕਰ ਦਿੰਦੇ ਹਾਂ।ਕਿਸੇ ਨਾਲ ਗੱਲ-ਬਾਤ ਦੌਰਾਨ ਸਾਨੂੰ ਪਤਾਂ ਹੋਵੇ ਕਿ ਅਸੀਂ ਕਿਸ ਹਾਲਾਤ ਵਿੱਚ ਹਾਂ।ਬੇਸਬਰੇ ? ਗ਼ੁੱਸੇ ਵਿੱਚ ? ਚਿੰਤਾਂ ਵਿੱਚ ? ਜਾਂ ਨਰਾਜ਼ ? ਸਾਡੀ ਸ਼ਰੀਰਕ ਭਾਸ਼ਾ ਸਾਡੇ ਬੋਲਣ ਤੋਂ ਪਹਿਲਾਂ ਹੀ ਬੋਲ ਪੈਂਦੀ ਹੈ।ਇਸ ਸਮੇਂ ਸਾਨੂੰ ਭਾਵਨਾ ਤਮਿਤ ਹਾਲਾਤ ਸੰਭਾਲ਼ਣ ਅਤੇ ਸ਼ਰੀਰਕ ਇਸ਼ਾਰਿਆਂ ਨੂੰ ਵੱਸ ਵਿੱਚ ਕਰਨ ਦੀ ਜ਼ਰੂਰਤ ਹੁੰਦੀ ਹੈ , ਅਤੇ ਸਾਹਮਣੇ ਵਾਲੇ ਦੀ ਸ਼ਰੀਰਕ ਭਾਸ਼ਾ ਤੁਹਾਨੂੰ ਕੀ ਦਿਖਾ ਰਹੀ ਹੈ।ਕੀ ਉਹ ਕੁਝ ਮਹਿਸੂਸ ਕਰ ਰਿਹਾ ਹੈ ? ਪ੍ਰੇਸ਼ਾਨ ਹੈ ? ਗ਼ੁੱਸੇ ਵਿੱਚ ਹੈ ? ਚਿਤਾਂ ਵਿੱਚ ਹੈ ? ਲੋਕ ਆਮ ਤੌਰ ਤੇ ਸ਼ਬਦਾਂ ਰਾਹੀਂ ਘੱਟ ਹੀ ਦੱਸਦੇ ਹਨ , ਕਿ ਉਹ ਕੀ ਮਹਿਸੂਸ ਕਰ ਰਿਹਾ ਹੈ।
ਕਈ ਲੋਕਾਂ ਦਾ ਵਿਵਹਾਰ ਇਸ ਤਰਾਂ ਦਾ ਹੁੰਦਾ ਹੈ ਕਿ ਉਹ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ! ਉਹਨਾਂ ਦਾ ਹਰ ਨਿਰਣਾ ਆਪਣੇ ਅਹਿਮ ਨੂੰ ਸ਼ਤੁਸਟ ਕਰਨ ਲਈ ਹੁੰਦਾ ਹੈ , ਨਾਂ ਕਿ ਕਿਸੇ ਸਥਿਤੀ ਨੂੰ ਸਮਝਦੇ ਹੋਏ ਉਸ ਦਾ ਹੱਲ ਕੱਢਣ ਵਿੱਚ! ਸਵਾਲ ਇਹ ਹੈ ਕਿ ਕਿਉਂ ਇੱਕ ਇਨਸਾਨ ਦੂਜੇ ਨੂੰ ਨੀਵਾਂ ਦਿਖਾਉਂਦਾ ਹੈ ? ਐਸਾ ਇਸ ਲਈ ਹੁੰਦਾ ਹੈ ਕਿਉਂਕਿ ਦੁਨੀਆ ਵਿੱਚ ਅਜਿਹੇ ਲੋਕ ਹਨ ਜਿੰਨਾਂ ਨੂੰ ਉਸ ਸਮੇਂ ਅੱਛਾ ਲਗਦਾ ਹੈ ਜਦੋਂ ਦੂਜੇ ਨੂੰ ਬੁਰਾ ਲੱਗੇ।ਇਸ ਨੂੰ ਨੀਚ ਵਿਵਹਾਰ ਕਹਿੰਦੇ ਹਨ ! ਉਹ ਲੋਕ ਐਸਾ ਕਰਦੇ ਸਮੇਂ ਆਪਣੇ ਬਾਰੇ ਉੱਚਾ ਨਹੀਂ ਸੋਚਦੇ ਸਗੋਂ ਦੂਜੇ ਬਾਰੇ ਬੁਰਾ ਸੋਚਦੇ ਹਨ !
ਸ਼ਰੀਰਕ ਇਸ਼ਾਰੇ , ਚਿਹਰੇ ਦੇ ਹਾਵ-ਭਾਵ ਅਤੇ ਅਵਾਜ਼ ਦੇ ਉਤਰਾ-ਚੜਾਅ ਇਹ ਤਿੰਨੇ ਮਿਲਕੇ ਸਾਨੂੰ ਦੂਜੇਵਿਅਕਤੀ ਦੇ ਨਜ਼ਰੀਏ ਅਤੇ ਉਸ ਦੀਆਂ ਭਾਵਨਾਵਾਂ ਦੀ ਅਸਲ ਕਹਾਣੀ ਦੱਸਦੇ ਹਨ।ਅਸੀਂ ਆਪਣੇ ਅੰਦਰ ਗਿਆਨ ਨੂੰ ਵਰਤਕੇ ਦੂਜਿਆਂ ਦੇ ਬੈਠਣ, ਖੜੇ ਹੋਣ ਦਾ ਢੰਗ, ਚਿਹਰੇ ਦੇ ਹਾਵ-ਭਾਵ , ਅੱਖਾਂ ਦੀਆਂ ਹਰਕਤਾਂ , ਆਵਾਜ਼ ਦੇ ਉਤਰਾ- ਚੜਾਅ ਨੂੰ ਦੇਖਦੇ ਤੇ ਸਮਝਦੇ ਹਾਂ।ਬਾਕੀ ਲੋਕ ਵੀ ਸਾਨੂੰ ਇਸੇ ਤਰਾਂ ਸਮਝਦੇ ਤੇ ਦੇਖਦੇ ਹਨ। ਸਾਨੂੰ ਆਪਣੇ ਆਪ ਬਾਰੇ ਅਨੁਭਵੀ ਬਨਣ ਦੀ ਜ਼ਰੂਰਤ ਹੈ। ਜਾਗਰੁਕ ਹੋਣ ਦੀ ਜ਼ਰੂਰਤ ਹੈ ਕਿ ਕਿਹੜਾ ਵਿਵਹਾਰ ਕਿਸ ਵਕਤ ਹੁੰਦਾ ਹੈ।ਸਾਡਾ ਮਨ ਇਕ ਸੋਚ ਨੂੰ ਜਨਮ ਦਿੰਦਾ ਹੈ, ਸੋਚ ਇਕ ਭਾਵਨਾ ਨੂੰ ਜਨਮ ਦਿੰਦੀ ਹੈ, ਭਾਵਨਾ ਸ਼ਰੀਰ ਦੀ ਭਾਸ਼ਾ ਰਾਹੀਂ ਲੀਕ ਹੋ ਕੇ ਸਾਡੇ ਸਾਹਮਣੇ ਆਉਂਦੀ ਹੈ।ਤਾਂ ਹੀ ਸ਼ਰੀਰ ਦੀ ਭਾਸ਼ਾ ਸਮਝ ਕੇ ਵਿਅਕਤੀ ਦੀ ਭਾਵਨਾ ਨੂੰ ਸਮਝਿਆ ਜਾਂਦਾ ਹੈ।
ਸਾਨੂੰ ਸਮਝਣ ਦੀ ਜ਼ਰੂਰਤ ਹੈ, ਜੇਕਰ ਕੋਈ ਵਿਅਕਤੀ ਸਵੇਰ ਵੇਲੇ ਦੌੜ ਲਾ ਕੇ ਆਇਆ ਹੈ, ਉਸ ਦਾ ਸਿਰ ਝੁਕਿਆ ਹੋਇਆਂ ਹੈ, ਅੱਖਾਂ ਵੀ ਚੁਸਤ ਨਹੀਂ , ਇਸ ਦਾ ਇਹ ਮਤਲਬ ਨਹੀਂ ਕਿ ਉਹ ਅਸੁਰੱਖਿਅਤ , ਮਾਨਸਿਕ ਤਨਾਵ ਜਾ ਜੀਵਨ ਤੋਂ ਉਕਸਾਇਆ ਹੋਇਆ ਹੈ, ਨਹੀਂ! ਉਹ ਹੁਣੇ ਹੀ ਦੌੜ ਲਾ ਕੇ ਆਉਣ ਕਾਰਨ ਥੱਕਿਆ ਹੋਇਆ ਹੈ ਜਾਂ ਸਾਹ ਲੈ ਰਿਹਾਹੈ।ਕਿਸੇ ਇਕ ਇਸ਼ਾਰੇ ਦਾ ਕੋਈ ਮਤਲਬ ਕੱਢ ਲੈਣਾ ਕੋਈ ਸਿਆਣਪ ਨਹੀਂ! ਸਾਨੂੰ ਕੁਝ ਹਰਕਤਾਂ ਨੂੰ ਇਕੱਠੇ ਜਾ ਸਮੂਹ ਵਿੱਚ ਹੀ ਦੇਖਣਾ ਚਾਹੀਦਾ ਹੈ। ਜਿੰਨਾਂ ਵੱਧ ਅਸੀਂ ਆਪਣੇ ਆਪ ਬਾਰੇ ਜਾਣਾਂਗੇ , ਉਂਨਾਂ ਹੀ ਆਪਣੇ ਵਿਚਾਰਾਂ ਨੂੰ ਕਾਬੂ ਰੱਖਣ ਵਿੱਚ ਕਾਮਯਾਬ ਹੋਵਾਂਗੇ! ਉਨਾਂ ਹੀ ਜ਼ਿਆਦਾ ਦੂਜਿਆਂ ਦੀਆਂ ਸੋਚਾਂ ਨੂੰ ਪੜ ਸਕਦੇ ਹਾਂ । ਤੁਸੀਂ ਦੇਖਦੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਖੁਸ਼ ਹੈ ਜਾਂ ਦੁਖੀ , ਪਰੇਸ਼ਾਨ ਹੈ ਜਾ ਮਜ਼ੇ ਵਿੱਚ !ਇਸ ਤਰਾਂ ਹੀ ਸ਼ਰੀਰ ਦੀ ਭਾਸ਼ਾ ਸਮਝਣ ਅਤੇ ਲੋਕਾਂ ਦੇ ਮਨ ਨੂੰ ਪੜਨ ਵਿੱਚ ਮਾਹਰ ਹੋਇਆ ਜਾ ਸਕਦਾ ਹੈ।
Add a review