ਕਿਸੇ ਦੀ ਕੈਦ ਤੋਂ ਮੁਕਤ ਹੋਣਾ ਹੀ ਆਜ਼ਾਦੀ ਹੈ, ਇਹ ਆਖ਼ਰੀ ਸੱਚ ਨਹੀਂ ਹੈ। ਇਹ ਇਕ ਤਰ੍ਹਾਂ ਨਾਲ ਅਜਿਹੀ ਅਵਸਥਾ ਹੈ, ਜਿੱਥੇ ਮਨੁੱਖ ਦਾ ਮਨ ਹਰ ਤਰ੍ਹਾਂ ਦੇ ਡਰ, ਚਿੰਤਾ ਤੇ ਝੋਰੇ ਤੋਂ ਮੁਕਤ ਹੋਵੇ। ਸਿਰਫ਼ ਮਰਜ਼ੀ ਦਾ ਖਾਣਾ-ਪੀਣਾ, ਪਹਿਨਣਾ, ਬੋਲਣਾ ਆਦਿ ਹੀ ਆਜ਼ਾਦੀ ਦਾ ਨਾਂ ਨਹੀਂ ਲੈ ਸਕਦਾ। ਗੱਲ ਜੇ ਦੁਨੀਆ ਨੂੰ ਪਾਸੇ ਰੱਖ ਇਕੱਲੇ ਭਾਰਤ ਦੀ ਹੀ ਕਰ ਲਈਏ ਤਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦਿਆਂ ਸਾਲ ’ਚ ਇਕ-ਦੋ ਵਾਰ ਆਜ਼ਾਦੀ ਦੇ ਝੰਡੇ ਤਾਂ ਝੁਲਾ ਦਿੰਦੇ ਹਾਂ ਪਰ ਸਾਲ ਦੇ ਬਾਕੀ ਦਿਨ ਅਸੀਂ ਨਾ ਜਾਣੇ ਕਿੰਨੀਆਂ ਹੀ ਚੀਜ਼ਾਂ ਦੇ ਗ਼ੁਲਾਮ ਹੁੰਦੇ ਹਾਂ। ਅਜਿਹੇ ਪਰਵਾਨਿਆਂ ਨੂੰ ਅਕਸਰ ਭੁਲਾ ਦਿੰਦੇ ਹਾਂ। ਆਰਥਿਕ ਤੌਰ ’ਤੇ ਆਜ਼ਾਦ ਹੋਣ ਲਈ ਸਰਮਾਏਦਾਰਾਂ ਦਾ ਪੈਰ-ਪੈਰ ’ਤੇ ਪਾਣੀ ਭਰਦੇ ਹਾਂ ਤੇ ਫਿਰ ਸਮਾਜ ਦੀਆਂ ਨਜ਼ਰਾਂ ’ਚ ਚੰਗੇ ਬਣਨ ਲਈ ਪਤਾ ਨਹੀਂ ਕਿੰਨੇ ਹੀ ਪਖੰਡ ਕਰਦੇ ਹਾਂ।
ਗ਼ੁਲਾਮੀ ਦਾ ਅਹਿਸਾਸ
ਗ਼ੁਲਾਮੀ ਦਾ ਅਹਿਸਾਸ ਕੋਈ ਮਨੁੱਖ ਉਦੋਂ ਹੀ ਕਰ ਸਕਦਾ ਹੈ, ਜਦੋਂ ਸਾਡੀ ਜ਼ਿੰਦਗੀ ਦੀ ਖੇਡ ਆਪਣੇ ਹੱਥੀਂ ਨਾ ਹੋ ਕੇ ਕਿਸੇ ਹੋਰ ਮਨੁੱਖ ਦੇ ਹੱਥ ਆ ਜਾਵੇ, ਮਨੁੱਖ ਨੂੰ ਅਸਲ ’ਚ ਉਦੋਂ ਹੀ ਆਜ਼ਾਦੀ ਦੀ ਥੁੜ੍ਹ ਮਹਿਸੂਸ ਹੁੰਦੀ ਹੈ। ਅਸੀਂ ਵੀ ਖੂਹ ਦੇ ਡੱਡੂ ਵਾਂਗ ਇਹੀ ਨਾ ਸੋਚਦੇ ਰਹੀਏ ਕਿ ਜਿਸ ਤਰ੍ਹਾਂ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਉਹੀ ਆਜ਼ਾਦੀ ਹੈ। ਸਾਨੂੰ ਲੋੜ ਹੈ ਚੀਜ਼ਾਂ ਨੂੰ ਘੋਖਣ-ਪਰਖਣ ਦੀ, ਤਰਕ ਦੀ। ਜੇ ਗ਼ੁਲਾਮੀ ਕਰਨੀ ਹੀ ਹੈ ਤਾਂ ਚੰਗੇ ਵਿਚਾਰਾਂ ਦੀ ਕਰੀਏ, ਆਪਣੇ ਅੰਦਰ ਨੂੰ ਹਲੂਣੀਏ।
ਖ਼ੁਦ ਨੂੰ ਪਛਾਣੀਏ
ਬਹੁਤੀ ਵਾਰ ਤਾਂ ਅਸੀਂ ਆਪਣੇ ਹੀ ਪੈਰ ’ਤੇ ਕੁਹਾੜੀ ਮਾਰਨ ਵਾਂਗ ਕਿਸੇ ਦੇ ਗ਼ੁਲਾਮ ਹੋਣ ਨੂੰ ਤਿਆਰ ਰਹਿੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਕੋਈ ਗ਼ਰੀਬ ਹਮੇਸ਼ਾ ਆਪਣਾ ਕੰਮ ਕਰਵਾਉਣ ਲਈ ਮਜਬੂਰਨ ਕਿਸੇ ਅਮੀਰ ਦੀ ਗੱਲ ਮੰਨਣ ਨੂੰ ਤਿਆਰ ਰਹਿੰਦਾ ਹੈ। ਕਈ ਵਾਰ ਸਰਮਾਏਦਾਰ ਆਪ ਵੀ ਤਾਂ ਇਸੇ ਤਾਕ ’ਚ ਬੈਠੇ ਰਹਿੰਦੇ ਹਨ ਕਿ ਉਹ ਕਿਸੇ ਗ਼ਰੀਬ, ਮਜਬੂਰ ਨੂੰ ਆਪਣੀਆਂ ਚਲਾਕੀਆਂ ਨਾਲ ਛਿੱਲਣ। ਗੰਭੀਰ ਮਸਲਾ ਤਾਂ ਇਹ ਵੀ ਹੈ ਕਿ ਆਪਾਂ ਆਪਣੇ ਕਰਤੱਵ, ਆਪਣਾ ਸਥਾਨ ਤੇ ਆਪਣੇ-ਆਪ ਨੂੰ ਪਛਾਣੀਏ।
ਕਿਤੇ ਅਸੀਂ ਉਸ ਸਮਾਜ ਦੇ ਪ੍ਰਤੀਨਿਧੀ ਤਾਂ ਨਹੀਂ ਬਣੇ ਬੈਠੇ, ਜੋ ਦੂਜਿਆਂ ਨੂੰ ਗ਼ੁਲਾਮ ਬਣਾਉਂਦੇ ਹਨ? ਅੱਗੇ ਵਧੀਏ ਤੇ ਪਹਿਲ ਦੇ ਆਧਾਰ ’ਤੇ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜੋ ਸੇਧਦਾਇਕ ਹੋਵੇ। ਖ਼ੁਦ ਵੀ ਆਜ਼ਾਦ ਹੋਈਏ ਤੇ ਦੂਜਿਆਂ ਨੂੰ ਵੀ ਅਸਲ ਆਜ਼ਾਦੀ ਦਾ ਰਸਤਾ ਵਿਖਾਈਏ ।
Add a review